10. ਨੰਦ ਲਾਲ ਨੂਰਪੁਰੀ
1. ਮਾਤਾ ਗੁਜਰੀ ਜੀ
(ੳ) ਅੱਧੀ ਰਾਤੀਂ ਮਾਂ ਗੁਜਰੀ, ਬੈਠੀ, ਘੋੜੀਆਂ ਚੰਦਾਂ ਦੀਆਂ ਗਾਵੇ।
ਅੱਖੀਆਂ ਦੇ ਤਾਰਿਆਂ ਦਾ , ਮੈਨੂੰ ਚਾਨਣਾ ਨਜ਼ਰ ਨਾ ਆਵੇ।
ਨੀ ਕੱਲ੍ਹ ਜਦੋਂ ਸੌਣ ਲੱਗੀ, ਮੇਰੇ ਕੋਲ਼ ਹੀਰਿਆਂ ਦੀ ਜੋੜੀ।
ਪਿੰਡਿਆਂ ‘ਤੇ ਹੱਥ ਫੇਰ ਕੇ, ਮੈਂ ਆਖਿਆ ਵੰਡੂੰਗੀ ਲੋਹੜੀ
ਢਿੱਡ ਦਾ ਸੇਕ ਬੁਰਾ, ਨੀ ਮੈਥੋਂ ਝੱਲਿਆ ਨਾ ਜਾਵੇ
ਅੱਧੀ ਰਾਤੀਂ ਮਾਂ ਗੁਜਰੀ …………………………..।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਮਾਤਾ ਗੁਜਰੀ ਜੀ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਰਾਹੀਂ ਕਵੀ ਨੇ ਸਰਹੰਦ ਵਿਖੇ ਨੀਹਾਂ ਵਿੱਚ ਚਿਣਕੇ ਸ਼ਹੀਦ ਕੀਤੇ ਗਏ ਛੋਟੇ ਸਾਹਿਬਜ਼ਾਦਿਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਕਿ ਅੱਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਪੋਤਰਿਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਬਿਆਨ ਕਰ ਰਹੀ ਸੀ। ਅੱਜ ਉਸ ਨੂੰ ਆਪਣੀਆਂ ਅੱਖਾਂ ਦੇ ਤਾਰੇ ਆਪਣੇ ਪੋਤੇ ਨਜ਼ਰ ਨਹੀਂ ਆ ਰਹੇ। ਕਲ੍ਹ ਸੌਣ ਦੇ ਵਕਤ ਜਦੋਂ ਉਸ ਦੇ ਹੀਰਿਆਂ ਵਰਗੇ ਪੋਤਿਆਂ ਦੀ ਜੋੜੀ ਉਸ ਕੋਲ਼ ਹੀ ਸੀ, ਤਾਂ ਉਹ ਉਨ੍ਹਾਂ ਦੇ ਪਿੰਡਿਆਂ ਉੱਤੇ ਹੱਥ ਫੇਰਦੀ ਹੋਈ ਲੋਹੜੀ ਵੰਡ ਕੇ ਖ਼ੁਸ਼ੀ ਮੰਨਾਉਣ ਦੀ ਗੱਲ ਕਰਦੀ ਹੈ, ਪਰ ਅੱਜ ਉਹ ਉਸ ਕੋਲ਼ੋਂ ਸਦਾ ਲਈ ਚਲੇ ਗਏ। ਪੋਤਿਆਂ ਨਾਲ਼ ਵਿਛੋੜੇ ਦੇ ਦਰਦ ਨੂੰ ਸਹਿਣਾ ਮਾਤਾ ਗੁਜਰੀ ਜੀ ਲਈ ਲਈ ਬਹੁਤ ਦੁਖਦਾਈ ਹੈ। ਇਸ ਤਰ੍ਹਾਂ ਅੱਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਚੁੱਕੇ ਪੋਤਰਿਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਬਿਆਨ ਕਰ ਰਹੀ ਸੀ।
(ਅ) ਸੁਫ਼ਨਾ ਸੱਚ ਹੋ ਗਇਆ, ਮੇਰੇ ਨਾਲ਼ ਝਗੜ ਪਈ ਹੋਣੀ
ਇੱਟ ਉੱਤੇ ਇੱਟ ਰੱਖ ਕੇ, ਤੇਰੇ ਹੀਰਿਆਂ ਦੀ ਚਮਕ ਲਕੋਣੀ
ਨੀ ਛਾਤੀ ਨਾਲ਼ ਮੈਂ ਲਾ ਲਏ, ਜਾਂ ਉਹ ਉੱਛਲੀ ਭਰਨ ਕਲ਼ਾਵੇ
ਅੱਧੀ ਰਾਤੀਂ ਮਾਂ ਗੁਜਰੀ……………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਮਾਤਾ ਗੁਜਰੀ ਜੀ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਰਾਹੀਂ ਕਵੀ ਨੇ ਸਰਹੰਦ ਵਿਖੇ ਨੀਹਾਂ ਵਿੱਚ ਚਿਣਕੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦਿਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਕਿ ਅੱਜ ਮਾਤਾ ਗੁਜਰੀ ਜੀ ਦਾ ਤਾਂ ਉਹ ਭਿਆਨਕ ਸੁਪਨਾ ਸੱਚ ਹੋ ਗਿਆ ਹੈ, ਜਿਸ ਵਿੱਚ ਉਸ ਨਾਲ਼ ਹੋਣੀ ਝਗੜ ਪਈ ਸੀ ਅਤੇ ਕਹਿਣ ਲੱਗੀ ਕਿ ਉਸ ਨੇ ਉਸ ਦੇ ਹੀਰਿਆਂ ਵਰਗੇ ਪੋਤਰਿਆਂ ਦੀ ਚਮਕ ਨੂੰ ਇੱਟਾਂ ਹੇਠ ਚਿਣ ਕੇ ਲੁਕੋ ਦੇਣਾ ਹੈ। ਜਦੋਂ ਹੋਣੀ ਮਾਤਾ ਜੀ ਦੇ ਪੋਤਰਿਆਂ ਨੂੰ ਖੋਹਣ ਲਈ ਉਹਨਾਂ ਵੱਲ ਕਲਾਵੇ ਵਿੱਚ ਲੈਣ ਲਈ ਉਛਲੀ ਤਾਂ ਮਾਤਾ ਗੁਜਰੀ ਨੇ ਆਪਣੇ ਪੋਤਿਆਂ ਨੂੰ ਬਚਾਉਣ ਲਈ ਛਾਤੀ ਨਾਲ਼ ਲਾ ਲਿਆ ਸੀ। ਇਸ ਤਰ੍ਹਾਂ ਅੱਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਗਏ ਪੋਤਰਿਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਬਿਆਨ ਕਰ ਰਹੀ ਸੀ।
(ੲ) ਇੱਕ ਦਿਨ ਪੁੱਛਦੇ ਸੀ, ਦਾਦੀ ਪਿਤਾ ਜੀ ਕੋਲ਼ ਕਦ ਜਾਣਾ
ਐਤਕੀਂ ਤਾਂ ਰੱਜ-ਰੱਜ ਕੇ, ਅਸੀਂ ਹੱਸ-ਹੱਸ ਗਲ਼ ਲੱਗ ਜਾਣਾ।
ਇੱਕ ਇੱਕ ਬੋਲ ਚੰਦਰਾ, ਨੀ ਮੇਰੇ ਧੂਹ ਕਾਲਜੇ ਨੂੰ ਪਾਵੇ।
ਅੱਧੀ ਰਾਤੀਂ ਮਾਂ ਗੁਜਰੀ……………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਮਾਤਾ ਗੁਜਰੀ ਜੀ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਰਾਹੀਂ ਕਵੀ ਨੇ ਸਰਹੰਦ ਵਿਖੇ ਨੀਹਾਂ ਵਿੱਚ ਚਿਣਕੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦਿਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਕਿ ਮਾਤਾ ਗੁਜਰੀ ਜੀ ਨੂੰ ਇੱਕ ਦਿਨ ਉਸ ਦੇ ਇਹ ਦੋਵੇਂ ਪੋਤਰੇ ਪੁੱਛ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਪਿਤਾ ਜੀ ਕੋਲ਼ ਕਦੋਂ ਜਾਣਾ ਹੈ। ਐਤਕੀਂ ਜਦੋਂ ਉਹ ਉਨ੍ਹਾਂ ਕੋਲ਼ ਗਏ, ਤਾਂ ਉਹ ਹੱਸ-ਹੱਸ ਕੇ ਤੇ ਰੱਜ-ਰੱਜ ਕੇ ਉਨ੍ਹਾਂ ਦੇ ਗਲੇ ਨਾਲ਼ ਲੱਗਣਗੇ। ਪੋਤਿਆਂ ਦੇ ਕਹੇ ਇਹ ਸ਼ਬਦ ਮਾਤਾ ਜੀ ਦੇ ਕਲੇਜੇ ਨੂੰ ਦਰਦ ਨਾਲ਼ ਵਿੰਨ ਰਹੇ ਸੀ। ਇਸ ਤਰ੍ਹਾਂ ਅੱਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਪੋਤਰਿਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਬਿਆਨ ਕਰ ਰਹੀ ਸੀ।
(ਸ) ਕੱਲ੍ਹ ਮੇਰੇ ਕੋਲ਼ ਵੱਸਦੇ, ਅੱਜ ਨਜ਼ਰ ਕਿਤੇ ਨਾ ਆਂਦੇ,
ਨਿੱਕੇ-ਨਿੱਕੇ ਓਦਰੇ ਹੋਏ, ਕੀਹਨੂੰ ਹੋਣਗੇ ਦਰਦ ਸੁਣਾਂਦੇ।
ਵੇ ਲੱਭ ਤੇ ਸਹੀ ‘ਨੂਰਪੁਰੀ’, ਮੇਰੇ ਨੈਣਾਂ ਨੂੰ ਨੀਂਦ ਨਾ ਆਵੇ।
ਅੱਧੀ ਰਾਤੀਂ ਮਾਂ ਗੁਜਰੀ……………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਮਾਤਾ ਗੁਜਰੀ ਜੀ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਰਾਹੀਂ ਕਵੀ ਨੇ ਸਰਹੰਦ ਵਿਖੇ ਨੀਹਾਂ ਵਿੱਚ ਚਿਣਕੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦਿਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਕਿ ਕੱਲ੍ਹ ਮਾਤਾ ਗੁਜਰੀ ਜੀ ਦੇ ਪੋਤੇ ਉਸ ਦੇ ਕੋਲ਼ ਸਨ ਪਰ ਅੱਜ ਕਿਧਰੇ ਵੀ ਨਹੀਂ ਦਿਖ ਰਹੇ। ਸਾਹਿਬਜਾਦਿਆਂ ਦੀ ਉਮਰ ਬਹੁਤ ਛੋਟੀ ਸੀ, ਏਨੀ ਛੋਟੀ ਉਮਰ ਵਿੱਚ ਵਿਛੜ ਕੇ ਓਦਰੇ ਹੋਏ ਉਹ ਆਪਣਾ ਦੁੱਖ-ਦਰਦ ਕਿਸ ਨਾਲ਼ ਵੰਡਾਉਣਗੇ। ਕਵੀ ਨੂਰਪੁਰੀ ਤੂੰ ਕਿਧਰੋਂ ਲੱਭ ਲਿਆ ਮਾਂ ਦੇ ਲਾਲਾਂ ਨੂੰ ਕਿਉਂਕਿ ਮਾਤਾ ਗੁਜਰੀ ਜੀ ਨੂੰ ਉਹਨਾਂ ਨਾਲ਼ ਵਿਛੜ ਕੇ ਨੀਂਦ ਨਹੀਂ ਆ ਰਹੀ। ਇਸ ਤਰ੍ਹਾਂ ਅੱਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਪੋਤਰਿਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਬਿਆਨ ਕਰ ਰਹੀ ਸੀ।
ਕੇਂਦਰੀ ਭਾਵ
ਮਾਤਾ ਗੁਜਰੀ ਜੀ ਨੇ ਆਪਣੇ ਪਿਆਰੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਸ਼ਹੀਦ ਕੀਤੇ ਜਾਣ ਤੇ ਵਿਛੋੜੇ ਦਾ ਦਰਦ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ।
2. ਜੀਉਂਦੇ ਭਗਵਾਨ
(ੳ) ਓ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ ਦੀ ਖ਼ਾਤਰ ਵਾਰ ਗਏ ਜੋ ਪਿਆਰੀਆਂ-ਪਿਆਰੀਆਂ ਜਾਨਾਂ ਨੂੰ।
ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਂਵਾਂ ਦੇ
ਚਾਅ ਜਿਨ੍ਹਾਂ ਦੇ ਮਿਲ਼ਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ
ਬੁੱਢੇ ਬਾਪੂ ਖੜ੍ਹੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ
ਓ ਦੁਨੀਆ ਦੇ……………………………….।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਜੀਉਂਦੇ ਭਗਵਾਨ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਕਵੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲ਼ੇ ਦੇਸ਼-ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ – ਕਵੀ ਆਪਣੇ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਦੁਨੀਆ ਦੇ ਲੋਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਪਿਆਰੀ ਜਾਨ ਨੂੰ ਕੁਰਬਾਨ ਕਰ ਗਏ ਹਨ। ਇਹ ਸ਼ਹੀਦ ਸਰੋਂ ਦੇ ਫੁੱਲਾਂ ਵਰਗੇ ਸੋਹਣੇ ਤੇ ਸੋਨੇ ਵਰਗੇ ਕੀਮਤੀ ਆਪਣੀਆਂ ਮਾਵਾਂ ਦੇ ਹੀਰੇ ਪੁੱਤਰ ਸਨ। ਇਹਨਾਂ ਦੇਸ਼ ਲਈ ਕੁਰਬਾਨ ਹੋਣ ਵਾਲ਼ਿਆਂ ਦੇ ਭੈਣ-ਭਰਾਵਾਂ ਦੇ ਚਾਅ ਉਨ੍ਹਾਂ ਨੂੰ ਮਿਲ਼ਣ ਲਈ ਵਿਰਲਾਪ ਕਰ ਰਹੇ ਹਨ ਅਤੇ ਇਹਨਾਂ ਗੱਭਰੂ ਜਵਾਨ ਪੁੱਤਰਾਂ ਨੂੰ ਉਹਨਾਂ ਦੇ ਬੁੱਢੇ ਮਾਂ-ਬਾਪ ਖੜ੍ਹੇ ਉਡੀਕ ਰਹੇ ਹਨ। ਇਸ ਲਈ ਲੋਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਪਿਆਰੀ ਜਾਨ ਤੱਕ ਕੁਰਬਾਨ ਕਰ ਗਏ ਹਨ।
(ਅ) ਕਈ ਨਾਰਾਂ ਦੇ ਫੁੱਲਾਂ ਵਰਗੇ, ਹਾਲੇ ਰੂਪ ਨਰੋਏ ਨੇ
ਸਗਨਾਂ ਦੇ ਹੱਥਾਂ ਵਿੱਚ ਗਾਨੇ, ਚਾਅ ਨਾ ਪੂਰੇ ਹੋਏ ਨੇ
ਦਿਲ ਦੇ ਵਿੱਚ ਲੁਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆ ਦੇ……………………………….।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਜੀਉਂਦੇ ਭਗਵਾਨ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਕਵੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲ਼ੇ ਦੇਸ਼-ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ – ਕਵੀ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਦੁਨੀਆ ਦੇ ਲੋਕੋ ਇਹਨਾਂ ਦੇਸ਼ ਲਈ ਸ਼ਹੀਦ ਹੋਣ ਵਾਲ਼ੇ ਕਈ ਗੱਭਰੂਆਂ ਦੀਆਂ ਪਤਨੀਆਂ ਦਾ ਰੰਗ-ਰੂਪ ਤਾਂ ਅਜੇ ਫੁੱਲਾਂ ਵਾਂਗ ਨਰੋਆ ਹੀ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਅਜੇ ਸ਼ਗਨਾਂ ਦੇ ਗਾਨੇ ਬੱਧੇ ਹੋਏ ਸਨ ਅਤੇ ਉਨ੍ਹਾਂ ਦੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਸਨ ਹੋਏ। ਉਹ ਸਜ-ਵਿਆਹੀਆਂ ਆਪਣੇ ਦਿਲ ਵਿੱਚ ਲੱਖਾਂ ਸੁਪਨੇ ਲੁਕਾਈ ਬੈਠੀਆਂ ਸਨ। ਇਸ ਲਈ ਲੋਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਪਿਆਰੀ ਜਾਨ ਤੱਕ ਕੁਰਬਾਨ ਕਰ ਗਏ ਹਨ।
(ੲ) ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਏ
ਤਰ੍ਹਾਂ-ਤਰ੍ਹਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫ਼ਾਨਾਂ ਨੂੰ
ਓ ਦੁਨੀਆ ਦੇ ………………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਜੀਉਂਦੇ ਭਗਵਾਨ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਕਵੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲ਼ੇ ਦੇਸ਼-ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ – ਕਵੀ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਦੁਨੀਆ ਦੇ ਲੋਕੋ ਜੀਵਨ ਨੂੰ ਜਿਉਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਅਤੇ ਆਪਣੇ ਚੰਗੇ ਜੀਵਨ ਲਈ ਹਰ ਬੰਦਾ ਕਈ ਪ੍ਰਕਾਰ ਦੇ ਹੱਥਕੰਡੇ ਵਰਤਦਾ ਹੈ। ਪਰ ਅਸਲ ਵਿੱਚ ਉਸ ਬੰਦੇ ਦਾ ਹੀ ਅਸਲੀ ਜੀਉਣਾ ਹੁੰਦਾ ਹੈ, ਜੋ ਤੂਫ਼ਾਨਾਂ ਨੂੰ ਵੀ ਰੋਕਣ ਦੀ ਹਿੰਮਤ ਕਰਦਾ ਹੈ। ਇਸ ਲਈ ਲੋਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਪਿਆਰੀ ਜਾਨ ਤੱਕ ਕੁਰਬਾਨ ਕਰ ਗਏ ਹਨ।
(ਸ) ਸ਼ੇਰਾਂ ਦੀ ਛਾਤੀ ‘ਤੇ ਬਹਿ ਕੇ, ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿੱਚ ਡੁੱਬ ਕੇ , ਗੋਰੀ ਚਮੜੀ ਰੰਗੀ ਏ
ਨਵੀਂ ਦੇਸ ‘ਤੇ ਰੰਗਣ ਚਾੜ੍ਹੀ, ਪੂਜੋ ਉਹਨਾਂ ਭਗਵਾਨਾਂ ਨੂੰ
ਓ ਦੁਨੀਆ ਦੇ ………………………………I
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਜੀਉਂਦੇ ਭਗਵਾਨ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਕਵੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲ਼ੇ ਦੇਸ਼-ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ – ਕਵੀ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਜਿਨ੍ਹਾਂ ਗੱਭਰੂਆਂ ਨੇ ਸ਼ੇਰਾਂ ਵਰਗੇ ਖੂੰਖਾਰ ਦੁਸ਼ਮਣਾਂ ਦੀ ਛਾਤੀ ਉੱਤੇ ਬੈਠ ਕੇ ਆਪਣੀ ਮੌਤ ਆਪ ਹੀ ਮੰਗ ਲਈ ਅਤੇ ਦੇਸ਼ ਲਈ ਆਪਣਾ ਖ਼ੂਨ ਵਹਾ ਕੇ ਉਸ ਵਿੱਚ ਆਪਣੀ ਗੋਰੀ ਚਮੜੀ ਨੂੰ ਡਬੋ ਕੇ ਰੰਗ ਲਿਆ। ਜਿਨ੍ਹਾਂ ਨੇ ਆਪਣੀ ਕੁਰਬਾਨੀ ਤੇ ਕਾਰਨਾਮਿਆਂ ਨਾਲ਼ ਆਪਣੇ ਦੇਸ਼ ਨੂੰ ਨਵੀਂ ਰੰਗਤ ਚਾੜ੍ਹ ਦਿੱਤੀ। ਸਾਨੂੰ ਉਹਨਾਂ ਨੇਕ ਇਨਸਾਨਾਂ ਦੀ ਹੀ ਪੂਜਾ ਕਰਨੀ ਚਾਹੀਦੀ ਹੈ।
(ਹ) ਜੀਉਣਾ ਹੁੰਦਾ ਓਸ ਮਰਦ ਦਾ ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖ਼ਾਤਰ, ਜੀਵਨ ਅਰਪਣ ਕਰਦਾ ਏ
‘ਨੂਰਪੁਰੀ’ ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆ ਦੇ ………………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਜੀਉਂਦੇ ਭਗਵਾਨ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਕਵੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲ਼ੇ ਦੇਸ਼-ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ – ਕਵੀ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਅਸਲ ਵਿੱਚ ਜੀਉਣਾ ਉਸ ਬੰਦੇ ਦੀ ਹੀ ਹੁੰਦਾ ਹੈ, ਜੋ ਕਿਸੇ ਦੂਸਰੇ ਲਈ ਆਪਣੀ ਜਾਨ ਵਾਰਦਾ ਹੈ ਅਤੇ ਆਪਣੇ ਦੇਸ਼ ਅਤੇ ਕੌਮ ਦੀ ਖ਼ਾਤਰ ਆਪਣਾ ਜੀਵਨ ਤੱਕ ਅਰਪਨ ਕਰ ਦਿੰਦਾ ਹੈ । ਕਵੀ ਨੂਰਪੁਰੀ ਕਹਿੰਦਾ ਇਹਨਾਂ ਤੋਂ ਬਿਨਾਂ ਸਾਨੂੰ ਕਿਸੇ ਨੂੰ ਨਹੀਂ ਪੂਜਣਾ ਚੀਹੀਦਾ ਜੋ ਧਰਮ ਦੇ ਨਾਂ ਤੇ ਝੂਠ ਦੀਆਂ ਦੁਕਾਨਾਂ ਬਣਾ ਕੇ ਬੈਠੇ ਹਨ ਸਾਨੂੰ ਇਹਨਾ ਝੂਠ ਦੀਆਂ ਦੁਕਾਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੇਕ ਇਨਸਾਨਾਂ ਦੀ ਜੋ ਪੂਜਾ ਕਰਨੀ ਚਾਹੀਦੀ ਹੈ ਜੋ ਦੇਸ਼ ਲਈ ਆਪਣੀ ਕੀਮਤੀ ਤੇ ਪਿਆਰੀ ਜਾਨ ਤੱਕ ਕੁਰਬਾਨ ਕਰ ਗਏ ਹਨ।
ਕੇਂਦਰੀ ਭਾਵ
ਦੇਸ਼ ਲਈ ਆਪਣੀ ਜਾਨ ਕੁਰਬਾਨ ਵਾਲ਼ੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਹੁਤ ਦੁੱਖ ਸਹਿਣੇ ਪੈਂਦੇ ਹਨ, ਪਰ ਇਹ ਨੇਕ ਇਨਸਾਨਾਂ ਦਾ ਜਿਉਣਾ ਹੀ ਅਸਲ ਜੀਵਨ ਕਹਾਉਂਦਾ ਹੈ ਅਤੇ ਅਜਿਹੇ ਵਿਅਕਤੀ ਹੀ ਪੂਜਣ-ਯੋਗ ਹੁੰਦੇ ਹਨ।
3. ਰਾਵੀ ਤੇ ਝਨਾਂ
(ੳ) ਮੇਰੇ ਸਹੁਰਿਆਂ ਨੇ ਜਿਦ-ਜਿਦ ਨਾਂ ਰੱਖਿਆ, ਕਿਨੇ ਰਾਵੀ ਰੱਖਿਆ ਤੇ ਝਨਾਂ ਰੱਖਿਆ।
ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਹੱਸ ਕੇ, ਝੱਟ ਵੇਲਾਂ ਨਾਲ਼ ਭਰ ਗਏ ਨਸੀਬ ਸੱਸ ਦੇ।
ਸਾਡੀ ਧੁੱਪ ਨੂੰ ਬਣਾਈ ਲੋਕਾਂ ਛਾਂ ਰੱਖਿਆ, ਮੇਰੇ ਸਹੁਰਿਆਂ ਨੇ ………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਰਾਵੀ ਤੇ ਝਨਾਂ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਖ਼ੂਬਸੂਰਤ ਮੁਟਿਆਰ ਸਭ ਲਈ ਪਿਆਰ-ਵੰਡਣ ਵਾਲ਼ੀ, ਨੱਚਣ ਵਿੱਚ ਮੁਹਾਰਤ ਰੱਖਣ ਵਾਲ਼ੀ ਤੇ ਸਭ ਦੀ ਪ੍ਰਸੰਸਾ ਦੀ ਪਾਤਰ ਬਣ ਕੇ ਆਨੰਦ ਪ੍ਰਾਪਤ ਕਰਦੀ ਹੈ।
ਵਿਆਖਿਆ – ਮੁਟਿਆਰ ਆਖਦੀ ਹੈ ਕਿ ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਦਿਆਂ ਕਿਸੇ ਨੇ ਰਾਵੀ ਤੇ ਕਿਸੇ ਨੇ ਝਨਾਂ ਰੱਖਿਆ। ਜਦੋਂ ਮੈਂ ਨਵ-ਵਿਆਹੀ ਆਈ ਨੇ ਹੱਸਦਿਆਂ ਆਪਣੇ ਚਿਹਰੇ ਤੋਂ ਫੁੱਲਾਂ ਦੀ ਕਢਾਈ ਵਾਲ਼ੀ ਚੁੰਨੀ ਦਾ ਪੱਲਾ ਹਟਾਇਆ ਤਾਂ ਮੇਰੀ ਸੱਸ ਦੇ ਭਾਗ ਹਰੀਆਂ-ਭਰੀਆਂ ਵੇਲਾਂ ਵਾਂਗ ਖ਼ੁਸ਼ੀਆਂ ਨਾਲ਼ ਭਰ ਗਏ। ਲੋਕ ਮੇਰੇ ਸੁਹੱਪਣ ਤੇ ਪਿਆਰ ਦੀ ਧੁੱਪ ਨੂੰ ਵੀ ਛਾਂ ਵਾਂਗ ਮਹਿਸੂਸ ਕਰਨ ਲੱਗ ਪਏ। ਇਸ ਤਰ੍ਹਾਂ ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਿਆ।
(ਅ) ਉੱਥੇ ਸੌਣ ਦੇ ਮਹੀਨੇ ਵਿੱਚ ਤੀਆਂ ਲੱਗੀਆਂ, ਸਾਡੇ ਵਿੱਚ ਕੋਈ ਨਾ ਠੱਗ ਫੇਰ ਹੋਈਆਂ ਠੱਗੀਆਂ।
ਫੇਰ ਠੱਗੀਆਂ ਦਾ ਮੇਰੇ ‘ਤੇ ਨਿਆਂ ਰੱਖਿਆ, ਮੇਰੇ ਸਹੁਰਿਆਂ ਨੇ ………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਰਾਵੀ ਤੇ ਝਨਾਂ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਖ਼ੂਬਸੂਰਤ ਮੁਟਿਆਰ ਸਭ ਲਈ ਪਿਆਰ-ਵੰਡਣ ਵਾਲ਼ੀ, ਨੱਚਣ ਵਿੱਚ ਮੁਹਾਰਤ ਰੱਖਣ ਵਾਲ਼ੀ ਤੇ ਸਭ ਦੀ ਪ੍ਰਸੰਸਾ ਦੀ ਪਾਤਰ ਬਣ ਕੇ ਆਨੰਦ ਪ੍ਰਾਪਤ ਕਰਦੀ ਹੈ।
ਵਿਆਖਿਆ – ਮੁਟਿਆਰ ਕਹਿੰਦੀ ਹੈ ਕਿ ਮੇਰੇ ਸਹੁਰੇ ਪਿੰਡ ਵਿੱਚ ਜਦ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਆਇਆ ਤਾਂ ਅਸੀਂ ਇਕੱਠੀਆਂ ਹੋ ਕੇ ਤੀਆਂ ਵਿੱਚ ਗਿੱਧਾ ਪਾਇਆ। ਅਸੀਂ ਕੋਈ ਵੀ ਠੱਗਣੀ ਨਹੀਂ ਸਾਂ, ਪਰ ਫਿਰ ਵੀ ਸਾਡੇ ਹੁਸਨ ਤੇ ਅਦਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੇ ਦਿਲਾਂ ਨੂੰ ਠੱਗ ਲਿਆ ਅਤੇ ਠੱਗੇ ਹੋਏ ਨੌਜਵਾਨਾਂ ਨੇ ਮੇਰੇ ਤੋਂ ਨਿਆਂ ਦੀ ਆਸ ਵੀ ਕੀਤੀ। ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਿਆ।
(ੲ) ਮੈਨੂੰ ਮੱਲੋ-ਮੱਲੀ ਗਿੱਧੇ ‘ਚ ਨਚੌਣ ਵਾਲ਼ੀਆਂ, ਸੱਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲ਼ੀਆਂ।
ਸਾਰਾ ਹੱਥਾਂ ਤੇ ਨਚਾਈ ਮੈਂ ਗਿਰਾਂ ਰੱਖਿਆ, ਮੇਰੇ ਸਹੁਰਿਆਂ ਨੇ ………………………।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਰਾਵੀ ਤੇ ਝਨਾਂ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਖ਼ੂਬਸੂਰਤ ਮੁਟਿਆਰ ਸਭ ਲਈ ਪਿਆਰ-ਵੰਡਣ ਵਾਲ਼ੀ, ਨੱਚਣ ਵਿੱਚ ਮੁਹਾਰਤ ਰੱਖਣ ਵਾਲ਼ੀ ਤੇ ਸਭ ਦੀ ਪ੍ਰਸੰਸਾ ਦੀ ਪਾਤਰ ਬਣ ਕੇ ਆਨੰਦ ਪ੍ਰਾਪਤ ਕਰਦੀ ਹੈ।
ਵਿਆਖਿਆ – ਮੁਟਿਆਰ ਕਹਿੰਦੀ ਹੈ ਕਿ ਤੀਆਂ ਦੇ ਗਿੱਧੇ ਵਿੱਚ ਜਿਨ੍ਹਾਂ ਨੇ ਮੈਨੂੰ ਜਬਰਦਸਤੀ ਨਾਲ਼ ਨੱਚਣ ਲਾਇਆ ਸੀ ਉਹ ਮੇਰੇ ਨਾਚ ਨੂੰ ਵੇਖ ਕੇ ਸਾਰੀਆਂ ਗਿੱਧਾ ਪਾਉਂਦੀਆਂ ਬੇਹੋਸ਼ ਹੋ ਗਈਆਂ। ਮੈਂ ਸਹੁਰਿਆਂ ਦੇ ਪਿੰਡ ਤੀਆਂ ਵਿੱਚ ਨੱਚਦੀ ਨੇ ਸਾਰਾ ਪਿੰਡ ਆਪਣੇ ਹੱਥਾਂ ‘ਤੇ ਨਚਾਈ ਰੱਖਿਆ। ਇਸ ਤਰ੍ਹਾਂ ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਿਆ।
(ਸ) ਮੈਨੂੰ ਝਾਂਜਰਾਂ ਘੜਾ ਕੇ ਉਹਨਾਂ ਹੋਰ ਦਿੱਤੀਆਂ, ਨੀ ਉਹ ਮਿੱਥ-ਮਿੱਥ ਗਿੱਧਿਆਂ ਦੇ ਪਿੜ ਜਿੱਤੀਆਂ।
ਮੇਰਾ ਰੂਪ ਵਡਿਆਈ ਹਰ ਥਾਂ ਰੱਖਿਆ, ਮੇਰੇ ਸਹੁਰਿਆਂ ਨੇ …………………….… I
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਰਾਵੀ ਤੇ ਝਨਾਂ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਖ਼ੂਬਸੂਰਤ ਮੁਟਿਆਰ ਸਭ ਲਈ ਪਿਆਰ-ਵੰਡਣ ਵਾਲ਼ੀ, ਨੱਚਣ ਵਿੱਚ ਮੁਹਾਰਤ ਰੱਖਣ ਵਾਲ਼ੀ ਤੇ ਸਭ ਦੀ ਪ੍ਰਸੰਸਾ ਦੀ ਪਾਤਰ ਬਣ ਕੇ ਆਨੰਦ ਪ੍ਰਾਪਤ ਕਰਦੀ ਹੈ।
ਵਿਆਖਿਆ – ਮੁਟਿਆਰ ਕਹਿੰਦੀ ਹੈ ਕਿ ਮੈਨੂੰ ਮੇਰੇ ਸਹੁਰਿਆਂ ਨੇ ਤੀਆਂ ਦੇ ਗਿੱਧੇ ਵਿੱਚ ਨੱਚਣ ਲਈ ਨਵੀਆਂ ਝਾਂਜਰਾਂ ਬਣਵਾ ਕੇ ਦਿੱਤੀਆਂ ਅਤੇ ਮੇਰੀਆਂ ਝਾਂਜਰਾਂ ਨੇ ਮਿੱਥ-ਮਿੱਥ ਕੇ ਗਿੱਧੇ ਦੇ ਪਿੜ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਤੇ ਨਾਲ਼ ਹੀ ਮੇਰੇ ਰੂਪ ਤੇ ਖ਼ੂਬਸੂਰਤੀ ਦੀ ਹਰ ਥਾਂ ਪ੍ਰਸੰਸਾ ਵੀ ਕਰਵਾਈ। ਇਸ ਤਰ੍ਹਾਂ ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਿਆ।
(ਹ) ਮੇਰੇ ‘ਨੂਰਪੁਰੀ’ ਭਾਗਾਂ ਦੇ ਹਿਸਾਬ ਦੱਸਦਾ, ਮੇਰੀ ਆਰਸੀ ਦੇ ਸ਼ੀਸ਼ੇ ‘ਚ ਪੰਜਾਬ ਵੱਸਦਾ।
ਉਹਨੇ ਨਵੇਂ ਗੀਤ ਦੇਣ ਦਾ ਹਿਆਂ ਰੱਖਿਆ, ਮੇਰੇ ਸਹੁਰਿਆਂ ਨੇ……………………….।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ‘ਰਾਵੀ ਤੇ ਝਨਾਂ’ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਖ਼ੂਬਸੂਰਤ ਮੁਟਿਆਰ ਸਭ ਲਈ ਪਿਆਰ-ਵੰਡਣ ਵਾਲ਼ੀ, ਨੱਚਣ ਵਿੱਚ ਮੁਹਾਰਤ ਰੱਖਣ ਵਾਲ਼ੀ ਤੇ ਸਭ ਦੀ ਪ੍ਰਸੰਸਾ ਦੀ ਪਾਤਰ ਬਣ ਕੇ ਆਨੰਦ ਪ੍ਰਾਪਤ ਕਰਦੀ ਹੈ।
ਵਿਆਖਿਆ – ਮੁਟਿਆਰ ਕਹਿੰਦੀ ਹੈ ਕਿ ਲੇਖਕ ਨੂਰਪੁਰੀ ਆਪਣੇ ਗੀਤਾਂ ਰਾਹੀਂ ਮੈਨੂੰ ਚੰਗੇ ਭਾਗਾਂ ਨਾਲ਼ ਮਿਲ਼ੇ ਸੁਹਰੇ ਘਰ ਵਿੱਚ ਮਾਣ ਤੇ ਪਿਆਰ ਦਾ ਹਿਸਾਬ ਦੱਸਦਾ ਹੈ ਕਿ ਮੇਰੀ ਆਰਸੀ ਦੇ ਸ਼ੀਸ਼ੇ ਵਿੱਚ ਸਾਰਾ ਪੰਜਾਬੀ ਸਭਿਆਚਾਰ ਵੱਸਦਾ ਦਿਖਾਈ ਦਿੰਦਾ ਹੈ। ਕਵੀ ਨੇ ਮੇਰੀ ਪ੍ਰਸੰਸਾ ਤੇ ਵਡਿਆਈ ਵਿੱਚ ਨਵੇਂ ਗੀਤ ਲਿਖਦੇ ਰਹਿਣ ਦਾ ਹੌਂਸਲਾ ਰੱਖਿਆ ਹੈ। ਇਸ ਤਰ੍ਹਾਂ ਚਾਵਾਂ ਨਾਲ਼ ਮੇਰੇ ਸਹੁਰਿਆਂ ਨੇ ਮੁਕਾਬਲੇ ਵਿੱਚ ਇੱਕ-ਦੂਜੇ ਤੋਂ ਸੋਹਣਾ ਤੇ ਢੁੱਕਵਾਂ ਮੇਰਾ ਨਾਂ ਰੱਖਿਆ।
ਕੇਂਦਰੀ ਭਾਵ
ਇੱਕ ਨਵ-ਵਿਆਹੀ ਖ਼ੂਬਸੂਰਤ ਮੁਟਿਆਰ ਆਪਣੇ ਸਹੁਰੇ ਘਰ ਵਿੱਚ ਆਪਣੀ ਨੱਚਣ ਦੀ ਕਲਾ ਤੇ ਸੁੰਦਰਤਾ ਕਾਰਨ ਪ੍ਰਸੰਸਾ ਦੀ ਪਾਤਰ ਬਣਦੀ ਹੈ ਤੇ ਹਰ ਕੋਈ ਉਸ ਦਾ ਆਦਰ-ਮਾਣ ਕਰਦਾ ਹੈ। ਇਸ ਤੋਂ ਮੁਟਿਆਰ ਨੂੰ ਵੀ ਬਹੁਤ ਖ਼ੁਸ਼ੀ ਮਿਲ਼ਦੀ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਨੰਦ ਲਾਲ ਨੂਰਪੁਰੀ ਦੀ ਕਿਸੇ ਇੱਕ ਰਚਨਾ ਦਾ ਨਾਂ ਲਿਖੋ।
ਉੱਤਰ – ਮਾਤਾ ਗੁਜਰੀ ਜੀ।
ਪ੍ਰਸ਼ਨ 2. ਮਾਤਾ ਗੁਜਰੀ ਕਿਹੜੇ ਚੰਨਾਂ ਦੀਆਂ ਘੋੜੀਆਂ ਗਾ ਰਹੀ ਸੀ?
ਉੱਤਰ – ਛੋਟੇ ਸਾਹਿਬਜ਼ਾਦਿਆਂ ਦੀਆਂ।
ਪ੍ਰਸ਼ਨ 3. ‘ਜੀਉਂਦੇ ਭਗਵਾਨ’ ਕਵਿਤਾ ਵਿੱਚ ਕਿਹੋ-ਜਿਹੇ ਭਾਵ ਅੰਕਿਤ ਹਨ?
ਉੱਤਰ – ਦੇਸ਼-ਭਗਤੀ ਦੇ।
ਪ੍ਰਸ਼ਨ 4. ‘ਜੀਉਂਦੇ ਭਗਵਾਨ’ ਕਵਿਤਾ ਵਿੱਚ ਕਵੀ ਕਿਸ ਦੀ ਪੂਜਾ ਕਰਨ ਲਈ ਕਹਿੰਦਾ ਹੈ?
ਉੱਤਰ – ਦੇਸ-ਕੌਮ ਦੇ ਸ਼ਹੀਦਾਂ ਦੀ।
ਪ੍ਰਸ਼ਨ 5. ਨਵੀਂ ਵਿਆਹੀ ਕੁੜੀ ਨੂੰ ਸਹੁਰੇ ਘਰ ਵਿੱਚ ਕੀ ਪ੍ਰਾਪਤ ਹੋਇਆ?
ਉੱਤਰ – ਪਿਆਰ ਤੇ ਮਾਣ।
ਪ੍ਰਸ਼ਨ 6. ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਕੁੜੀ ਨੂੰ ਨੱਚਣ ਲਈ ਕਿਹੜਾ ਗਹਿਣਾ ਬਣਵਾ ਕੇ ਦਿੱਤਾ?
ਉੱਤਰ – ਝਾਂਜਰਾਂ।
ਪ੍ਰਸ਼ਨ 7. ‘ਰਾਵੀਂ ਤੇ ਝਨਾਂ’ ਗੀਤ ਦੀ ਨਾਇਕਾ ਕੌਣ ਹੈ?
ਉੱਤਰ – ਨਵ-ਵਿਆਹੀ।
ਪ੍ਰਸ਼ਨ 8. ਮੁਟਿਆਰਾਂ ਦੀ ਆਰਸੀ ਦੇ ਸ਼ੀਸ਼ੇ ਵਿੱਚ ਕੀ ਵਸਦਾ ਦਿਖਾਈ ਦਿੰਦਾ ਹੈ?
ਉੱਤਰ – ਸਾਰਾ ਪੰਜਾਬ।
ਪ੍ਰਸ਼ਨ 9. ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਕੁੜੀ ਦੇ ਜਿਦ-ਜਿਦ ਕੀ ਨਾਂ ਰੱਖੇ ਗਏ?
ਉੱਤਰ – ਰਾਵੀ ਤੇ ਝਨਾਂ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037