ਪਾਠ 25. ਰੱਬ ਦੀ ਪੌੜੀ (ਸਫ਼ਰਨਾਮਾ: ਬਲਵੰਤ ਗਾਰਗੀ)
ਦੱਸੋ :
(ੳ) ਲੇਖਕ ਨੇ ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ? ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ : ਲੇਖਕ ਨੇ ਰੱਬ ਦੀ ਪੌੜੀ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ ਅਤੇ ਇਹ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਸਥਿਤ ਹੈ।
(ਅ) ਲੇਖਕ ਨੇ ਨਿਊਯਾਰਕ ਅਤੇ ਟੋਕਿਓ ਦੇ ਸਟੋਰ ਕਰਮਚਾਰੀਆਂ ਦੇ ਵਤੀਰੇ ਵਿੱਚ ਕੀ ਅੰਤਰ ਦੇਖਿਆ?
ਉੱਤਰ : ਨਿਊਯਾਰਕ:- ਜਦੋਂ ਲੇਖਕ ਨੇ ਜੁਰਾਬਾਂ ਵੇਚਣ ਵਾਲ਼ੇ ਵਿਭਾਗ ਦੇ ਨਿਗਰਾਨ ਨੂੰ ਆਪਣੇ ਮੇਚ ਦੀ ਜੁਰਾਬ ਲਈ ਪੁੱਛਿਆ ਤਾਂ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਜੁਰਾਬਾਂ ਵੱਲ ਇਸ਼ਾਰਾ ਕੀਤਾ। ਲੇਖਕ ਨੇ ਉਹਨਾਂ ਵਿੱਚੋਂ ਇੱਕ ਚੁਣ ਲਈ ‘ਤੇ ਮੁੱਠੀ ਮੀਚ ਕੇ ਜੁਰਾਬ ਦਾ ਮੇਚ ਲਿਆ ‘ਤੇ ਪੁੱਛਿਆ ਕਿ ਕੀ ਇਹ ਉਸ ਦੇ ਮੇਚ ਆ ਜਾਵੇਗੀ। ਨਿਗਰਾਨ ਨੇ ਆਖਿਆ ਕਿ ਹੋਰਨਾਂ ਦੇ ਮੇਚ ਆਉਂਦੀ ਹੈ ਤੇਰੇ ਕਿਉਂ ਨਹੀਂ ਆਵੇਗੀ।
ਟੋਕੀਓ :- ਲੇਖਕ ਨਵਾਂ-ਨਵਾਂ ਟੋਕੀਓ ਤੋਂ ਆਇਆ ਸੀ। ਉਥੋਂ ਦੇ ਸਟੋਰ ਵਿੱਚ ਜੇ ਫੀਤਾ ਦੀ ਖਰੀਦਣਾ ਹੋਵੇ ਤਾਂ ਕਰਮਚਾਰੀ ਅੱਧਾ-ਅੱਧਾ ਘੰਟਾ ਤੁਹਾਡੀ ਤਸੱਲੀ ਲਈ ਲਾ ਦਿੰਦੇ ਹਨ ਅਤੇ ਇਸ ਉੱਤੇ ਵੀ ਨਾ ਖਰੀਦੋ ਤਾਂ ਬੜੀ ਨਰਮੀ ਨਾਲ਼ ਖਰੀਦਦਾਰ ਦਾ ਧੰਨਵਾਦ ਕਰਦੇ ਹਨ ਕਿ ਉਸ ਨੇ ਉਨ੍ਹਾਂ ਦੀ ਦੁਕਾਨ ਉੱਤੇ ਚਰਨ ਪਾਏ।
(ੲ) ਐਮਪਾਇਰ ਸਟੇਟ ਬਿਲਡਿੰਗ ਦੇ ਉਪਰੋਂ ਆਲੇ-ਦੁਆਲੇ ਦਾ ਦ੍ਰਿਸ਼ ਕਿਹੋ ਜਿਹਾ ਦਿਖਾਈ ਦਿੰਦਾ ਹੈ ?
ਉੱਤਰ : ਲੇਖਕ ਅਤੇ ਰਾਲਫ ਇਕ ਵੱਡੀ ਲਿਫ਼ਟ ਵਿੱਚ ਬੈਠ ਗਏ ਜੋ ਕਿ ਡਾਕ ਗੱਡੀ ਵਾਂਗ ਸਿੱਧੀ 80ਵੀਂ ਮੰਜ਼ਲ ਉਤੇ ਪਹੁੰਚ ਗਈ। ਇੱਥੇ ਛੇ ਮੰਜ਼ਲਾਂ ਹੋਰ ਉੱਪਰ ਜਾ ਕੇ ਉਹ ਉੱਚੇ ਬੁਰਜ ਉੱਤੇ ਪੁੱਜ ਗਏ ਜਿਥੋਂ ਸਾਰਾ ਨਿਊਯਾਰਕ ਦੇ ਦਿਸਦਾ ਹੈ। ਖੂੰਜਿਆਂ ਵਿਚ ਦੂਰਬੀਨਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਦੀ 40-40 ਮੀਲ ਆਲ਼ੇ-ਦੁਆਲ਼ੇ ਦਾ ਨਜ਼ਾਰਾ ਦਿਸਦਾ ਹੈ। ਹੇਠਾਂ ਮਨਹਟਨ ਦਾ ਟਾਪੂ ਦਿਖਾਈ ਦਿੰਦਾ ਹੈ ਜਿਸ ਵਿੱਚ ਡੱਬਿਆਂ ਵਰਗੇ ਘਰ ਹਨ, ਸੜਕਾਂ ਉੱਤੇ ਮੋਟਰਾਂ ਕੀੜੀਆਂ ਵਾਂਗ ਤੁਰਦੀਆਂ ਫਿਰਦੀਆਂ ਹਨ, ਹਡਸਨ ਦਰਿਆ ਅਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਵਗਲਿਆ ਹੋਇਆ ਹੈ ਜਿਨ੍ਹਾਂ ਵਿੱਚ ਕਿਸ਼ਤੀਆਂ ‘ਤੇ ਜਹਾਜ਼ ਖੜ੍ਹੇ ਹਨ। ਨਾਲ਼ ਲੱਗਦੀ ਰਿਆਸਤ ਨਿਊ-ਜਰਸੀ, ਉਸ ਤੋਂ ਪਰੇ ਫੈਕਟਰੀਆਂ, ਉਸ ਤੋਂ ਪਰੇ ਖੇਤ ਅਤੇ ਉਸ ਤੋਂ ਪਰੇ ਦੂਜੇ ਸ਼ਹਿਰ ਨਜ਼ਰ ਆਉਂਦੇ ਹਨ।
(ਸ) ਐਮਪਾਇਰ ਸਟੇਟ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਅਤੇ ਇਹ ਕਿਵੇਂ ‘ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ ?
ਉੱਤਰ : 1 ਅਕਤੂਬਰ, 1929 ਈ. ਨੂੰ ਪਹਿਲਾਂ ਟਰੱਕ ਇਸ ਥਾਂ ਦਾਖਲ ਹੋਇਆ ਤਾਂ ਜੋ ਇਸ ਥਾਂ ‘ਤੇ ਬਣੇ ਹੋਟਲ ਨੂੰ ਢਾਹਿਆ ਜਾਵੇ। ਹੋਟਲ ਦਾ ਲੱਖਾਂ ਮਲਬਾ ਉਠਵਾ ਕੇ ਇੱਥੇ 55 ਫ਼ੁੱਟ ਡੂੰਘੀ ਨੀਂਹ ਖੋਦੀ ਗਈ ਅਤੇ ਉਸਾਰੀ ਦਾ ਕੰਮ ਸ਼ੁਰੂ ਹੋਇਆ। ਪੌਣੇ ਦੋ ਸਾਲ ਦੇ ਅੰਦਰ-ਅੰਦਰ ਇਹ ਵਚਿੱਤਰ ਮਹਿਲ ਤਿਆਰ ਹੋ ਗਿਆ ਇਸ ਦੇ ਤਿਆਰ ਹੋਣ ਦੀ ਰਫ਼ਤਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। 1930 ਈ. ਵਿੱਚ ਉਸਾਰੀ ਦੇ ਇੰਨੇ ਨਵੀਨ ਯੰਤਰ ‘ਤੇ ਸਾਇੰਸ ਦੀਆਂ ਇੰਨੀਆਂ ਕਾਢਾਂ ਨਹੀਂ ਸਨ, ਜਿਨੀਆਂ ਅੱਜ-ਕੱਲ੍ਹ ਹਨ। ਫਿਰ ਵੀ ਹਰ ਹਫ਼ਤੇ ਸਾਡੇ ਚਾਰ ਮੰਜ਼ਿਲਾਂ ਤਿਆਰ ਹੋ ਜਾਂਦੀਆਂ। ਜਦੋਂ ਕੰਮ ਜ਼ੋਰਾਂ ਉੱਤੇ ਹੁੰਦਾ ਤਾਂ ਇੱਕ ਇੱਕ ਦਿਨ ਵਿੱਚ ਹੀ ਡੇਢ ਮੰਜ਼ਿਲ ਬਣ ਕੇ ਤਿਆਰ ਹੋ ਜਾਂਦੀ । ਟਰੱਕ ਉਨ੍ਹਾਂ ਹੀ ਮਾਲ ਮਿਣ-ਤੋਲ ਕੇ ਲਿਆਉਂਦੇ ਜਿੰਨਾ ਰਾਤੋ-ਰਾਤ ਖਪ ਜਾਵੇ, ਕਿਉਂਕਿ ਫ਼ਾਲਤੂ ਸਮਾਨ ਲਿਆਉਣਾ ਨਾਲ਼ ਆਲ਼ੇ-ਦੁਆਲ਼ੇ ਦੀਆਂ ਗਲੀਆਂ ਦੇ ਰਾਹ ਰੁਕ ਜਾਣ ਦਾ ਡਰ ਸੀ।
(ਹ) ਇਸ ਇਮਾਰਤ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ : ਇਸ ਇਮਾਰਤ ਦੀ ਵਰਤੋਂ ਟੈਲੀਵਿਜ਼ਨ ਕੰਪਨੀਆਂ ਆਪਣੇ-ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਨ ਲਈ ਵਰਤਦੀਆਂ ਹਨ। ਜਿਨ੍ਹਾਂ ਨੂੰ ਨੇੜੇ-ਤੇੜੇ ਦੀਆਂ ਚਾਰ ਰਿਆਸਤਾਂ ਦੇ 52 ਲੱਖ ਦਰਸ਼ਕ ਦੇਖਦੇ ਹਨ। ਇਸ ਵਿੱਚ ਸੈਂਕੜੇ ਦਫ਼ਤਰ ਹਨ ਜਿੰਨ੍ਹਾਂ ਵਿੱਚ ਹਜਾਰਾਂ ਆਦਮੀ ਕੰਮ ਕਰਦੇ ਹਨ। ਇਸ ਦੀ ਤਸਵੀਰ ਦੇ ਲੱਖਾਂ ਕਾਰਡ ਹੁਣ ਤੱਕ ਵਿਕ ਚੁੱਕੇ ਹਨ । ਕਈ ਫ਼ਿਲਮਾਂ ਵਿੱਚ ਇਸ ਨੂੰ ਦਿਖਾਇਆ ਜਾ ਚੁੱਕਾ ਹੈ ਅਤੇ ਵੱਡੇ-ਵੱਡੇ ਲੀਡਰ, ਫ਼ਿਲਮ-ਸਟਾਰ, ਦੁਨੀਆਂ ਦੇ ਮਹਾਨ ਚਿੱਤਰਕਾਰ ਤੇ ਵਿਦਵਾਨ ਇਸ ਉੱਤੇ ਚੜ੍ਹ ਕੇ ਧਰਤੀ ਦੀ ਵਿਸ਼ਾਲ-ਝਾਤ ਪਾ ਚੁੱਕੇ ਹਨ।
2. ਔਖੇ ਸ਼ਬਦਾਂ ਦੇ ਅਰਥ:
ਸਟੋਰ ਗੁਦਾਮ ਚੀਜ਼ਾਂ ਦੇ ਇਕੱਠੇ ਰੱਖਣ ਦੀ ਥਾਂ,
ਤਰਤੀਬ ਕ੍ਰਮ ਅਨੁਸਾਰ, ਸਿਲਸਿਲੇਵਾਰ
ਨਿਗਰਾਨ ਦੇਖਭਾਲ ਕਰਨ ਵਾਲ਼ਾ, ਨਿਰੀਖਕ
ਬੁਰਜੀ ਮਿਨਾਰ, ਗੁੰਬਦ, ਗੁੰਬਦ ਦੀ ਸ਼ਕਲ ਦਾ ਬਣਿਆ ਮਕਾਨ
ਡਾਕ-ਗੱਡੀ ਵਾਂਗ ਬਹੁਤ ਤੇਜ਼ੀ ਨਾਲ਼
ਸੁਰਖ਼ ਲਾਲ, ਰੱਤਾ, ਕਿਰਮਚੀ
ਮਾਹੀਗੀਰ ਮੱਛੀਆਂ ਫੜਨ ਵਾਲ਼ੇ, ਮਾਛੀ, ਮਛੇਰੇ
ਖੱਪ ਜਾਂਦਾ ਲੱਗ ਜਾਂਦਾ, ਮੁੱਕ ਜਾਂਦਾ, ਜਜ਼ਬ ਹੋ ਜਾਂਦਾ
ਫ਼ੌਲਾਦ ਬਹੁਤ ਸਖਤ ‘ਤੇ ਵਧੀਆ ਲੋਹਾ
ਫਿਫ਼ਥ ਐਵੇਨਿਊ ਪੰਜਵੀਂ ਗਲ਼ੀ, ਪੰਜਵਾਂ ਰਾਹ
ਖਾੜੀ ਸਮੁੰਦਰ ਦਾ ਉਹ ਹਿੱਸਾ ਜੋ ਦੂਰ ਤੱਕ ਖੁਸ਼ਕੀ ਦੇ ਅੰਦਰ ਚਲਾ ਗਿਆ ਹੋਵੇ
ਕੈਫੇ ਕਾਫ਼ੀ ਹਾਊਸ, ਉਹ ਥਾਂ ਜਿੱਥੇ ਕਾਫ਼ੀ ਤਿਆਰ ਕਰਕੇ ਪਿਆਈ ਜਾਂਦੀ ਹੈ
3. ਵਾਕਾਂ ਵਿਚ ਵਰਤੋ :
1. ਸਜਾਵਟ (ਸ਼ਿੰਗਾਰ, ਸਜਾਉਣਾ) ਦੀਵਾਲੀ ਵਾਲ਼ੇ ਦਿਨ ਲੋਕ ਆਪਣੇ ਘਰਾਂ ਦੀ ਸਜਾਵਟ ਬਹੁਤ ਸੋਹਣੇ ਢੰਗ ਨਾਲ਼ ਕਰਦੇ ਹਨ।
2. ਸਿਖ਼ਰਲੀ (ਸਭ ਤੋ ਉੱਪਰਲੀ) ਐਮਪਾਇਰ ਸਟੇਟ ਬਿਲਡਿੰਗ ਦੀ ਸਿਖ਼ਰਲੀ ਮੰਜ਼ਲ ‘ਤੇ ਬੁਰਜੀ ਬੱਦਲਾਂ ਵਿੱਚ ਲੁਕੇ ਰਹਿੰਦੇ ਹਨ।
3. ਚਰਨ ਪਾਉਣੇ (ਪੈਰ ਪਾਉਣੇ) ਟੋਕਿਓ ਸ਼ਹਿਰ ਦੇ ਸਟੋਰ ਦੇ ਕਰਮਚਾਰੀ ਬੜੀ ਨਰਮੀ ਨਾਲ਼ ਗਾਹਕਾਂ ਦਾ ਧੰਨਵਾਦ ਕਰਦੇ ਹਨ।
4. ਪ੍ਰਤੀਕ (ਚਿੰਨ) ਅਮਰੀਕਾ ਵਿੱਚ ਬਣੀ ਦੇਵੀ ਦੀ ਮੂਰਤੀ ਅਮਰੀਕਾ ਦੀ ਆਜ਼ਾਦੀ ਦਾ ਪ੍ਰਤੀਕ ਹੈ।
5. ਗੰਧਲਾ (ਮੈਲਾ, ਗੰਦਾ) ਦਿਨੋ-ਦਿਨ ਧਰਤੀ ਹੇਠਲਾ ਪਾਣੀ ਗੰਧਲਾ ਹੁੰਦਾ ਜਾ ਰਿਹਾ ਹੈ।
6. ਵਚਿੱਤਰ (ਅਨੋਖਾ) ਐਮਪਾਇਰ ਸਟੇਟ ਬਿਲਡਿੰਗ ਉਪਰ ਚੜ੍ਹ ਕੇ ਆਲ਼ੇ-ਦੁਆਲ਼ੇ ਦਾ ਵਚਿੱਤਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
7. ਵਾਕਈ (ਬਿਲਕੁਲ) ਐਮਪਾਇਰ ਸਟੇਟ ਬਿਲਡਿੰਗ ਵਾਕਈ ਇੱਕ ਸੁੰਦਰ ਇਮਾਰਤ ਹੈ।
8. ਸ਼ਾਹਕਾਰ (ਸਭ ਤੋਂ ਉੱਤਮ) ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।