ਜਮਾਤ – ਅੱਠਵੀਂ ਪਾਠ-9 ਪੰਜਾਬ ਲੇਖਕ- ਧਨੀ ਰਾਮ ਚਾਤ੍ਰਿਕ
ਪਾਠ ਅਭਿਆਸ ਹਲ
1. ਦੱਸੋ
(ੳ) ਪੰਜਾਬ` ਕਵਿਤਾ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਹੈ ?
ਉੱਤਰ- ਕਵੀ ਲਿਖਦਾ ਹੈ ਕਿ ਪੰਜਾਬ ਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ।ਇਸ ਦੇ ਖੱਬੇ ਹੱਥ ਜਮਨਾ ਰੂਪੀ ਬਰਛੀ ਤੇ ਸੱਜੇ ਹੱਥ ਅਟਕ ਰੂਪੀ ਖੜਗ ਹੈ।
(ਅ) ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫ਼ਤ ਕਿਵੇਂ ਕਰਦਾ ਹੈ?
ਉੱਤਰ- ਕਵੀ ਕਹਿੰਦਾ ਹੈ ਕਿ ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ। ਉਹਨਾਂ ਦੇ ਨੈਣ ਮਟਕੀਲੇ ਤੇ ਚਿਹਰੇ ਜਲਾਲੀ ਹਨ। ਹਾਰ-ਸ਼ਿੰਗਾਰ ਕਰਕੇ ਉਹ ਬਹੁਤ ਫ਼ਬਦੀਆਂ ਹਨ।
(ੲ) ਘਰੇਲੂ ਕੰਮ-ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼ ਵਰਣਨ ਕਿਵੇਂ ਕੀਤਾ ਗਿਆ ਹੈ?
ਉੱਤਰ- ਕਵੀ ਵਰਣਨ ਕਰਦਾ ਹੈ ਕਿ ਪੰਜਾਬਣਾਂ ਘਰਾਂ ਵਿੱਚ ਦੁੱਧ ਰਿੜਕਦੀਆਂ, ਕੱਤਦੀਆਂ, ਆਟਾ ਪੀਂਹਦੀਆਂ, ਚੌਲ ਛੰਡਦੀਆਂ, ਕੱਪੜੇ ਸਿਉਂਦੀਆਂ ਤੇ ਵੇਲ-ਬੂਟੇ ਕੱਢਦੀਆਂ ਹਨ।
(ਸ) ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ?
ਉੱਤਰ- ਵਿਹਲੇ ਸਮੇਂ ਵਿੱਚ ਪੰਜਾਬੀ ਕਿੱਸੇ ਸੁਣਾ ਕੇ ਤੇ ਨੱਚ ਗਾ ਕੇ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬਣਾਂ ਗਿੱਧਾ ਪਾਉਂਦੀਆਂ ਤੇ ਨੱਚਦੀਆਂ ਹਨ।
2. ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ ਸਪੱਸ਼ਟ ਕਰੋ:
ਅਰਸ਼ੀ ਬਰਕਤ ਨੂੰ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।
ਭਾਵ ਅਰਥ- ਉਪਰੋਕਤ ਸਤਰਾਂ ਦਾ ਭਾਵ ਹੈ ਕਿ ਅਸਮਾਨ ਵਿੱਚੋਂ ਪਹਾੜਾਂ ਉੱਤੇ ਰੱਬ ਦੇ ਵਰਦਾਨ ਜਿਹੀ ਚਾਂਦੀ ਰੰਗੀ ਬਰਫ ਡਿਗਦੀ ਹੈ। ਇਹ ਪਿਘਲ ਕੇ ਪੰਜਾਬ ਦੇ ਮੈਦਾਨਾਂ ਵਿੱਚ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰਦੀ ਹੈ।
ਤੇਰੀ ਮਾਖਿਉਂ ਮਿੱਠੀ ਬੋਲੀ ਦੀ,ਸਿਫ਼ਤ ਕਰਦਿਆਂ ਜੀਅ ਨਾ ਰੱਜਦਾ ਹੈ,
ਉਰਦੂ ਹਿੰਦੀ ਦਿਆਂ ਸਾਜ਼ਾਂ ਵਿੱਚ ਸੁਰ-ਤਾਲ ਤਿਰਾ ਹੀ ਵੱਜਦਾ ਹੈ।
ਭਾਵ ਅਰਥ- ਉਪਰੋਕਤ ਸਤਰਾਂ ਦਾ ਭਾਵ ਹੈ ਕਿ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਬੋਲੀ ਦੀ ਪ੍ਰਸ਼ੰਸਾ ਕਰਦਿਆਂ ਦਿਲ ਨਹੀਂ ਭਰਦਾ ਹੈ। ਉਰਦੂ ਤੇ ਹਿੰਦੀ ਦੇ ਸਾਜ਼ਾਂ ਵਿੱਚ ਵੀ ਪੰਜਾਬੀ ਦਾ ਹੀ ਸੁਰ-ਤਾਲ ਗੂੰਜਦਾ ਹੈ।
ਤੇਰੇ ਜ਼ੋਰ-ਜ਼ੋਰੇ ਅੰਦਰ,ਅਪਣਤ ਜਿਹੀ ਕੋਈ ਵੱਸਦੀ ਹੈ,
ਤੇਰੀ ਗੋਦੀ ਵਿੱਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨੱਸਦੀ ਹੈ।
ਭਾਵ ਅਰਥ- ਕਵੀ ਨੂੰ ਪੰਜਾਬ ਦੇ ਜ਼ੱਰੇ-ਜ਼ੱਰੇ ਨਾਲ਼ ਪਿਆਰ ਹੈ। ਇਸ ਦੀ ਗੋਦੀ ਵਿੱਚ ਬਹਿੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
3. ਔਖੇ ਸ਼ਬਦਾਂ ਦੇ ਅਰਥ :
ਤਿਰੀ : ਤੇਰੀ
ਸਾਮਾਨ : ਸਮਾਨ, ਸਮੱਗਰੀ
ਹਰਿਔਲ : ਹਰਿਆਵਲ
ਛਤ੍ਰ : ਛਤਰ
ਜੁਆਲਾ : ਅੱਗ ਦੀ ਲਾਟ, ਤਪਸ਼
ਅਰਸ਼ੀ : ਅਸਮਾਨੀ, ਅਕਾਸ਼ੀ, ਅਲੋਕਾਰ
ਮਟਕ : ਮਜਾਜ਼, ਨਖ਼ਰਾ, ਨਜ਼ਾਕਤ
ਆਲੀ : ਵੱਡੀ, ਉੱਚੀ
ਬੀੜੇ : ਕੱਪੜੇ ਜਾਂ ਧਾਗੇ ਦੇ ਬਣੇ ਹੋਏ ਬਟਨ
ਤੁੰਬਦੀ : ਰੂੰ ਤੁੰਬਦੀ
ਛੜਦੀ : ਛਿਲਕਾ ਲਾਹੁਣ ਲਈ ਮੋਹਲ਼ੇ ਨਾਲ਼, ਅਨਾਜ ਕੁੱਟਦੀ
ਇਲਾਹੀ : ਰੱਬੀ
ਬਿਰਹਾ : ਵਿਛੋੜਾ, ਜੁਦਾਈ
ਵੰਝਲੀ : ਬੰਸਰੀ
ਵਹਿਣਾਂ : ਖ਼ਿਆਲਾਂ, ਸੋਚਾਂ
ਧੁਣਿਆਂਦਾ : ਟੁਣਕਾਰ ਪੈਦਾ ਕਰਦਾ
ਧੱਸਦੇ : ਖੁਭਦੇ
ਮਾਖਿਉਂ : ਮਾਖਿਓਂ, ਸ਼ਹਿਦ
ਛਾਹ-ਵੇਲਾ : ਸਵੇਰ ਦਾ ਭੋਜਨ
ਭੱਤੇ : ਖੇਤਾਂ ਵਿੱਚ ਲਿਆਂਦਾ ਭੋਜਨ
ਨਿਆਰਾ : ਵੱਖਰਾ
ਅਪਣੱਤ : ਆਪਣਾਪਣਥੇ ਆਉਂਦਿਆਂ ਹੀ ਸਾਰੇ ਜਹਾਨ ਦੀਆਂ ਫਿਕਰਾਂ ਮੁੱਕ ਜਾਂਦੀਆਂ ਹਨ।
4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਬਰਕਤ (ਵਾਧਾ) ਏਕੇ ਵਿੱਚ ਬਰਕਤ ਹੁੰਦੀ ਹੈ।
2. ਨਿਰਾਲੀ (ਅਨੋਖੀ) ਪੰਜਾਬ ਦੀ ਸ਼ਾਨ ਨਿਰਾਲੀ ਹੈ।
3. ਹਿੰਮਤ (ਹੌਸਲਾ) ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ।
4. ਸਿਫ਼ਤ (ਪ੍ਰਸ਼ੰਸ਼ਾ) ਚੰਗੇ ਕੰਮ ਦੀ ਸਾਰੇ ਸਿਫ਼ਤ ਕਰਦੇ ਹਨ।
5. ਸੁਰ-ਤਾਲ (ਸੰਗੀਤਕ ਲੈਅ) ਗਾਇਕ ਬੜੇ ਸੁਰ-ਤਾਲ ਵਿੱਚ ਗਾ ਰਿਹਾ ਸੀ।
6. ਸ਼ੱਰੇ-ਜ਼ੱਰੇ (ਕਿਣਕੇ-ਕਿਣਕੇ) ਮੈਨੂੰ ਪੰਜਾਬ ਦੇ ਜ਼ੱਰੇ ਜ਼ੱਰੇ ਨਾਲ ਮੋਹ ਹੈ।
7. ਨਿਆਰਾ (ਵੱਖਰੀ ਕਿਸਮ ਦਾ) ਪੰਜਾਬ ਸਭ ਰਾਜਾਂ ਤੋਂ ਨਿਆਰਾ ਹੈ।