ਪਾਠ 2 ਸੂਖ਼ਮਜੀਵ-ਦੋਸਤ ਅਤੇ ਦੁਸ਼ਮਣ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦਹੀਂ ਵਿਚ ਦਿਖਾਈ ਦਿੰਦੇ ਬੈਕਟੀਰੀਆ ਦਾ ਆਕਾਰ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-ਬੈਕਟੀਰੀਆ ਦਾ ਆਕਾਰ–ਛੜ ਆਕਾਰ ।
ਪ੍ਰਸ਼ਨ 2. ਉਨ੍ਹਾਂ ਜੀਵਾਣੂਆਂ ਦਾ ਨਾਂ ਦੱਸੋ ਜੋ ਦੁੱਧ ਨੂੰ ਦਹੀਂ ਵਿਚ ਬਦਲਦੇ ਹਨ ।
ਉੱਤਰ-ਦੁੱਧ ਤੋਂ ਦਹੀਂ ਵਿਚ ਬਦਲਣ ਵਾਲਾ ਬੈਕਟੀਰੀਆ-ਲੈਕਟੋਬੈਸੀਲਸ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਬਰੈੱਡ ਮੋਲਡ ਜਾਂ ਡਬਲਰੋਟੀ ਦੀ ਉੱਲੀ ਦਾ ਵਿਗਿਆਨਿਕ ਨਾਂ ਦੱਸੋ ।
ਉੱਤਰ—ਬਰੈੱਡ ਮੋਲਡ (ਡਬਲਰੋਟੀ ਦੀ ਉੱਲੀ) ਦਾ ਵਿਗਿਆਨਿਕ ਨਾਂ : ਰਾਈਜ਼ੋਪਸ ।
ਪ੍ਰਸ਼ਨ 2. ਕਿਸ ਮੌਸਮ ਵਿਚ ਸਾਡੇ ਘਰ ਦੀਆਂ ਬਹੁਤੀਆਂ ਚੀਜ਼ਾਂ ਨੂੰ ਉੱਲੀ ਲੱਗ ਜਾਂਦੀ ਹੈ ?
ਉੱਤਰ-ਗਰਮ ਸਿੱਲ੍ਹਾ ਮੌਸਮ (25°C ਤੋਂ 38°C ਤਾਪਮਾਨ) ਵਿਚ ਘਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਉੱਲੀ ਲੱਗ ਜਾਂਦੀ ਹੈ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਕਾਈ ਦਾ ਹਰਾ ਰੰਗ ਕਿਸ ਕਾਰਨ ਹੁੰਦਾ ਹੈ ?
ਉੱਤਰ—ਕਾਈ ਦਾ ਹਰਾ ਰੰਗ ਕਲੋਰੋਫਿਲ ਦੀ ਮੌਜੂਦਗੀ ਕਾਰਨ ਹੁੰਦਾ ਹੈ ।
ਪ੍ਰਸ਼ਨ 2. ਸਪਾਇਰੋਗਾਇਰਾ ਕਿੱਥੇ ਪਾਇਆ ਜਾਂਦਾ ਹੈ ?
ਉੱਤਰ-ਸਪਾਇਰੋਗਾਇਰਾ ਹਰੇ ਰੰਗ ਦੀ ਕਾਈ ਹੈ, ਜੋ ਛੱਪੜ ਵਿਚ ਉੱਗੀ ਹੁੰਦੀ ਹੈ ।
ਅਭਿਆਸ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ—
1. ………………………… ਨੂੰ ਸੂਖ਼ਮਦਰਸ਼ੀ ਯੰਤਰ ਦੀ ਸਹਾਇਤਾ ਦੇਖਿਆ ਜਾ ਸਕਦਾ ਹੈ ।
2. ……………………….. ਉਹ ਜੀਵਾਣੂ ਹੈ ਜੋ ਦਹੀਂ ਬਣਾਉਣ ਵਿਚ ਮਦਦ ਕਰਦਾ ਹੈ ।
3. ……………………….. ਵਰਗੀਆਂ ਉੱਲੀਆਂ ਭੋਜਨ ਵਿੱਚ ਵਿਸ਼ੈਲਾਪਨ ਕਰਦੀਆਂ ਹਨ
4. ਪਾਸਚੀਕਰਨ ਦੌਰਾਨ ਦੁੱਧ ਨੂੰ ……………………. ਤੋਂ ……………… ਤੱਕ ਗਰਮ ਕਰਕੇ ਅਚਾਨਕ ਠੰਡਾ ਕਰਕੇ ਸਟੋਰ ਕੀਤਾ ਜਾਂਦਾ ਹੈ ।
ਉੱਤਰ-1. ਸੂਖ਼ਮਜੀਵਾਂ, 2. ਲੈਕਟੋਬੈਸੀਲਸ, 3. ਐਸਪਰਜੀਲੈਸ ਅਤੇ ਬਲੈਕ ਮੋਲਡ, 4. 70°C, 100°C
ਪ੍ਰਸ਼ਨ 2. ਸਹੀ (T) ਜਾਂ ਗ਼ਲਤ (F) ਲਿਖੋ-
1. ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਜਾ ਸਕਦੇ ਹਨ ।
2. ਐਂਟਨ ਵੈਨ ਲਿਊਵੇਨਹਾਕ ਪਹਿਲਾ ਵਿਅਕਤੀ ਸੀ ਜਿਸ ਨੇ ਇਕ ਸੈੱਲੀ ਸੂਖਮ ਜੀਵਾਂ ਦੀ ਵਿਆਖਿਆ ਕੀਤੀ।
3. ਪੈਨਸੀਲੀਨ, ਪੈਨੀਸੀਲੀਅਮ ਨੋਟਾਟਮ ਤੋਂ ਤਿਆਰ ਕੀਤਾ ਜਾਂਦਾ ਹੈ ।
4. ਸੂਖ਼ਮਜੀਵ ਜੋ ਪੌਦਿਆਂ ਅਤੇ ਜੰਤੂਆਂ ਲਈ ਲਾਭਕਾਰੀ ਹੁੰਦੇ ਹਨ ਉਨ੍ਹਾਂ ਨੂੰ ਰੋਗਜਨਕ ਕਹਿੰਦੇ ਹਨ ।
ਉੱਤਰ—1. (F), 2. (T), 3. (T), 4. (F)
ਪ੍ਰਸ਼ਨ 3. ਮਿਲਾਨ ਕਰੋ-
ਕਾਲਮ ‘ੳ’ ਕਾਲਮ ‘ਅ‘
1. ਸਟ੍ਰੈਪਟੋਕੋਕਸ (ੳ) ਕਾਈ
2. ਪੈਨੀਸੀਲੀਅਮ (ਅ) ਵਿਸ਼ਾਣੂ
3. ਕਲੇਮਾਈਡੋਮੋਨਾਸ (ੲ) ਜੀਵਾਣੂ
4. ਐਚ.ਆਈ.ਵੀ. (ਸ) ਉੱਲੀ
ਉੱਤਰ—
1. ਸਟ੍ਰੈਪਟੋਕੋਕਸ (ੲ) ਜੀਵਾਣੂ
2. ਪੈਨੀਸੀਲੀਅਮ (ਸ) ਉੱਲੀ
3. ਕਲੇਮਾਈਡੋਮੋਨਾਸ (ੳ) ਕਾਈ
4. ਐਚ.ਆਈ.ਵੀ. (ਅ) ਵਿਸ਼ਾਣੂ
ਪ੍ਰਸ਼ਨ 4. ਸਹੀ ਉੱਤਰ ਚੁਣੋ-
1. ਹੇਠ ਲਿਖਿਆਂ ਵਿਚੋਂ ਕਿਹੜੀ ਜੀਵਾਣੂ ਕਾਰਨ ਨਹੀਂ ਹੁੰਦੀ ?
(ੳ) ਟਾਈਫਾਈਡ
(ੲ) ਹੈਜਾ
(ਅ) ਟੈਟਨਸ
(ਸ) ਮਲੇਰੀਆ ।
ਉੱਤਰ—(ਸ) ਮਲੇਰੀਆ ।
2. ਇਨ੍ਹਾਂ ਵਿਚੋਂ ਕਿਸ ਨੂੰ ਸਪੱਸ਼ਟ ਰੂਪ ਵਿਚ ਸਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ ?
(ੳ) ਵਿਸ਼ਾਣੂ
(ਅ) ਕਾਈ
(ੲ) ਜੀਵਾਣੂ
(ਸ) ਉੱਲੀ ।
ਉੱਤਰ—(ੳ) ਵਿਸ਼ਾਣੂ ।
3. ਇਨ੍ਹਾਂ ਵਿਚੋਂ ਕਿਹੜਾ ਆਪਣਾ ਭੋਜਨ ਆਪ ਤਿਆਰ ਕਰ ਸਕਦਾ ਹੈ ?
(ੳ) ਕਾਈ
(ਅ) ਬ੍ਰੈਡ ਮੋਲਡ (ਉੱਲੀ)
(ੲ) ਡਾਇਐਟਮਜ਼
(ਸ) ਅਮੀਬਾ ।
ਉੱਤਰ—(ੳ) ਕਾਈ ।
4. ਹੇਠ ਲਿਖਿਆਂ ਵਿਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ ?
(ੳ) ਮਲੇਰੀਆ
(ਅ) ਪੋਲੀਓ
(ੲ) ਦਾਦ-ਖ਼ਾਰਸ਼
(ਸ) ਹੈਜਾ ।
ਉੱਤਰ—(ਅ) ਪੋਲੀਓ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੂਖ਼ਮਜੀਵਾਂ ਦੇ ਸਮੂਹਾਂ/ਗਰੁੱਪਾਂ ਦੇ ਨਾਂ ਲਿਖੋ ।
ਉੱਤਰ—ਸੂਖ਼ਮਜੀਵਾਂ ਦੇ ਹੇਠ ਲਿਖੇ ਚਾਰ ਮੁੱਖ ਸਮੂਹ ਹਨ—
(i) ਜੀਵਾਣੂ (Bacteria)
(ii) ਉੱਲੀਆਂ (Fungi)
(iii) ਕਾਈਆਂ (Algae) (iv) ਪ੍ਰੋਟੋਜ਼ੋਆਂ (Protozoa)
(v) ਵਿਸ਼ਾਣੂ (Virus) ।
ਪ੍ਰਸ਼ਨ 2. ਭੋਜਨ ਦਾ ਵਿਸ਼ੈਲਾਪਨ ਕੀ ਹੈ ?
ਉੱਤਰ—ਭੋਜਨ ਦਾ ਵਿਸ਼ੈਲਾਪਨ (Food Poisoning)—ਭੋਜਨ ਵਿਚ ਹਾਨੀਕਾਰਕ ਜੀਵਾਣੂਆਂ ਜਾਂ ਸੂਖ਼ਮਜੀਵਾਂ ਦੀ ਮੌਜੂਦਗੀ ਕਾਰਨ ਭੋਜਨ ਜ਼ਹਿਰੀਲਾ ਹੋ ਜਾਂਦਾ ਹੈ । ਇਹ ਭੋਜਨ ਵਿਚ ਜ਼ਹਿਰੀਲਾ ਮਾਦਾ ਉਤਪੰਨ ਕਰਦੇ ਹਨ ਜਿਸ ਨਾਲ ਭੋਜਨ ਵਿਸ਼ੈਲਾ ਹੋ ਜਾਂਦਾ ਹੈ । ਕਲੌਸਟ੍ਰੀਡਿਅਮ ਅਤੇ ਸਟੈਫਾਈਲੋਕੋਕਾਈ ਵਰਗੇ ਜੀਵਾਣੂ ਅਤੇ ਐਸਪਰਜੀਲੈਸ ਵਰਗੀ ਉੱਲੀ ਭੋਜਨ ਨੂੰ ਵਿਸ਼ੈਲਾ ਬਣਾਉਂਦੇ ਹਨ ।
ਪ੍ਰਸ਼ਨ 3. ਪੌਦਿਆਂ ਵਿਚ ਉੱਲੀਆਂ ਨਾਲ ਹੋਣ ਵਾਲੇ ਤਿੰਨ ਰੋਗਾਂ ਦੇ ਨਾਂ ਲਿਖੋ ।
ਉੱਤਰ-ਪੌਦਿਆਂ ਵਿਚ ਉੱਲੀਆਂ ਨਾਲ ਹੋਣ ਵਾਲੇ ਰੋਗ—
(i) ਕਣਕ ਅਤੇ ਚੌਲਾਂ ਦੀ ਕੁੰਗੀ (Smut)
(ii) ਕਣਕ ਦੀ ਕਾਂਗਿਆੜੀ (Rust)
(iii) ਗੰਨੇ ਦੀ ਸੀੜੀ/ਰੈੱਡ ਰੋਟ (Red Rot)
ਪ੍ਰਸ਼ਨ 4. ਪਸ਼ੂਆਂ ਵਿਚ ਜੀਵਾਣੂਆਂ ਨਾਲ ਹੋਣ ਵਾਲੇ ਦੋ ਰੋਗਾਂ ਦੇ ਨਾਂ ਲਿਖੋ ।
ਉੱਤਰ—ਪਸ਼ੂਆਂ ਵਿਚ ਜੀਵਾਣੂਆਂ ਨਾਲ ਹੋਣ ਵਾਲੇ ਰੋਗ—
(i) ਐਂਥਰੈਕਸ (ਗਾਵਾਂ ਅਤੇ ਮੱਝਾਂ ਵਿਚ)
(ii) ਤਪਦਿਕ (ਦੁਧਾਰੂ ਪਸ਼ੂਆਂ ਅਤੇ ਪੋਲਟਰੀ) ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵਿਸ਼ਾਣੂ ਕੀ ਹੁੰਦੇ ਹਨ ? ਵਿਸ਼ਾਣੂਆਂ ਨਾਲ ਹੋਣ ਵਾਲੀਆਂ ਤਿੰਨ ਬੀਮਾਰੀਆਂ ਦੇ ਨਾਂ ਲਿਖੋ ।
ਉੱਤਰ-ਵਿਸ਼ਾਣੂ (Viruses)—ਕੁੱਝ ਵਿਗਿਆਨੀ ਵਿਸ਼ਾਣੂਆਂ ਨੂੰ ਨਿਰਜੀਵ ਮੰਨਦੇ ਹਨ ਅਤੇ ਕੁੱਝ ਵਿਗਿਆਨੀ ਇਨ੍ਹਾਂ ਨੂੰ ਸਜੀਵ ਅਤੇ ਨਿਰਜੀਵਾਂ ਨੂੰ ਵੰਡਣ ਵਾਲੀ ਸੀਮਾ ਰੇਖਾ ਤੇ ਮੰਨਦੇ ਹਨ । ਵਿਸ਼ਾਣੂਆਂ ਨੂੰ ਰਵਿਆਂ (ਕ੍ਰਿਸਟਲਾਂ) ਦੇ ਰੂਪ ਵਿਚ ਪ੍ਰਯੋਗਸ਼ਾਲਾ ਵਿਚ ਰੱਖਿਆ ਜਾ ਸਕਦਾ ਹੈ ਅਤੇ ਰਵੇ ਕਿਸੇ ਸਿਹਤਮੰਦ ਪੌਦੇ ਦੇ ਸਰੀਰ ਵਿਚ ਦਾਖਲ ਕਰਵਾਏ ਜਾਂਦੇ ਹਨ ਤਾਂ ਇਹ ਬੀਮਾਰੀ ਪੈਦਾ ਕਰਦੇ ਹਨ । ਇਹ ਆਕਾਰ ਵਿਚ ਬਹੁਤ ਛੋਟੇ (0.15 ਮਾਈਕ੍ਰੋਨ ਤੋਂ 0.20 ਮਾਈਕ੍ਰੋਨ ) ਹੁੰਦੇ ਹਨ ।
ਉਦਾਹਰਨ—(i) ਤੰਬਾਕੂ ਮੌਜੈਕ ਵਿਸ਼ਾਣੂ (T.M.V.) (ii) ਕੋਰੋਨਾ ਵਿਸ਼ਾਣੂ (Corona Virus) (iii) ਇਨਫਲੂਐਂਜ਼ਾ ਵਿਸ਼ਾਣੂ (Influenza Virus) ।
ਪ੍ਰਸ਼ਨ 2, ਟੀਕਾਕਰਨ ਦੀ ਪਰਿਭਾਸ਼ਾ ਲਿਖੋ । ਅਜਿਹੀਆਂ ਤਿੰਨ ਬੀਮਾਰੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ ।
ਉੱਤਰ-ਟੀਕਾਕਰਨ (Vaccination)—ਜਦੋਂ ਰੋਗ ਕਾਰਕ ਸੂਖ਼ਮਜੀਵ ਸਾਡੇ ਸਰੀਰ ਅੰਦਰ ਦਾਖਲ ਹੁੰਦੇ ਹਨ, ਤਾਂ ਸਾਡਾ ਸਰੀਰ ਉਨ੍ਹਾਂ ਵਿਰੁੱਧ ਲੜਾਈ ਲੜਨ ਲਈ ਪ੍ਰਤੀਜੈਵਿਕ ਪੈਦਾ ਕਰਦਾ ਹੈ । ਇਹ ਪ੍ਰਤੀ ਉਨ੍ਹਾਂ ਸੂਖ਼ਮਜੀਵਾਂ ਨੂੰ ਮਾਰ ਦਿੰਦਾ ਹੈ । ਉਹ ਵਿਧੀ ਜਿਸ ਦੁਆਰਾ ਰੋਗਾਣੂ ਜਾਂ ਮ੍ਰਿਤ ਰੋਗਾਣੂਆਂ ਤੋਂ ਬਣੇ ਪਦਾਰਥ (ਟੀਕਾ ਜਾਂ ਬੂੰਦਾਂ) ਨੂੰ ਸਰੀਰ ਵਿਚ ਦਾਖਲ ਕਰਵਾਇਆ ਜਾਂਦਾ ਹੈ, ਜੋ ਇਕ ਖਾਸ ਰੋਗ ਦੇ ਪ੍ਰਤੀ ਪ੍ਰਤੀਰੋਧ ਪੈਦਾ ਕਰਦੀ ਹੈ, ਨੂੰ ਟੀਕਾਕਰਨ ਕਹਿੰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੂਖ਼ਮਜੀਵ ਹੇਠਾਂ ਲਿਖਿਆਂ ਲਈ ਕਿਵੇਂ ਸਹਾਈ ਹਨ—
1. ਭੋਜਨ ਉਦਯੋਗ
2. ਮਲ-ਪ੍ਰਵਾਹ ਵਿਸਰਜਨ
3. ਪਦਾਰਥਾਂ ਦਾ ਮੁੜ ਚੱਕਰਨ
5. ਰੇਸ਼ਿਆਂ ਦਾ ਗਾਲਣਾ
4. ਦਵਾਈਆਂ ਤਿਆਰ ਕਰਨਾ
6. ਚਮੜਾ ਰੰਗਣਾ ।
ਉੱਤਰ- 1. ਭੋਜਨ ਉਦਯੋਗ ਵਿਚ ਸੂਖ਼ਮਜੀਵਾਂ ਦਾ ਯੋਗਦਾਨ—
(i) ਲੈਕਟੋਬੈਸੀਲਸ ਜੀਵਾਣੂ ਦੁੱਧ ਤੋਂ ਦਹੀਂ ਬਣਾਉਣ ਵਿਚ ਸਹਾਇਕ ਹੁੰਦਾ ਹੈ ।
(ii) ਜੀਵਾਣੂ ਅਤੇ ਉੱਲੀਆਂ ਪਨੀਰ ਬਣਾਉਣ ਵਿਚ ਮਦਦ ਕਰਦੇ ਹਨ ।
(iii) ਖਮੀਰ ਇਕ ਉੱਲੀ ਹੈ ਜੋ ਫਲਾਂ ਦੇ ਰਸ ਵਿਚ ਮੌਜੂਦ ਸ਼ੱਕਰ ਨੂੰ ਤੋੜਦੀ ਹੈ ਜਿਸ ਤੋਂ ਫਲਾਂ ਦਾ ਰਸ ਅਲਕੋਹਲ (ਸ਼ਰਾਬ) ਵਿਚ ਬਦਲ ਜਾਂਦਾ ਹੈ। ਇਸ ਕਿਰਿਆ ਨੂੰ ਖਮੀਰਣ ਕਿਰਿਆ ਕਿਹਾ ਜਾਂਦਾ ਹੈ।
2. ਮਲ-ਪ੍ਰਵਾਹ ਵਿਸਰਜਨ ਵਿਚ ਸੂਖ਼ਮਜੀਵਾਂ ਦਾ ਯੋਗਦਾਨ-ਬੈਕਟੀਰੀਆ ਮਲ-ਪ੍ਰਵਾਹ ਵਿਚ ਮੌਜੂਦ ਕਾਰਬਨਿਕ ਸਮੱਗਰੀ ਦੇ ਵਿਘਟਨ ਕਰਨ ਵਿਚ ਸਹਾਈ ਹੁੰਦੇ ਹਨ, ਜਿਸ ਦੇ ਨਤੀਜੇ ਵਜੋਂ ਵਾਤਾਵਰਨ ਸਾਫ਼ ਰਹਿੰਦਾ ਹੈ ।
3. ਪਦਾਰਥਾਂ ਦਾ ਮੁੜ-ਚੱਕਰਣ ਵਿਚ ਸੂਖ਼ਮਜੀਵਾਂ ਦਾ ਯੋਗਦਾਨ—ਕੁੱਝ ਜੀਵਾਣੂ ਅਤੇ ਉੱਲੀਆਂ ਨਿਖੇੜਕ ਵਜੋਂ ਕੰਮ ਕਰਦੇ ਹਨ ਅਤੇ ਮ੍ਰਿਤ ਪੌਦੇ ਅਤੇ ਜੰਤੂਆਂ ਦਾ ਅਪਘਟਨ ਕਰਕੇ ਪੋਸ਼ਨ ਤੱਤਾਂ-ਨਾਈਟ੍ਰੋਜਨ ਅਤੇ ਫ਼ਾਸਫੋਰਸ ਮੁੱਖ ਮਿੱਟੀ ਵਿਚ ਭੇਜ ਦਿੰਦੇ ਹਨ ।
4. ਦਵਾਈਆਂ ਤਿਆਰ ਕਰਨ ਵਿਚ ਸੂਖ਼ਮਜੀਵਾਂ ਦਾ ਯੋਗਦਾਨ- ਸੂਖ਼ਮਜੀਵਾਂ ਦੀ ਵਰਤੋਂ ਪ੍ਰਤੀਜੈਵਿਕ ਦਵਾਈਆਂ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ। ਪ੍ਰਤੀਜੈਵਿਕ ਉਹ ਰਸਾਇਣਿਕ ਹਨ ਜੋ ਕਈ ਜੈਵਿਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਕੇ ਹਾਨੀਕਾਰਕ ਸੂਖ਼ਮਜੀਵਾਂ ਦੇ ਵਾਧੇ ‘ਤੇ ਰੋਕ ਲਗਾਉਂਦੇ ਹਨ। ਜਿਵੇਂ ਪੈਨੀਸੀਲੀਅਮ ਨੋਟਾਟਮ ਤੋਂ ਪੈਨਸਲੀਨ ਦਵਾਈ ਤਿਆਰ ਕੀਤੀ ਜਾਂਦੀ ਹੈ । ਸਟ੍ਰੈਪਟੋਮਾਈਸੀਨ, ਟੈਟਰਾਸਾਈਕਲੀਨ ਅਤੇ ਐਰੀਥਰੋਮਾਈਸੀਨ ਕੁੱਝ ਹੋਰ ਪ੍ਰਤੀਜੈਵਿਕ ਦਵਾਈਆਂ ਹਨ ਜੋ ਉੱਲੀਆਂ ਅਤੇ ਜੀਵਾਣੂਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
5. ਰੇਸ਼ਿਆਂ ਦੇ ਅਪਗਲਣ ਵਿਚ ਸੂਖ਼ਮਜੀਵਾਂ ਦਾ ਯੋਗਦਾਨ—ਜੂਟ ਦੇ ਪੌਦਿਆਂ ਦੇ ਪੂਲੇ (Bundle) ਬੰਨ੍ਹ ਕੇ ਇਹਨਾਂ ਨੂੰ ਪਾਣੀ ਵਿਚ ਰੱਖਿਆ ਜਾਂਦਾ ਹੈ । ਜੀਵਾਣੂ ਤਣੇ ਤੇ ਟਿਸ਼ੂਆਂ ਨੂੰ ਨਸ਼ਟ ਕਰਕੇ ਸਹਾਇਕ ਰੇਸ਼ਿਆਂ ਨੂੰ ਅੱਡ ਕਰ ਦਿੰਦੇ ਹਨ ।ਇਸ ਪ੍ਰਕਿਰਿਆ ‘ ਅਪਗਲਣ ਕਹਿੰਦੇ ਹਨ । ਇਨ੍ਹਾਂ ਰੇਸ਼ਿਆਂ ਤੋਂ ਲਿਨਨ ਦਾ ਧਾਗਾ ਤਿਆਰ ਕੀਤਾ ਜਾਂਦਾ ਹੈ ।
6. ਚਮੜਾ ਰੰਗਣ ਵਿਚ ਸੂਖ਼ਮਜੀਵਾਂ ਦਾ ਯੋਗਦਾਨ-ਚਮੜਾ ਰੰਗਣ ਦੀ ਕਿਰਿਆ ਦੌਰਾਨ ਜੀਵਾਣੂ ਪਸ਼ੂਆਂ ਦੀ ਚਮੜੀ ਨਾਲ ਕਿਰਿਆ ਕਰਕੇ ਉਸ ਨੂੰ ਨਰਮ ਅਤੇ ਲਚਕੀਲਾ ਬਣਾ ਦਿੰਦੇ ਹਨ । ਇਹ ਕਿਰਿਆ ਬੜੀ ਜਟਿਲ ਅਤੇ ਲੰਮੀ ਹੈ । ਇਸ ਤਰ੍ਹਾਂ ਜੀਵਾਣੂ ਚਮੜਾ ਰੰਗਣ ਵਿਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 2. ਭੋਜਨ ਦੀ ਸੰਭਾਲ ਦੇ ਵੱਖ-ਵੱਖ ਢੰਗ ਲਿਖੋ ।
ਉੱਤਰ- ਭੋਜਨ ਸੰਭਾਲ (ਸੁਰੱਖਿਅਣ) ਦੇ ਵੱਖ-ਵੱਖ ਢੰਗ
1. ਨਿਰਜਲੀਕਰਨ ਅਤੇ ਧੁੱਪ ਵਿਚ ਸੁਕਾਉਣਾ—ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੀ ਮਾਤਰਾ ਨੂੰ ਘੱਟ ਕਰਨਾ, ਨਿਰਜਲੀਕਰਨ ਅਖਵਾਉਂਦਾ ਹੈ। ਇਸ ਨਾਲ ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੀ ਮਾਤਰਾ (ਨਮੀ) ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਵਿਚ ਜਲਦੀ ਸੜ੍ਹਾਂਦ ਪੈਦਾ ਨਹੀਂ ਹੁੰਦੀ ਹੈ । ਫਲਾਂ ਅਤੇ ਸਬਜ਼ੀਆਂ ਨੂੰ ਧੁੱਪ ਵਿਚ ਸੁਕਾਉਣ ਦੀ ਵਿਧੀ ਬਹੁਤ ਪੁਰਾਣੀ ਵਿਧੀ ਹੈ ।
2. ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ-ਖੰਡ ਅਤੇ ਲੂਣ ਸੂਖ਼ਮਜੀਵਾਂ ਅਤੇ ਭੋਜਨ ਵਿਚੋਂ ਪਾਣੀ ਸੋਖ ਲੈਂਦੇ ਹਨ ਜਿਸ ਤੋਂ ਸੂਖ਼ਮਜੀਵਾਂ ਦਾ ਵਾਧਾ ਰੁਕ ਜਾਂਦਾ ਹੈ । ਮਾਸ, ਮੱਛੀ ਅਤੇ ਸੁਕਾਈਆਂ ਗਈਆਂ ਸਬਜ਼ੀਆਂ ਨੂੰ, ਆਚਾਰ, ਕੈਚਅਪ ਜਾਂ ਲੂਣ ਨਾਲ ਢੱਕ ਦਿੱਤਾ ਜਾਂਦਾ ਹੈ । ਜੈਮ, ਜੈਲੀ ਅਤੇ ਸਕਵੈਸ ਵਿਚ ਖੰਡ ਪਾ ਕੇ ਇਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਹੈ।
3. ਗਰਮ ਅਤੇ ਠੰਡਾ ਕਰਨਾ-ਭੋਜਨ ਵਾਲੇ ਪਦਾਰਥਾਂ ਨੂੰ ਮੋਟਰ ਕਰਨ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ ਜਦਕਿ ਹੋਰ ਕਈ ਪਦਾਰਥਾਂ ਨੂੰ ਬਹੁਤ ਠੰਡਾ ਕਰਨ ਲਈ ਫ਼ਰਿੱਜ਼ ਜਾਂ ਕੋਲਡ ਸਟੋਰ ਵਿਚ ਰੱਖਿਆ ਜਾਂਦਾ ਹੈ, ਕਿਉਂਕਿ ਘੱਟ ਤਾਪਮਾਨ ਸੂਖ਼ਮ ਜੀਵਾਂ ਦਾ ਵਾਧਾ ਰੋਕ ਦਿੰਦਾ ਹੈ । ਇਸ ਵਿਧੀ ਦੁਆਰਾ ਦੁੱਧ, ਪਨੀਰ, ਮਾਸ, ਮੱਛੀ, ਫਲ, ਸਬਜ਼ੀਆਂ ਨੂੰ ੦°C ਤੋਂ ਘੱਟ ਤਾਪਮਾਨ ਤੇ ਸਟੋਰ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ ।
4. ਰਸਾਇਣਿਕ ਪਦਾਰਥਾਂ ਦੀ ਵਰਤੋਂ-ਕੁੱਝ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਲੰਬੇ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜੋ ਖਾਧ ਪਦਾਰਥ ਨੂੰ ਸੜ੍ਹਾਂਦ ਤੋਂ ਬਚਾਉਂਦੇ ਹਨ । ਬੈਂਜੋਇਕ ਐਸਿਡ, ਪੋਟਾਸ਼ੀਅਮ ਮੈਟਾਬਾਈਸਲਫੇਟ ਆਦਿ ਰਸਾਇਣਿਕ ਪਦਾਰਥ ਵਰਤੋਂ ਵਿਚ ਲਿਆਏ ਜਾਂਦੇ ਹਨ ।
5. ਹਵਾ ਰਹਿਤ ਪੈਕਿੰਗ-ਇਹ ਅਜਿਹੀ ਵਿਧੀ ਹੈ ਜਿਸ ਵਿਚ ਪੈਕਟਾਂ ਵਿਚੋਂ ਹਵਾ ਕੱਢ ਕੇ ਭੋਜਨ ਪਾ ਕੇ ਪੈਕਟ ਨੂੰ ਸੀਲ ਕਰ ਦਿੱਤਾ ਜਾਂਦਾ ਹੈ । ਸੁੱਕੇ ਮੇਵੇ ਦੀ ਸੰਭਾਲ ਲਈ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 3. ਵੱਖ-ਵੱਖ ਤਰ੍ਹਾਂ ਦੇ ਜੀਵਾਣੂਆਂ ਦੇ ਚਿੱਤਰ ਬਣਾਓ ।
ਉੱਤਰ-ਆਕਾਰ ਦੇ ਆਧਾਰ ‘ਤੇ ਵੱਖ-ਵੱਖ ਤਰ੍ਹਾਂ ਦੇ ਜੀਵਾਣੂਆਂ (ਬੈਕਟੀਰੀਆਂ) ਦੇ ਚਿੱਤਰ-
(ੳ) ਛੜ ਆਕਾਰ: ਬੈਸੀਲਸ
(ਅ) ਕੁੰਡਲ ਆਕਾਰ : ਸਪਾਇਰਿਲਾ
(ੲ) ਕੌਮਾਂ ਆਕਾਰ: ਵਿਬਰਿਓ
(ਸ) ਗੋਲਾਕਾਰ: ਕੋਕਸ