ਪਾਠ-3 ਛਿੰਝ ਛਰਾਹਾਂ ਦੀ (ਲੇਖਕ: ਅਮਰੀਕ ਸਿੰਘ ਦਿਆਲ)
ਪ੍ਰਸ਼ਨ 1. ‘ਛਿੰਝ ਛਰਾਹਾਂ ਦੀ ਦਾ ਮੇਲਾ ਕਿੱਥੇ ਅਤੇ ਕਦੋਂ ਲੱਗਦਾ ਹੈ? ਇਸ ਮੇਲੇ ਦਾ ਇਹ ਨਾਂ ਕਿਵੇਂ ਪਿਆ ?
ਉੱਤਰ : ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸੇ ਇਲਾਕੇ ਦੇ ਪਿੰਡ ਅਚਲਪੁਰ (ਛਰਾਹਾਂ) ਵਿਖੇ ਹਰ ਵਰੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚੱਲਦਾ ਹੈ। ਛੇ ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਮੇਲੇ ਦਾ ਨਾਮ ‘ਵਿੰਡ ਛਰਾਹਾਂ ਦੀ’ ਪੈ ਗਿਆ ।
ਪ੍ਰਸ਼ਨ 2. ਇਸ ਮੇਲੇ ਤੇ ਕਿਹੜੀਆਂ-ਕਿਹੜੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ?
ਉੱਤਰ : ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਸਿੱਧ ਬਾਬਾ ਬਾਲਕ ਨਾਥ ਜੀ ਦੇ ਪ੍ਰਾਚੀਨ ਮੰਦਰ ਵਿੱਚ ਮੱਥਾ ਟੇਕਦੀਆਂ ਹਨ। ਜਾਨ ਮਾਲ ਦੀ ਸੁੱਖ ਸਾਂਦ ਲਈ ਮੰਨਤਾਂ ਮੰਗਦੀਆਂ ਹਨ ਅਤੇ ਸੁਖ ਲਾਹੁੰਦੀਆਂ ਹਨ। ਮੇਲੇ ਵਾਲ਼ੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਯੱਗ ਕਰਵਾਏ ਜਾਂਦੇ ਹਨ । ਮੇਲੇ ਦੇ ਸਾਰੇ ਦਿਨਾਂ ਵਿੱਚ ਅਤੁੱਟ ਲੰਗਰ ਚੱਲਦਾ ਹੈ।
ਪ੍ਰਸ਼ਨ 3. ਕਿਸਾਨੀ ਜੀਵਨ ਅਤੇ ਆਮ ਲੋਕਾਂ ਦਾ ਇਸ ਮੇਲੇ ਨਾਲ ਸੰਬੰਧ ਕਿਵੇਂ ਜੁੜਿਆ ਹੋਇਆ ਹੈ ?
ਉੱਤਰ : ਮੇਲੇ ਦਾ ਸੰਬੰਧ ਇਸ ਖੇਤਰ ਦੇ ਕਿਰਸਾਈ ਜੀਵਨ ਨਾਲ ਵੀ ਜੁੜਿਆ ਹੋਇਆ ਹੈ । ਇਹਨਾਂ ਦਿਨਾਂ ਵਿੱਚ ਮੱਕੀ ਦੀ ਫ਼ਸਲ ਅਤੇ ਕੱਖ-ਕੰਡਾ ਸੰਭਾਲ਼ ਕੇ ਕਣਕ ਦੀ ਬਿਜਾਈ ਦਾ ਕੰਮ ਨਬੇੜ ਲਿਆ ਜਾਂਦਾ ਹੈ । ਗੰਨੇ ਤੋਂ ਗੁੜ ਬਣਾਉਣ ਦੇ ਕੰਮ ਨੂੰ ਹਾਲੇ ਵਕਤ ਹੁੰਦਾ ਹੈ । ਕਿਸਾਨਾਂ ਲਈ ਇਹ ਦਿਨ ਵਿਹਲ ਵਾਲੇ ਹੁੰਦੇ ਹਨ।
ਪ੍ਰਸ਼ਨ 4. ਸਮੇਂ ਦੇ ਬੀਤਣ ਨਾਲ਼ ਇਸ ਮੇਲੇ ਵਿੱਚ ਕਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ ?
ਉੱਤਰ : ਸਮੇਂ ਦੀ ਤੋਰ ਨੇ ਮੇਲੇ ਦਾ ਰੰਗ-ਢੰਗ ਬਦਲ ਦਿੱਤਾ ਹੈ। ਪੁਰਾਣੀ ਤਕਨੀਕ ਵਾਲੀਆਂ ਫੋਟੋਗ੍ਰਾਫਰਾਂ ਦੀਆਂ ਦੁਕਾਨਾਂ ਹੁਣ ਬੀਤੇ ਦੀ ਗੱਲ ਬਣ ਚੁੱਕੀਆਂ ਹਨ। ਬਲਦਾਂ ਦੀ ਲਗਦੀ ਭਾਰੀ ਮੰਡੀ ਪਿਛਲੇ ਕਈ ਸਾਲਾਂ ਤੋਂ ਗਾਇਬ ਹੈ। ਰੰਗ-ਬਰੰਗੇ ਪਰਾਂਦਿਆਂ ਅਤੇ ਰਿਬਨਾਂ ਨਾਲ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਰਹਿ ਗਈ ਹੈ।
ਪ੍ਰਸ਼ਨ 5. ਪੁਰਾਣੇ ਸਮਿਆਂ ਵਿੱਚ ਇਸ ਮੇਲੇ ਪ੍ਰਤੀ ਲੋਕਾਂ ਦਾ ਉਤਸ਼ਾਹ ਕਿਹੋ ਜਿਹਾ ਹੁੰਦਾ ਸੀ ?
ਉੱਤਰ : ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਬੀਤ ਦੇ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਕੱਚੇ ਘਰਾਂ ਨੂੰ ਲਿੱਪਿਆ-ਪੋਚਿਆ ਜਾਂਦਾ ਸੀ। ਬੜੇ ਉਤਸ਼ਾਹ ਨਾਲ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ । ਮੇਲੇ ਤੋਂ ਪਹਿਲਾਂ ਹੀ ਪ੍ਰਾਹੁਣਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ । ਪ੍ਰਾਹੁਣਚਾਰੀ ਲਈ ਲੋਕ ਪੱਬਾਂ ਭਾਰ ਹੁੰਦੇ। ਲੋਹੜੇ ਦਾ ਚਾਅ ਹੁੰਦਾ।
ਪ੍ਰਸ਼ਨ 6. ‘ਛਰਾਹਾਂ ਦੀ ਜ਼ਿੰਝ ਦੇ ਮੇਲੇ ਦਾ ਦ੍ਰਿਸ਼ ਵਰਨਣ ਕਰੋ।
ਉੱਤਰ : ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ। ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਇੰਨੀ ਭੀੜ ਹੁੰਦੀ ਹੈ ਤੇ ਮੋਟਰ ਗੱਡੀਆਂ ਦਾ ਸੜਕਾਂ ਤੋਂ ਗੁਜ਼ਰਨਾ ਔਖਾ ਹੋ ਜਾਂਦਾ ਹੈ । ਮਠਿਆਈਆਂ ਅਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ । ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ ।
2.ਔਖੇ ਸ਼ਬਦਾਂ ਦੇ ਅਰਥ:
ਸ਼ੁਕੀਨ : ਸ਼ੌਕੀ, ਬਾਂਕੇ, ਬਣ-ਠਣ ਕੇ ਰਹਿਣ ਵਾਲ਼ੇ
ਟੋਟਕਾ : ਜਾਦੂ-ਅਸਰ ਗੀਤ
ਵਿਰਾਸਤੀ : ਉਹ ਚੀਜ਼, ਜੋ ਪੁਰਖਿਆਂ ਤੋਂ ਮਿਲੀ ਹੋਵੇ
ਮੰਨਤ : ਕਿਸੇ ਕਾਮਨਾ ਪੂਰਤੀ ਲਈ ਸੁੱਖੀ ਸੁੱਖ, ਮਨੌਤ
ਦਰਪਣ : ਮੂੰਹ ਦੇਖਣ ਵਾਲ਼ਾ ਸ਼ੀਸ਼ਾ
ਮਕਬ ̈ਲੀਅਤ : ਪ੍ਰਸਿੱਧੀ, ਪ੍ਰਵਾਨਗੀ, ਮਸ਼ਹੂਰੀ
ਮੁਹਾਲ : ਔਖਾ, ਕਠਿਨ, ਮੁਸ਼ਕਲ
ਮਹਿਜ਼ : ਕੇਵਲ, ਸਿਰਫ਼
ਬਰਕਰਾਰ : ਕਾਇਮ, ਸਥਿਰ, ਜਿਉਂ ਦਾ ਤਿਉਂ
ਸਰਸ਼ਾਰ : ਭਰਪੂਰ, ਭਰਿਆ ਹੋਇਆ