14. ਸ਼ਿਵ ਕੁਮਾਰ ਬਟਾਲਵੀ
1. ਧਰਮੀ ਬਾਬਲਾ
(ੳ) ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ।
ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ।
ਇਸ ਰੁੱਤੇ ਮੇਰਾ ਗੀਤ ਗਵਾਚਾ ਜਿਦ੍ਹੇ ਗਲ਼ ਬਿਰਹੋਂ ਦੀ ਗਾਨੀ
ਮੁੱਖ ‘ਤੇ ਕਿੱਲ ਗ਼ਮਾਂ ਦੇ ਨੈਣੀਂ ਉੱਜੜੇ ਖੂਹ ਦਾ ਪਾਣੀ
ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ ਜਾਏ ਕਥੂਰੀ ਹੁੱਲ, ਵੇ ਧਰਮੀ ਬਾਬਲਾ।
ਸਾਨੂੰ ਗੀਤ ਉਹ ਲੈ ਦਈਂ ਮੁੱਲ ਵੇ ਧਰਮੀ ਬਾਬਲਾ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ–ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤ ‘ਧਰਮੀ ਬਾਬਲਾ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਧੀ ਦੇ ਆਪਣੇ ਬਾਬਲ ਅੱਗੇ ਦਿਲੀ ਹਾਵ–ਭਾਵ ਅੰਕਿਤ ਹਨ, ਜਿਸ ਨੂੰ ਆਪਣੀ ਮਰਜ਼ੀ ਅਨੁਸਾਰ ਵਰ ਚੁਣ ਕੇ ਆਪਣਾ ਜੀਵਨ ਸਾਥੀ ਬਣਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ।
ਵਿਆਖਿਆ – ਕਵੀ ਲਿਖਦਾ ਕਿ ਧੀ ਆਪਣੇ ਧਰਮੀ ਬਾਬਲਾ ਨੂੰ ਉਹ ਰੁੱਤ ਮੁੱਲ ਲੈ ਕੇ ਦੇਣ ਲਈ ਕਹਿੰਦੀ ਹੈ, ਜਦੋਂ ਕਪਾਹਾਂ ਨੂੰ ਫੁੱਲ ਪੈਂਦੇ ਹਨ ਭਾਵ ਜਦੋਂ ਪਿਆਰ ਮਾਣਿਆ ਜਾਂਦਾ ਹੈ। ਇਸ ਰੁੱਤ ਵਿੱਚ ਧੀ ਦਾ ਪਿਆਰ ਰੂਪੀ ਗੁਆਚ ਗਿਆ ਹੈ, ਜਿਸ ਦੇ ਗਲ ਬਿਰਹਾ ਦੀ ਗਾਨੀ ਪਾਈ ਹੋਈ ਸੀ। ਉਸ ਦੇ ਮੂੰਹ ਉੱਤੇ ਗ਼ਮਾਂ ਦੇ ਕਿੱਲ ਸਨ ਅਤੇ ਅੱਖਾਂ ਵਿੱਚ ਉਜੜੇ ਖੂਹ ਦਾ ਪਾਣੀ ਸੀ। ਉਹ ਗੀਤ ਅਜਿਹਾ ਸੀ ਕਿ ਉਸ ਨੂੰ ਬੁੱਲ੍ਹ ਛੁਹਾਉਂਦਿਆਂ ਹੀ ਹਵਾ ਵਿੱਚ ਕਸਤੂਰੀ ਦੀ ਖ਼ੁਸ਼ਬੋ ਫੈਲ ਜਾਂਦੀ ਸੀ। ਧੀ ਆਪਣੇ ਧਰਮੀ ਬਾਬਲਾ ਨੂੰ ਅਜਿਹਾ ਗੀਤ ਰੂਪੀ ਪਿਆਰ ਮੁੱਲ ਲੈ ਕੇ ਦੇਣ ਲਈ ਕਹਿੰਦੀ ਹੈ।
(ਅ) ਇੱਕ ਦਿਨ ਮੈਂ ਤੇ ਗੀਤ ਮੇਰੇ ਇਸ ਟੂਣੇਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ ਬੀਜੇ ਸੁਪਨੇ ਸੁੱਚੇ,
ਲੱਖ ਨੈਣਾਂ ਦੇ ਪਾਣੀ ਸਿੰਜੇ ਪਰ ਨਾ ਲੱਗੇ ਫੁੱਲ ਵੇ ਧਰਮੀ ਬਾਬਲਾ
ਸਾਨੂੰ ਇੱਕ ਫੁੱਲ ਲੈ ਦਈਂ ਮੁੱਲ ਵੇ ਧਰਮੀ ਬਾਬਲਾ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤ ‘ਧਰਮੀ ਬਾਬਲਾ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਧੀ ਦੇ ਆਪਣੇ ਬਾਬਲ ਅੱਗੇ ਦਿਲੀ ਹਾਵ-ਭਾਵ ਅੰਕਿਤ ਹਨ, ਜਿਸ ਨੂੰ ਆਪਣੀ ਮਰਜ਼ੀ ਅਨੁਸਾਰ ਵਰ ਚੁਣ ਕੇ ਆਪਣਾ ਜੀਵਨ ਸਾਥੀ ਬਣਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ।
ਵਿਆਖਿਆ – ਕਵੀ ਲਿਖਦਾ ਕਿ ਇੱਕ ਦਿਨ ਇੱਕ ਮੁਟਿਆਰ ਧੀ ਤੇ ਉਸਦੇ ਪਿਆਰ ਰੂਪੀ ਗੀਤ ਨੇ ਇਸ ਟੂਣੇਹਾਰੀ ਰੁੱਤ ਵਿੱਚ ਦਿਲਾਂ ਦੀ ਧਰਤੀ ਨੂੰ ਵਾਹਿਆ ਤੇ ਗੋਡਿਆ ਸੀ ਅਤੇ ਉਸ ਵਿੱਚ ਪਿਆਰ ਦੇ ਸੁੱਚੇ ਸੁਪਨੇ ਬੀਜੇ ਸਨ। ਧੀ ਬਾਬਲ ਨੂੰ ਆਖਦੀ ਹੈ ਕਿ ਉਸ ਖੇਤੀ ਨੂੰ ਨੈਣਾਂ ਦੇ ਲੱਖਾਂ ਪਾਣੀਆਂ ਨਾਲ਼ ਸਿੰਜਿਆ ਸੀ, ਪਰ ਉਸ ਨੂੰ ਫੁੱਲ ਨਹੀਂ ਸਨ ਲੱਗੇ। ਇਸ ਲਈ ਧਰਮੀ ਬਾਬਲ ਧੀ ਨੂੰ ਪਿਆਰ ਦੀ ਉਸ ਖੇਤੀ ਦਾ ਇੱਕ ਫੁੱਲ ਜੇ ਮੁੱਲ ਵੀ ਮਿਲ਼ਦਾ ਹੋਵੇ, ਤਾਂ ਲੈ ਦੇਵੇ।
(ੲ) ਕਿਹੜੇ ਕੰਮ ਇਹ ਮਿਲਖ ਜਗੀਰਾਂ ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ ਚੋਗ ਮੋਤੀਆਂ ਤੁੱਲ ਵੇ ਧਰਮੀ ਬਾਬਲਾ।
ਜੇ ਰੁੱਤ ਨਾ ਲੈ ਦਏਂ ਮੁੱਲ ਵੇ ਧਰਮੀ ਬਾਬਲਾ।
ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤ ‘ਧਰਮੀ ਬਾਬਲਾ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਧੀ ਦੇ ਆਪਣੇ ਬਾਬਲ ਅੱਗੇ ਦਿਲੀ ਹਾਵ-ਭਾਵ ਅੰਕਿਤ ਹਨ, ਜਿਸ ਨੂੰ ਆਪਣੀ ਮਰਜ਼ੀ ਅਨੁਸਾਰ ਵਰ ਚੁਣ ਕੇ ਆਪਣਾ ਜੀਵਨ ਸਾਥੀ ਬਣਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ।
ਵਿਆਖਿਆ – ਕਵੀ ਲਿਖਦਾ ਕਿ ਧੀ ਆਪਣੇ ਬਾਬਲ ਨੂੰ ਆਖਦੀ ਹੈ, ਤੇਰੀਆਂ ਵੱਡੀਆਂ–ਵੱਡੀਆਂ ਮਿਲਖਾਂ–ਜਾਗੀਰਾਂ ਕਿਸ ਕੰਮ, ਜੇ ਤੇਰੀਆਂ ਧੀਆਂ ਕੁਮਲਾਈਆਂ ਰਹਿਣ। ਤੇਰੇ ਮਾਨਸਰੋਵਰ ਕਿਸ ਕੰਮ, ਜੇਕਰ ਤੇਰੀਆਂ ਹੰਸਣੀਆਂ ਵਰਗੀਆਂ ਧੀਆਂ ਤਿਹਾਈਆਂ ਰਹਿਣ। ਤੇਰੀ ਮੋਤੀਆਂ ਤੁੱਲ ਖਿਲਾਰੀ ਚੋਗ ਵੀ ਕਿਸੇ ਕੰਮ ਨਹੀਂ, ਜੇਕਰ ਤੇਰੀਆਂ ਧੀਆਂ ਦੇ ਚਾਅ ਨਾ ਪੂਰੇ ਹੋਣ । ਇਸ ਲਈ ਧਰਮੀ ਬਾਬਲ ਆਪਣੀ ਧੀ ਨੂੰ ਉਹ ਰੁੱਤ ਮੁੱਲ ਲੈ ਕੇ ਦੇਵੇ, ਜਿਸ ਰੁੱਤ ਵਿੱਚ ਕਪਾਹਾਂ ਨੂੰ ਫੁੱਲ ਪੈਂਦੇ ਹਨ।
ਕੇਂਦਰੀ ਭਾਵ
ਧੀ ਦੀ ਇੱਛਾ ਹੈ ਕਿ ਉਸ ਦਾ ਬਾਬਲ ਉਸ ਨੂੰ ਆਪਣਾ ਮਨ-ਪਸੰਦ ਜੀਵਨ-ਸਾਥੀ ਚੁਣਨ ਦੀ ਖੁੱਲ੍ਹ ਦੇਵੇ, ਨਹੀਂ ਤਾਂ ਬਾਪ ਦੇ ਘਰ ਦੀ ਅਮੀਰੀ ਤੇ ਖ਼ੁਸ਼ਹਾਲੀ ਉਸ ਦੇ ਕਿਸੇ ਕੰਮ ਨਹੀ।
2. ਆਰਤੀ
(ੳ) ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ‘ਤੇ ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰ ‘ਤੇ ਆਵਾਂ
ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ ਨੀਂਹਾਂ ਵਿੱਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ ਯਾਰੜੇ ਦੇ ਸੱਥਰੀਂ ਗਾਵੇ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਹੈ। ਇਸ ਕਵਿਤਾ ਵਿੱਚ ਕਵੀ ਨੂੰ ਗੁਰੂ ਜੀ ਦੇ ਉੱਚੀ ਕਰਨੀ ਨਾਲ਼ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਵਿਅਰਥ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਆਪ ਜੀ ਦੀ ਮਹਾਨ ਕੁਰਬਾਨੀ ਅਤੇ ਜੀਵਨ ਨੂੰ ਦੇਖ ਕੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਹੰਝੂ ਦਾ ਦੀਵਾ ਬਾਲ ਕੇ ਉਨ੍ਹਾਂ ਦੀ ਆਰਤੀ ਗਾਵੇ। ਇੱਥੇ ਕਵੀ ਦਾ ਭਾਵ ਹੈ ਕਿ ਗੁਰੂ ਜੀ ਦੇ ਜੀਵਨ ਵਿੱਚ ਭਾਵੇਂ ਦੁੱਖ ਹੀ ਦੁੱਖ ਆਏ, ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਨਹੀਂ ਆਏ, ਪਰ ਕਵੀ ਦੁੱਖ ਵਿੱਚ ਕੇਵਲ ਅੱਥਰੂ ਹੀ ਕੇਰਦਾ ਹੈ। ਉਸ ਨੂੰ ਜਾਪਦਾ ਹੈ ਕਿ ਗੁਰੂ ਜੀ ਦੀ ਆਰਤੀ ਗਾਉਣ ਲਈ ਉਸ ਦਾ ਇੱਕ ਅੱਥਰੂ ਵੀ ਯੋਗ ਨਹੀਂ। ਉਸ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਸ਼ਬਦ ਦੇ ਬੂਹੇ ਉੱਤੇ ਜਾ ਕੇ ਗੁਰੂ ਜੀ ਦੀ ਢੁੱਕਵੀਂ ਉਸਤਤ ਨਾਲ਼ ਭਰਿਆ ਗੀਤ ਮੰਗਣ ਲਈ ਜਾਵੇ, ਜਿਸ ਨੂੰ ਭੇਟਾ ਕਰਨ ਲਈ ਉਹ ਉਨ੍ਹਾਂ ਦੇ ਦੁਆਰ ਉੱਤੇ ਪੁੱਜੇ। ਕਵੀ ਅਨੁਭਵ ਕਰਦਾ ਹੈ ਕਿ ਉਸ ਦੀ ਬੋਲੀ ਵਿੱਚ ਅਜਿਹੇ ਸ਼ਬਦ ਨਹੀਂ, ਜੋ ਗੁਰੂ ਜੀ ਦੀ ਸਹੀ ਉਸਤਤ ਗਾਏ ਜਾਣ। ਉਸ ਦਾ ਕੋਈ ਗੀਤ ਅਜਿਹੀ ਸਥਿਤੀ ਵਿੱਚ ਨਹੀਂ ਉਪਜਿਆ, ਜਿਸ ਸਥਿਤੀ ਵਿੱਚ ਵਿਚਰਦਿਆਂ ਗੁਰੂ ਜੀ ਨੇ ਆਪਣੇ ਪਿਤਾ ਨੂੰ ਭਰੇ ਬਜ਼ਾਰ ਵਿੱਚ ਆਪਣਾ ਸਿਰ ਕਟਾਉਣ ਲਈ ਭੇਜ ਦਿੱਤਾ ਸੀ ਅਤੇ ਆਪਣੇ ਸੋਹਲ ਪਿਆਰੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਵਾ ਦਿੱਤਾ ਸੀ। ਚਮਕੌਰ ਦੀ ਗੜ੍ਹੀ ਵਿੱਚ ਜੰਗ ਵਿੱਚ ਭੇਜੇ ਆਪਣੇ ਬੱਚਿਆਂ ਦੇ ‘ਪਾਣੀ’ ਸ਼ਬਦ ਉਚਾਰਨ ਤੇ ਉਨ੍ਹਾਂ ਨੂੰ ਤਲਵਾਰ ਦਾ ਪਾਣੀ ਪੀਣ ਲਈ ਭੇਜ ਦਿੱਤਾ ਸੀ। ਉਸ ਦਾ ਇੱਕ ਵੀ ਗੀਤ ਅਜਿਹੀ ਸਥਿਤੀ ਵਿੱਚੋਂ ਨਹੀਂ ਉਪਜਿਆ, ਜਿਸ ਵਿੱਚ ਗੁਰੂ ਜੀ ਸਾਰਾ ਕੁੱਝ ਲੁਟਾ ਕੇ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਭਟਕਦਿਆਂ ਸੱਥਰਾਂ ਉੱਪਰ ਲੇਟੇ ਵੀ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਰਹੇ ਸਨ।
(ਅ) ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜ਼ਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ਼ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ
ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ‘ਤੇ ਆਵਾਂ
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਹੈ। ਇਸ ਕਵਿਤਾ ਵਿੱਚ ਕਵੀ ਨੂੰ ਗੁਰੂ ਜੀ ਦੇ ਉੱਚੀ ਕਰਨੀ ਨਾਲ਼ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਵਿਅਰਥ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ।
ਵਿਆਖਿਆ – ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਗੁਰੂ ਜੀ ਵਰਗੇ ਮਹਾਨ ਕਰਮਯੋਗੀ ਦੇ ਸੰਪਰਕ ਵਿੱਚ ਆਈ ਚਿੜੀ ਵੀ ਇੰਨੀ ਬਹਾਦਰ ਬਣ ਜਾਂਦੀ ਸੀ ਕਿ ਉਸ ਦੇ ਖੰਭ ਦੀ ਲਲਕਾਰ ਸੈਂਕੜੇ ਜ਼ਾਲਮ ਬਾਜ਼ਾਂ ਨੂੰ ਖਾ ਜਾਂਦੀ ਸੀ। ਕਵੀ ਦੇ ਗੀਤ ਤਾਂ ਰੋਣ–ਧੋਣ ਦੀ ਸਥਿਤੀ ਵਿੱਚੋਂ ਉਪਜੇ ਹੋਏ ਤੇ ਬੁਜ਼ਦਿਲ ਹਨ। ਉਹ ਕਿਸ ਤਰ੍ਹਾਂ ਤਲਵਾਰ ਦੀ ਗਾਨੀ ਆਪਣੇ ਗੀਤਾਂ ਦੇ ਗਲ਼ ਪਾ ਸਕਦਾ ਹੈ। ਉਸ ਦੇ ਗੀਤ ਗੁਰੂ ਜੀ ਦੀ ਮਹਾਨਤਾ ਦੇ ਮੇਚ ਨਹੀਂ ਹੋ ਸਕਦੇ। ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਗੁਰੂ ਜੀ ਦੀ ਉਸਤਤ ਵਿੱਚ ਕਿਹੜਾ ਗੀਤ ਗਾਵੇ। ਉਹ ਕਿਹੜੇ ਬੋਲ ਦੀ ਭੇਟਾ ਲੈ ਕੇ ਉਸ ਮਹਾਨ ਗੁਰੂ ਦੇ ਦਰ ’ਤੇ ਜਾਵੇ।
(ੲ) ਮੇਰੇ ਗੀਤਾਂ ਦੀ ਮਹਿਫ਼ਲ ‘ਚੋਂ ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ‘ਤੇ ਤੇਰੇ ਸਾਹਵੇਂ ਖੜ੍ਹਾ ਹੋਵੇ
ਜੋ ਮੈਲ਼ੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ
ਕਿ ਜਿਸ ਦੀ ਮੌਤ ਪਿੱਛੋਂ ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ ਕਿ ਜਿਸ ਨੂੰ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਜ ਜਾਵਾਂ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਹੈ। ਇਸ ਕਵਿਤਾ ਵਿੱਚ ਕਵੀ ਨੂੰ ਗੁਰੂ ਜੀ ਦੇ ਉੱਚੀ ਕਰਨੀ ਨਾਲ਼ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਵਿਅਰਥ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ।
ਵਿਆਖਿਆ – ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਉਸ ਦੇ ਗੀਤਾਂ ਦੀ ਮਹਿਫ਼ਲ ਵਿੱਚ ਇੱਕ ਵੀ ਅਜਿਹਾ ਗੀਤ ਨਹੀਂ ਲੱਭਦਾ, ਜੋ ਗੁਰੂ ਜੀ ਦੇ ਸੀਸ ਮੰਗਣ ਉੱਤੇ ਸੀਸ ਭੇਟ ਕਰਨ ਲਈ ਉਸ ਦੇ ਸਾਹਮਣੇ ਖੜ੍ਹਾ ਹੋ ਜਾਵੇ ਅਤੇ ਮੈਲੇ ਹੋ ਚੁੱਕੇ ਲੋਹੇ ਨੂੰ ਸਿਰ ਦੀ ਕੁਰਬਾਨੀ ਦੇ ਕੇ ਆਪਣੇ ਲਹੂ ਨਾਲ਼ ਧੋ ਦੇਵੇ। ਉਸ ਦਾ ਇੱਕ ਵੀ ਗੀਤ ਅਜਿਹਾ ਨਹੀਂ, ਜਿਹੜਾ ਉਸ ਸਥਿਤੀ ਵਿੱਚੋਂ ਉਪਜਿਆ ਹੋਵੇ, ਜਿਸ ਸਥਿਤੀ ਵਿੱਚੋਂ ਗੁਰੂ ਜੀ ਦੇ ਸਿੱਖ ਉਪਜੇ ਸਨ, ਜਿਨ੍ਹਾਂ ਦੀ ਮੌਤ ਉੱਤੇ ਕੋਈ ਰੋਂਦਾ ਨਹੀਂ ਸੀ, ਸਗੋਂ ਉਸ ਦੇ ਵਾਰਸ ਉਸ ਨੂੰ ਹੱਕ–ਸੱਚ ਦੀ ਰਾਖੀ ਲਈ ਸ਼ਹੀਦ ਹੋ ਗਿਆ ਸਮਝ ਕੇ ਫ਼ਖਰ ਮਹਿਸੂਸ ਕਰਦੇ ਸਨ ਤੇ ਗੁਰੂ ਦਾ ਭਾਣਾ ਮੰਨਦੇ ਸਨ। ਉਸ ਦਾ ਇੱਕ ਵੀ ਗੀਤ ਗੁਰੂ ਦੇ ਸਿੱਖਾਂ ਵਾਂਗ ਅਜਿਹੀ ਸਥਿਤੀ ਵਿੱਚੋਂ ਨਹੀਂ ਉਪਜਿਆ ਜੋ ਪੀੜਾਂ ਦਾ ਅਹਿਸਾਸ ਤੱਕ ਨਹੀਂ ਕਰਦੇ ਸਨ। ਉਸ ਕੋਲ਼ ਅਜਿਹਾ ਕੋਈ ਗੀਤ ਨਹੀਂ ਜਿਸ ਵਿੱਚ ਦੁਸ਼ਟਾਂ–ਦੋਖੀਆਂ ਨਾਲ਼ ਲੋਹਾ ਲੈਣ ਤੇ ਕੁਰਬਾਨੀ ਕਰਨ ਦਾ ਚਾਅ ਹੋਵੇ। ਉਸ ਨੂੰ ਆਪਣੀ ਇਸ ਅਸਮਰੱਥਾ ਦਾ ਬੜਾ ਦੁੱਖ ਹੈ ਅਤੇ ਉਹ ਇਸ ਦੁੱਖ ਦੇ ਅਹਿਸਾਸ ਤੋਂ ਦੂਰ ਨਹੀਂ ਜਾ ਸਕਦਾ।
(ਸ) ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ ਤੇ ਨੈਣਾਂ ‘ਚ ਰੋਹ ਹੋਵੇ
ਜਿਦ੍ਹੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿੱਚ ਲਹੂ ਤੇਰੇ ਦੀ ਰਲ਼ੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ‘ਤੇ ਆਵਾਂ
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਹੈ। ਇਸ ਕਵਿਤਾ ਵਿੱਚ ਕਵੀ ਨੂੰ ਗੁਰੂ ਜੀ ਦੇ ਉੱਚੀ ਕਰਨੀ ਨਾਲ਼ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਵਿਅਰਥ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ।
ਵਿਆਖਿਆ – ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਉਨ੍ਹਾਂ ਦੀ ਉਸਤਤ ਵਿੱਚ ਇਹੋ ਜਿਹਾ ਗੀਤ ਗਾਵੇ, ਜਿਹੜਾ ਕੁਰਬਾਨੀਆਂ ਭਰੇ ਅਮਲੀ ਜੀਵਨ ਵਿੱਚੋਂ ਉਪਜਿਆ ਹੋਵੇ। ਉਹ ਚਾਹੁੰਦਾ ਹੈ ਕਿ ਉਸ ਦੇ ਹੱਥ ਵਿੱਚ ਗੁਰੂ ਜੀ ਵਾਂਗ ਹੀ ਸੱਚ ਦੀ ਤਲਵਾਰ ਤੇ ਨੈਣਾਂ ਵਿੱਚ ਜਬਰ–ਜ਼ੁਲਮ ਦੇ ਖ਼ਿਲਾਫ ਰੋਹ ਭਰਿਆ ਹੋਵੇ। ਉਸ ਵਿੱਚ ਦੇਸ਼ ਦੀ ਮਿੱਟੀ ਲਈ ਬੇਹੱਦ ਪਿਆਰ ਭਰਿਆ ਹੋਵੇ। ਉਸ ਵਿੱਚ ਗੁਰੂ ਜੀ ਦੇ ਲਹੂ ਦੀ ਲਾਲੀ ਅਤੇ ਲੋਅ ਰਲੀ ਹੋਈ ਹੋਵੇ, ਭਾਵ ਉਹ ਗੁਰੂ ਜੀ ਦੇ ਜੀਵਨ ਅਤੇ ਆਦਰਸ਼ਾਂ ਅਨੁਸਾਰ ਹੀ ਢਲਿਆ ਹੋਇਆ ਹੋਵੇ। ਉਹ ਆਪਣੇ ਦੁੱਖਾਂ–ਪੀੜਾਂ ਕਾਰਨ ਰੋਣ–ਧੋਣ ਵਾਲ਼ੇ ਲਹੂ ਦਾ ਟਿੱਕਾ ਕਿਸੇ ਗੀਤ ਨੂੰ ਨਹੀਂ ਲਾ ਸਕਦਾ। ਉਹ ਆਪਣੇ ਬੁਜ਼ਦਿਲ ਗੀਤ ਨੂੰ ਲੈ ਕੇ ਗੁਰੂ ਜੀ ਦੇ ਦੁਆਰੇ ਉੱਤੇ ਨਹੀਂ ਜਾ ਸਕਦਾ।
(ਹ) ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ
ਮੈਂ ਮੈਲ਼ੇ ਸ਼ਬਦ ਧੋ ਕੇ ਜੀਭ ਦੀ ਕਿੱਲੀ ‘ਤੇ ਪਾ ਆਵਾਂ
ਤੇ ਮੈਲ਼ੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੀੜ ਚੁੰਮ ਆਵਾਂ
ਤੇਰੀ ਹਰ ਪੈੜ ‘ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ’ਤੇ ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਹੈ। ਇਸ ਕਵਿਤਾ ਵਿੱਚ ਕਵੀ ਨੂੰ ਗੁਰੂ ਜੀ ਦੇ ਉੱਚੀ ਕਰਨੀ ਨਾਲ਼ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਵਿਅਰਥ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ।
ਵਿਆਖਿਆ – ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਗੁਰੂ ਜੀ ਦੀ ਉਸਤਤ ਭਰੀ ਆਰਤੀ ਦਾ ਗੀਤ ਗਾਉਣ ਤੋਂ ਪਹਿਲਾਂ ਆਪਣਾ ਜੀਵਨ ਉਨ੍ਹਾਂ ਦੇ ਜੀਵਨ ਅਤੇ ਆਦਰਸ਼ ਅਨੁਸਾਰ ਢਾਲਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਗੀਤ ਲਿਖਣ ਲਈ ਜਿਨ੍ਹਾਂ ਮੈਲੇ ਸ਼ਬਦਾਂ ਦੀ ਉਹ ਪਹਿਲਾਂ ਵਰਤੋਂ ਕਰਦਾ ਆਇਆ ਹੈ, ਉਨ੍ਹਾਂ ਨੂੰ ਧੋ ਕੇ ਜੀਭ ਦੀ ਕਿੱਲੀ ਤੇ ਸੁੱਕਣੇ ਪਾ ਦੇਵੇ ਤੇ ਉਨ੍ਹਾਂ ਦੇ ਸੁੱਕ ਕੇ ਗੀਤ ਬਣਨ ਲਈ ਤਿਆਰ ਹੋਣ ਤੱਕ ਉਹ ਗੁਰੂ ਜੀ ਦੀ ਹਰ ਪੀੜ ਨੂੰ ਚੁੰਮ ਆਵੇ ਤੇ ਗੁਰੂ ਜੀ ਦੀ ਹਰ ਪੈੜ ਉੱਪਰ ਆਪਣੇ ਅੱਥਰੂ ਦਾ ਇੱਕ ਸੂਰਜ ਜਗਾ ਕੇ ਵਾਪਸ ਪਰਤੇ ਅਤੇ ਆਪਣੇ ਗੀਤਾਂ ਨੂੰ ਲੋਹਾ ਖੜਕਾਉਣ ਤੇ ਲੋਹਾ ਖਾਣ ਦੀ ਆਦਤ ਪਾ ਆਵੇ। ਫਿਰ ਸ਼ਾਇਦ ਉਹ ਆਪਣਾ ਗੀਤ ਉਨ੍ਹਾਂ ਦੇ ਅੱਗੇ ਭੇਟਾ ਕਰਨ ਦੇ ਯੋਗ ਹੋ ਜਾਵੇਗਾ। ਉਹ ਬੁਜ਼ਦਿਲ ਗੀਤ ਲੈ ਕੇ ਉਨ੍ਹਾਂ ਦੇ ਦੁਆਰ ਉੱਤੇ ਨਹੀਂ ਜਾ ਸਕਦਾ। ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਸ਼ਬਦ ਦੇ ਬੂਹੇ ਉੱਤੇ ਜਾ ਕੇ ਗੁਰੂ ਜੀ ਦੀ ਢੁੱਕਵੀਂ ਉਸਤਤ ਨਾਲ਼ ਭਰਿਆ ਗੀਤ ਮੰਗਣ ਲਈ ਜਾਵੇ, ਜਿਸ ਨੂੰ ਉਹ ਉਨ੍ਹਾਂ ਅੱਗੇ ਭੇਟਾ ਕਰਨ ਲਈ ਲੈ ਕੇ ਜਾਵੇ। ਉਸ ਨੂੰ ਆਪਣੇ ਸਾਰੇ ਹੀ ਗੀਤ ਬੁਜ਼ਦਿਲ ਜਾਪਦੇ ਹਨ।
ਕੇਂਦਰੀ ਭਾਵ
ਕਵੀ ਦਾ ਕੋਈ ਵੀ ਗੀਤ ਗੁਰੂ ਦੀ ਉਸਤਤ ਦੀ ਆਰਤੀ ਲਈ ਢੁੱਕਵਾਂ ਨਹੀਂ ਹੋ ਸਕਦਾ ਜੇਕਰ ਉਹ ਆਪਣੇ ਜੀਵਨ ਤੇ ਆਦਰਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਚ ਕਰਨੀ ਵਾਲ਼ੇ ਕਰਮਯੋਗੀ ਜੀਵਨ ਦੇ ਅਨੁਸਾਰ ਨਹੀਂ ਢਾਲਦਾ।
3. ਢੋਲ ਵਜਾਓ
(ੳ) ਢੋਲ ਵਜਾਓ ਕਰੋ ਮੁਨਾਦੀ ਬਰਬਾਦੀ ਪਈ ਕਰੇ ਅਬਾਦੀ।
ਰੱਕੜ ਬੀਜੇ ਬੰਜਰ ਵਾਹਿਆ ਮੋੜ ਮੋੜ ਕੇ ਡੈਮ ਬਣਾਇਆ
ਦੂਣਾ ਚੌਣਾ ਅੰਨ ਉਗਾਇਆ ਫਿਰ ਵੀ ਉਹ ਪੂਰਾ ਨਾ ਆਇਆ
ਢੋਲ ਵਜਾਓ, ਕਰੋ ਮੁਨਾਦੀ ਬਰਬਾਦੀ ਪਈ ਕਰੇ ਅਬਾਦੀ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਢੋਲ ਵਜਾਓ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਵਧਦੀ ਅਬਾਦੀ ਨੂੰ ਮਨੁੱਖ ਲਈ ਬਰਬਾਦੀ ਦਾ ਕਾਰਨ ਦੱਸਦਿਆਂ ਇਸ ਨੂੰ ਰੋਕਣ ਦੀ ਪ੍ਰੇਰਿਤ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਢੋਲ ਵਜਾ ਕੇ ਢੰਡੋਰਾ ਪਿੱਟੋ ਤੇ ਲੋਕਾਂ ਨੂੰ ਦੱਸੋ ਕਿ ਵਧਦੀ ਅਬਾਦੀ ਬਰਬਾਦੀ ਕਰ ਰਹੀ ਹੈ। ਦੇਸ਼ ਦੀਆਂ ਰੱਕੜ ਤੇ ਬੰਜਰ ਜਮੀਨਾਂ ਨੂੰ ਵਾਹ ਕੇ ਬੀਜਿਆ ਗਿਆ ਹੈ। ਉਨ੍ਹਾਂ ਨੂੰ ਪਾਣੀ ਦੇਣ ਲਈ ਦਰਿਆਵਾਂ ਉੱਤੇ ਬੰਨ੍ਹ ਬਣਾ ਕੇ ਨਹਿਰਾਂ ਕੱਢੀਆਂ ਗਈਆਂ ਹਨ। ਜਿਸ ਨਾਲ਼ ਪਹਿਲਾਂ ਨਾਲ਼ੋਂ ਦੋਗੁਣਾ–ਚੌਗੁਣਾ ਅੰਨ ਪੈਦਾ ਕੀਤਾ ਗਿਆ ਹੈ। ਪਰ ਫਿਰ ਵੀ ਉਹ ਵਧਦੀ ਹੋਈ ਅਬਾਦੀ ਦੀ ਲੋੜ ਪੂਰੀ ਨਾ ਕਰ ਸਕਿਆ ਤੇ ਬਹੁਤੇ ਲੋਕ ਭੁੱਖੇ ਹੀ ਰਹਿ ਰਹੇ ਹਨ। ਇਸ ਕਰਕੇ ਢੋਲ ਵਜਾ ਕੇ ਢੰਡੋਰਾ ਪਿੱਟਣਾ ਚਾਹੀਦਾ ਹੈ ਕਿ ਵਧਦੀ ਅਬਾਦੀ ਸਾਡੀ ਬਰਬਾਦੀ ਦਾ ਕਾਰਨ ਹੈ।
(ਅ) ਪਰਬਤ ਚੀਰ ਬਣਾਈਆਂ ਨਹਿਰਾਂ ਬਿਜਲੀ ਕੱਢੀ ਰਿੜਕੀਆਂ ਲਹਿਰਾਂ
ਫ਼ਰਕ ਮਿਟਾਇਆ ਪਿੰਡਾਂ ਸ਼ਹਿਰਾਂ ਪਰ ਨਾ ਹੋਈਆਂ ਲਹਿਰਾਂ ਬਹਿਰਾਂ
ਢੋਲ ਵਜਾਓ ਕਰੋ ਮੁਨਾਦੀ ਬਰਬਾਦੀ ਪਈ ਕਰੇ ਅਬਾਦੀ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਢੋਲ ਵਜਾਓ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਵਧਦੀ ਅਬਾਦੀ ਨੂੰ ਮਨੁੱਖ ਲਈ ਬਰਬਾਦੀ ਦਾ ਕਾਰਨ ਦੱਸਦਿਆਂ ਇਸ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਸਾਡੇ ਦੇਸ਼ ਵਿੱਚ ਤਰੱਕੀ ਤੇ ਖ਼ੁਸ਼ਹਾਲੀ ਲਈ ਬੇਸ਼ੱਕ ਬਹੁਤ ਸਾਰੀਆਂ ਸਕੀਮਾਂ ਬਣਾ ਕੇ ਤੇ ਪਰਬਤਾਂ ਨੂੰ ਚੀਰ ਕੇ ਨਹਿਰਾਂ ਕੱਢੀਆਂ ਗਈਆਂ ਹਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਰਿੜਕ ਕੇ ਬਿਜਲੀ ਕੱਢ ਕੇ ਹਰ ਪਾਸੇ ਬਿਜਲੀ ਦੀ ਸਹੂਲਤ ਭੇਜ ਕੇ ਪਿੰਡਾਂ ਤੇ ਸ਼ਹਿਰਾਂ ਦਾ ਫ਼ਰਕ ਮੁਕਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਘਰ–ਘਰ ਵਿੱਚ ਲਹਿਰਾਂ ਬਹਿਰਾਂ ਨਹੀਂ ਹੋ ਸਕੀਆਂ, ਕਿਉਂਕਿ ਵਧ ਰਹੀ ਅਬਾਦੀ ਨਾਲ਼ ਵਧਦੀਆਂ ਲੋੜਾਂ ਨੇ ਤਰੱਕੀ ਦੀਆਂ ਸਕੀਮਾਂ ਦੀ ਪੇਸ਼ ਨਹੀਂ ਜਾਣ ਦਿੱਤੀ।
(ੲ) ਸੁਣਿਉਂ ਸੁਣਿਉਂ ਲੋਕੋ ਲੋਕੋ ਕੁਝ ਤਾਂ ਸਮਝੋ ਕੁਝ ਤਾਂ ਸੋਚੋ
ਮੱਥਿਆਂ ਦੇ ਵਿੱਚ ਕਿੱਲ ਨਾ ਠੋਕੋ ਵਧਦੀ ਅਬਾਦੀ ਨੂੰ ਰੋਕੋ
ਢੋਲ ਵਜਾਓ, ਕਰੋ ਮੁਨਾਦੀ ਬਰਬਾਦੀ ਪਈ ਕਰੇ ਅਬਾਦੀ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਢੋਲ ਵਜਾਓ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਵਧਦੀ ਅਬਾਦੀ ਨੂੰ ਮਨੁੱਖ ਲਈ ਬਰਬਾਦੀ ਦਾ ਕਾਰਨ ਦੱਸਦਿਆਂ ਇਸ ਨੂੰ ਰੋਕਣ ਦੀ ਪ੍ਰੇਰਿਤ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਸਾਰੇ ਲੋਕਾਂ ਨੂੰ ਢੋਲ ਵਜਾ ਕੇ ਢੰਡੋਰਾ ਪਿੱਟ ਕੇ ਇਹ ਦੱਸ ਦਿੱਤਾ ਜਾਵੇ ਕਿ ਵਧ ਰਹੀ ਅਬਾਦੀ ਸਾਡੇ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਲੋਕਾਂ ਨੂੰ ਕੁੱਝ ਸਮਝਣਾ ਤੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮੱਥਿਆਂ ਵਿੱਚ ਕਿੱਲ ਠੋਕ ਕੇ ਭਾਵ ਦਿਮਾਗ਼ ਸੁੰਨ ਕਰ ਕੇ ਨਹੀਂ ਰੱਖਣੇ ਚਾਹੀਦੇ ਤੇ ਗੱਲ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਵਧਦੀ ਅਬਾਦੀ ਨੂੰ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਉਨ੍ਹਾਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਆ ਸਕੇਗੀ।
ਕੇਂਦਰੀ ਭਾਵ
ਲੋਕਾਂ ਨੂੰ ਜ਼ੋਰ–ਜ਼ੋਰ ਨਾਲ਼ ਢੋਲ ਵਜਾ ਕੇ ਇਹ ਦੱਸਣਾ ਚਾਹੀਦਾ ਹੈ ਕਿ ਅਬਾਦੀ ਦਾ ਵਾਧਾ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਹੈ, ਜਿਸ ਕਰਕੇ ਘਰ–ਘਰ ਵਿੱਚ ਖ਼ੁਸ਼ਹਾਲੀ ਨਹੀਂ ਆ ਸਕੀ। ਇਸ ਕਰਕੇ ਸਭ ਲੋਕਾਂ ਦਾ ਫ਼ਰਜ਼ ਹੈ ਕਿ ਉਹ ਅਬਾਦੀ ਦੇ ਵਾਧੇ ਨੂੰ ਰੋਕਣ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ ਆਰਤੀ’ ਕਵਿਤਾ ਕਿਸ ਦੀ ਲਿਖੀ ਹੋਈ ਹੈ?
ਉੱਤਰ – ਸ਼ਿਵ ਕੁਮਾਰ ਬਟਾਲਵੀ ਦੀ।
ਪ੍ਰਸ਼ਨ 2. ‘ ਧਰਮੀ ਬਾਬਲਾ ‘ ਕਵਿਤਾ ਵਿੱਚ ਕਿਸ ਦੇ ਭਾਵ ਅੰਕਿਤ ਹਨ?
ਉੱਤਰ – ਜੁਆਨ ਧੀ ਦੇ।
ਪ੍ਰਸ਼ਨ 3. ਜੁਆਨ ਧੀ ਧਰਮੀ ਬਾਬਲ ਤੋਂ ਕੀ ਮੰਗਦੀ ਹੈ?
ਉੱਤਰ – ਮਨਪਸੰਦ ਵਰ।
ਪ੍ਰਸ਼ਨ 4. ‘ਆਰਤੀ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ।
ਪ੍ਰਸ਼ਨ 5. ਕਿਸ ਦੀ ਅਗਵਾਈ ਵਿੱਚ ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਂਦੀ ਸੀ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਪ੍ਰਸ਼ਨ 6. ਕਵੀਂ ਅਨੁਸਾਰ ਗੁਰੂ ਜੀ ਦੀ ਉਸਤਤੀ ਦੇ ਗੀਤ ਵਿੱਚ ਕਿਹੜੀ ਤਲਵਾਰ ਹੋਣੀ ਚਾਹੀਦੀ ਹੈ?
ਉੱਤਰ – ਸੱਚ ਦੀ।
ਪ੍ਰਸ਼ਨ 7. ਕਵੀ ਗੁਰੂ ਜੀ ਦੀ ਆਰਤੀ ਗਾਉਣ ਤੋਂ ਪਹਿਲਾਂ ਆਪਣੇ ਗੀਤਾਂ ਨੂੰ ਕੀ ਆਦਤ ਪਾਉਣੀ ਚਾਹੁੰਦਾ ਹੈ?
ਉੱਤਰ – ਲੋਹਾ ਪੀਣ ਦੀ।
ਪ੍ਰਸ਼ਨ 8. ਕਵੀ ਨੂੰ ਆਪਣਾ ਹਰ ਇੱਕ ਗੀਤ ਕਿਹੋ-ਜਿਹਾ ਜਾਪਦਾ ਹੈ?
ਉੱਤਰ – ਬੁਜਦਿਲ।
ਪ੍ਰਸ਼ਨ 9. ਦੇਸ਼ ਵਿੱਚ ਅੰਨ ਦੀ ਕਮੀ ਕਿਉਂ ਹੈ?
ਉੱਤਰ – ਵਧਦੀ ਅਬਾਦੀ ਕਰਕੇ।
ਪ੍ਰਸ਼ਨ 10. ‘ਢੋਲ ਵਜਾਓ’ ਕਵਿਤਾ ਵਿੱਚ ਕਵੀ ਕਿਸ ਚੀਜ਼ ਨੂੰ ਰੋਕਣ ਦਾ ਹੋਕਾ ਦਿੰਦਾ ਹੈ?
ਉੱਤਰ – ਵਧਦੀ ਅਬਾਦੀ ਨੂੰ।
ਪ੍ਰਸ਼ਨ 11. ਦੇਸ਼ ਵਿਚ ਤਰੱਕੀ ਦੇ ਬਾਵਜ਼ੂਦ ਖ਼ੁਸ਼ਹਾਲੀ ਕਿਉਂ ਨਹੀਂ ਆਈ?
ਉੱਤਰ – ਵਧਦੀ ਅਬਾਦੀ ਕਰਕੇ।
ਪ੍ਰਸ਼ਨ 12. ਲੋਕਾਂ ਨੂੰ ਆਪਣੇ ਦਿਮਾਗ਼ਾਂ ਨੂੰ ਕੀ ਕਰਕੇ ਨਹੀਂ ਰੱਖਣਾ ਚਾਹੀਦਾ?
ਉੱਤਰ – ਕਿੱਲ ਠੋਕ ਕੇ।
ਪ੍ਰਸ਼ਨ 13. ‘ਮੱਥਿਆਂ ਵਿੱਚ ਕਿੱਲ ਠੋਕਣ’ ਤੋਂ ਕੀ ਭਾਵ ਹੈ?
ਉੱਤਰ – ਅਕਲ ਤੋਂ ਕੰਮ ਨਾ ਲੈਣਾ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037