6. ਫ਼ੀਰੋਜ਼ਦੀਨ ਸ਼ਰਫ਼
1. ਮੈਂ ਪੰਜਾਬੀ
(ੳ) ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲ਼ਾ, ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।
ਸਮਝਾਂ ਫ਼ਾਰਸੀ,ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ।
ਬੋਲੀ ਆਪਣੀ ਨਾਲ਼ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮੈਂ ਪੰਜਾਬੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਪੰਜਾਬ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਹੈ ਅਤੇ ਪੰਜਾਬ ਵਿੱਚ ਰਹਿਣ ਵਾਲ਼ਾ ਹੈ। ਉਹ ਪਿੰਡ ਦਾ ਰਹਿਣ ਵਾਲ਼ਾ ਹੈ, ਪਰ ਉਸਦਾ ਰਹਿਣ – ਸਹਿਣ ਸ਼ਹਿਰੀਏ ਢੰਗ ਦਾ ਹੈ। ਉਹ ਫ਼ਾਰਸੀ ਭਾਸ਼ਾ ਦੀ ਵੀ ਸਮਝ ਰੱਖਦਾ ਹੈ, ਉਰਦੂ ਭਾਸ਼ਾ ਵੀ ਚੰਗੀ ਤਰ੍ਹਾਂ ਬੋਲ ਲੈਂਦਾ ਹੈ ਅਤੇ ਥੋੜ੍ਹੀ ਬਹੁਤ ਅੰਗਰੇਜ਼ੀ ਦੀ ਵੀ ਸਮਝ ਰੱਖਦਾ ਹੈ। ਫਿਰ ਵੀ ਲੇਖਕ ਇਹ ਗੱਲ ਕਹਿਣ ਲੱਗਾ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ ਕਿ ਉਹ ਪੰਜਾਬੀ ਬੋਲੀ ਨਾਲ਼ ਸਭ ਤੋਂ ਵੱਧ ਪਿਆਰ ਰੱਖਦਾ ਹੈ। ਕਵੀ ਆਪਣੇ-ਆਪ ਨੂੰ ਪੰਜਾਬ ਦੀ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਅਤੇ ਵੰਗ ਦਾ ਟੁਕੜਾ ਸਮਝਦਾ ਹੈ। ਉਹ ਪੂਰੀ ਤਰ੍ਹਾਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ਼ ਜੁੜਿਆ ਹੋਇਆ ਹੈ।
(ਅ) ਮਿਲ਼ੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
‘ਵਾਰਿਸ਼ ਸ਼ਾਹ’ ਤੇ ‘ਬੁੱਲ੍ਹੇ’ ਦੇ ਰੰਗ ਅੰਦਰ, ਡੋਬ – ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਵ੍ਹਾਂ ਇੱਥੇ ਤੇ ਯੂ.ਪੀ. ‘ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ’ਤੇ ਟੰਗਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮੈਂ ਪੰਜਾਬੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਪੰਜਾਬ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਹੈ ਅਤੇ ਪੰਜਾਬ ਵਿੱਚ ਰਹਿ ਕੇ ਓਪਰੀ ਬੋਲੀ ਵਿੱਚ ਗੱਲਾਂ ਕਰਨ ਵਾਲ਼ੇ ਨੂੰ ਲਾਹਨਤ ਪਾਈ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਉਹ ਮੁੱਢ-ਕਦੀਮ ਤੋਂ ਹੀ ਇਹ ਇੱਛਾ ਰੱਖਦਾ ਹੈ ਕਿ ਪੰਜਾਬੀ ਬੋਲੀ ਨੂੰ ਉਸ ਦੇ ਦੇਸ ਵਿੱਚ ਪੂਰਾ ਮਾਣ ਸਤਿਕਾਰ ਪ੍ਰਾਪਤ ਹੋਵੇ। ਉਹ ਮਹਾਨ ਕਵੀਆਂ ਵਾਰਿਸ਼ ਸ਼ਾਹ ਅਤੇ ਬੁੱਲ੍ਹੇ ਸ਼ਾਹ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਵਿੱਚ ਡੋਬ ਕੇ ਰੰਗਦਾ ਹੈ ਅਤੇ ਉਨ੍ਹਾਂ ਵਾਂਗ ਹੀ ਪੰਜਾਬੀ ਬੋਲੀ ਵਿੱਚ ਕਵਿਤਾ ਲਿਖਦਾ ਹੈ। ਉਹ ਅਜਿਹੀ ਅਕਲ ਆਪਣੇ ਦਿਮਾਗ ਵਿੱਚ ਰੱਖਣੀ ਨਹੀਂ ਚਾਹੁੰਦਾ, ਜਿਹੜੀ ਉਸ ਨੂੰ ਇਹ ਸਿਖਾਵੇ ਕਿ ਉਹ ਪੰਜਾਬ ਵਿੱਚ ਰਹਿ ਕੇ ਆਪਣੀ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਵਿੱਚ ਆਪਣੀ ਹੇਠੀ ਸਮਝਦਾ ਹੋਇਆ ਯੂ.ਪੀ. ਦੀ ਬੋਲੀ ਹਿੰਦੀ ਵਿੱਚ ਗੱਲਾਂ ਕਰੇ ਅਤੇ ਉਸ ਨੂੰ ਹੀ ਆਪਣੀ ਬੋਲੀ ਦੱਸੇ। ਉਹ ਪੰਜਾਬੀ ਹੈ ਅਤੇ ਪੰਜਾਬ ਤੇ ਪੰਜਾਬੀ ਬੋਲੀ ਦਾ ਸੇਵਕ ਹੈ, ਇਸ ਕਰਕੇ ਉਹ ਸਦਾ ਹੀ ਪੰਜਾਬੀ ਬੋਲੀ ਦੇ ਭਲੇ ਲਈ ਅਰਦਾਸ ਕਰਦਾ ਹੈ।
••• ਕੇਂਦਰੀ ਭਾਵ •••
ਪੰਜਾਬ ਦਾ ਰਹਿਣ ਵਾਲ਼ਾ ਹੋਣ ਕਰਕੇ ਕਵੀ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ਼ ਬਹੁਤ ਪਿਆਰ ਹੈ। ਉਹ ਹਮੇਸ਼ਾ ਇਹੋ ਚਾਹੁੰਦਾ ਹੈ ਕਿ ਪੰਜਾਬੀ ਬੋਲੀ ਨੂੰ ਆਪਣੇ ਦੇਸ ਵਿੱਚ ਪੂਰਾ ਮਾਣ ਸਤਿਕਾਰ ਮਿਲ਼ੇ। ਉਹ ਹਮੇਸ਼ਾ ਪੰਜਾਬ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸੇਵਕ ਬਣ ਕੇ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਬੋਲੀ ਦੀ ਖ਼ੈਰ ਮੰਗਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮੈਂ ਪੰਜਾਬੀ’ ਕਵਿਤਾ ਕਿਸਦੀ ਰਚਨਾ ਹੈ?
ਉੱਤਰ – ਫ਼ਿਰੋਜ਼ਦੀਨ ਸ਼ਰਫ਼ ਦੀ।
ਪ੍ਰਸ਼ਨ 2. ‘ਮੈਂ ਪੰਜਾਬੀ’ ਕਵਿਤਾ ਵਿੱਚ ਲੇਖਕ ਕਿਸ ਚੀਜ਼ ਲਈ ਆਪਣਾ ਪਿਆਰ ਪ੍ਰਗਟ ਕਰਦਾ ਹੈ?
ਉੱਤਰ – ਪੰਜਾਬੀ ਬੋਲੀ ਲਈ।
ਪ੍ਰਸ਼ਨ 3. ਲੇਖਕ ਕਿਹੜੀ ਅਕਲ ਨੂੰ ਛਿੱਕੇ ਤੇ ਟੰਗਦਾ ਹੈ।
ਉੱਤਰ – ਜੋ ਮਾਂ ਬੋਲੀ ਨੂੰ ਵਿਸਾਰ ਦੇਵੇ।
ਪ੍ਰਸ਼ਨ 4. ਲੇਖਕ ਹੋਰ ਕਿਹੜੀ ਭਾਸ਼ਾ ਨੂੰ ਥੋੜ੍ਹਾ ਬਹੁਤਾ ਅੰਗਦਾ ਹੈ?
ਉੱਤਰ – ਅੰਗਰੇਜ਼ੀ।
ਪ੍ਰਸ਼ਨ 5. ਲੇਖਕ ਦੀ ਦਿਲੀ ਇੱਛਾ ਕੀ ਹੈ?
ਉੱਤਰ – ਮਾਂ-ਬੋਲੀ ਨੂੰ ਦੇਸ ਅੰਦਰ ਪਿਆਰ ਅਤੇ ਸਤਿਕਾਰ ਮਿਲ਼ੇ।
2. ਮਾਂ ਦਾ ਦਿਲ
(ੳ) ਮਾਂ ਛਾਂ ਜ਼ਿੰਦਗੀ ਦੇ ਨਿੱਕੜੇ ਜਿਹੇ ਦਿਲ ਵਿੱਚ, ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ।
ਅੱਜ ਤੀਕਨ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ,ਮਾਰ-ਮਾਰ ਟੁੱਭੀਆਂ ਹੈ ਸਾਰਾ ਜੱਗ ਹਾਰਿਆ।
ਵੱਡੇ -ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ, ਮਾਂ ਦੇ ਪਿਆਰ ਵਾਲ਼ਾ ਫੋਟੋ ਹੈ ਉਤਰਿਆ।
ਮੈਂ ਭੀ ਤਸਵੀਰ ਇੱਕ ਨਿੱਕੀ ਜਿਹੀ ਵਿਖਾਲਨਾਂ ਹਾਂ,ਸ਼ਾਇਰੀ ਦੇ ਰੰਗ ਨਾਲ਼ ਜਿਹਨੂੰ ਮੈਂ ਸਵਾਰਿਆ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਵਿੱਚ ਪਰ੍ਹੋ ਕੇ ਦਿਖਾਉਣ ਦੀ ਕੋਸ਼ਸ਼ ਕੀਤੀ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮਾਂ ਪੁੱਤਰ ਨੂੰ ਪਿਆਰ ਦੀ ਛਾਂ ਅਤੇ ਨਿੱਘ ਦੇਣ ਵਾਲ਼ੀ ਹੁੰਦੀ ਹੈ। ਉਸ ਦੇ ਨਿੱਕੇ-ਜਿਹੇ ਦਿਲ ਵਿੱਚ ਰੱਬ ਨੇ ਮੁਹੱਬਤਾਂ ਦਾ ਵਿਸ਼ਾਲ ਸੋਮਾ ਉਸਾਰਿਆ ਹੋਇਆ ਹੈ। ਅੱਜ ਤੱਕ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਿਆ। ਹਰ ਕੋਈ ਇਸ ਵਿੱਚ ਟੁੱਬੀਆਂ ਲਾ-ਲਾ ਕੇ ਥੱਕ ਗਿਆ ਹੈ। ਵੱਡੇ-ਵੱਡੇ ਕਵੀਆਂ ਅਤੇ ਲਿਖਾਰੀਆਂ ਨੇ ਆਪਣੀ ਕਲਮ ਨਾਲ਼ ਮਾਂ ਦੀ ਮਮਤਾ ਅਤੇ ਪਿਆਰ ਦੀ ਤਸਵੀਰ ਨੂੰ ਬਣਾਉਣ ਦੇ ਯਤਨ ਕੀਤੇ ਹਨ। ਲੇਖਕ ਵੀ ਮਾਂ ਦੇ ਪਿਆਰ ਦੀ ਨਿੱਕੀ ਜਿਹੀ ਤਸਵੀਰ ਬਣਾਉਣ ਦੀ ਕੋਸ਼ਸ਼ ਕਰਦਾ ਹੈ। ਜਿਸ ਨੂੰ ਉਸ ਨੇ ਸ਼ਾਇਰੀ ਦੇ ਰੰਗ ਵਿੱਚ ਸ਼ਿੰਗਾਰਿਆ ਹੈ।
(ਅ) ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤੱਤੜੀ ਨੂੰ, ਲੱਖ – ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ।
ਹੁੰਦੇ ਤਾਣ ਪੁੱਤ ਨੂੰ ਨਾ ਵਾ ਤੱਤੀ ਪੋਹਣ ਦਿੱਤੀ, ਦੁੱਖ ਵੇਲੇ ਉਹਨੇ, ਹਿੱਕ ਆਪਣੀ ਨੂੰ ਠਾਰਿਆ।
ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰ੍ਹੇ ਹੋਏ, ਬੈਠਾ, ਫੇਰ ਰੇੜ੍ਹਿਆ, ਤੁਰਾਇਆ ਤੇ ਖਲ੍ਹਾਰਿਆ।
ਦੇ-ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲ਼ੇ, ਮਾਂ ਨੇ ਮੁਨਾਰਾ ਖ਼ੁਸ਼ੀ ਆਸ ਦਾ ਉਸਾਰਿਆ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਮਾਂ ਇੱਕ ਪੁੱਤਰ ਦੀ ਦਾਤ ਪਾ ਕੇ ਪਰਮਾਤਮਾ ਦੀ ਸ਼ੁਕਰ-ਗੁਜ਼ਾਰ ਹੁੰਦੀ ਹੈ ਅਤੇ ਰੀਝਾਂ ਤੇ ਸਧਰਾਂ ਨਾਲ਼ ਪਾਲ-ਪਲੋਸ ਕੇ ਉਸ ਨੂੰ ਵੱਡਾ ਕਰਦੀ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਕਿਸਮਤ ਦੀ ਮਾਰੀ ਇੱਕ ਮਾਂ ਨੂੰ ਪਰਮਾਤਮਾ ਅੱਗੇ ਬਹੁਤ ਹੀ ਮਿੰਨਤਾ-ਤਰਲੇ ਕਰਨ ਤੋਂ ਬਾਅਦ ਇੱਕ ਪੁੱਤਰ ਦੀ ਦਾਤ ਮਿਲ਼ੀ, ਤਾਂ ਉਸ ਨੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕੀਤਾ। ਜਿੰਨਾ ਚਿਰ ਉਹ ਆਪਣੇ ਸਰੀਰ ਵਿੱਚ ਬਲ ਰੱਖਦੀ ਸੀ, ਉਸ ਨੇ ਆਪਣੇ ਪੁੱਤਰ ਉੱਪਰ ਕੋਈ ਦੁੱਖ-ਤਖਲੀਫ਼ ਨਹੀਂ ਆਉਣ ਦਿੱਤੀ। ਉਸ ਨੇ ਆਪਣੇ ਪੁੱਤਰ ਉੱਤੇ ਆਉਣ ਵਾਲ਼ੇ ਹਰ ਦੁੱਖ ਨੂੰ ਆਪਣੇ ਉੱਪਰ ਝੱਲ ਲਿਆ ਅਤੇ ਮੁਸੀਬਤ ਸਮੇਂ ਪੁੱਤਰ ਨੂੰ ਆਪਣੀ ਹਿੱਕ ਨਾਲ਼ ਲਾ ਕੇ ਠਾਰਿਆ। ਹੌਲ਼ੀ-ਹੌਲ਼ੀ ਦਿਨ, ਮਹੀਨੇ ਅਤੇ ਸਾਲ ਬੀਤਦੇ ਗਏ। ਇਸ ਸਮੇਂ ਵਿੱਚ ਪੁੱਤਰ ਨੇ ਆਪਣੀ ਮਾਂ ਕੋਲ਼ੋਂ ਬੈਠਣਾ, ਰੁੜ੍ਹਣਾ ਤੇ ਖੇਡਣਾ ਸਿੱਖ ਲਿਆ। ਮਾਂ ਨੇ ਲੋਰੀਆਂ ਤੇ ਮੁਹੱਬਤਾਂ ਦੇ-ਦੇ ਕੇ ਖ਼ੁਸ਼ੀ ਨਾਲ਼ ਆਪਣੇ ਪੁੱਤਰ ਨੂੰ ਜਵਾਨ ਕੀਤਾ।
(ੲ) ਫੁੱਟ ਪਈ ਅੰਗੂਰੀ ਕੱਕੀ ਗੋਰੇ -ਗੋਰੇ ਮੁੱਖੜੇ ‘ਤੇ, ਫੁੱਲ ਵਾਂਗੂੰ ਆਣ ਕੇ ਜਵਾਨੀ ਨੇ ਸ਼ਿੰਗਾਰਿਆ।
ਸੱਧਰਾਂ ਮੁਰਾਦਾਂ ਵਾਲ਼ੇ ਦਿਨ ਜਦੋਂ ਨੇੜੇ ਢੁੱਕੇ, ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ।
ਤੁਰੇ – ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ, ਖਿੱਚ ਕੇ ਦੁਗਾੜਾ ਖ਼ੂਨੀ ਨੈਣਾਂ ਵਿੱਚੋਂ ਮਾਰਿਆ।
ਕਾਲ਼ੇ-ਕਾਲ਼ੇ ਵਾਲਾਂ ਦਿਆਂ ਕੁੰਡਲਾਂ ਤੇ ਵਲ਼ਾਂ ਵਿੱਚ, ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਮਾਂ ਇੱਕ ਪੁੱਤਰ ਦੀ ਦਾਤ ਪਾ ਕੇ ਪਰਮਾਤਮਾ ਦੀ ਸ਼ੁਕਰ-ਗੁਜ਼ਾਰ ਹੁੰਦੀ ਹੈ ਅਤੇ ਰੀਝਾਂ ਤੇ ਸਧਰਾਂ ਨਾਲ਼ ਪਾਲ-ਪਲੋਸ ਕੇ ਉਸ ਨੂੰ ਵੱਡਾ ਕਰਦੀ ਹੈ। ਜਦੋਂ ਉਹ ਜੁਆਨ ਹੁੰਦਾ ਹੈ, ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰੀਖਿਆ ਲੈਂਦੀ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜਵਾਨ ਹੋਣ ਮਗਰੋਂ ਉਸ ਦੇ ਪੁੱਤਰ ਦੇ ਗੋਰੇ ਮੂੰਹ ਉੱਪਰ ਕੱਕੇ ਰੰਗ ਦੀਆਂ ਮੁੱਛਾਂ ਫੁੱਟਣੀਆਂ ਸ਼ੁਰੂ ਹੋਈਆਂ ਅਤੇ ਜਵਾਨੀ ਨੇ ਉਸ ਨੂੰ ਫੁੱਲਾਂ ਵਾਂਗ ਸ਼ਿੰਗਾਰ ਦਿੱਤਾ। ਜਦੋਂ ਉਹ ਜਵਾਨ ਹੋ ਗਿਆ ਅਤੇ ਉਸ ਦੇ ਸੱਧਰਾਂ ਤੇ ਮੁਰਾਦਾਂ ਵਾਲ਼ੇ, ਭਾਵ ਵਿਆਹ ਵਾਲ਼ੇ ਦਿਨ ਨੇੜੇ ਆਉਣ ਲੱਗੇ, ਤਾਂ ਹੋਣੀ ਨੇ ਆਪਣਾ ਚੋਗਾ ਖਿਲਾਰ ਦਿੱਤਾ। ਇੱਕ ਦਿਨ ਉਹ ਨੌਜਵਾਨ ਰਾਹ ਵਿੱਚ ਤੁਰਿਆ ਜਾ ਰਿਹਾ ਸੀ ਕਿ ਇੱਕ ਸੁੰਦਰੀ ਨੇ ਆਪਣੀਆਂ ਖ਼ੂਨੀ ਅੱਖਾਂ ਵਿੱਚੋਂ ਖਿੱਚ ਕੇ ਵਾਰ ਕੀਤਾ। ਜਿਸ ਨਾਲ਼ ਮਾਂ ਦਾ ਚੰਨ ਵਰਗਾ ਪੁੱਤ ਕਾਲ਼ੀਆਂ ਜ਼ੁਲਫ਼ਾਂ ਦੇ ਕੁੰਡਲਾਂ ਤੇ ਵਲ਼ਾਂ ਵਿੱਚ ਘਿਰ ਗਿਆ।
(ਸ) ਬਿੱਟ-ਬਿੱਟ ਵੇਂਹਦੇ ਉਹਨੂੰ ਉਸ ਨਾਰੀ ਪੁੱਛਿਆ ਇਹ, “ਏਥੇ ਕਿਉਂ ਖਲੋ ਰਿਹਾ ਏਂ ਏਦਾਂ ਤੂੰ ਵਿਚਾਰਿਆ?”
ਅੱਖੀਆਂ ਨੂੰ ਪੂੰਝਦੇ ਨੇ ਦਿੱਤਾ ਇਹ ਜਵਾਬ ਅੱਗੋਂ “ਤੇਰੀ ਮੋਹਣੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ।
ਅੱਖੀਓਂ ਪਰੋਖੇ ਹੋਣਾ ਮੁੱਖ ਤੇਰਾ ਮੌਤ ਮੇਰੀ, ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਧਾਰਿਆ।”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਦੱਸਿਆ ਕਿ ਜਦੋਂ ਪੁੱਤਰ ਜੁਆਨ ਹੁੰਦਾ ਹੈ, ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰੀਖਿਆ ਲੈਂਦੀ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਸੁੰਦਰ ਮੁਟਿਆਰ ਨੇ ਗਹੁ ਨਾਲ਼ ਵੇਖਦਿਆਂ ਦੇਖ ਕੇ ਉਸ ਨੌਜਵਾਨ ਨੂੰ ਪੁੱਛਿਆ ਕਿ ਉਹ ਇਥੇ ਇਸ ਪ੍ਰਕਾਰ ਕਿਉਂ ਖੜ੍ਹਾ ਹੈ। ਨੌਜਵਾਨ ਨੇ ਆਪਣੀਆਂ ਅੱਖਾਂ ਵਿਚੋਂ ਅੱਥਰੂ ਸਾਫ਼ ਕਰਦੇ ਕਿਹਾ ਕਿ ਉਹ ਉਸ ਦੀ ਸੋਹਣੀ ਸੂਰਤ ਉੱਤੇ ਵਾਰਿਆ ਗਿਆ ਹੈ, ਜੇਕਰ ਹੁਣ ਸੁੰਦਰੀ ਦਾ ਖ਼ੂਬਸੂਰਤ ਮੁੱਖੜਾ ਉਸ ਦੀਆਂ ਅੱਖਾਂ ਤੋਂ ਦੂਰ ਹੋ ਜਾਵੇਗਾ, ਤਾਂ ਉਸ ਦੀ ਮੌਤ ਹੋ ਜਾਵੇਗੀ। ਉਸ ਸੁੰਦਰ ਮੁਟਿਆਰ ਕੋਲ਼ ਰਹਿਣਾ ਨੂੰ ਹੀ ਉਹ ਹੁਣ ਆਪਣੀ ਜ਼ਿੰਦਗੀ ਸਮਝਦਾ ਹੈ।
(ਹ) ਬੋਲੀ ਮੁਟਿਆਰ ਅੱਗੋਂ, “ਪਿਆਰ ਦੇ ਪੁਜਾਰੀਆ ਵੇ! ਮੈਂ ਵੀ ਤੈਨੂੰ ਥੋੜ੍ਹਾ ਜਿਹਾ ਚਾਹੁਨੀ ਆਂ ਵੰਗਾਰਿਆ।
ਕੱਢਕੇ ਲਿਆਵੇਂ ਜੇ ਤੂੰ ਦਿਲ ਮਾਂ ਆਪਣੀ ਦਾ, ਲਾਂਵਾਂ ਈ ਮੈਂ ਤੇਰੇ ਨਾਲ਼ ਲੈ ਲਾਂ ਗੀ ਕਵਾਰਿਆ।‘
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਕਵੀ ਦੱਸਦਾ ਹੈ ਕਿ ਜਦੋਂ ਪੁੱਤਰ ਜੁਆਨ ਹੁੰਦਾ ਹੈ, ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰੀਖਿਆ ਲੈਂਦੀ ਹੈ ਅਤੇ ਉਸ ਨੂੰ ਸੁੰਦਰੀ ਨਾਲ਼ ਵਿਆਹ ਕਰਵਾਉਣ ਤੋਂ ਪਹਿਲਾਂ ਮਾਂ ਦਾ ਦਿਲ ਕੱਢ ਕੇ ਲਿਆਉਣ ਲਈ ਕਹਿੰਦੀ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਵਾਨ ਮੁੰਡੇ ਦੁਆਰਾ ਪ੍ਰਗਟ ਕੀਤੇ ਪਿਆਰ ਭਾਵ ਨੂੰ ਦੇਖ ਕੇ ਮੁਟਿਆਰ ਨੇ ਉਸ ਨੂੰ ਉੱਤਰ ਦਿੱਤਾ ਕਿ ਉਸ ਪਿਆਰ ਦੇ ਪੁਜਾਰੀ ਨੂੰ ਥੋੜ੍ਹਾ ਜਿਹਾ ਉਹ ਵੰਗਾਰਨਾ ਚਾਹੁੰਦੀ ਹੈ, ਭਾਵ ਉਸ ਦੀ ਪਿਆਰ ਵਿੱਚ ਪਰੀਖਿਆ ਲੈਣੀ ਚਾਹੁੰਦੀ ਹੈ। ਸੁੰਦਰੀ ਮੁੰਡੇ ਨੂੰ ਕਹਿੰਦੀ ਹੈ ਕਿ ਜੇਕਰ ਉਹ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਵੇ, ਤਾਂ ਹੀ ਸੁੰਦਰੀ ਉਸ ਨਾਲ਼ ਵਿਆਹ ਕਰਵਾ ਸਕਦੀ ਹਾਂ।
(ਕ) ਏਨੀ ਗੱਲ ਸੁਣੀਂ ਤੇ ਉਹ ਨੱਸਾ – ਨੱਸਾ ਘਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ।
ਸਗਨਾਂ ਦੀ ਮਹਿੰਦੀ ਜੀਹਨੇ ਹੱਥਾਂ ਉੱਤੇ ਲਾਉਣੀ ਸੀ,ਘੋੜੀਆਂ ਸੁਹਾਗ ਗੌਂ ਕੇ ਚੰਨਾ! ਮਾਹੀਆ! ਤਾਰਿਆ!
ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ਼ ਕੇ ਤੇ, ਵੇਖੋ ਖ਼ੂਨੀ ਪੁੱਤ ਨੇ ਪਿਆਰ ਕੀ ਨਿਤਰਿਆ।
ਓੜਕ ਓਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹ, ਉਹਦੇ ਲਈ, ਜੀਹਦੇ ਲਈ ਕਹਿਰ ਸੀ ਗੁਜ਼ਾਰਿਆ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਦੱਸਿਆ ਜਦੋਂ ਪੁੱਤਰ ਜੁਆਨ ਹੁੰਦਾ ਹੈ, ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰੀਖਿਆ ਲੈਂਦੀ ਹੈ। ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨ੍ਹਾ ਹੋਕੇ ਮਾਂ ਦਾ ਪਿਆਰ ਭੁਲਾ ਕੇ ਉਸ ਨੂੰ ਸੁੰਦਰੀ ਲਈ ਮਾਰ ਦਿੰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਸੁੰਦਰੀ ਦੁਆਰਾ ਮਾਂ ਦੇ ਦਿਲ ਦੀ ਮੰਗ ਕਰਨ ਪਿੱਛੋਂ ਨੌਜਵਾਨ ਪੁੱਤਰ ਨੱਸ ਕੇ ਆਪਣੇ ਘਰ ਆਇਆ ਅਤੇ ਆਪਣੀ ਸੁੱਤੀ ਪਈ ਮਾਂ ਉੱਪਰ ਛੁਰੇ ਨਾਲ਼ ਵਾਰ ਕਰਕੇ ਉਸ ਮਾਂ ਨੂੰ ਮਾਰ ਦਿੱਤਾ, ਜਿਸ ਨੇ ਉਸ ਦੇ ਸ਼ਗਨਾਂ ਦੀ ਮਹਿੰਦੀ ਲਾਉਣੀ ਸੀ ਅਤੇ ਜਿਸ ਨੇ ਚਾਵਾਂ ਨਾਲ਼ ‘ਘੋੜੀਆਂ’ ਤੇ ‘ਸੁਹਾਗ’ ਗਾ ਕੇ ਆਪਣੇ ਪੁੱਤਰ ਨੂੰ ਵਿਆਹੁਣਾ ਸੀ। ਅੱਜ ਉਸੇ ਪੁੱਤਰ ਨੇ ਆਪਣੀ ਮਾਂ ਨੂੰ ਮਾਰ ਕੇ ਉਸਦੇ ਖ਼ੂਨ ਵਿੱਚ ਆਪਣੇ ਹੱਥ ਰੰਗ ਲਏ। ਸਾਰੀ ਦੁਨੀਆ ਨੂੰ ਹੀ ਦੇਖਣਾ ਚਾਹੀਦਾ ਹੈ ਕਿ ਇਕ ਪੁੱਤਰ ਨੇ ਆਪਣੀ ਮਾਂ ਦੇ ਪਿਆਰ ਦੀ ਕਦਰ ਕਿਸ ਤਰ੍ਹਾਂ ਪਾਈ ਹੈ। ਉਹ ਉਸ ਸੁੰਦਰੀ ਵੱਲ ਆਪਣੀ ਮਾਂ ਦਾ ਕੱਢਿਆ ਹੋਇਆ ਦਿਲ ਲੈ ਕੇ ਨੱਸ ਪਿਆ, ਜਿਸ ਦੀ ਖਾਤਰ ਉਸ ਨੇ ਇਹ ਕਹਿਰ ਗੁਜਾਰਿਆ ਸੀ।
(ਖ) ਉੱਚਾ, ਨੀਵਾਂ ਰਾਹ ਵੀ ਨਾ ਸੋਚਿਆ ਵਿਚਾਰਿਆ।
ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਿਮੀਂ ਉੱਤੇ, ਉਸ ਵੇਲੇ ਮੁੱਠ ਵਿਚੋਂ ਦਿਲ ਇਹ ਪੁਕਾਰਿਆ।
“ਲੱਖ-ਲੱਖ ਵਾਰੀ ਤੈਥੋਂ ਵਾਰੀ ਜਾਵੇ ਅੰਬੜੀ ਇਹ,ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ?”
ਸ਼ਰਫ਼ ਜੀ! ਇਹ ਹੌਸਲਾ ਹੈ ਮਾਂ ਦੇ ਪਿਆਰ ਦਾ ਈ, ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਵਿੱਚ ਦਰਜ ਫ਼ੀਰੋਜ਼ਦੀਨ ਸ਼ਰਫ਼ ਦੀ ਲਿਖੀ ਹੋਈ ਕਵਿਤਾ ‘ਮਾਂ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਸ਼ ਕੀਤੀ ਹੈ। ਕਵੀ ਨੇ ਦੱਸਿਆ ਜਦੋਂ ਪੁੱਤਰ ਜੁਆਨ ਹੁੰਦਾ ਹੈ, ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰੀਖਿਆ ਲੈਂਦੀ ਹੈ। ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨ੍ਹਾ ਹੋਕੇ ਮਾਂ ਦਾ ਪਿਆਰ ਭੁਲਾ ਕੇ ਉਸ ਨੂੰ ਸੁੰਦਰੀ ਲਈ ਮਾਰ ਦਿੰਦਾ ਹੈ, ਪਰ ਮਾਂ ਮਰ ਕੇ ਵੀ ਪੁੱਤਰ ਪ੍ਰਤੀ ਆਪਣਾ ਪਿਆਰ ਨਹੀਂ ਗੁਆਉਂਦੀ।
ਵਿਆਖਿਆ – ਕਵੀ ਆਖਦਾ ਹੈ ਕਿ ਜਵਾਨ ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨ੍ਹਾ ਹੋ ਕੇ ਉਸ ਦੀ ਇੱਛਾ ਪੂਰੀ ਕਰਨ ਲਈ ਮਾਂ ਦਾ ਦਿਲ ਕੱਢ ਕੇ ਲੈ ਗਿਆ। ਉਸ ਨੇ ਰਸਤੇ ਵਿੱਚ ਜਾਂਦੇ ਹੋਏ ਉੱਚਾ- ਨੀਵਾਂ ਥਾਂ ਵੀ ਨਾ ਦੇਖਿਆ, ਤਾਂ ਉਸ ਨੂੰ ਠੇਡਾ ਲੱਗਾ ਤੇ ਉਹ ਮੂੰਹ ਭਾਰ ਜ਼ਮੀਨ ਉੱਤੇ ਡਿੱਗ ਪਿਆ। ਜਦੋਂ ਉਹ ਡਿੱਗਿਆ, ਤਾਂ ਉਸ ਦੇ ਹੱਥ ਵਿੱਚ ਫੜਿਆ ਮਾਂ ਦਾ ਦਿਲ ਪੁਕਾਰ ਕੇ ਕਹਿਣ ਲੱਗਾ, “ਤੇਰੀ ਮਾਂ ਤੇਰੇ ਤੋਂ ਲੱਖ-ਲੱਖ ਵਾਰ ਕੁਰਬਾਨ ਜਾਂਦੀ ਹੈ, ਮੇਰੇ ਪਿਆਰੇ ਬੱਚੇ, ਤੈਨੂੰ ਕੋਈ ਸੱਟ ਤਾਂ ਨਹੀਂ ਲੱਗੀ।” ਕਵੀ ਕਹਿੰਦਾ ਹੈ ਕਿ ਇਹ ਮਾਂ ਦੇ ਪਿਆਰ ਦਾ ਹੌਸਲਾ ਅਤੇ ਮਮਤਾ ਦੀ ਗਹਿਰਾਈ ਹੈ ਕਿ ਉਸ ਨੇ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਉਸ ਦੇ ਮੋਹ ਨੂੰ ਨਹੀਂ ਵਿਸਾਰਿਆ।
••• ਕੇਂਦਰੀ ਭਾਵ •••
ਮਾਂ ਰੱਬ ਅੱਗੇ ਸੁੱਖਾਂ-ਸੁੱਖ ਕੇ ਪੁੱਤਰ ਨੂੰ ਪ੍ਰਾਪਤ ਕਰਦੀ ਹੈ ਅਤੇ ਦੁੱਖ ਸਹਿ ਕੇ ਪਾਲਦੀ ਹੈ, ਪਰ ਪੁੱਤਰ ਮਾਂ ਦੀ ਮਮਤਾ ਨੂੰ ਅਤੇ ਪਿਆਰ ਨੂੰ ਭੁੱਲ ਜਾਂਦੇ ਹਨ। ਮਾਂ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਆਪਣੀ ਮਮਤਾ ਨੂੰ ਨਹੀਂ ਛੱਡਦੀ ਅਤੇ ਉਸ ਦੀ ਸੁੱਖ ਮੰਗਦੀ ਹੈ। ਇਸ ਤਰ੍ਹਾਂ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਕਵੀ ਅਨੁਸਾਰ ਕਿਸ ਚੀਜ਼ ਦੀ ਡੂੰਘਾਈ ਦਾ ਅੱਜ ਤੱਕ ਪਤਾ ਨਹੀਂ ਲੱਗਾ?
ਉੱਤਰ – ਮਾਂ ਦੇ ਦਿਲ ਦੀ।
ਪ੍ਰਸ਼ਨ 2. ਸ਼ਰਫ਼ ਅਨੁਸਾਰ ਮਾਂ ਦਾ ਦਿਲ ਕੀ ਹੈ?
ਉੱਤਰ – ਮੁਹੱਬਤਾਂ ਦਾ ਸੋਮਾ।
ਪ੍ਰਸ਼ਨ 3. ਨੌਜਵਾਨ ਤੇ ਸੁੰਦਰੀ ਨੇ ਕਿਸ ਚੀਜ਼ ਦਾ ਵਾਰ ਕੀਤਾ?
ਉੱਤਰ – ਖ਼ੂਨੀ ਨੈਣਾਂ ਦਾ।
ਪ੍ਰਸ਼ਨ 4. ਸੁੰਦਰੀ ਨੇ ਨੌਜਵਾਨ ਤੋਂ ਕੀ ਮੰਗਿਆ?
ਉੱਤਰ – ਮਾਂ ਦਾ ਦਿਲ।
ਪ੍ਰਸ਼ਨ 5. ਪੁੱਤਰ ਨੇ ਮਾਂ ਦੇ ਕਲੇਜੇ ਵਿੱਚ ਕੀ ਮਾਰਿਆ?
ਉੱਤਰ – ਛੁਰਾ।
ਪ੍ਰਸ਼ਨ 6. ਮਾਂ ਨੇ ਮਰ ਕੇ ਵੀ ਕੀ ਨਾ ਛੱਡਿਆ?
ਉੱਤਰ – ਪੁੱਤਰ ਮੋਹ।
ਗੁਰਦੀਪ ਸਿੰਘ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037