12. ਪ੍ਰੀਤਮ ਸਿੰਘ ਸਫ਼ੀਰ
1. ਦੋ ਪਿੱਪਲ਼ ਦੇ ਪੱਤੇ
(ੳ) ਦੋ ਪਿੱਪਲ਼ ਦੇ ਪੱਤੇ ਤੋੜੇ, ਹੋਰ ਤੋੜ ਕੇ ਪ੍ਰੋਤੇ
ਸਿਰ ‘ਤੇ ਬੱਧੇ ਰਿਸ਼ੀ ਵਿਆਸ, ਸੁਰਤੀ ਖਾਏ ਸਵਰਗਾਂ ਵਿੱਚ ਗੋਤੇ,
ਦਿਲ ਵਿੱਚ ਪੀਆ ਮਿਲਣ ਦੀ ਆਸ, ਤੁਰ ਪਏ ਨਾਲ਼ ਉਹ ਵੀ…..
ਤੁਰ ਗਏ ਗਿਆਨ ਸਮੁੰਦਰ ਸੱਤੇ, ਜੁਗ ਜੁਗ ਜੀਊਣ ਪਿੱਪਲ਼ ਦੇ ਪੱਤੇ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਦੋ ਪਿੱਪਲ ਦੇ ਪੱਤੇ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਪਿੱਪਲ ਦੇ ਪੱਤਿਆਂ ਦੇ ਰੂਪ ਵਿੱਚ ਭਾਰਤ ਦੇਸ ਦੇ ਦੋ ਧਰਮਾਂ ਦੇ ਲੋਕਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੈਦਾ ਹੋਈ ਦਰਾੜ ਦੇ ਸਿੱਟੇ ਵਜੋਂ ਹੋਏ ਖ਼ੂਨ-ਖ਼ਰਾਬੇ ਅਤੇ ਦੋਹਾਂ ਦੇ ਇਕੱਠੇ ਰਹਿਣ ਦੇ ਮਹੱਤਵ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਵੇਦ ਗਿਆਤਾ ਰਿਸ਼ੀ ਵਿਆਸ ਨੇ ਪਿੱਪਲ ਦੇ ਦੋ ਪੱਤੇ ਤੋੜ ਕੇ ਤੇ ਫਿਰ ਕੁੱਝ ਹੋਰ ਪੱਤੇ ਤੋੜ ਕੇ ਅਤੇ ਉਨ੍ਹਾਂ ਨੂੰ ਦੇਵਤਿਆਂ ਦਾ ਰੂਪ ਜਾਣ ਕੇ ਆਪਣੇ ਸਿਰ ਉੱਤੇ ਬੰਨ੍ਹ ਲਿਆ। ਜਿਸ ਨਾਲ਼ ਰਿਸ਼ੀ ਵਿਆਸ ਦੀ ਸੁਰਤੀ ਸਵਰਗਾਂ ਵਿੱਚ ਪਹੁੰਚ ਗਈ। ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਪ੍ਰਭੂ ਨੂੰ ਮਿਲ਼ਣ ਦੀ ਇੱਛਾ ਸੀ ਇਸ ਲਈ ਆਪਣੀ ਸੁਰਤੀ ਦੇ ਨਾਲ਼ ਉਹ ਆਪ ਵੀ ਚੱਲ ਪਏ। ਉਨ੍ਹਾਂ ਦੇ ਦਿਮਾਗ਼ ਵਿੱਚ ਸਾਂਭੇ ਗਿਆਨ ਦੇ ਸਮੁੰਦਰ ਸਵਰਗਾਂ ਵਿੱਚ ਚਲੇ ਗਏ। ਇਸ ਤਰ੍ਹਾਂ ਰਿਸ਼ੀ ਵੇਦ ਵਿਆਸ ਨੂੰ ਸਵਰਗਾਂ ਵਿੱਚ ਆਪਣੇ ਪ੍ਰਭੂ ਨਾਲ਼ ਮਿਲ਼ਾਉਣ ਵਾਲ਼ੇ ਪਿੱਪਲ ਦੇ ਪੱਤੇ ਹਮੇਸ਼ਾ ਜੁਗ-ਜੁਗ ਜਿਉਂਦੇ ਰਹਿਣ।
(ਅ) ਦੋ ਪਿੱਪਲ਼ ਦੇ ਪੱਤੇ ਪੁੰਗਰੇ ਹੋਏ ਹਿੰਦੁਸਤਾਨ,
ਤੋੜੇ ਆਣ ਕਿਸੇ ਅਣਭੋਲ, ਉਂਞ ਤਾਂ ਇੱਕੋ-ਜਿਹੇ ਇਨਸਾਨ,
ਹੋ ਪਿਆ ਦੋ ਮਜ਼੍ਹਬਾਂ ਦਾ ਘੋਲ਼, ਡੁੱਲ੍ਹਾ ਖ਼ੂਨ ਇੱਕ ਥਾਂ…….।
ਲੂੰ-ਲੂੰ ਹੋ ਗਏ ਜ਼ਿਮੀ ਦੇ ਰੱਤੇ, ਕੀ ਟੁੱਟੇ ਦੋ ਆਫ਼ਤ ਦੇ ਪੱਤੇ?
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਦੋ ਪਿੱਪਲ ਦੇ ਪੱਤੇ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਪਿੱਪਲ ਦੇ ਪੱਤਿਆਂ ਦੇ ਰੂਪ ਵਿੱਚ ਭਾਰਤ ਦੇਸ ਦੇ ਦੋ ਧਰਮਾਂ ਦੇ ਲੋਕਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੈਦਾ ਹੋਈ ਦਰਾੜ ਦੇ ਸਿੱਟੇ ਵਜੋਂ ਹੋਏ ਖ਼ੂਨ-ਖ਼ਰਾਬੇ ਅਤੇ ਦੋਹਾਂ ਦੇ ਇਕੱਠੇ ਰਹਿਣ ਦੇ ਮਹੱਤਵ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਹਿੰਦੁਸਤਾਨ ਦੇਸ ਵਿੱਚ ਹਿੰਦੂ ਤੇ ਮੁਸਲਮਾਨ ਦੋ ਧਰਮਾਂ ਦੇ ਰੂਪ ਵਿੱਚ ਪਿੱਪਲ ਦੇ ਦੋ ਪੱਤੇ ਪੁੰਗਰੇ ਹੋਏ ਸਨ, ਪਰ ਕਿਸੇ ਅਨਭੋਲ ਨੇ ਉਨ੍ਹਾਂ ਨੂੰ ਤੋੜ ਦਿੱਤਾ। ਭਾਵੇਂ ਸਾਰੇ ਇਨਸਾਨ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ, ਪਰ ਸਭ ਇੱਕੋ-ਜਿਹੇ ਹੀ ਹਨ। ਪਰ ਉਨ੍ਹਾਂ ਵਿੱਚ ਅਜਿਹੀ ਦਰਾੜ ਪੈਦਾ ਹੋਈ ਕਿ ਦੋਹਾਂ ਵਿੱਚ ਫਿਰਕੂ ਝਗੜਾ ਸ਼ੁਰੂ ਹੋਇਆ ਜਿਸ ਨਾਲ਼ ਉਹਨਾਂ ਦਾ ਹਰ ਥਾਂ ਖ਼ੂਨ ਡੁੱਲ੍ਹਿਆ ਤੇ ਧਰਤੀ ਦਾ ਜ਼ੱਰਾ-ਜ਼ੱਰਾ ਉਸ ਨਾਲ਼ ਰੰਗਿਆ ਗਿਆ। ਇਸ ਪ੍ਰਕਾਰ ਇਨ੍ਹਾਂ ਮਜ਼੍ਹਬ ਰੂਪ ਪੱਤਿਆਂ ਦਾ ਟੁੱਟਣਾ ਇੱਕ ਆਫ਼ਤ ਹੀ ਸੀ।
(ੲ) ਦੋ ਪਿੱਪਲ ਦੇ ਪੱਤੇ ਜੁੜਦੇ ਕੰਵਲਪ੍ਰੀਤ ਦੇ ਨਾਲ਼,
ਰਲ਼-ਮਿਲ਼ ਝੂਮ-ਝੂਮ ਹੋ ਝੱਲੇ, ਦੋ ਦਿਲ ਚਲਦੇ ਇੱਕੋ ਚਾਲ
ਡਿੱਗ ਪਏ ਸਾਂ ਟਾਹਣੀ ਤੋਂ ਥੱਲੇ ਨਾ ਕੋਈ ਹੋਰ ਚੁਗੇ,
ਨਾ ਕੋਈ ਤੰਬੇ ਤੇ ਨਾ ਕੋਈ ਕੱਤੇ, ਰੁਲ਼ਦੇ ਦੋ ਪਿੱਪਲ ਦੇ ਪੱਤੇ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਦੋ ਪਿੱਪਲ ਦੇ ਪੱਤੇ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਪਿੱਪਲ ਦੇ ਪੱਤਿਆਂ ਦੇ ਰੂਪ ਵਿੱਚ ਭਾਰਤ ਦੇਸ ਦੇ ਦੋ ਧਰਮਾਂ ਦੇ ਲੋਕਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੈਦਾ ਹੋਈ ਦਰਾੜ ਦੇ ਸਿੱਟੇ ਵਜੋਂ ਹੋਏ ਖ਼ੂਨ-ਖ਼ਰਾਬੇ ਅਤੇ ਦੋਹਾਂ ਦੇ ਇਕੱਠੇ ਰਹਿਣ ਦੇ ਮਹੱਤਵ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪਿੱਪਲ ਦੇ ਪੱਤਿਆਂ ਰੂਪੀ ਦੋ ਮਜ਼੍ਹਬਾਂ ਦੇ ਲੋਕ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਕੰਵਲ ਦੀ ਪਾਣੀ ਨਾਲ਼ ਪ੍ਰੀਤ ਵਾਂਗ ਜੁੜੇ ਹੋਏ ਸਨ ਤੇ ਉਹ ਰਲ਼-ਮਿਲ਼ ਕੇ ਝੂੰਮਦੇ ਹੋਏ ਖ਼ੁਸ਼ੀ ਵਿੱਚ ਝੱਲੇ ਹੋਈ ਜਾਂਦੇ ਸਨ ਅਤੇ ਦੋ ਦਿਲ ਹੋਣ ਦੇ ਬਾਵਜੂਦ ਵੀ ਇੱਕੋ ਹੀ ਚਾਲ ਨਾਲ਼ ਚਲਦੇ ਸਨ। ਪਰ ਜਦੋਂ ਉਹ ਟਹਿਣੀ ਤੋਂ ਟੁੱਟ ਕੇ ਹੇਠਾਂ ਜ਼ਮੀਨ ਉੱਤੇ ਡਿੱਗ ਪਏ ਤਾਂ ਨਾ ਉਨ੍ਹਾਂ ਨੂੰ ਕਿਸੇ ਨੇ ਚੁੱਕਿਆ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਤੋਂ ਕੱਤਣ ਜਾਂ ਤੁੰਬਣ ਦਾ ਕੋਈ ਕੰਮ ਲਿਆ। ਇਸ ਤਰ੍ਹਾਂ ਉਹ ਜ਼ਮੀਨ ਉੱਤੇ ਰੁਲਦੇ ਰਹੇ।
ਕੇਂਦਰੀ ਭਾਵ
ਪਿੱਪਲ ਦੇ ਪੱਤਿਆਂ ਰੂਪੀ ਹਿੰਦੁਸਤਾਨ ਦੇ ਦੋ ਮਜ਼੍ਹਬਾਂ ਨੂੰ ਜਦੋਂ ਕਿਸੇ ਨੇ ਤੋੜਿਆ, ਤਾਂ ਬਹੁਤ ਖ਼ੂਨ-ਖ਼ਰਾਬਾ ਹੋਇਆ ਤੇ ਉਹ ਰੁਲਣ ਲੱਗੇ, ਪਰ ਜਦੋਂ ਉਹ ਇਕੱਠੇ ਸਨ, ਤਾਂ ਉਹ ਰਲ਼-ਮਿਲ਼ ਕੇ ਮਸਤੀ ਵਿੱਚ ਝੂੰਮਦੇ ਸਨ। ਇਸ ਕਵਿਤਾ ਰਾਹੀਂ ਕਵੀ ਏਕਤਾ ਦਾ ਸੰਦੇਸ਼ ਦਿੰਦਾ ਹੈ।
2. ਇੱਕ ਮਿੱਟੀ ਦੀ ਮੁੱਠੀ
(ੳ) ਇੱਕ ਮਿੱਟੀ ਦੀ ਮੁੱਠੀ, ਭਰ ਕੇ, ਨੈਣਾਂ ਨਾਲ਼ ਨੀਝ ਲਾ ਤੱਕੀ,
ਨਕਸ਼ ਗਵਾਚੇ ਹੋਏ ਨਾ ਦਿੱਸੇ ਹੋਠ ਹਸਾ ਨਾ ਸੱਕੀ,
ਲੱਭ-ਲੱਭ ਚਮਕੀਲੀਆਂ ਘੁੰਘਰਾਲੀਆਂ ਨਜ਼ਰ ਸਹਿਕ ਕੇ ਥੱਕੀ।
ਕੇਰ-ਕੇਰ ਉਂਗਲਾਂ ‘ਚੋਂ ਭੋਂ ‘ਤੇ ਕੂਕ ਅੰਤ ਮੈਂ ਉੱਠੀ ਹਾਇ! ਨੀ ਇੱਕ ਮਿੱਟੀ ਦੀ ਮੱਠੀ!
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਮਿੱਟੀ ਦੀ ਮੁੱਠੀ’ ਵਿੱਚੋਂ ਲਿਆ ਗਿਆ ਹੈ। ਇਸ ਰਹੱਸਵਾਦੀ ਕਵਿਤਾ ਵਿੱਚ ਕਵੀ ਦੱਸਦਾ ਹੈ ਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਇਨਸਾਨ ਵੀ ਮਿੱਟੀ ਦੀ ਇੱਕ ਮੁੱਠ ਵਾਂਗ ਹੈ, ਜੋ ਅਸਲੀਅਤ ਤੋਂ ਦੂਰ ਆਪਣੀ ਹਊਮੈਂ ਵਿੱਚ ਫਸਿਆ ਰਹਿੰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮੈਂ ਮਿੱਟੀ ਦੀ ਇੱਕ ਮੁੱਠ ਭਰ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ਼ ਪੂਰੀ ਨੀਝ ਲਾ ਕੇ ਦੇਖਿਆ। ਮੈਨੂੰ ਉਸ ਵਿੱਚੋਂ ਹਜ਼ਾਰਾਂ ਲੋਕਾਂ ਦੇ ਗੁਆਚੇ ਹੋਏ ਨਕਸ਼ ਦਿਖਾਈ ਨਾ ਦਿੱਤੇ, ਕਿਉਂਕਿ ਉਹ ਸਭ ਮਿੱਟੀ ਹੀ ਬਣ ਚੁੱਕੇ ਸਨ, ਜਿਸ ਕਰਕੇ ਮੈਨੂੰ ਕੋਈ ਖ਼ੁਸ਼ੀ ਨਾ ਹੋਈ। ਮੈਂ ਮਿੱਟੀ ਦੀ ਮੁੱਠ ਵਿੱਚ ਚਮਕਦੇ ਕਿਣਕਿਆਂ ਨੂੰ ਨਜ਼ਰ ਲਾ ਕੇ ਦੇਖਿਆ, ਮੇਰੀ ਨਜ਼ਰ ਗੁਆਚੇ ਨਕਸ਼ਾਂ ਨੂੰ ਲੱਭਣ ਲਈ ਸਹਿਕਦੀ ਹੋਈ ਥੱਕ ਗਈ। ਮੈਂ ਹੌਲ਼ੀ-ਹੌਲ਼ੀ ਮਿੱਟੀ ਨੂੰ ਆਪਣੀਆਂ ਉਂਗਲਾਂ ਵਿਚੋਂ ਜ਼ਮੀਨ ਉੱਤੇ ਕੇਰ ਦਿੱਤਾ ਤੇ ਅੰਤ ਮੈਂ ਕੂਕ ਉੱਠੀ ਕਿ ਇਹ ਤਾਂ ਇੱਕ ਮਿੱਟੀ ਦੀ ਮੁੱਠੀ ਹੀ ਹੈ।
(ਅ) ਇੱਕ ਮਿੱਟੀ ਦੀ ਮੁੱਠੀ, ਸੁਫਨੇ, ਸੈ ਬ੍ਰਹਿਮੰਡਾਂ, ਕੁੱਲ ਹੁਸਨਾਂ ਦੇ,
ਇੱਕ-ਇੱਕ ਕਿਣਕੇ ਵਿੱਚ ਸਾਂਭੇ ਹੋਏ, ਵੱਲਾਂ ਫੁੱਲਾਂ ਦੇ, ਦਰਿਯਾ ਦੇ, ਹੁਸ਼ਨਾਕਾਂ ਦੇ ਦਿਲ ਪਰੋਏ।
ਝਲ ਪੈਂਦੇ ਵਿੱਚ ਸਖ਼ਤ ਹਵਾ ਦੇ, ਕਦੇ ਜ਼ਿਮੀਂ ਤੇ ਫੇਰ ਸਿਸਕਦੀ, ਆ ਪੈਂਦੀ ਹੈ ਪੁੱਠੀ।
ਕੀ ਬੋਲੇ? ਇੱਕ ਮਿੱਟੀ ਦੀ ਮੁੱਠੀ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਮਿੱਟੀ ਦੀ ਮੁੱਠੀ’ ਵਿੱਚੋਂ ਲਿਆ ਗਿਆ ਹੈ। ਇਸ ਰਹੱਸਵਾਦੀ ਕਵਿਤਾ ਵਿੱਚ ਕਵੀ ਦੱਸਦਾ ਹੈ ਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਇਨਸਾਨ ਵੀ ਮਿੱਟੀ ਦੀ ਇੱਕ ਮੁੱਠ ਵਾਂਗ ਹੈ, ਜੋ ਅਸਲੀਅਤ ਤੋਂ ਦੂਰ ਆਪਣੀ ਹਊਮੈਂ ਵਿੱਚ ਫਸਿਆ ਰਹਿੰਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮੈਂ ਜੋ ਮਿੱਟੀ ਦੀ ਇੱਕ ਮੁੱਠੀ ਭਰ ਕੇ ਜ਼ਮੀਨ ਉੱਤੇ ਕੇਰੀ ਹੈ, ਉਸ ਦੇ ਇੱਕ-ਇੱਕ ਕਿਣਕੇ ਵਿੱਚ ਸੈਂਕੜੇ ਬ੍ਰਹਿਮੰਡ ਤੇ ਹਰ ਪ੍ਰਕਾਰ ਦੇ ਹੁਸਨਾਂ ਦੇ ਸੁਪਨੇ ਸਾਂਭੇ ਪਏ ਹਨ। ਇਸ ਵਿੱਚ ਫਲਾਂ, ਫੁੱਲਾਂ, ਦਰਿਆਵਾਂ ਤੇ ਸੁੰਦਰ ਲੋਕਾਂ ਦੇ ਦਿਲ ਸਮਾਏ ਹੋਏ ਹਨ। ਕਿਸੇ ਵਕਤ ਜਦ ਤੇਜ਼ ਹਵਾ ਚੱਲਦੀ ਹੈ, ਤਾਂ ਸਭ ਮਿੱਟੀ ਦੇ ਉੱਡਣ ਨਾਲ਼ ਹੀ ਉੱਡ ਪੈਂਦੇ ਹਨ ਅਤੇ ਫਿਰ ਇਹ ਮਿੱਟੀ ਦੀ ਮੁੱਠ ਸਿਸਕਦੀ ਹੋਈ ਸਿਰ ਭਾਰ ਜ਼ਮੀਨ ਉੱਤੇ ਆ ਡਿੱਗਦੀ ਹੈ। ਇਹ ਮਿੱਟੀ ਦੀ ਮੁੱਠ ਬੋਲ ਕੇ ਕੀ ਦੱਸੇ ਕਿ ਉਸ ਦੇ ਵਿੱਚ ਕੀ ਕੁੱਝ ਸਾਂਭਿਆ ਹੋਇਆ ਹੈ।
(ੲ) ਇੱਕ ਮਿੱਟੀ ਦੀ ਮੁੱਠੀ, ਆਵੇ ਨੀ, ਕੋਈ ਜਿੰਦ ਤੈਨੂੰ ਜੋੜੇ। ਵੱਸੇ ਕਿਸੇ ਸਤਾਰੇ ਅੰਦਰ,
ਉੱਡ-ਉੱਡ ਕੇ ਰੂਹ ਹੋਵੇ ਜੇ ਸੋਹਜਾਂ ਦਾ ਮੰਦਰ, ਮੇਰੀ ਲੋੜੇ। ਫਿਰ ਨਾ ਉਪਾਸ਼ਕ ਥੋੜ੍ਹੇ।
ਨਾ ਪਰ ਹੁਸਨ, ਨਾ ਇਸ਼ਕ ਨਿਆਜ਼ਾਂ, ਜਦ ਤੀਕਰ ਜਿੰਦ ਰੁੱਠੀ, ਰੁਲੇ ਪਈ, ਇੱਕ ਮਿੱਟੀ ਦੀ ਮੁੱਠੀ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫ਼ੀਰ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਮਿੱਟੀ ਦੀ ਮੁੱਠੀ’ ਵਿੱਚੋਂ ਲਿਆ ਗਿਆ ਹੈ। ਇਸ ਰਹੱਸਵਾਦੀ ਕਵਿਤਾ ਵਿੱਚ ਕਵੀ ਦੱਸਦਾ ਹੈ ਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਇਨਸਾਨ ਵੀ ਮਿੱਟੀ ਦੀ ਇੱਕ ਮੁੱਠ ਵਾਂਗ ਹੈ, ਜੋ ਅਸਲੀਅਤ ਤੋਂ ਦੂਰ ਆਪਣੀ ਹਊਮੈਂ ਵਿੱਚ ਫਸਿਆ ਰਹਿੰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਬੰਦੇ ਦਾ ਸਰੀਰ ਵੀ ਮਿੱਟੀ ਦੀ ਇੱਕ ਮੁੱਠੀ ਹੀ ਹੈ। ਜਦ ਇਸ ਵਿੱਚ ਜਾਨ ਆ ਕੇ ਜੁੜ ਜਾਂਦੀ ਹੈ, ਤਾਂ ਇਹ ਹਊਮੈਂ ਵੱਸ ਹੋ ਕੇ ਧਰਤੀ ਤੋਂ ਉੱਪਰ ਸਿਤਾਰਿਆਂ ਵਿੱਚ ਵਸਦੀ ਹੈ ਤੇ ਉਸਦੀ ਰੂਹ ਉੱਡਣਾ ਲੋਚਦੀ ਹੈ। ਜੇਕਰ ਮਿੱਟੀ ਰੂਪੀ ਮਨੁੱਖੀ ਸਰੀਰ ਗੁਣਾਂ ਦਾ ਮੰਦਰ ਹੋਵੇ, ਤਾਂ ਇਸਨੂੰ ਪਿਆਰ ਕਰਨ ਵਾਲ਼ਿਆਂ ਦੀ ਘਾਟ ਨਹੀਂ ਹੋਵੇਗੀ। ਪਰ ਜੇਕਰ ਇਸ ਮਿੱਟੀ ਦੀ ਮੁੱਠ ਤੋਂ ਜਿੰਦ ਰੁੱਸੀ ਰਹੇ, ਤਾਂ ਇਹ ਮੁਰਦਾ ਹੁੰਦੀ ਹੈ, ਫਿਰ ਨਾ ਇਸਦਾ ਕੋਈ ਹੁਸਨ ਹੁੰਦਾ ਹੈ ਤੇ ਨਾ ਹੀ ਨਾਜ਼-ਨਖ਼ਰਾ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਸਰੀਰ ਜਿੰਦ ਤੋਂ ਬਿਨਾਂ ਮਿੱਟੀ ਦੀ ਇੱਕ ਮੁੱਠੀ ਦੇ ਸਮਾਨ ਹੈ।
ਕੇਂਦਰੀ ਭਾਵ
ਮਿੱਟੀ ਦੀ ਇੱਕ ਮੁੱਠੀ ਵਿਚ ਹਜ਼ਾਰਾਂ ਲੋਕਾਂ ਦੇ ਨਕਸ਼ ਗੁਆਚੇ ਹੋਏ ਹਨ ਪਰ ਨੀਝ ਨਾਲ਼ ਦੇਖਿਆਂ ਵੀ ਉਹ ਲੱਭਦੇ ਨਹੀਂ। ਬੰਦਾ ਵੀ ਮਿੱਟੀ ਦੀ ਮੁੱਠ ਹੈ। ਜਦੋਂ ਇਸ ਵਿਚ ਜਾਨ ਹੁੰਦੀ ਹੈ, ਤਾਂ ਇਹ ਹਊਮੈਂ ਵਿੱਚ ਫਸ ਜਾਂਦਾ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਦੋ ਪਿੱਪਲ ਦੇ ਪੱਤੇ’/ ‘ਇੱਕ ਮਿੱਟੀ ਦੀ ਮੁੱਠੀ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਪ੍ਰੀਤਮ ਸਿੰਘ ਸਫ਼ੀਰ।
ਪ੍ਰਸ਼ਨ 2. ‘ਦੋ ਪਿੱਪਲ ਦੇ ਪੱਤੇ’ ਕਿਸ ਦਾ ਪ੍ਰਤੀਕ ਹਨ?
ਉੱਤਰ – ਹਿੰਦੂਆਂ ਤੇ ਮੁਸਲਮਾਨਾਂ ਦਾ।
ਪ੍ਰਸ਼ਨ 3. ‘ਦੋ ਪਿੱਪਲ ਦੇ ਪੱਤੇ’ ਕਵਿਤਾ ਵਿੱਚ ਕਿਹੜੇ ਰਿਸ਼ੀ ਦਾ ਜ਼ਿਕਰ ਹੈ?
ਉੱਤਰ – ਰਿਸ਼ੀ ਵੇਦ ਵਿਆਸ ਦਾ।
ਪ੍ਰਸ਼ਨ 4. ‘ਦੋ ਪਿੱਪਲ ਦੇ ਪੱਤੇ’ ਕਵਿਤਾ ਕਵੀ ਕਿਹੜੇ ਦੁਖਾਂਤ ਵੱਲ ਇਸ਼ਾਰਾ ਕਰਦਾ ਹੈ?
ਉੱਤਰ – 1947 ਦੀ ਵੰਡ ਦੇ ਫਿਰਕੂ ਫਸਾਦਾਂ ਵੱਲ।
ਪ੍ਰਸ਼ਨ 5. ਕਵੀ ਮਿੱਟੀ ਦੀ ਮੁੱਠ ਵਿੱਚ ਨੀਝ ਲਾ ਕੇ ਕੀ ਦੇਖ ਰਿਹਾ ਸੀ?
ਉੱਤਰ – ਗੁਆਚੇ ਹੋਏ ਨਕਸ਼।
ਪ੍ਰਸ਼ਨ 6. ਮਿੱਟੀ ਦੇ ਇੱਕ-ਇੱਕ ਕਿਣਕੇ ਵਿੱਚ ਕਿਸ ਪ੍ਰਕਾਰ ਦੇ ਹੁਸਨਾਂ ਦੇ ਸੁਪਨੇ ਸਾਂਭੇ ਪਏ ਸਨ?
ਉੱਤਰ – ਸੈਂਕੜੇ ਬ੍ਰਹਿਮੰਡਾਂ ਤੇ ਹੁਸਨਾਂ ਦੇ।
ਪ੍ਰਸ਼ਨ 7. ਕਵੀ ਅਨੁਸਾਰ ਬੰਦੇ ਦਾ ਸਰੀਰ ਕੀ ਹੈ?
ਉੱਤਰ – ਇੱਕ ਮਿੱਟੀ ਦੀ ਮੁੱਠੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037