7. ਗੁਰਮੁਖ ਸਿੰਘ ਮੁਸਾਫ਼ਿਰ
1.ਕੀੜੀ
(ੳ) ਵਧਦੀ ਜਾਵੇ, ਵਧਦੀ ਜਾਵੇ, ਤਾਂਘ ਕਿਸੇ ਵਿੱਚ ਵਧਦੀ ਜਾਵੇ।
ਕਿਧਰੋਂ ਭਿਣਕ ਪਈ ਭੋਰੇ ਦੀ, ਇੱਕ ਦੂਜੀ ਨੂੰ ਖ਼ਬਰ ਪਹੁੰਚਾਵੇ।
ਵਧਦੀ ਜਾਵੇ, ਵਧਦੀ ਜਾਵੇ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਕੀੜੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੀੜੀ ਦੇ ਲਗਨ ਨਾਲ਼ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਤੇ ਉਸ ਦੇ ਜਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਕੀੜੀ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਉਹ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤਾਂਘ ਵਿੱਚ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਜੇਕਰ ਉਸ ਨੂੰ ਕਿਸੇ ਪਾਸਿਓਂ ਅੰਨ ਦੇ ਕਿਣਕੇ ਦੀ ਸੂਹ ਲੱਗ ਜਾਵੇ ਤਾਂ ਇੱਕ ਕੀੜੀ ਝੱਟ ਪੱਟ ਦੂਜੀ ਕੀੜੀ ਤੱਕ ਉਸ ਕਿਣਕੇ ਦੀ ਖ਼ਬਰ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਕੀੜੀ ਹਮੇਸ਼ਾ ਬਿਨ ਰੁਕੇ ਤੁਰਦੀ ਰਹਿੰਦੀ ਹੈ।
(ਅ) ਆਪਣੀ ਧੁਨ ਵਿੱਚ ਮਸਤੀ ਅੰਦਰ, ਨਹੀਂ ਛੱਡਦੀ ਉੱਦਮ ਦੀ ਵਾਦੀ,
ਔਖੀ ਹੋ, ਸੌਖੀ ਹੋ ਜਾਵੇ। ਵਧਦੀ ਜਾਵੇ, ਵਧਦੀ ਜਾਵੇ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਕੀੜੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੀੜੀ ਦੇ ਲਗਨ ਨਾਲ਼ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਤੇ ਉਸ ਦੇ ਜਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਕੀੜੀ ਆਪਣੀ ਲਗਨ ਅਤੇ ਮਸਤੀ ਵਿੱਚ ਤੁਰਦੀ ਹੋਈ ਲਗਾਤਾਰ ਉੱਦਮ ਵਿੱਚ ਜੁਟੇ ਰਹਿਣ ਦੇ ਆਪਣੇ ਸੁਭਾਅ ਨੂੰ ਨਹੀਂ ਛੱਡਦੀ। ਇਸ ਤਰ੍ਹਾਂ ਉੱਦਮ ਕਰਦਿਆਂ ਭਾਵੇਂ ਉਸ ਨੂੰ ਪਹਿਲਾਂ ਔਖੀ ਹੋਣਾ ਪੈਂਦਾ ਹੈ ਪ੍ਰੰਤੂ ਮਗਰੋਂ ਇਹ ਉੱਦਮ ਹੀ ਉਸ ਨੂੰ ਸੁੱਖ ਦਿੰਦਾ ਅਰਥਾਤ ਉਹ ਗਰਮੀ ਦੇ ਮੌਸਮ ਵਿੱਚ ਲਗਾਤਾਰ ਉੱਦਮ ਨਾਲ਼ ਅੰਨ ਇਕੱਠਾ ਕਰਦੀ ਹੈ ਅਤੇ ਸਰਦੀ ਵਿੱਚ ਆਰਾਮ ਨਾਲ਼ ਬੈਠ ਕੇ ਖਾਂਦੀ ਹੈ।
(ੲ) ਔੜ-ਸੌੜ ਲਈ ਕਰੇ ਤਿਆਰੀ, ਕੀੜੀ ਨੂੰ ਵੀ ਜਾਨ ਪਿਆਰੀ।
ਤੁਰਿਆ ਰਹਿਣਾ, ਤੁਰਿਆ ਰਹਿਣਾ, ਹੌਲ਼ੀ, ਪਰ ਹਫਣਾ ਨਹੀਂ ਬਹਿਣਾ।
ਬਹੁਤੀ ਤੇਜ਼ੀ, ਬਹੁਤ ਥਕਾਵੇ। ਹੁੱਟਿਆਂ, ਮੰਜ਼ਲ ਦੂਰ ਦਿਸਾਵੇ।
ਹੌਲ਼ੀ-ਹੌਲ਼ੀ ਤੁਰਦੀ ਜਾਂਦੀ, ਤੁਰਦੀ ਜਾਂਦੀ, ਤੁਰਦੀ ਜਾਂਦੀ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਕੀੜੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੀੜੀ ਦੇ ਲਗਨ ਨਾਲ਼ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਤੇ ਉਸ ਦੇ ਜਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਲਗਾਤਾਰ ਉੱਦਮ ਵਿੱਚ ਜੁਟੀ ਹੋਈ ਕੀੜੀ ਔਖੇ ਸਮਿਆਂ ਅਰਥਾਤ ਸਰਦੀ ਦੀ ਰੁੱਤ ਲਈ ਅੰਨ ਦਾ ਭੰਡਾਰ ਜਮ੍ਹਾਂ ਕਰਨ ਵਿੱਚ ਲੱਗੀ ਰਹਿੰਦੀ ਹੈ। ਕੀੜੀ ਨੂੰ ਵੀ ਹੋਰਨਾਂ ਜੀਵਾਂ ਵਾਂਗ ਹੀ ਆਪਣੀ ਜਾਨ ਪਿਆਰੀ ਹੁੰਦੀ ਹੈ। ਲਗਾਤਾਰ ਹੌਲ਼ੀ-ਹੌਲ਼ੀ ਤੁਰਦੇ ਰਹਿਣਾ ਉਸ ਦਾ ਸੁਭਾਅ ਬਣ ਜਾਂਦਾ ਹੈ। ਉਹ ਤੇਜ਼ ਨਹੀਂ ਤੁਰਦੀ ਤੇ ਇਸ ਪ੍ਰਕਾਰ ਉਹ ਥੱਕ ਕੇ ਸਾਹ ਲੈਣਾ ਨਹੀਂ ਜਾਣਦੀ। ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਜਿਹੜਾ ਬਹੁਤ ਹੀ ਤੇਜ਼ੀ ਕਰਦਾ ਹੈ ਉਹ ਥੱਕਦਾ ਹੈ ਅਤੇ ਥੱਕੇ ਹੋਏ ਨੂੰ ਬਹੁਤਾ ਸਾਹ ਚੜ੍ਹ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ ਆਪਣੀ ਮੰਜ਼ਲ ਦੂਰ ਦਿਖਾਈ ਦੇਣ ਲੱਗ ਜਾਂਦੀ ਹੈ। ਇਸੇ ਕਰਕੇ ਕੀੜੀ ਲਗਾਤਾਰ ਹੌਲ਼ੀ-ਹੌਲ਼ੀ ਤੁਰਦੀ ਹੋਈ ਉੱਦਮ ਵਿੱਚ ਜੁਟੀ ਰਹਿੰਦੀ ਹੈ।
(ਸ) ਧੁਨ ਦੇ ਪੱਕੇ, ਧੀਰਜ ਵਾਲ਼ੇ, ਤੋਰ ਨਾ ਛੱਡਣ, ਪੈਣ ਨਾ ਕਾਹਲ਼ੇ।
ਨਦੀਆਂ ਚਾਲ ਗੰਭੀਰ ਚੱਲਦੀਆਂ, ਸ਼ਹੁ ਸਾਗਰ ਵਿੱਚ ਜਾ ਰਲ਼ਦੀਆਂ।
ਥੰਮ੍ਹਣਾ, ਰੁਕਣਾ ਮੌਤ ਨਿਸ਼ਾਨੀ, ਦਏ ਸੜ੍ਹਾਂਦ ਖੜੋਤਾ ਪਾਣੀ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਕੀੜੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੀੜੀ ਦੇ ਲਗਨ ਨਾਲ਼ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਤੇ ਉਸ ਦੇ ਜਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਜਿਨ੍ਹਾਂ ਵਿੱਚ ਸੱਚੀ ਲਗਨ ਹੁੰਦੀ ਹੈ, ਉਹ ਬੜੇ ਧੀਰਜ ਵਾਲ਼ੇ ਹੁੰਦੇ ਹਨ ਉਹ ਆਪਣੀ ਤੋਰ ਨਹੀਂ ਛੱਡਦੇ ਅਤੇ ਕਾਹਲ਼ੇ ਵੀ ਨਹੀਂ ਪੈਂਦੇ। ਅਸੀਂ ਦੇਖਦੇ ਹਾਂ ਕਿ ਨਦੀਆਂ ਬੜੀ ਗੰਭੀਰਤਾ ਵਾਲ਼ੀ ਚਾਲ ਚੱਲਦੀਆਂ ਹੋਈਆਂ ਹੀ ਆਪਣੇ ਪ੍ਰੀਤਮ ਭਾਵ ਸਾਗਰ ਨਾਲ਼ ਇੱਕ ਮਿੱਕ ਹੋ ਜਾਂਦੀਆਂ ਹਨ।ਅਸਲ ਵਿੱਚ ਥੰਮਣਾ ਭਾਵ ਰੁਕਣਾ ਮੌਤ ਦਾ ਚਿੰਨ੍ਹ ਹੈ। ਖੜ੍ਹਾ ਪਾਣੀ ਆਖ਼ਰ ਬਦਬੂ ਹੀ ਛੱਡਦਾ ਹੈ ਕੀੜੀ ਨੇ ਵੀ ਇਨ੍ਹਾਂ ਜੀਵਨ ਸੱਚਾਈਆਂ ਨੂੰ ਸਮਝ ਲਿਆ ਹੈ। ਇਸੇ ਕਰਕੇ ਹੀ ਉਹ ਲਗਾਤਾਰ ਉੱਦਮ ਵਿੱਚ ਲੱਗੀ ਰਹਿੰਦੀ ਹੈ। ਮਨੁੱਖ ਨੂੰ ਵੀ ਇਨ੍ਹਾਂ ਜੀਵਨ ਸੱਚਾਈਆਂ ਨੂੰ ਸਮਝ ਲੈਣਾ ਚਾਹੀਦਾ ਹੈ।
(ਹ) ਤੁਰਦੀ ਜਾਂਦੀ, ਤੁਰਦੀ ਜਾਂਦੀ। ਇੱਕ ਦੂਜੀ ਨੂੰ ਨਾਲ਼ ਰਲ਼ਾਂਦੀ।
ਇੱਕ ਇਧਰੋਂ ਇੱਕ ਅੱਗੋਂ ਆਵੇ, ਇੱਕ ਦੂਜੀ ਨੂੰ ਨਾ ਟਕਰਾਵੇ।
ਵੱਧਦੀ ਜਾਵੇ, ਵਧਦੀ ਜਾਵੇ।
ਜੇ ਹੱਥ ਆਇਆ ਭਾਰਾ ਦਾਣਾ, ਚਵ੍ਹਾਂ ਨੇ ਰਲ਼-ਮਿਲ਼ ਕੇ ਚਾਣਾ।
ਇੱਕ ਢੂੰਡੇ ਇੱਕ ਚੁੱਕ ਲਿਆਵੇ, ਅਗਲੀ-ਅਗਲੀ ਤੀਕ ਪਹੁੰਚਾਵੇ।
ਇੱਕ ਦੇ ਪਿੱਛੇ ਇੱਕ ਤੁਰੰਦੀ, ਮਿਲ਼ਵਾਂ ਉੱਦਮ ਜਥੇਬੰਦੀ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਕੀੜੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੀੜੀ ਦੇ ਲਗਨ ਨਾਲ਼ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਤੇ ਉਸ ਦੇ ਜਥੇਬੰਦਕ ਉੱਦਮ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਜਦੋਂ ਕੀੜੀਆਂ ਇਕੱਠੀਆਂ ਤੁਰਦੀਆਂ ਹਨ ਤਾਂ ਉਹ ਕਦੇ ਵੀ ਆਪਣੀ ਸਾਥਣ ਕੀੜੀ ਨੂੰ ਪਿੱਛੇ ਨਹੀਂ ਛੱਡਦੀਆਂ ਸਗੋਂ ਉਨ੍ਹਾਂ ਨੂੰ ਨਾਲ਼ ਲੈ ਕੇ ਚੱਲਦੀਆਂ ਹਨ। ਇੱਕ ਇਧਰੋਂ ਆਉਂਦੀ ਹੈ ਤੇ ਦੂਜੀ ਉਧਰੋਂ ਆਉਂਦੀ ਹੈ। ਪ੍ਰੰਤੂ ਫਿਰ ਵੀ ਉਹ ਇੱਕ ਦੂਜੇ ਨੂੰ ਟੱਕਰ ਨਹੀਂ ਮਾਰਦੀਆਂ। ਇਸ ਪ੍ਰਕਾਰ ਹਰ ਕੀੜੀ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਜੇਕਰ ਕਿਤੇ ਕੋਈ ਭਾਰਾ ਦਾਣਾ ਹੱਥ ਲੱਗ ਜਾਵੇ ਤਾਂ ਚਾਰ ਪੰਜ ਜਣੀਆਂ ਰਲ਼ ਕੇ ਉਸ ਨੂੰ ਚੁੱਕ ਲੈਂਦੀਆਂ ਹਨ। ਅਸੀਂ ਵੀ ਦੇਖਦੇ ਹਾਂ ਕਿ ਇਨ੍ਹਾਂ ਦੇ ਇਕੱਠ ਵਿੱਚ ਕੋਈ ਦਾਣਾ ਢੂੰਡਦੀ ਹੈ ਭਾਵ ਲੱਭਦੀ ਹੈ ਤੇ ਕੋਈ ਚੁੱਕ ਕੇ ਲਿਆਉਂਦੀ ਹੈ ਤੇ ਹਰ ਕੀੜੀ ਆਪਣੇ ਤੋਂ ਅਗਲੀ ਕੀੜੀ ਤੱਕ ਪੁਚਾਈ ਜਾਂਦੀ ਹੈ। ਇੱਕ ਦੇ ਪਿੱਛੇ ਦੂਜੀ ਤੁਰਦੀ ਹੈ, ਉਸ ਦੀ ਸਹਾਇਤਾ ਕਰਦੀ ਹੈ ਭਾਵ ਸਾਰੀਆਂ ਰਲ਼ ਮਿਲ਼ ਕੇ ਰਹਿੰਦੀਆਂ ਹਨ। ਇਸ ਪ੍ਰਕਾਰ ਇਹ ਮਿਲ ਕੇ ਜਥੇਬੰਦਕ ਢੰਗ ਨਾਲ਼ ਸਾਰਾ ਕੰਮ ਕਰਦੀਆਂ ਹਨ।
••• ਕੇਂਦਰੀ ਭਾਵ •••
ਕੀੜੀ ਹੌਲ਼ੀ-ਹੌਲ਼ੀ ਤੁਰਦੀ ਹੋਈ ਧੁਨ ਤੇ ਧੀਰਜ ਨਾਲ਼ ਲਗਾਤਾਰ ਕੰਮ ਕਰਨ ਵਿੱਚ ਜੁਟੀ ਰਹਿੰਦੀ ਹੈ। ਹਰ ਇੱਕ ਕੀੜੀ ਜਥੇਬੰਦਕ ਢੰਗ ਨਾਲ਼ ਕੰਮ ਕਰਦੀ ਹੈ। ਮਨੁੱਖ ਨੂੰ ਵੀ ਕੀੜੀਆਂ ਵਾਂਗ ਹਰ ਸਮੇਂ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਰਲ਼ ਮਿਲ਼ ਕੇ ਉੱਦਮ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਕੀੜੀ ਕੀ ਕਰਦੀ ਦਿੱਸਦੀ ਹੈ?
ਉੱਤਰ – ਤੁਰਦੀ।
ਪ੍ਰਸ਼ਨ 2. ਕੀੜੀ ਔਖੀ ਹੋ ਕੇ ਵੀ ਕੀ ਕਰਦੀ ਹੈ?
ਉੱਤਰ – ਉੱਦਮ।
ਪ੍ਰਸ਼ਨ 3. ਕਿਹੜੀ ਕਿਹੜੀ ਚੀਜ਼ ਨਹੀਂ ਛੱਡਦੀ?
ਉੱਤਰ – ਉੱਦਮ ਦੀ ਵਾਦੀ।
ਪ੍ਰਸ਼ਨ 4. ਕਿਹੜਾ ਪਾਣੀ ਬਦਬੋ ਮਾਰਦਾ ਹੈ?
ਉੱਤਰ – ਖੜ੍ਹਾ ਪਾਣੀ।
ਪ੍ਰਸ਼ਨ 5. ਰੁਕਣਾ ਕਾਹਦੀ ਨਿਸ਼ਾਨੀ ਹੈ?
ਉੱਤਰ – ਮੌਤ ਦੀ।
ਪ੍ਰਸ਼ਨ 6. ਧੁਨ ਦੇ ਪੱਕੇ ਤੇ ਧੀਰਜ ਵਾਲ਼ੇ ਕੀ ਨਹੀਂ ਕਰਦੇ?
ਉੱਤਰ – ਕਾਹਲ਼ੇ ਨਹੀਂ ਪੈਂਦੇ।
2 ਅਰਦਾਸ
(ੳ) ਖੱਸ ਲੈ! ਤੇਰਾ ਹੀ ਹੈ ਸਾਮਾਨ, ਬੇਸ਼ੱਕ ਖੱਸ ਲੈ,
ਬਖ਼ਸ਼ਿਆ ਤੇਰਾ ਹੀ ਹੈ ਸਨਮਾਨ, ਬੇਸ਼ੱਕ ਖੱਸ ਲੈ।
ਸਿੰਚ ਕੇ ਲਹੂ ਜਿਗਰ ਦਾ, ਪਾਲ਼ਿਆ ਮੈਂ ਪੋਸਿਆ,
ਦਿਲ ਮਿਰੇ ਵਿੱਚ ਲੁਕਿਆ ਅਰਮਾਨ, ਬੇਸ਼ੱਕ ਖੱਸ ਲੈ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਅਰਦਾਸ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਕਵੀ ਦੀ ਪ੍ਰਭੂ ਪ੍ਰਤੀ ਪ੍ਰੀਤ ਨੂੰ ਬਿਆਨ ਕਰਦੀ ਹੈ। ਕਵੀ ਪ੍ਰਭੂ ਨੂੰ ਕਹਿੰਦਾ ਹੈ ਕਿ ਉਹ ਉਸ ਪਾਸੋਂ ਭਾਵੇਂ ਸਭ ਮਾਣ–ਸਨਮਾਨ ਤੇ ਗੁਣ ਖੋਹ ਲਵੇ ਪ੍ਰੰਤੂ ਉਸ ਨੂੰ ਇੱਕ ਦੇਸ ਪਿਆਰ ਦੀ ਦੌਲਤ ਬਖ਼ਸ਼ ਦੇਵੇ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ, ਹੇ ਪ੍ਰਭੂ! ਜਿਨ੍ਹਾਂ ਸਾਮਾਨ ਮੇਰੇ ਕੋਲ਼ ਹੈ, ਉਹ ਸਭ ਤੇਰਾ ਹੀ ਦਿੱਤਾ ਹੋਇਆ ਹੈ। ਤੂੰ ਬੇਸ਼ੱਕ ਉਹ ਸਾਰਾ ਕੁਝ ਖੋਹ ਲੈ। ਮੈਨੂੰ ਇਧਰੋਂ ਉਧਰੋਂ ਜੋ ਵੀ ਸਨਮਾਨ ਮਿਲ਼ਦਾ ਹੈ,ਉਹ ਵੀ ਤੇਰਾ ਹੀ ਦਿੱਤਾ ਹੋਇਆ ਹੈ। ਤੂੰ ਬੇਸ਼ੱਕ ਇਹ ਵੀ ਮੇਰੇ ਤੋਂ ਖੋਹ ਲੈ। ਮੈਂ ਆਪਣੇ ਜਿਗਰ ਦੇ ਲਹੂ ਨਾਲ਼ ਸਿੰਜ ਕੇ ਆਪਣੇ ਦਿਲ ਵਿੱਚ ਜਿਹੜਾ ਚਾਅ ਪਾਲ਼ਿਆ ਹੈ, ਤੂੰ ਬੇਸ਼ੱਕ ਉਸ ਲੁਕੇ ਹੋਏ ਚਾਅ ਨੂੰ ਵੀ ਮੇਰੇ ਤੋਂ ਖੋਹ ਲੈ। ਕਵੀ ਨੂੰ ਤਾਂ ਵੀ ਕੋਈ ਦੁੱਖ ਨਹੀਂ।
(ਅ) ਮਾਲਿਕਾ! ਸੰਸਾਰ ਤੇਰਾ ਸਵਰਗ ਨਾਲ਼ੋਂ ਘੱਟ ਨਹੀਂ,
ਮੌਜਾਂ, ਸੁਆਦਾਂ, ਐਸ਼ ਦੀ ਇਹ ਖਾਣ, ਬੇਸ਼ੱਕ ਖੱਸ ਲੈ।
ਜਾਣਨਾਂ ਮੈਂ ਜਨਮ ਇਸ ਉੱਤਮ ਚੁਰਾਸੀ ਲੱਖ ਤੋਂ,
ਬਖ਼ਸ਼ਿਆ ਜਾਮਾ ਤਿਰਾ ਇਨਸਾਨ, ਬੇਸ਼ੱਕ ਖੱਸ ਲੈ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਅਰਦਾਸ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਕਵੀ ਦੀ ਪ੍ਰਭੂ ਪ੍ਰਤੀ ਪ੍ਰੀਤ ਨੂੰ ਬਿਆਨ ਕਰਦੀ ਹੈ। ਕਵੀ ਪ੍ਰਭੂ ਨੂੰ ਕਹਿੰਦਾ ਹੈ ਕਿ ਉਹ ਉਸ ਪਾਸੋਂ ਭਾਵੇਂ ਸਭ ਮਾਣ–ਸਨਮਾਨ ਤੇ ਗੁਣ ਖੋਹ ਲਵੇ ਪ੍ਰੰਤੂ ਉਸ ਨੂੰ ਇੱਕ ਦੇਸ ਪਿਆਰ ਦੀ ਦੌਲਤ ਬਖ਼ਸ਼ ਦੇਵੇ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਹੇ ਮਾਲਕ! ਤੇਰਾ ਇਹ ਸੰਸਾਰ ਸਵਰਗ ਤੋਂ ਘੱਟ ਨਹੀਂ। ਇਹ ਮੌਜਾਂ,ਸੁਆਦਾਂ ਤੇ ਐਸ਼ਾਂ ਦੀ ਖਾਣ ਹੈ,ਤੂੰ ਬੇਸ਼ੱਕ ਇਹ ਵੀ ਖੋਹ ਲੈ। ਕਵੀ ਕਹਿ ਰਿਹਾ ਹੈ ਕਿ ਉਹ ਇਹ ਵੀ ਜਾਣਦਾ ਹੈ ਕਿ ਮੇਰਾ ਇਹ ਮਨੁੱਖੀ– ਜਨਮ ਚੌਰਾਸੀ ਲੱਖ ਜੂਨਾਂ ਵਿੱਚ ਸਭ ਤੋਂ ਉੱਤਮ ਹੈ। ਪ੍ਰੰਤੂ ਇਹ ਇਨਸਾਨੀ ਰੂਪ ਤੂੰ ਹੀ ਤਾਂ ਬਖ਼ਸ਼ਿਆ ਹੈ, ਸੋ ਹੇ ਪਰਮਾਤਮਾ! ਭਾਵੇਂ ਤੂੰ ਇਹ ਵੀ ਮੇਰੇ ਕੋਲ਼ੋਂ ਇਨਸਾਨੀ ਰੂਪ ਖੋਹ ਲੈ, ਮੈਂਨੂੰ ਫਿਰ ਵੀ ਕੋਈ ਦੁੱਖ ਨਹੀਂ ਹੋਵੇਗਾ।
(ੲ) ਮਾਣ ਹੈ ਮੈਨੂੰ ਮਿਰੀ ਜਾਦੂ–ਬਿਆਨੀ ‘ਤੇ ਬੜਾ,
ਬੇ–ਅਸਰ ਕਰ ਦੇ ਬੇਸ਼ਕ, ਇਹ ਮਾਣ, ਬੇਸ਼ੱਕ ਖੱਸ ਲੈ।
ਹੁੱਜਤਾਂ, ਦਲੀਲਾਂ, ਫ਼ਲਸਫ਼ੇ, ਮਰਜ਼ਾਂ ਦਿਮਾਗ਼ੀ ਲੱਗੀਆਂ,
ਉਲਟ ਛੱਡ ਇਹ ਖੋਪਰੀ, ਸਭ ਗਿਆਨ, ਬੇਸ਼ੱਕ ਖੱਸ ਲੈ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਅਰਦਾਸ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਕਵੀ ਦੀ ਪ੍ਰਭੂ ਪ੍ਰਤੀ ਪ੍ਰੀਤ ਨੂੰ ਬਿਆਨ ਕਰਦੀ ਹੈ। ਕਵੀ ਪ੍ਰਭੂ ਨੂੰ ਕਹਿੰਦਾ ਹੈ ਕਿ ਉਹ ਉਸ ਪਾਸੋਂ ਭਾਵੇਂ ਸਭ ਮਾਣ–ਸਨਮਾਨ ਤੇ ਗੁਣ ਖੋਹ ਲਵੇ ਪ੍ਰੰਤੂ ਉਸ ਨੂੰ ਇੱਕ ਦੇਸ ਪਿਆਰ ਦੀ ਦੌਲਤ ਬਖ਼ਸ਼ ਦੇਵੇ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਹੇ ਪ੍ਰਭੂ! ਮੈਨੂੰ ਆਪਣੀ ਜਾਦੂ ਵਰਗਾ ਅਸਰ ਕਰਨ ਵਾਲ਼ੀ ਭਾਸ਼ਣਕਾਰੀ ਉੱਪਰ ਬੜਾ ਮਾਣ ਹੈ। ਬੇਸ਼ੱਕ ਤੂੰ ਇਸ ਨੂੰ ਬੇਅਸਰ ਕਰਦੇ,ਮੇਰਾ ਇਹ ਸਾਰਾ ਮਾਣ ਮੇਰੇ ਤੋਂ ਖੋਹ ਲੈ। ਮੇਰੇ ਦਿਮਾਗ਼ ਨੂੰ ਸ਼ੰਕਾ ਕਰਨ, ਦਲੀਲਬਾਜ਼ੀ ਕਰਨ, ਤੇ ਫਿਲਾਸਫੀ ਝਾੜਨ ਦੀਆਂ ਜੋ ਬਿਮਾਰੀਆਂ ਲੱਗੀਆਂ ਹਨ,ਇਹ ਖੋਹ ਕੇ ਬੇਸ਼ੱਕ ਤੂੰ ਮੇਰੇ ਦਿਮਾਗ਼ ਨੂੰ ਪਾਗਲ ਬਣਾ ਕੇ ਮੇਰੇ ਕੋਲ਼ੋਂ ਇਹ ਸਾਰਾ ਗਿਆਨ ਖੋਹ ਲੈ, ਫਿਰ ਵੀ ਮੈਨੂੰ ਕੋਈ ਸ਼ਿਕਵਾ ਨਹੀਂ ਹੋਵੇਗਾ।
(ਸ) ਮੋਹ ਦੀਆਂ ਕੜੀਆਂ ਦੇ ਵਿੱਚ, ਲੰਮੀ ਉਮਰ ਇੱਕ ਕੈਦ ਹੈ,
ਖੱਸ ਲੈ ਮੇਰੀ ਜਵਾਨੀ, ਪ੍ਰਾਣ, ਬੇਸ਼ੱਕ ਖੱਸ ਲੈ।
ਇਕ ਬਖ਼ਸ਼ ਦੇ ਸਿਰਫ਼ ਇੱਕ, ਦੌਲਤ ਵਤਨ ਦੇ ਪਿਆਰ ਦੀ,
ਫਿਰ ਬੇਸ਼ੱਕ ਮਰਜ਼ੀ ਤਿਰੀ, ਜਿੰਦ ਜਾਨ, ਬੇਸ਼ੱਕ ਖੱਸ ਲੈ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਵਿਤਾ ‘ਅਰਦਾਸ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਕਵੀ ਦੀ ਪ੍ਰਭੂ ਪ੍ਰਤੀ ਪ੍ਰੀਤ ਨੂੰ ਬਿਆਨ ਕਰਦੀ ਹੈ। ਕਵੀ ਪ੍ਰਭੂ ਨੂੰ ਕਹਿੰਦਾ ਹੈ ਕਿ ਉਹ ਉਸ ਪਾਸੋਂ ਭਾਵੇਂ ਸਭ ਮਾਣ–ਸਨਮਾਨ ਤੇ ਗੁਣ ਖੋਹ ਲਵੇ ਪ੍ਰੰਤੂ ਉਸ ਨੂੰ ਇੱਕ ਦੇਸ ਪਿਆਰ ਦੀ ਦੌਲਤ ਬਖ਼ਸ਼ ਦੇਵੇ।
ਵਿਆਖਿਆ – ਇਨ੍ਹਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਭਾਵੇਂ ਉਹ ਸਮਝਦਾ ਹੈ,ਕਿ ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਲੰਮੀ ਉਮਰ ਗੁਜ਼ਾਰਨੀ ਕੈਦ ਸਮਾਨ ਹੈ। ਹੇ ਪ੍ਰਭੂ! ਬੇਸ਼ੱਕ ਤੂੰ ਮੇਰੀ ਜਵਾਨੀ ਅਤੇ ਪ੍ਰਾਣ ਮੇਰੇ ਪਾਸੋਂ ਖੋਹ ਲੈ। ਮੈਨੂੰ ਇਸ ਸਾਰੇ ਕੁਝ ਦੇ ਖੁੱਸਣ ਪ੍ਰਤੀ ਕੋਈ ਸ਼ਿਕਾਇਤ ਨਹੀਂ ਹੋਵੇਗੀ,ਪ੍ਰੰਤੂ ਤੂੰ ਮੈਨੂੰ ਇੱਕ ਦੇਸ ਪਿਆਰ ਦੀ ਦੌਲਤ ਜ਼ਰੂਰ ਬਖ਼ਸ਼ ਦੇਵੀਂ ਅਤੇ ਇਸ ਬਖ਼ਸ਼ਸ਼ ਤੋਂ ਮਗਰੋਂ ਭਾਵੇਂ ਤੂੰ ਮੇਰੀ ਜਾਨ ਕੱਢ ਲਈਂ, ਤਾਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ।
••• ਕੇਂਦਰੀ ਭਾਵ •••
ਇੱਕ ਸੱਚੇ ਦੇਸ ਭਗਤ ਦੀ ਇਹੋ ਇੱਛਾ ਹੁੰਦੀ ਹੈ ਕਿ ਪਰਮਾਤਮਾ ਉਸ ਪਾਸੋਂ ਹੋਰ ਭਾਵੇਂ ਸਭ ਕੁਝ ਖੋਹ ਲਵੇ, ਪ੍ਰੰਤੂ ਉਸ ਨੂੰ ਦੇਸ–ਭਗਤੀ ਦੀ ਦੌਲਤ ਨਾਲ਼ ਮਾਲ਼ਾ–ਮਾਲ਼ ਰੱਖੇ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਕੀੜੀ’ ਕਵਿਤਾ ਕਿਸ ਦੀ ਰਚਨਾ ਹੈ?
ਉੱਤਰ – ਗੁਰਮੁਖ ਸਿੰਘ ਮੁਸਾਫ਼ਿਰ ਦੀ।
ਪ੍ਰਸ਼ਨ 2. ਕਵੀ ਕਿਸ ਜਨਮ ਨੂੰ ਸਭ ਤੋ ਉੱਤਮ ਸਮਝਦਾ ਹੈ?
ਉੱਤਰ – ਮਨੁੱਖੀ ਜਨਮ ਨੂੰ।
ਪ੍ਰਸ਼ਨ 3. ਕਵੀ ਨੂੰ ਆਪਣੀ ਕਿਸ ਚੀਜ਼ ਉੱਤੇ ਮਾਣ ਹੈ?
ਉੱਤਰ – ਜਾਦੂ–ਬਿਆਨੀ ਉੱਤੇ।
ਪ੍ਰਸ਼ਨ 4. ਕਵੀ ਦੇ ਦਿਮਾਗ਼ ਨੂੰ ਕੀ ਬਿਮਾਰੀਆਂ ਹਨ?
ਉੱਤਰ – ਹੁੱਜਤਾਂ, ਦਲੀਲਾਂ ਤੇ ਫ਼ਲਸਫ਼ੇ ਦੀਆਂ।
ਪ੍ਰਸ਼ਨ 5. ‘ਅਰਦਾਸ‘ ਕਵਿਤਾ ਵਿੱਚ ਕਵੀ ਰੱਬ ਕੋਲ਼ੋਂ ਕਿਸ ਦੌਲਤ ਦੀ ਮੰਗ ਕਰਦਾ ਹੈ?
ਉੱਤਰ 6. ਵਤਨ ਦੇ ਪਿਆਰ ਦੀ ਦੌਲਤ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037