11. ਬਾਵਾ ਬਲਵੰਤ
1. ਕੋਸ਼ਿਸ਼ ‘ ਚ ਹਾਂ
(ੳ) ਲੱਕਸ਼ ਦੇ ਵੱਲ ਜਾਣ ਦੀ ਕੋਸ਼ਿਸ਼ ‘ਚ ਹਾਂ, ਅਸਲਿਆਂ ਨੂੰ ਪਾਣ ਦੀ ਕੋਸ਼ਿਸ਼ ‘ਚ ਹਾਂ।
ਹਰ ਪੁਰਾਣੇ ਵਹਿਮ ਤੋਂ ਹੋਵੇਗਾ ਸਾਫ਼, ਮੈਂ ਨਵੇਂ ਇਨਸਾਨ ਦੀ ਕੋਸ਼ਿਸ਼ ‘ਚ ਹਾਂ।
ਜ਼ਿੰਦਗੀ ਦੇ ਪਹਿਲੂਆਂ ਤੇ ਰੋਸ਼ਨੀ, ਰੁਖ਼ ਨਵੇਂ ਤੋਂ ਪਾਣ ਦੀ ਕੋਸ਼ਿਸ਼ ‘ਚ ਹਾਂ।
ਜਿਸ ‘ਚ ਆ ਜਾਏ ਮਨੁੱਖਤਾ ਦਾ ਅਸਰ, ਐਸੇ ਇੱਕ ਦੀਵਾਨ ਦੀ ਕੋਸ਼ਿਸ਼ ‘ਚ ਹਾਂ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਕੋਸ਼ਿਸ਼ ’ਚ ਹਾਂ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਜ਼ਿੰਦਗੀ ਦੇ ਪਲਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮਨੁੱਖ ਦੇ ਯਤਨਸ਼ੀਲ ਰਹਿਣ ਦੇ ਭਾਵਾਂ ਨੂੰ ਅੰਕਿਤ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮੈਂ ਆਪਣੇ ਮਿਥੇ ਹੋਏ ਟੀਚੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲੱਗਾ ਹੋਇਆ ਹਾਂ। ਮੈਂ ਆਪਣੀਆਂ ਗ਼ਲਤ–ਫਹਿਮੀਆਂ ਦੀ ਥਾਂ ਹਕੀਕਤ ਨੂੰ ਜਾਣਨ ਦੇ ਯਤਨ ਵਿੱਚ ਹਾਂ। ਮੈਂ ਆਪਣੇ ਯਤਨਾਂ ਨਾਲ਼ ਇੱਕ ਨਵੇਂ ਇਨਸਾਨ ਦੀ ਸਿਰਜਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਪੁਰਾਣੇ ਵਹਿਮਾਂ-ਭਰਮਾਂ ਤੋਂ ਮੁਕਤ ਹੋਵੇਗਾ। ਮੈਂ ਆਪਣੇ ਜੀਵਨ ਦੇ ਹਰ ਪਹਿਲੂ ਦੀ ਨਵੇਂ ਦ੍ਰਿਸ਼ਟੀਕੋਣ ਦੀ ਰੌਸ਼ਨੀ ਵਿੱਚ ਪਰਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇੱਕ ਅਜਿਹਾ ਸੱਚਾ ਦਰਬਾਰ ਲਾਉਣਾ ਚਾਹੁੰਦਾ ਹਾਂ, ਜਿਸ ਵਿੱਚ ਸਿਰਫ –ਮਨੁੱਖਤਾ ਦੀ ਭਲਾਈ ਤੇ ਇਨਸਾਫ਼ ਦੀਆਂ ਗੱਲਾਂ ਹੋਣ।
(ਅ) ਇਸ ਲਈ ਖਾਂਦਾ ਹਾਂ ਦਰ-ਦਰ ਠੋਕਰਾਂ, ਜ਼ਿੰਦਗੀ ਨੂੰ ਪਾਣ ਦੀ ਕੋਸ਼ਿਸ਼ ‘ਚ ਹਾਂ।
ਜਾਣੇ ਕੀ ਨਫ਼ਰਤ ਕਿ ਮੈਂ ਕਿਸ ਦੇ ਲਈ, ਹੋਰ ਵੀ ਨੁਕਸਾਨ ਦੀ ਕੋਸ਼ਿਸ਼ ‘ਚ ਹਾਂ।
ਜਿਸ ਤੋਂ ਰਹੇ ਜੀਵਨ ਦੀ ਕੁਟੀਆ ਅਬਾਦ, ਐਸੇ ਇੱਕ ਮਹਿਮਾਨ ਦੀ ਕੋਸ਼ਿਸ਼ ‘ਚ ਹਾਂ।
ਹਰ ਸਮੇਂ ਦੇ ਨਾਲ਼ ਵਧਦੀ ਜ਼ਿੰਦਗੀ, ਆਖੇ ‘‘ਨਵ-ਸਾਮਾਨ’’ ਦੀ ਕੋਸ਼ਿਸ਼ ‘ਚ ਹਾਂ।
ਹੁਨਰ ਤੇ ਸਿਹਤ ਦੇ ਪੁਤਲੇ ਆਦਮੀ, ਤੇਰੇ ਸੋਹਲੇ ਗਾਣ ਦੀ ਕੋਸ਼ਿਸ਼ ‘ਚ ਹਾਂ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਕੋਸ਼ਿਸ਼ ’ਚ ਹਾਂ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਜ਼ਿੰਦਗੀ ਦੇ ਪਲਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮਨੁੱਖ ਦੇ ਯਤਨਸ਼ੀਲ ਰਹਿਣ ਦੇ ਭਾਵਾਂ ਨੂੰ ਅੰਕਿਤ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮੈਂ ਦਰ-ਦਰ ਤੇ ਠੋਕਰਾਂ ਖਾ ਕੇ ਇੱਕ ਅਰਥ-ਭਰਪੂਰ ਜ਼ਿੰਦਗੀ ਨੂੰ ਪਾਉਣ ਦੇ ਯਤਨ ਕਰ ਰਿਹਾ ਹਾਂ। ਮੈਨੂੰ ਨਫ਼ਰਤ ਕਰਨ ਵਾਲ਼ੇ ਇਹ ਜਾਣਦੇ ਹਨ ਕਿ ਮੈਂ ਕਿਸ ਖ਼ਾਤਰ ਆਪਣਾ ਹੋਰ ਨੁਕਸਾਨ ਕਰਾਉਣ ਦੇ ਯਤਨ ਕਰ ਰਿਹਾ ਹਾਂ। ਮੈਂ ਇੱਕ ਅਜਿਹੇ ਜੀਵਨ ਸਾਥੀ ਦੀ ਤਲਾਸ਼ ਵਿੱਚ ਹਾਂ, ਜਿਸ ਨੂੰ ਪਾਉਣ ਨਾਲ਼ ਮੇਰੇ ਜੀਵਨ ਦੀ ਕੁਟੀਆ ਹਮੇਸ਼ਾ ਲਈ ਆਬਾਦ ਰਹੇ। ਮੈਂ ਦੇਖਦਾ ਹਾਂ ਕਿ ਸਮਾਂ ਬੀਤਣ ਦੇ ਨਾਲ਼-ਨਾਲ਼ ਜ਼ਿੰਦਗੀ ਵਧ ਰਹੀ ਹੈ ਅਤੇ ਮਨੁੱਖ ਆਪਣੇ ਸੁਖ-ਅਰਾਮ ਲਈ ਨਵੇਂ ਸਾਧਨਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਮਤ ਤੇ ਹੁਨਰਮੰਦ ਇਨਸਾਨਾਂ ਦੀ ਮੇਰੇ ਮਨ ਵਿੱਚ ਬਹੁਤ ਕਦਰ ਹੈ ਅਤੇ ਮੈਂ ਹਰ ਸਮੇਂ ਉਹਨਾਂ ਦੀ ਪ੍ਰਸੰਸਾ ਕਰਨ ਦੇ ਯਤਨ ਕਰਦਾ ਰਹਿੰਦਾ ਹਾਂ।
ਕੇਂਦਰੀ ਭਾਵ
ਕਵੀ ਆਪਣੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ। ਉਹ ਵਹਿਮਾਂ-ਭਰਮਾਂ ਤੋਂ ਮੁਕਤ ਇਨਸਾਨ ਦੀ ਸਿਰਜਨਾ ਕਰਕੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਨਵੀਂ ਸੋਚ ਅਨੁਸਾਰ ਪਰਖ ਕੇ ਜ਼ਿੰਦਗੀ ਵਿੱਚ ਸੁਖਦਾਇਕ ਨਵੇਂ ਸਾਧਨਾਂ ਦੀ ਖੋਜ ਕਰਨ ਵਿੱਚ ਲੱਗਾ ਰਹਿੰਦਾ ਹੈ।
2. ਦੇਸ਼
(ੳ) ਉਹ ਹੈ ਦੇਸ ਮਹਾਨ
ਜੋ ਆਪਣੇ ਵੇਲੇ ਸਿਰ ਬੀਜੇ, ਵਾਹੇ ਖੇਤ, ਸੁੰਨ ਮਸਾਨ ਉਜਾੜਾਂ ਫੇਰ ਬਣਾਏ ਖੇਤ।
ਮਿੱਠੇ, ਅਤ ਮਿੱਠੇ ਗੀਤਾਂ ਦੀ ਛਾਂ ਹੇਠਾਂ, ਹਲ ਦੀ ਨੋਕ ਤੋਂ ਬਦਲੇ ਕੱਲਰਾਂ ਦੀ ਤਸਵੀਰ।
ਮਿਹਨਤ ਤੋਂ ਆਪਣੀ ਬਦਲੇ ਆਪਣੀ ਤਕਦੀਰ, ਹੋਵੇ ਮਿਹਨਤ ਦਾ ਪੁਤਲਾ ਹਰ ਜੀਵ ਕਿਸਾਨ।
ਉਹ ਹੈ ਦੇਸ ਮਹਾਨ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਦੇਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇੱਕ ਮਹਾਨ ਦੇਸ ਦੇ ਗੁਣ ਤੇ ਵਿਸ਼ੇਸ਼ਤਾਵਾਂ ਦਾ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਉਹ ਦੇਸ ਮਹਾਨ ਹੁੰਦਾ ਹੈ, ਜਿਸ ਦਾ ਕਿਸਾਨ ਆਪਣੇ ਖੇਤਾਂ ਦਾ ਆਪ ਮਾਲਕ ਹੈ ਅਤੇ ਸੁੰਨ-ਮਸਾਣ ਉਜਾੜਾਂ ਨੂੰ ਮੁੜ ਵਾਹੀਯੋਗ ਖੇਤ ਕਰਕੇ ਵੇਲੇ ਸਿਰ ਵਾਹੁੰਦਾ ਤੇ ਬੀਜਦਾ ਹੈ। ਉਹ ਕਿਸਾਨ ਮਿੱਠੇ-ਮਿੱਠੇ ਗੀਤ ਗਾਉਂਦਾ ਹੋਇਆ ਹਲ ਦੀ ਨੋਕ ਨਾਲ਼ ਕੱਲਰ ਜਮੀਨਾਂ ਨੂੰ ਵਾਹ ਕੇ ਉਨ੍ਹਾਂ ਨੂੰ ਪੈਦਾਵਾਰ ਦੇਣ ਵਾਲ਼ੀ ਜ਼ਮੀਨ ਵਿੱਚ ਬਦਲ ਦਿੰਦਾ ਹੈ। ਜਿਸ ਦੇਸ ਦੇ ਲੋਕ ਸਖ਼ਤ ਮਿਹਨਤ ਕਰਕੇ ਆਪਣੀ ਤਕਦੀਰ ਬਦਲ ਸਕਦੇ ਹੋਣ ਅਤੇ ਹਰ ਇਨਸਾਨ ਇੱਕ ਮਿਹਨਤੀ ਕਿਸਾਨ ਹੋਵੇ, ਅਜਿਹਾ ਦੇਸ਼ ਹੀ ਮਹਾਨ ਹੁੰਦਾ ਹੈ।
(ਅ) ਦਿਲ ਵਿੱਚ ਹਰ ਦਾਣੇ ਦਾ ਹੋਵੇ ਪਿਆਰ ਅਪਾਰ, ਤਾਰੇ ਡੁੱਬਣ ਤੋਂ ਪਹਿਲਾਂ ਪਹਿਲਾਂ ਜਲ-ਧਾਰ।
ਹਰਿਆਂ ਖੇਤਾਂ ਦੇ ਵਿੱਚ ਦਰਪਨ ਰੂਪ ਫਿਰੇ, ਖ਼ੁਸ਼ ਹੋਵਣ ਫ਼ਸਲਾਂ ਆਪਣੀ ਹੀ ਸੂਰਤ ‘ਤੇ,
ਹੀਰੇ ਰੰਗ ਹੋਵਣ ਘਰ ਅੰਦਰੋਂ ਬਾਹਰੋਂ ਸਾਫ਼, ਇੱਕ ਦੂਜੇ ਦੀ ਗ਼ਲਤੀ ਨੂੰ ਕਰ ਦੇਵਣ ਮਾਫ਼।
ਜੇ ਖੇਤ ਦੇ ਰਾਖੇ ਐਸੇ ਹੋਣ ਜਵਾਨ, ਤਾਂ ਹੈ ਦੇਸ ਮਹਾਨ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਦੇਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇੱਕ ਮਹਾਨ ਦੇਸ ਦੇ ਗੁਣ ਤੇ ਵਿਸ਼ੇਸ਼ਤਾਵਾਂ ਦਾ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਿਸ ਦੇਸ ਦੇ ਲੋਕਾਂ ਦਾ ਆਪਣੇ ਦੇਸ ਦੇ ਅਨਾਜ ਦੇ ਦਾਣੇ-ਦਾਣੇ ਨਾਲ਼ ਅਥਾਹ ਪਿਆਰ ਹੋਵੇ। ਜਿਸ ਦੇਸ ਦਾ ਕਿਸਾਨ ਤਾਰੇ ਡੁੱਬਣ ਤੋਂ ਪਹਿਲਾਂ-ਪਹਿਲਾਂ ਸਵੇਰੇ ਜਲਦੀ ਉੱਠ ਕੇ ਕੰਮ ਵਿੱਚ ਜੁਟ ਜਾਵੇ ਤੇ ਖੇਤਾਂ ਵਿੱਚ ਪਾਣੀ ਦੀ ਧਾਰਾ ਸ਼ੀਸ਼ੇ ਵਾਂਗ ਚਮਕਦੀ ਫਿਰਦੀ ਹੋਵੇ ਅਤੇ ਉਸ ਵਿੱਚੋਂ ਆਪਣੇ-ਆਪ ਨੂੰ ਦੇਖ ਫ਼ਸਲਾਂ ਖ਼ੁਸ਼ ਹੁੰਦੀਆਂ ਹੋਣ। ਲੋਕਾਂ ਦੇ ਘਰ ਅੰਦਰੋਂ ਅਤੇ ਬਾਹਰੋਂ ਹੀਰਿਆਂ ਵਾਂਗ ਸਾਫ਼ ਦਿਖਾਈ ਦੇਣ ਭਾਵ ਦਿਲ ਵਿੱਚ ਕੋਈ ਵੀ ਫਰੇਬ ਤੇ ਵੈਰ-ਵਿਰੋਧ ਨਾ ਰੱਖੇ ਸਗੋਂ ਉਹ ਇੱਕ-ਦੂਜੇ ਦੀ ਗ਼ਲਤੀ ਨੂੰ ਮਾਫ਼ ਕਰ ਦੇਣ ਵਾਲ਼ੇ ਹੋਣ। ਜਿਸ ਦੇਸ ਦੇ ਖੇਤਾਂ ਦੇ ਰਾਖੇ ਅਜਿਹੇ ਜਵਾਨ ਮਨੁੱਖ ਹੋਣ, ਉਹ ਦੇਸ਼ ਮਹਾਨ ਹੁੰਦਾ ਹੈ।
(ੲ) ਕੱਚੇ ਖੇਤ ਨਾ ਹੋਵਣ ਜਿਸ ਦੇ ਰੋਜ਼ ਨਿਲਾਮ, ਸੂਦ ਦੀਆਂ ਲੀਕਾਂ ਦੇ ਜੋ ਨਾ ਹੋਣ ਗ਼ੁਲਾਮ,
ਜਿਸ ਨੂੰ ਹੋਸ਼ ਰਹੇ ਕੱਲ੍ਹ ਪੈ ਸਕਦਾ ਏ ਕਾਲ, ਜਿਸ ਦੀ ਅਣਖ ਤੁਰੇਗੀ ਆਪਣਾ ਆਪ ਸੰਭਾਲ਼,
ਉਹ ਹੈ ਦੇਸ ਮਹਾਨ, ਉਹ ਹੈ ਸਵਰਗ ਸਮਾਨ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਦੇਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇੱਕ ਮਹਾਨ ਦੇਸ ਦੇ ਗੁਣ ਤੇ ਵਿਸ਼ੇਸ਼ਤਾਵਾਂ ਦਾ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਿਸ ਦੇਸ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਵਾਹੁਣ ਬੀਜਣ ਦੀ ਥਾਂ ਕਰਜ਼ੇ ਦੀ ਭਰਪਾਈ ਲਈ ਸ਼ਾਹੂਕਾਰ ਕੋਲ਼ ਨੀਲਾਮ ਕਰਨਾ ਨਾ ਪਵੇ। ਜਿਸ ਦੇਸ ਦੇ ਲੋਕਾਂ ਨੂੰ ਇਹ ਪਤਾ ਰਹੇ ਕਿ ਆਉਣ ਵਾਲ਼ੇ ਸਮੇਂ ਕਦੋਂ ਵੀ ਕਾਲ ਪੈ ਸਕਦਾ ਹੈ ਅਤੇ ਅਨਾਜ ਦੀ ਥੁੜ ਪੈਦਾ ਹੋ ਸਕਦੀ ਹੈ। ਜਿਸ ਦੇਸ ਦੇ ਲੋਕ ਆਪਣੀ ਅਣਖ ਨੂੰ ਹਰ ਸਮੇਂ ਸੰਭਾਲ਼ ਕੇ ਰੱਖਣ, ਉਹ ਦੇਸ ਮਹਾਨ ਅਤੇ ਸਵਰਗ ਦੇ ਸਮਾਨ ਹੈ।
(ਸ) ਹਮਸਾਏ ਦੇਸਾਂ ਤੇ ਜਿਸ ਥਾਂ ਦੇ ਬਲਵਾਨ, ਨਸਲ ਦੀਆਂ ਗਾਰਾਂ ‘ਚ ਛਿਣਕਣ ਨਾ ਅਪਮਾਨ,
ਆਪਣੇ ਹੱਕਾਂ ਨੂੰ ਜੋ ਖੋਹਣ ਨਾ ਦੇਵਣ ਵੀਰ, ਹਮਸਾਇਆਂ ਨੂੰ ਉਡਦੇ ਦੇਖ ਨਾ ਮਾਰਨ ਤੀਰ,
ਸਹਿਣਾ ਜ਼ੁਲਮ ਵੀ ਹੋਵੇ ਜਿਸ ਦੀ ਸਮਝ ‘ਚ ਪਾਪ, ਕੋਈ ਦੂਸਰਿਆਂ ‘ਤੇ ਜ਼ੁਲਮ ਕਰੇ ਤਾਂ ਆਪ
ਹਰ ਦਿਲ ਵਿੱਚ ਹੋਵੇ ਮਾਨਵ ਸ਼ਕਤੀ ਦਾ ਰੂਪ, ਇੱਕ ਬੱਚੇ ਵਿੱਚ ਨਜ਼ਰ ਨਾ ਆਏ ਕੋਹਜ ਕਰੂਪ,
ਹਰ ਇੱਕ ਵਾਸੀ ਆਏ ਹੱਸਦਾ ਨਜ਼ਰ ਅਰੋਗ, ਉਸ ਧਰਤੀ ਦਾ ਏ ਹਰ ਜ਼ੱਰਾ ਪੂਜਣ-ਯੋਗ।
ਜਿਸ ਥਾਂ ਦੇਸ-ਵਿਰੋਧੀ ਇੱਕ ਨਹੀਂ ਇਨਸਾਨ, ਧਰਤੀ ਮਾਤਾ ਨੂੰ ਜੋ ਪੂਜਣ ਰੱਬ ਸਮਾਨ, ਉਹ ਹੈ ਦੇਸ ਮਹਾਨ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ‘ਦੇਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇੱਕ ਮਹਾਨ ਦੇਸ ਦੇ ਗੁਣ ਤੇ ਵਿਸ਼ੇਸ਼ਤਾਵਾਂ ਦਾ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਿਸ ਦੇ ਬਲਵਾਨ ਲੋਕ ਨਸਲੀ ਵਿਤਕਰੇ ਦੇ ਸ਼ਿਕਾਰ ਹੋ ਕੇ ਗੁਆਂਢੀਆਂ ਉੱਪਰ ਅਪਮਾਨ ਦਾ ਚਿੱਕੜ ਨਾ ਸੁੱਟਣ, ਜਿਸ ਦੇ ਬਹਾਦਰ ਲੋਕ ਕਿਸੇ ਨੂੰ ਵੀ ਆਪਣੇ ਹੱਕ ਖੋਹਣ ਨਾ ਦੇਣ ਅਤੇ ਗੁਆਂਢੀਆਂ ਨੂੰ ਤਰੱਕੀ ਕਰਦੇ ਦੇਖ ਕੇ ਉਨ੍ਹਾਂ ਨਾਲ਼ ਈਰਖ਼ਾ ਨਾ ਕਰਨ ਅਤੇ ਜਿਨ੍ਹਾਂ ਲਈ ਜ਼ੁਲਮ ਸਹਿਣਾ ਤੇ ਕਰਨਾ ਵੀ ਪਾਪ ਹੋਵੇ। ਜਿਸ ਦੇਸ ਵਿੱਚ ਵਸਦੇ ਹਰ ਬੰਦੇ ਦੇ ਦਿਲ ਵਿੱਚ ਇਨਸਾਨੀ ਸ਼ਕਤੀ ਦਾ ਨਿਵਾਸ ਹੋਵੇ ਤੇ ਕਿਸੇ ਵੀ ਬੱਚੇ ਵਿੱਚ ਕੋਝ ਜਾਂ ਕਰੂਪਤਾ ਨਜ਼ਰ ਨਾ ਆਵੇ। ਜਿਸ ਦਾ ਹਰ ਇੱਕ ਦੇਸ–ਵਾਸੀ ਹੱਸਦਾ ਅਤੇ ਅਰੋਗ ਨਜ਼ਰ ਆਵੇ, ਉਸ ਧਰਤੀ ਦਾ ਇੱਕ-ਇੱਕ ਕਣ ਪੂਜਣ-ਯੋਗ ਹੁੰਦਾ ਹੈ। ਜਿਸ ਧਰਤੀ ਉੱਤੇ ਇੱਕ ਵੀ ਦੇਸ ਵਿਰੋਧੀ ਵਿਅਕਤੀ ਨਾ ਵਸਦਾ ਹੋਵੇ ਅਤੇ ਜਿੱਥੋਂ ਦੇ ਲੋਕ ਆਪਣੀ ਧਰਤੀ-ਮਾਤਾ ਨੂੰ ਰੱਬ ਦੇ ਬਰਾਬਰ ਸਮਝ ਕੇ ਪੂਜਦੇ ਹੋਣ ਅਜਿਹਾ ਦੇਸ਼ ਮਹਾਨ ਹੁੰਦਾ ਹੈ।
ਕੇਂਦਰੀ ਭਾਵ
ਉਹ ਦੇਸ਼ ਮਹਾਨ ਹੁੰਦਾ ਹੈ, ਜਿਸ ਦੇ ਲੋਕ ਮਿਹਨਤੀ, ਗ਼ੁਲਾਮੀ ਤੋਂ ਮੁਕਤ ਅਣਖ਼ ਦਾ ਜੀਵਨ ਜੀਉਂਣ ਵਾਲ਼ੇ, ਨਸਲੀ ਵਿਤਕਰੇ ਤੇ ਈਰਖ਼ਾ ਤੋਂ ਰਹਿਤ, ਇਨਸਾਨੀ ਪਿਆਰ ਨਾਲ਼ ਭਰਪੂਰ, ਦੇਸ਼–ਭਗਤ ਅਤੇ ਨਾ ਜ਼ੁਲਮ ਕਰਨ ਵਾਲ਼ੇ ਤੇ ਨਾ ਹੀ ਕਿਸੇ ਦਾ ਜ਼ੁਲਮ ਸਹਿਣ ਵਾਲ਼ੇ ਹੁੰਦੇ ਹਨ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਕੋਸ਼ਿਸ਼ ’ਚ ਹਾਂ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਬਾਵਾ ਬਲਵੰਤ।
ਪ੍ਰਸ਼ਨ 2. ਬਾਵਾ ਬਲਵੰਤ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ?
ਉੱਤਰ – ਕੋਸ਼ਿਸ਼ ’ਚ ਹਾਂ।
ਪ੍ਰਸ਼ਨ 3. ਕਵੀ ਕਿਹੋ-ਜਿਹੇ ਇਨਸਾਨ ਨੂੰ ਸਿਰਜਣ ਦੀ ਕੋਸ਼ਿਸ਼ ਵਿੱਚ ਹੈ?
ਉੱਤਰ – ਵਹਿਮਾਂ ਤੋਂ ਰਹਿਤ।
ਪ੍ਰਸ਼ਨ 4. ਕਵੀ ਅਨੁਸਾਰ ਮਹਾਨ ਦੇਸ਼ ਦਾ ਮਨੁੱਖ ਕਿਹੋ-ਜਿਹਾ ਹੁੰਦਾ ਹੈ?
ਉੱਤਰ – ਮਿਹਨਤੀ।
ਪ੍ਰਸ਼ਨ 5. ਮਹਾਨ ਦੇਸ਼ ਦੇ ਲੋਕ ਧਰਤੀ ਮਾਤਾ ਨੂੰ ਕਿਸ ਤਰ੍ਹਾਂ ਪੂਜਦੇ ਹਨ?
ਉੱਤਰ – ਰੱਬ ਸਮਾਨ।
ਪ੍ਰਸ਼ਨ 6. ਕਵੀ ਕਿਸ ਆਦਮੀ ਦੇ ਸੋਹਿਲੇ ਗਾਉਣ ਦੀ ਕੋਸ਼ਿਸ਼ ’ਚ ਹੈ?
ਉੱਤਰ – ਹੁਨਰਮੰਦ।
ਪ੍ਰਸ਼ਨ 7. ਦੇਸ਼ ਦੇ ਲੋਕ ਕਿਸ ਤਰ੍ਹਾਂ ਆਪਣੀ ਤਕਦੀਰ ਬਦਲ ਸਕਦੇ ਹਨ?
ਉੱਤਰ – ਮਿਹਨਤ ਨਾਲ਼।
ਪ੍ਰਸ਼ਨ 8. ਜਿਸ ਦੇਸ਼ ਦੇ ਲੋਕ ਨਾ ਜ਼ੁਲਮ ਕਰਨ ਤੇ ਨਾ ਹੀ ਸਹਿਣ, ਉਹ ਦੇਸ ਕਿਹੋ-ਜਿਹਾ ਹੁੰਦਾ ਹੈ?
ਉੱਤਰ – ਮਹਾਨ।
ਪ੍ਰਸ਼ਨ 9. ਆਪਣੀ ਅਣਖ ਦੀ ਆਪ ਸੰਭਾਲ਼ ਕਰਨ ਨਾਲ਼ਾ ਦੇਸ ਕਿਹੋ-ਜਿਹਾ ਹੁੰਦਾ ਹੈ?
ਉੱਤਰ – ਸਵਰਗ ਸਮਾਨ।
ਪ੍ਰਸ਼ਨ 10. ਜਿਸ ਦੇਸ਼ ਦੇ ਲੋਕ ਮਿਹਨਤ ਨਾਲ਼ ਆਪਣੀ ਤਕਦੀਰ ਬਦਲ ਲੈਂਦੇ ਹਨ, ਉਹ ਦੇਸ ਕਿਹੋ-ਜਿਹਾ ਹੁੰਦਾ ਹੈ?
ਉੱਤਰ – ਮਹਾਨ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037