5. ਡਾ. ਦੀਵਾਨ ਸਿੰਘ ਕਾਲੇਪਾਣੀ
1.ਵਗਦੇ ਪਾਣੀ
(ੳ) ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਵਗਦੇ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੀ ਪਾਣੀ ਨਾਲ਼ ਤੁਲਨਾ ਕਰਕੇ ਉਸ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਦੋਵਾਂ ਦੇ ਨਿਰੰਤਰ ਚਲਦੇ ਰਹਿਣ ਕਰਕੇ ਹੀ ਦੋਵਾਂ ਦੀ ਤਾਜ਼ਗੀ ਬਣੀ ਰਹਿੰਦੀ ਹੈ।
ਵਿਆਖਿਆ – ਕਵੀ ਆਪਣੀ ਇੱਛਾ ਪ੍ਰਗਟ ਕਰਦਾ ਹੈ ਕਿ ਜ਼ਿੰਦਗੀ ਨੂੰ ਪਾਣੀ ਦੀ ਤਰ੍ਹਾਂ ਹਮੇਸ਼ਾਂ ਵਗਦੇ ਹੀ ਰਹਿਣਾ ਚਾਹੀਦਾ ਹੈ। ਜ਼ਿੰਦਗੀ ਚੱਲਦੀ ਅਤੇ ਪਾਣੀ ਵਗਦੇ ਹੀ ਸੋਹਣੇ ਲੱਗਦੇ ਹਨ। ਜੇਕਰ ਇਹ ਖੜ੍ਹ ਜਾਣ, ਤਾਂ ਪਾਣੀ ਵਿੱਚ ਬਦਬੂ ਪੈਦਾ ਹੋ ਜਾਂਦੀ ਹੈ ਅਤੇ ਜ਼ਿੰਦਗੀ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ। ਇਸ ਤੋਂ ਭਾਵ ਜਿਸ ਤਰ੍ਹਾਂ ਪਾਣੀ ਵਗਦੇ ਹੀ ਰਹਿਣੇ ਚਾਹੀਦੇ ਹਨ ਉਸ ਪ੍ਰਕਾਰ ਜ਼ਿੰਦਗੀ ਵਿੱਚ ਵੀ ਜਿੱਤਾਂ, ਹਾਰਾਂ ਅਤੇ ਸੰਘਰਸ਼ ਦਾ ਸਿਲਸਲਾ ਨਿਰੰਤਰ ਚੱਲਦਾ ਹੀ ਰਹਿਣਾ ਚਾਹੀਦਾ ਹੈ।
(ਅ) ਜਿੰਦਾਂ ਮਿਲ਼ੀਆਂ ਹੀ ਰਹਿਣ,
ਕਿ ਮਿਲ਼ੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ,
ਕਿ ਜਿੰਦਾਂ ਮਿਲੀਆਂ ਹੀ ਰਹਿਣ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਵਗਦੇ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਮੇਲ-ਮਿਲਾਪ ਜੀਵਨ ਨੂੰ ਜਿਊਂਦਾ ਰੱਖਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਮਿਲ਼ਦੀਆਂ ਰਹਿਣੀਆਂ ਚਾਹੀਦੀਆਂ ਹਨ। ਜੇਕਰ ਜ਼ਿੰਦਗੀਆਂ ਮਿਲ਼ਦੀਆਂ ਰਹਿਣਗੀਆਂ, ਤਾਂ ਹੀ ਉਹ ਜਿਊਂਦੀਆਂ ਰਹਿਣਗੀਆਂ। ਜਦੋਂ ਜੀਵਨ ਵਿੱਚ ਵਿਛੋੜਾ ਆ ਜਾਵੇ, ਤਾਂ ਜ਼ਿੰਦਗੀਆਂ ਮਰ ਜਾਂਦੀਆਂ ਹਨ। ਇਸ ਲਈ ਮਨੁੱਖੀ ਜ਼ਿੰਦਗੀਆਂ ਦਾ ਆਪਸੀ ਮਿਲਾਪ ਅਤੇ ਪਿਆਰ ਹਮੇਸ਼ਾਂ ਬਣਿਆ ਰਹਿਣਾ ਚਾਹੀਦਾ ਹੈ।
(ੲ) ਰੂਹਾਂ ਉੱਡਦੀਆਂ ਹੀ ਰਹਿਣ,
ਕਿ ਉੱਡਿਆਂ ਚੜ੍ਹਦੀਆਂ ਨੇ,
ਅਟਕਿਆਂ ਡਿੱਗਦੀਆਂ ਨੇ,
ਕਿ ਰੂਹਾਂ ਉੱਡਦੀਆਂ ਹੀ ਰਹਿਣ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਵਗਦੇ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਰੂਹਾਂ ਉੱਡਦੀਆਂ ਰਹਿਣੀਆਂ ਚਾਹੀਦੀਆਂ ਹਨ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮਨੁੱਖ ਅੰਦਰ ਵਸਦੀਆਂ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਦੀਆਂ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਜੋ ਰੂਹਾਂ ਉੱਚੀਆਂ ਉਡਾਰੀਆਂ ਮਾਰਦੀਆਂ ਹਨ, ਉਹੀ ਜੀਵਨ ਵਿੱਚ ਵਿਕਾਸ ਦੀ ਰਾਹ ਉਪਰ ਚੱਲਦੀਆਂ ਹੋਈਆਂ ਮੰਜ਼ਲ ਨੂੰ ਪਾਰ ਕਰਦੀਆਂ ਹਨ। ਜੇਕਰ ਰੂਹਾਂ ਅੰਦਰ ਉਡਾਰੀਆਂ ਭਰਨ ਦੇ ਯਤਨ ਖ਼ਤਮ ਹੋ ਜਾਣ, ਤਾਂ ਉਹ ਗਿਰਾਵਟ ਵੱਲ ਨੂੰ ਚਲੀਆਂ ਜਾਂਦੀਆਂ ਹਨ। ਇਸ ਲਈ ਮਨੁੱਖੀ ਜੀਵਨ ਅੰਦਰ ਕਦੇ ਠਹਿਰ ਨਹੀਂ ਆਉਣੀ ਚਾਹੀਦੀ ਅਤੇ ਮਨੁੱਖੀ ਰੂਹਾਂ ਹਮੇਸ਼ਾਂ ਉੱਡਦੀਆਂ ਹੀ ਰਹਿਣੀਆਂ ਚਾਹੀਦੀਆਂ ਹਨ।
(ਸ) ਤੇ ਮੈਂ ਟੁਰਦਾ ਹੀ ਰਹਾਂ,
ਕਿ ਟੁਰਿਆਂ ਵਧਦਾ ਹਾਂ,
ਖਲੋਇਆਂ ਘਟਣਾ ਹਾਂ,
ਕਿ ਹਾਂ, ਮੈਂ ਟੁਰਦਾ ਹੀ ਰਹਾਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਵਗਦੇ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਤੁਰਦੇ ਰਹਿਣ ਨਾਲ਼ ਹੀ ਜੀਵਨ ਦਾ ਵਿਕਾਸ ਹੁੰਦਾ ਹੈ।
ਵਿਆਖਿਆ – ਕਵੀ ਆਪਣੀ ਇਛਾ ਪ੍ਰਗਟ ਕਰਦੇ ਹੋਏ ਕਹਿੰਦਾ ਹੈ ਕਿ ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਹਮੇਸ਼ਾਂ ਤੁਰਦਾ ਹੀ ਰਹਿਣਾ ਚਾਹੁੰਦਾ ਹੈ, ਕਿਉਂਕਿ ਤੁਰਨ ਨਾਲ਼ ਹੀ ਉਹ ਅੱਗੇ ਵਧਦਾ ਰਹਿ ਸਕਦਾ ਹੈ। ਉਹ ਕਦੇ ਵੀ ਰੁਕਣਾ ਨਹੀਂ ਚਾਹੁੰਦਾ, ਕਿਉਂਕਿ ਰੁਕਣ ਨਾਲ਼ ਉਸ ਦਾ ਵਿਕਾਸ ਨਹੀਂ ਹੋਵੇਗਾ, ਸਗੋਂ ਉਹ ਪਤਨ ਵੱਲ ਜਾਵੇਗਾ। ਇਸ ਲਈ ਜੀਵਨ ਵਿੱਚ ਹਮੇਸ਼ਾਂ ਉਹ ਤੁਰਦਾ ਹੋਇਆ ਅੱਗੇ ਤੋਂ ਅੱਗੇ ਹੀ ਵਧਦਾ ਰਹਿਣਾ ਚਾਹੁੰਦਾ ਹੈ।
••• ਕੇਂਦਰੀ ਭਾਵ •••
ਜੀਵਨ ਨੂੰ ਪਾਣੀ ਵਾਂਗ ਹਮੇਸ਼ਾਂ ਚਲਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਤੇ ਵਿਕਾਸ ਹੈ। ਮਨੁੱਖੀ ਜੀਵਨ ਦੀ ਏਕਤਾ ਹੀ ਉਸ ਨੂੰ ਜਿਊਂਦਾ ਰੱਖਦੀ ਹੈ। ਉਸ ਦੀਆਂ ਰੂਹਾਂ ਉਡਾਰੀਆਂ ਭਰਦੀਆਂ ਹਨ ਅਤੇ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਦੀਆਂ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਵਗਦੇ ਪਾਣੀ’ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ?
ਉੱਤਰ – ਡਾ. ਦੀਵਾਨ ਸਿੰਘ ਕਾਲੇਪਾਣੀ।
ਪ੍ਰਸ਼ਨ 2. ‘ਵਗਦੇ ਪਾਣੀ’ ਕਵਿਤਾ ਅਨੁਸਾਰ ਕਿਹੜੇ ਪਾਣੀ ਬੁੱਸ ਜਾਂਦੇ ਹਨ ?
ਉੱਤਰ – ਖੜ੍ਹੇ।
ਪ੍ਰਸ਼ਨ 3. ‘ਵਗਦੇ ਪਾਣੀ’ ਕਵਿਤਾ ਅਨੁਸਾਰ ਕਿਹੜੀਆਂ ਜਿੰਦਾਂ ਜਿਊਂਦੀਆਂ ਹਨ ?
ਉੱਤਰ – ਮਿਲ਼ੀਆਂ ਰਹਿਣ ਵਾਲ਼ੀਆਂ।
ਪ੍ਰਸ਼ਨ 4. ‘ਵਗਦੇ ਪਾਣੀ’ ਕਵਿਤਾ ਅਨੁਸਾਰ ਕਵੀ ਨੂੰ ਤੁਰਦੇ ਰਹਿਣ ਵਿੱਚ ਕੀ ਦਿਖਾਈ ਦਿੰਦਾ ਹੈ ?
ਉੱਤਰ – ਵਾਧਾ।
ਪ੍ਰਸ਼ਨ 5. ਕਵੀ ਨੂੰ ਖੜ੍ਹੇ ਹੋਣ ਵਿੱਚ ਕੀ ਵਿਖਾਈ ਦਿੰਦਾ ਹੈ ?
ਉੱਤਰ – ਨੁਕਸਾਨ।
2. ਫ਼ਕੀਰ ਦੀ ਸਦਾ
(ੳ) ਦਿਓ-ਕਿ ਵਧੋਗੇ, ਵੰਡੋ – ਨਾ ਮੁੱਕੋਗੇ,
ਖੁਆਓ – ਕਿ ਖਾਓਗੇ, ਜਿਊਣ ਦਿਓ-ਕਿ ਜੀਵੋਗੇ।
ਗੱਫੇ ਦਿਹ, ਭਰ – ਭਰ ਬਾਟੇ,
ਪਿਆਰ ਦੇ , ਉੱਦਮ ਦੇ , ਖ਼ੁਸ਼ੀ ਦੇ , ਖੇੜੇ ਦੇ,
ਗੁਆਂਢੀਆਂ ਨੂੰ , ਯਾਰਾਂ ਨੂੰ , ਗ਼ੈਰਾਂ ਨੂੰ , ਨਾ-ਮਹਿਰਮਾਂ ਨੂੰ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਫ਼ਕੀਰ ਦੀ ਸਦਾ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਮਨੁੱਖ ਨੂੰ ਪਰਮਾਤਮਾ ਦੀਆਂ ਮਿਹਰਾਂ ਅਤੇ ਦਾਤਾਂ ਪ੍ਰਾਪਤ ਕਰਨ ਲਈ ਰਲ਼-ਮਿਲ਼ ਕੇ ਰਹਿਣ, ਵੰਡ ਕੇ ਖਾਣ ਅਤੇ ਪਿਆਰ, ਉੱਦਮ ਤੇ ਖ਼ੁਸ਼ੀਆਂ ਵੰਡਣ ਦਾ ਸੁਨੇਹਾ ਦਿੰਦਾ ਹੈ।
ਵਿਆਖਿਆ – ਕਵੀ ਫ਼ਕੀਰ ਦੇ ਰੂਪ ਵਿੱਚ ਮਨੁੱਖਤਾ ਨੂੰ ਸੰਬੋਧਨ ਕਰਦਾ ਹੋਇਆ ਲਿਖਦਾ ਹੈ ਕਿ ਜੇਕਰ ਅਸੀਂ ਦੂਸਰਿਆਂ ਨੂੰ ਵੰਡਾਂਗੇ, ਤਾਂ ਸਾਡੇ ਧਨ-ਮਾਲ ਵਿੱਚ ਵੀ ਵਾਧਾ ਹੋਵੇਗਾ। ਜੋ ਮਨੁੱਖ ਦੂਸਰਿਆਂ ਨੂੰ ਵੰਡ ਸਕਦੇ ਹਨ, ਉਨ੍ਹਾਂ ਨੂੰ ਵੰਡ ਦੇਣਾ ਚਾਹੀਦਾ ਹੈ। ਵੰਡਣ ਨਾਲ਼ ਉਨ੍ਹਾਂ ਦਾ ਕੁਝ ਵੀ ਖਤਮ ਨਹੀਂ ਹੋਵੇਗਾ। ਜਿੰਨਾ ਦੂਸਰਿਆਂ ਨੂੰ ਖੁਆ ਸਕਦੇ ਹਾਂ ਖੁਆ ਦੇਣਾ ਚਾਹੀਦਾ ਹੈ। ਵੰਡਣ ਨਾਲ਼ ਕੁਝ ਵੀ ਖ਼ਤਮ ਨਹੀਂ ਹੁੰਦਾ। ਸਾਨੂੰ ਦੂਸਰਿਆਂ ਨੂੰ ਜਿਊਣ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ਼ ਮਨੁੱਖੀ ਜੀਵਨ ਵਿੱਚ ਅਨੰਦ ਅਤੇ ਸੌਖ ਉਤਪੰਨ ਹੋਵੇਗੀ। ਸਾਨੂੰ ਚਾਹੀਦਾ ਹੈ ਕਿ ਗੁਆਂਢੀਆਂ ਨੂੰ, ਮਿੱਤਰਾਂ ਨੂੰ ਅਤੇ ਪਰਾਇਆਂ ਨੂੰ, ਪਿਆਰ ਦੇ, ਉੱਦਮ ਦੇ ਅਤੇ ਖ਼ੁਸ਼ੀ ਤੇ ਖੇੜੇ ਦੇ ਬਾਟੇ ਭਰ-ਭਰ ਵੰਡਣੇ ਚਾਹੀਦੇ ਹਨ।
(ਅ) ਤੇ ਸਭ ਦਾ ਰੱਬ,
ਭੰਡਾਰ ਖੋਲ੍ਹ ਦਏਗਾ, ਤੁਹਾਡੇ ਲਈ,
ਰਹਿਮਤਾਂ ਦੇ, ਰਹਿਮਾਂ ਦੇ, ਬਖ਼ਸ਼ਸ਼ਾਂ ਦੇ,
ਤੇ ਸਦਾ ਰੱਖੇਗਾ ਤੁਹਾਨੂੰ,
ਛਤਰ – ਛਾਇਆ ਹੇਠ ਆਪਣੀ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਫ਼ਕੀਰ ਦੀ ਸਦਾ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਮਨੁੱਖ ਨੂੰ ਪਰਮਾਤਮਾ ਦੀਆਂ ਮਿਹਰਾਂ ਅਤੇ ਦਾਤਾਂ ਪ੍ਰਾਪਤ ਕਰਨ ਲਈ ਰਲ਼-ਮਿਲ਼ ਕੇ ਰਹਿਣ, ਵੰਡ ਕੇ ਖਾਣ ਅਤੇ ਪਿਆਰ, ਉੱਦਮ ਤੇ ਖ਼ੁਸ਼ੀਆਂ ਵੰਡਣ ਦਾ ਸੁਨੇਹਾ ਦਿੰਦਾ ਹੈ।
ਵਿਆਖਿਆ – ਕਵੀ ਮਨੁੱਖ ਨੂੰ ਕਹਿੰਦਾ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ-ਢੰਗ ਨੂੰ ਦੂਸਰਿਆਂ ਨੂੰ ਦਾਨ ਦੇਣ ਵਾਲ਼ਾ, ਵੰਡ ਕੇ ਖਾਣ ਵਾਲ਼ਾ, ਅਤੇ ਜਿਊਣ ਦੇਣ ਵਾਲ਼ ਬਣਾ ਲਵੇਗਾ ਅਤੇ ਆਪਣੇ ਗੁਆਂਢੀਆਂ ਨੂੰ, ਮਿੱਤਰਾਂ ਨੂੰ , ਪਰਾਇਆਂ ਨੂੰ ਅਤੇ ਬਿਗਾਨਿਆਂ ਨੂੰ ਪਿਆਰ, ਉੱਦਮ ਅਤੇ ਖ਼ੁਸ਼ੀਆਂ ਵੰਡੇਗਾ, ਤਾਂ ਪਰਮਾਤਮਾ ਉਸ ਲਈ ਬਹੁਤ ਸਾਰੀਆਂ ਰਹਿਮਤਾਂ ਅਤੇ ਦਾਤਾਂ ਦੇ ਭੰਡਾਰ ਖੋਲ੍ਹ ਦੇਵੇਗਾ। ਇਸ ਪ੍ਰਕਾਰ ਮਨੁੱਖਤਾ ਦੀ ਸੇਵਾ ਕਰਨ ਲਈ ਸਾਡੇ ਵੰਡਣ ਨਾਲ਼ ਕੁਝ ਵੀ ਘਟਦਾ ਨਹੀਂ, ਸਗੋਂ ਪਰਮਾਤਮਾ ਸਾਡੇ ਤੇ ਹੋਰ ਬਖ਼ਸ਼ਸ਼ਾਂ ਕਰਦਾ ਹੈ।
••• ਕੇਂਦਰੀ ਭਾਵ •••
ਜੇਕਰ ਲੋਕ ਦੂਜਿਆਂ ਨੂੰ ਦਾਨ ਦੇਣ, ਵੰਡ ਕੇ ਖਾਣ ਅਤੇ ਦੂਸਰਿਆਂ ਨੂੰ ਜਿਊਣ ਦੇਣ ਨੂੰ ਆਪਣੀ ਜੀਵਨ–ਵਿਧੀ ਦਾ ਅੰਗ ਬਣਾ ਲੈਣ ਅਤੇ ਸਭ ਲਈ ਪਿਆਰ, ਉੱਦਮ ਤੇ ਖ਼ੁਸ਼ੀਆਂ-ਖੇੜੇ ਵੰਡਣ, ਤਾਂ ਉਨ੍ਹਾਂ ਲਈ ਰਹਿਮਤਾਂ ਤੇ ਬਖ਼ਸ਼ਸ਼ਾਂ ਦੇ ਭੰਡਾਰ ਪਰਮਾਤਮਾ ਆਪ ਖੋਲ੍ਹ ਦੇਵੇਗਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਫ਼ਕੀਰ ਦੀ ਸਦਾ’ ਕਵਿਤਾ ਕਿਸ ਕਵੀ ਦੀ ਰਚਨਾ ਹੈ?
ਉੱਤਰ – ਡਾ: ਦੀਵਾਨ ਸਿੰਘ ਕਾਲੇਪਾਣੀ।
ਪ੍ਰਸ਼ਨ 2. ‘ਫਕੀਰ ਦੀ ਸਦਾ’ ਕਵਿਤਾ ਅਨੁਸਾਰ ਜਿਊਣ ਦੇਣ ਨਾਲ਼ ਕੀ ਪ੍ਰਾਪਤੀ ਹੁੰਦਾ ਹੈ ?
ਉੱਤਰ – ਜਿਊਣਾ।
ਪ੍ਰਸ਼ਨ 3. ਪਰਮਾਤਮਾ ਮਿਹਰਾਂ ਅਤੇ ਬਖ਼ਸ਼ਸ਼ਾ ਦੇ ਭੰਡਾਰ ਕਿੰਨ੍ਹਾਂ ਲਈ ਖੋਲ੍ਹ ਦਿੰਦਾ ਹੈ?
ਉੱਤਰ – ਜੋ ਪਿਆਰ, ਉੱਦਮ ਤੇ ਖ਼ੁਸ਼ੀਆਂ ਵੰਡਦੇ ਹਨ।
ਪ੍ਰਸ਼ਨ 4. ਗੁਆਂਢੀਆਂ, ਮਿੱਤਰਾਂ ਤੇ ਪਰਾਇਆਂ ਨੂੰ ਕਿਸ ਚੀਜ਼ ਦੇ ਬਾਟੇ ਭਰ-ਭਰ ਵੰਡਣੇ ਚਾਹੀਦੇ ਹਨ?
ਉੱਤਰ – ਪਿਆਰ, ਉੱਦਮ ਅਤੇ ਖ਼ੁਸ਼ੀ ਤੇ ਖੇੜੇ ਦੇ।
ਪ੍ਰਸ਼ਨ 5. ਮਨੁੱਖ ਨੂੰ ਜੀਵਨ–ਵਿਧੀ ਦਾ ਅੰਗ ਕਿਸ ਚੀਜ਼ ਨੂੰ ਬਣਾ ਲੈਣਾ ਚਾਹੀਦਾ ਹੈ ?
ਉੱਤਰ – ਦਾਨ ਦੇਣਾ।
3. ਭਗਤ ਨੂੰ
(ੳ) ਭਗਤ ! ਓ ਭਗਤ !
ਕਿਹੜੇ ਰੱਬ ਨੂੰ ਪਿਆ ਢੂੰਡਨਾ ਏਂ? ਮੈਨੂੰ ਢੂੰਡ।
ਰੱਬ ਨੂੰ ਜਾਣਨ ਦੇ ਜਤਨ ਕਿਉਂ ਕਰਨਾ ਏਂ? ਮੈਨੂੰ ਜਾਣ।
ਰੱਬ ਨੂੰ ਪੂਜਨਾ ਕਿਉਂ ਏਂ? ਮੈਨੂੰ ਪੂਜ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਭਗਤ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਪਰਮਾਤਮਾ ਦੀ ਪੂਜਾ ਕਰਨ ਵਾਲ਼ੇ ਭਗਤ ਨੂੰ ਸੰਬੋਧਨ ਕਰਕੇ ਰੱਬ ਦੀ ਪੂਜਾ ਕਰਨ ਦੀ ਥਾਂ ਮਨੁੱਖਤਾ ਦੀ ਪੂਜਾ ਕਰਨ ਲਈ ਕਹਿੰਦਾ ਹੈ, ਕਿਉਂਕਿ ਹਰ ਮਨੁੱਖ ਦੇ ਅੰਦਰ ਪਰਮਾਤਮਾ ਆਪ ਵਸਦਾ ਹੈ।
ਵਿਆਖਿਆ – ਕਵੀ ਰੱਬ ਦੀ ਪੂਜਾ ਕਰਨ ਵਾਲੇ ਭਗਤ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਉਹ ਪਰਮਾਤਮਾ ਨੂੰ ਲੱਭਣ ਦੇ ਜਤਨ ਕਿਵੇਂ ਕਰ ਰਿਹਾ ਹੈ? ਉਸ ਨੂੰ ਪ੍ਰਮਾਤਮਾ ਨੂੰ ਉਸ ਥਾਂ ਲੱਭਣਾ ਚਾਹੀਦਾ ਹੈ, ਜਿੱਥੇ ਉਹ ਮਿਲ਼ੇਗਾ। ਇਸ ਲਈ ਉਹ ਪਰਮਾਤਮਾ ਦੀ ਪੂਜਾ ਨਾ ਕਰਕੇ, ਉਸ ਨੂੰ ਲੱਭਣ ਦੇ ਜਤਨ ਕਰਨੇ ਛੱਡ ਕੇ ਮਨੁੱਖ ਨੂੰ ਜਾਣਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਉਹ ਰੱਬ ਦੀ ਪੂਜਾ ਕਿਉਂ ਕਰਦਾ ਹੈ? ਉਸ ਨੂੰ ਮਨੁੱਖ ਦੀ ਪੂਜਾ ਕਰਨੀ ਚਾਹੀਦੀ ਹੈ।
(ਅ) ਕਿ, ਮੈਨੂੰ ਜਾਣੇ ਬਿਨਾਂ, ਰੱਬ ਨੂੰ ਨਾ ਜਾਣੇਂਗਾ,
ਮੈਨੂੰ ਮਿਲ਼ੇ ਬਿਨਾਂ, ਰੱਬ ਨੂੰ ਨਾ ਮਿਲੇਂਗਾ,
ਮੈਨੂੰ ਪੂਜੇ ਬਿਨਾਂ, ਰੱਬ ਨੂੰ ਨਾ ਪੂਜੇਂਗਾ।
ਮੇਰੇ ਤੋਂ ਵਡੇਰੀ , ਮੇਰੇ ਤੋਂ ਵਧੇਰੇ ਅਸਚਰਜ ਸ਼ੈ , ਹੋਰ ਕਾਈ ਨਹੀਂ।
ਰੱਬ ਮੇਰੇ ਵਿੱਚ ਵੱਸਦਾ ਏ, ਰਹਿੰਦਾ ਏ।
ਤੂੰ ਭੀ ਮੇਰੇ ਵਿੱਚ ਵੱਸ, ਕਿ ਰੱਬ ਵਿੱਚ ਰਹੇਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਭਗਤ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਪਰਮਾਤਮਾ ਦੀ ਪੂਜਾ ਕਰਨ ਵਾਲ਼ੇ ਭਗਤ ਨੂੰ ਸੰਬੋਧਨ ਕਰਕੇ ਰੱਬ ਦੀ ਪੂਜਾ ਕਰਨ ਦੀ ਥਾਂ ਮਨੁੱਖਤਾ ਦੀ ਪੂਜਾ ਕਰਨ ਲਈ ਕਹਿੰਦਾ ਹੈ, ਕਿਉਂਕਿ ਹਰ ਮਨੁੱਖ ਦੇ ਅੰਦਰ ਪਰਮਾਤਮਾ ਆਪ ਵਸਦਾ ਹੈ। ਇਸ ਲਈ ਮਨੁੱਖ ਦੀ ਪੂਜਾ ਕਰਨ ਨਾਲ਼ ਹੀ ਪਰਮਾਤਮਾ ਦੇ ਨੇੜੇ ਹੋਇਆ ਜਾ ਸਕਦਾ ਹੈ।
ਵਿਆਖਿਆ – ਕਵੀ ਰੱਬ ਦੀ ਪੂਜਾ ਕਰ ਰਹੇ ਭਗਤ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਰੱਬ ਦੀ ਭਾਲ ਤੇ ਪੂਜਾ ਛੱਡ ਕੇ ਉਹ ਮਨੁੱਖ ਨੂੰ ਪੂਜੇ, ਉਸ ਦੀ ਪੂਜਾ ਕਰੇ, ਉਸ ਨੂੰ ਲੱਭੇ ਅਤੇ ਉਸ ਨੂੰ ਜਾਣੇ ਕਿਉਂਕਿ ਉਸਦੇ ਜਾਣੇ ਬਿਨਾਂ ਰੱਬ ਨੂੰ ਨਹੀਂ ਜਾਣਿਆ ਜਾ ਸਕਦਾ। ਉਸ ਨੂੰ ਮਿਲੇ ਬਿਨਾਂ ਰੱਬ ਨੂੰ ਨਹੀਂ ਮਿਲ਼ਿਆ ਜਾ ਸਕਦਾ। ਉਸ ਦੀ ਪੂਜਾ ਕੀਤੇ ਬਿਨਾਂ ਰੱਬ ਦੀ ਪੂਜਾ ਨਹੀਂ ਕੀਤੀ ਜਾ ਸਕਦੀ। ਮਨੁੱਖ ਤੋਂ ਵੱਡੀ ਤੇ ਅਨੋਖੀ ਚੀਜ ਦੁਨੀਆ ਉੱਪਰ ਹੋਰ ਕੋਈ ਨਹੀਂ। ਇਸ ਵਿੱਚ ਹੀ ਰੱਬ ਵੱਸਦਾ ਹੈ। ਇਸ ਲਈ ਭਗਤ ਨੂੰ ਵੀ ਮਨੁੱਖ ਵਿੱਚ ਹੀ ਵੱਸਣਾ ਚਾਹੀਦਾ ਹੈ, ਤਾਂ ਹੀ ਉਹ ਸੱਚੇ ਰੱਬ ਵਿੱਚ ਵੱਸ ਸਕਦਾ ਹੈ।
(ੲ) ਮੇਰੇ ਪਿਆਰੇ , ਮੇਰੀ ਗਲਵੱਕੜੀ ਵਿੱਚ ਰੱਬ ਵੱਸਦਾ ਏ।
ਤੂੰ ਭੀ ਮੇਰੇ ਪਿਆਰ ਵਿੱਚ ਆ, ਮੇਰੀ ਗਲਵੱਕੜੀ ਵਿੱਚ ਰਹੁ।
ਕਿ ਰੱਬ ਵਿੱਚ ਵੱਸੇਂ।
ਹਾਏ ! ਤੈਨੂੰ ਰੱਬ ਨਹੀਂ ਅਜੇ ਤਕ ਦਿੱਸਿਆ ?
ਅੱਖਾਂ ਖੋਲ੍ਹ ਤੇ ਵੇਖ, ਕਿ ਉਹ ਮੇਰੇ ਵਿੱਚ ਹੈ ਈ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲ਼ਾ’ ਪੁਸਤਕ ਵਿੱਚ ਦਰਜ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਭਗਤ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਪਰਮਾਤਮਾ ਦੀ ਪੂਜਾ ਕਰਨ ਵਾਲ਼ੇ ਭਗਤ ਨੂੰ ਸੰਬੋਧਨ ਕਰਕੇ ਰੱਬ ਦੀ ਪੂਜਾ ਕਰਨ ਦੀ ਥਾਂ ਮਨੁੱਖਤਾ ਦੀ ਪੂਜਾ ਕਰਨ ਲਈ ਕਹਿੰਦਾ ਹੈ, ਕਿਉਂਕਿ ਹਰ ਮਨੁੱਖ ਦੇ ਅੰਦਰ ਪਰਮਾਤਮਾ ਆਪ ਵੱਸਦਾ ਹੈ। ਇਸ ਲਈ ਮਨੁੱਖਤਾ ਨੂੰ ਪਿਆਰ ਕਰਨ ਨਾਲ਼ ਪਰਮਾਤਮਾ ਦਾ ਪਿਆਰ ਮਿਲ਼ਦਾ ਹੈ।
ਵਿਆਖਿਆ – ਕਵੀ ਭਗਤ ਨੂੰ ਸੰਬੋਧਨ ਕਰਦਾ ਹੋਇਆ ਲਿਖਦਾ ਹੈ ਕਿ ਰੱਬ ਉਸਦੀ ਗਲਵੱਕੜੀ ਵਿੱਚ ਵੱਸਦਾ ਹੈ। ਉਹ ਵੀ ਉਸ ਨੂੰ ਪਿਆਰ ਕਰੇ ਅਤੇ ਉਸ ਦੀ ਗਲਵੱਕੜੀ ਵਿੱਚ ਆ ਜਾਵੇ। ਇਸ ਤਰ੍ਹਾਂ ਉਸ ਦਾ ਰੱਬ ਵਿੱਚ ਨਿਵਾਸ ਹੋ ਜਾਵੇਗਾ। ਜੇ ਉਸ ਨੂੰ ਹੁਣ ਤੱਕ ਉਸ ਵਿੱਚੋਂ ਰੱਬ ਨਹੀਂ ਦਿਸਿਆ, ਤਾਂ ਉਹ ਅੱਖਾਂ ਖੋਲ੍ਹ ਕੇ ਧਿਆਨ ਨਾਲ਼ ਵੇਖੇ ਉਸ ਨੂੰ ਉਸ ਵਿੱਚ ਭਾਵ ਮਨੁੱਖ ਵਿੱਚ ਹੀ ਪਰਮਾਤਮਾ ਵੱਸਦਾ ਹੋਇਆ ਨਜ਼ਰ ਆਵੇਗਾ।
••• ਕੇਂਦਰੀ ਭਾਵ •••
ਰੱਬ ਇੱਧਰ-ਉੱਧਰ ਭਾਲ ਕਰਨ ਜਾਂ ਪੂਜਾ ਪਾਠ ਕਰਨ ਨਾਲ਼ ਨਹੀਂ ਮਿਲ਼ਦਾ। ਪਰਮਾਤਮਾ ਮਨੁੱਖੀ ਪਿਆਰ ਅਤੇ ਗਲਵੱਕੜੀ ਵਿੱਚੋਂ ਮਿਲ਼ਦਾ ਹੈ, ਕਿਉਂਕਿ ਪਰਮਾਤਮਾ ਦਾ ਨਿਵਾਸ ਮਨੁੱਖ ਵਿੱਚ ਹੈ। ਇਸ ਕਰਕੇ ਸਾਨੂੰ ਮਨੁੱਖਤਾ ਨੂੰ ਪਿਆਰ ਕਰਨਾ ਚਾਹੀਦਾ ਹੈ, ਜਿਸ ਵਿੱਚ ਰੱਬ ਦਾ ਨਿਵਾਸ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਭਗਤ ਨੂੰ’ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ ?
ਉੱਤਰ – ਡਾ: ਦੀਵਾਨ ਸਿੰਘ ਕਾਲੇਪਾਣੀ।
ਪ੍ਰਸ਼ਨ 2. ਭਗਤ ਕਿਸ ਵਿੱਚ ਰੱਬ ਦੀ ਪਛਾਣ ਕਰਨ ਤੋਂ ਅਸਮਰੱਥ ਰਹਿੰਦਾ ਹੈ ?
ਉੱਤਰ – ਮਨੁੱਖ ਵਿੱਚ।
ਪ੍ਰਸ਼ਨ 3. ‘ਭਗਤ ਨੂੰ’ ਕਵਿਤਾ ਅਨੁਸਾਰ ਰੱਬ ਕਿਸ ਦੀ ਗਲਵੱਕੜੀ ਵਿੱਚ ਵੱਸਦਾ ਹੈ ?
ਉੱਤਰ – ਮਨੁੱਖ ਦੀ।
ਪ੍ਰਸ਼ਨ 4. ਮਨੁੱਖ ਆਪਣੇ–ਆਪ ਨੂੰ ਜਾਣੇ ਬਿਨਾਂ ਕਿਸ ਨੂੰ ਨਹੀਂ ਜਾਣ ਸਕੇਗਾ?
ਉੱਤਰ – ਰੱਬ ਨੂੰ।
ਪ੍ਰਸ਼ਨ 5. ਕਵੀ ਭਗਤ ਨੂੰ ਕਿਸ ਨੂੰ ਢੂੰਡਣ ਲਈ ਕਹਿੰਦਾ ਹੈ ?
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 ਉੱਤਰ – ਮਨੁੱਖ ਨੂੰ।