ਪਾਠ-1 ਮੁਢਲੀ ਸਹਾਇਤਾ
ਪ੍ਰਸ਼ਨ 1. ਮੁਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ—ਮੁਢਲੀ ਸਹਾਇਤਾ ਉਹ ਸਹਾਇਤਾ ਹੈ ਜਿਹੜੀ ਕਿ ਕਿਸੇ ਮਰੀਜ਼ ਜਾਂ ਜ਼ਖ਼ਮੀ ਨੂੰ ਦੁਰਘਟਨਾ ਦੇ ਤੁਰੰਤ ਪਿੱਛੋਂ ਡਾਕਟਰ ਦੇ ਆਉਣ ਤੋਂ ਪਹਿਲਾਂ ਨਿਯਮ ਅਨੁਸਾਰ ਦਿੱਤੀ ਜਾਂਦੀ ਹੈ।
ਪ੍ਰਸ਼ਨ 2 . ਮੁਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ?
ਉੱਤਰ—ਮੁਢਲੀ ਸਹਾਇਤਾ ਦੇ ਮੁੱਖ ਉਦੇਸ਼ ਹੇਠ ਲਿਖੇ ਹਨ :—
1. ਰੋਗੀ ਦਾ ਜੀਵਨ ਬਚਾਉਂਦੀ ਹੈ।
2. ਮਰੀਜ਼ ਦੀ ਹਾਲਤ ਨੂੰ ਵਿਗੜਨ ਤੋਂ ਰੋਕਦੀ ਹੈ।
3. ਮਰੀਜ਼ ਦੀ ਹਾਲਤ ਨੂੰ ਸੁਧਾਰਦੀ ਹੈ।
4. ਮਰੀਜ਼ ਨੂੰ ਨਜ਼ਦੀਕੀ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ ਚਾਹੀਦਾ ਹੈ।
ਪ੍ਰਸ਼ਨ 3. ਮੁਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
ਉੱਤਰ—ਮੁਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਹੇਠ ਲਿਖਿਆ ਸਮਾਨ ਹੋਣਾ ਚਾਹੀਦਾ ਹੈ : :
1. ਐਂਟੀਸੈਪਟਿਕ ਅਤੇ ਕੀਟਾਣੂਨਾਸ਼ਕ: ਸਪਿਰਿਟ, ਸਾਬਣ, ਬੋਰਿਕ ਐਸਿਡ, ਡਿਟੋਲ, ਬੀਟਾਡੀਨ, ਟਿੱਚਰ ਆਇਓਡੀਨ ਅਤੇ ਬਰਨੋਲ ਆਦਿ।ਦਵਾਈਆਂ (ਸਪਿਰਿਟ ਜਾਂ ਕਰੀਮ)
2. ਸਾਫ਼ ਰੂੰ ਦਾ ਇਕ ਪੈਕਟ
3. ਅੱਡ-ਅੱਡ ਆਕਾਰ ਦੀਆਂ ਫੱਟੀਆਂ।
4. ਥਰਮਾਮੀਟਰ, ਕੈਂਚੀ, ਸੇਫਟੀ ਪਿੰਨ, ਟਾਰਚ ਅਤੇ ਚਿਮਟੀ ਆਦਿ।
5. ਅੱਡ-ਅੱਡ ਆਕਾਰ ਦੇ ਜਰਮ ਰਹਿਤ ਰੂੰ ਦੇ ਫੰਬੇ ਜਾਂ ਰਹੇ।
6. ਦਵਾਈ ਨੂੰ ਮਿਣਨ ਲਈ ਬੈਕੇਲਾਈਟ ਗਲਾਸ।
7. ਤਿਕੋਣੀਆਂ ਤੇ ਗੋਲ ਪੱਟੀਆਂ।
8. ਗਰਮ ਪੱਟੀਆਂ।
9. ਓ. ਆਰ. ਐਸ. (ORS) ਦੇ ਪੈਕਟ।
10. ਸਾਹ ਸਹੀ ਕਰਨ ਲਈ ਇਨਹੇਲਰ।
11. ਐਡੀਹੇਸਿਵ ਟੇਪ/ਲੀਕੋਪੋਰ (Adhesive Tape/Lecopor) | ਫਸਟ ਏਡ ਬਾੱਕਸ ਵਿੱਚ ਉਪਰੋਕਤ ਦੱਸਿਆ ਸਮਾਨ ਹਰੇਕ ਘਰ, ਵਿੱਦਿਅਕ ਸੰਸਥਾਵਾਂ, ਫ਼ੈਕਟਰੀਆਂ, ਜਨਤਕ ਸਥਾਨਾਂ ਅਤੇ ਖੇਡ ਦੇ ਮੈਦਾਨਾਂ ਆਦਿ ਵਿੱਚ ਲਾਜ਼ਮੀ ਹੋਣਾ ਚਾਹੀਦਾ ਹੈ।
ਪ੍ਰਸ਼ਨ 4. ਮੁਢਲੀ ਸਹਾਇਤਾ ਦੇ ਨਿਯਮ ਲਿਖੋ।
ਉੱਤਰ-ਮੁਢਲੀ ਸਹਾਇਤਾ ਦੇ ਮੁੱਖ ਨਿਯਮ ਹੇਠ ਲਿਖੇ ਹਨ :
1. ਜੇ ਰੋਗੀ ਜਾਂ ਜ਼ਖ਼ਮੀ ਦਾ ਸਾਹ ਨਾ ਚਲਦਾ ਹੋਵੇ ਜਾਂ ਰੁਕ ਰਿਹਾ ਹੋਵੇ ਤਾਂ ਉਸਨੂੰ ਫੌਰਨ ਬਣਾਉਟੀ ਸਾਹ ਦੇਣਾ ਚਾਹੀਦਾ ਹੈ।
2. ਕਿਸੇ ਫੱਟੜ ਵਿਅਕਤੀ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਸਾਰਿਆਂ ਤੋਂ ਪਹਿਲਾਂ ਉਸ ਦੇ ਸਰੀਰ ਉੱਤੇ ਲੱਗੀਆਂ ਡੂੰਘੀਆਂ ਚੋਟਾਂ ਵਿੱਚੋਂ ਵਗਦੇ ਖ਼ੂਨ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ।
3. ਮੁਢਲੀ ਸਹਾਇਤਾ ਦਿੰਦੇ ਹੋਏ ਮੁਢਲੇ ਸਹਾਇਕ ਦੇ ਦਿਲ ਵਿੱਚ ਕੋਈ ਆਸ਼ੰਕਾ ਜਾਂ ਡਰ ਨਹੀਂ ਹੋਣਾ ਚਾਹੀਦਾ।
4. ਫੱਟੜ ਨੂੰ ਉਹੀ ਮੁਢਲੀ ਸਹਾਇਤਾ ਦੇਣੀ ਚਾਹੀਦੀ ਹੈ ਜਿਹੜੀ ਉਸ ਦੀ ਸਥਿਤੀ ਨੂੰ ਵਧੇਰੇ ਗੰਭੀਰ ਹੋਣ ਤੋਂ ਬਚਾਅ ਲਈ ਲੋੜੀਂਦੀ ਹੋਵੇ।
5. ਜ਼ਖ਼ਮੀ ਦੇ ਕੱਪੜੇ ਲੋੜ ਤੋਂ ਬਿਨਾਂ ਨਹੀਂ ਉਤਾਰਨੇ ਚਾਹੀਦੇ।
6. ਜੇਕਰ ਜ਼ਖ਼ਮੀ ਦੇ ਮੂੰਹ, ਨੱਕ ਜਾਂ ਕੰਨ ਵਿੱਚੋਂ ਖ਼ੂਨ ਵਗ ਰਿਹਾ ਹੋਵੇ ਤਾਂ ਉਸ ਦੇ ਖ਼ੂਨ ਨੂੰ ਰੋਕਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਿਉਂਕਿ ਮੂੰਹ ਤੇ ਨੱਕ ਵਿੱਚੋਂ ਖ਼ੂਨ ਵਾਪਸ ਦਿਮਾਗ਼ ਵਿੱਚ ਜਾ ਕੇ ਮਰੀਜ਼ ਨੂੰ ਅਪੰਗ ਜਾਂ ਅਧਰੰਗ/ਲਕਵੇ ਦਾ ਪੀੜਤ ਬਣਾ ਸਕਦਾ ਹੈ। ਇਹ ਖ਼ੂਨ ਸਾਹ ਨਲੀ ਵਿਚ ਜਾ ਕੇ ਸਾਹ ਨੂੰ ਰੋਕ ਕੇ ਮਰੀਜ਼ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
7. ਜ਼ਖ਼ਮੀ ਦੇ ਨੇੜੇ ਭੀੜ ਇਕੱਠੀ ਨਹੀਂ ਹੋਣ ਦੇਣੀ ਚਾਹੀਦੀ। ਇਸ ਕਾਰਨ ਪੀੜਤ ਨੂੰ ਘਬਰਾਹਟ ਮਹਿਸੂਸ ਹੁੰਦੀ ਹੈ ਅਤੇ ਉਸਨੂੰ ਤਾਜ਼ੀ ਹਵਾ ਵੀ ਉਪਲਬਧ ਨਹੀਂ ਹੁੰਦੀ।
8. ਜੇਕਰ ਪੀੜਤ ਨੇ ਬੂਟ ਜੁਰਾਬਾਂ ਪਹਿਣੇ ਹੋਣ ਤਾਂ ਉਸ ਦੀਆਂ ਬੂਟ ਜੁਰਾਬਾਂ ਫੌਰਨ ਖੋਲ੍ਹ ਦੇਣੀਆਂ ਚਾਹੀਦੀਆਂ ਹਨ।
9. ਜੇਕਰ ਮਰੀਜ਼ ਦੀ ਹਾਲਤ ਬੜੀ ਗੰਭੀਰ ਹੋਵੇ ਤਾਂ ਵੀ ਡਾਕਟਰ ਕੋਲ ਲੈ ਕੇ ਜਾਣ ਤਕ ਜਾਂ ਡਾਕਟਰ ਦੇ ਆਉਣ ਤਕ ਉਸਨੂੰ ਮੁਢਲੀ ਸਹਾਇਤਾ ਦਿੰਦੇ ਰਹਿਣਾ ਚਾਹੀਦਾ ਹੈ।
10. ਜ਼ਖ਼ਮੀ ਦੀ ਵਧੇਰੇ ਹਿੱਲਜੁਲ ਨਹੀਂ ਕਰਨੀ ਚਾਹੀਦੀ।
11. ਜ਼ਖ਼ਮੀ ਨੂੰ ਨਜ਼ਦੀਕੀ ਡਾਕਟਰ ਕੋਲ ਲਿਜਾਣ ਸਮੇਂ ਡਾਕਟਰ ਦੀ ਚੋਣ ਕਰਨ ਲਈ ਵਕਤ ਬਿਲਕੁਲ ਨਹੀਂ ਗੁਆਉਣਾ ਚਾਹੀਦਾ ਹੈ। ਸਗੋਂ ਜਿੰਨੀ ਛੇਤੀ ਹੋ ਸਕੇ, ਉਸ ਨੂੰ ਨੇੜਲੇ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ।
12. ਪੀੜਤ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ਤਾਂਕਿ ਉਹ ਬਿਲਕੁਲ ਨਾ ਘਬਰਾਏ। 13. ਜ਼ਖ਼ਮੀ ਨੂੰ ਹਮੇਸ਼ਾ ਅਰਾਮ ਦੀ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ ਤਾਂਕਿ ਉਸਦੀ ਤਕਲੀਫ ਵਿੱਚ ਵਾਧਾ ਨਾ ਹੋਵੇ।
ਪ੍ਰਸ਼ਨ 5. ਮੁਢਲਾ ਸਹਾਇਕ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ—ਜਿਹੜੇ ਵਿਅਕਤੀ ਨੇ ਕਿਸੇ ਅਧਿਕਾਰਿਤ ਅਦਾਰੇ ਮੁਢਲੀ ਸਹਾਇਤਾ ਦੀ ਸਿੱਖਿਆ ਲੈ ਕੇ ਟੈਸਟ ਪਾਸ ਕੀਤਾ ਹੋਵੇ, ਉਸ ਨੂੰ ਮੁਢਲਾ ਸਹਾ ੲਕ ਕਹਿੰਦੇ ਹਨ
ਪ੍ਰਸ਼ਨ 6. ਮੁਢਲੇ ਸਹਾਇਕ ਦੇ ਗੁਣ ਲਿਖੋ।
ਉੱਤਰ—ਕਿਸੇ ਜ਼ਖ਼ਮੀ ਜਾਂ ਮਰੀਜ਼ ਨੂੰ ਮੁਢਲੀ ਸਹਾਇਤਾ ਦੇਣਾ ਇੱਕ ਮਹੱਤਵਪੂਰਨ ਕੰਮ ਹੈ। ਜੇਕਰ ਜ਼ਖ਼ਮੀ ਜਾਂ ਮਰੀਜ਼ ਨੂੰ ਜ਼ਰੂਰੀ ਮੁਢਲੀ ਸਹਾਇਤਾ ਸਮੇਂ ਸਿਰ ਠੀਕ ਤੌਰਤਰੀਕੇ ਨਾਲ ਨਾ ਦਿੱਤੀ ਜਾਵੇ ਤਾਂ ਜ਼ਖ਼ਮੀ ਦੀ ਮੌਤ ਵੀ ਹੋ ਸਕਦੀ ਹੈ। ਇਸ ਕਾਰਨ ਮੁਢਲੇ ਸਹਾਇਕ ਦੇ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ :
1. ਉਹ ਸਮਝਦਾਰ, ਫੁਰਤੀਲਾ ਅਤੇ ਫੌਰਨ ਫ਼ੈਸਲਾ ਲੈਣ ਵਾਲਾ ਹੋਣਾ ਚਾਹੀਦਾ ਹੈ।
2. ਉਹ ਇੱਕ ਅਨੁਭਵੀ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਮੁਢਲੀ ਸਹਾਇਤਾ ਦੇਣ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ।
3. ਮਰੀਜ਼ ਜਾਂ ਜ਼ਖ਼ਮੀ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਮੁਢਲੇ ਸਹਾਇਕ ਨੂੰ ਸਾਰੀ ਸਥਿਤੀ ਆਪਣੇ ਕੰਟਰੋਲ ਵਿੱਚ ਕਰਕੇ ਫੌਰਨ ਮੁਢਲੀ ਸਹਾਇਤਾ ਦੇਣੀ ਚਾਲੂ ਕਰ ਦੇਣੀ ਚਾਹੀਦੀ ਹੈ।
4. ਉਸ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਵੱਖ-ਵੱਖ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ। ਅਜਿਹੇ ਹਾਲਾਤਾਂ ਦਾ ਟਾਕਰਾ ਦਲੇਰੀ ਨਾਲ ਕਰਨਾ ਚਾਹੀਦਾ ਹੈ। ਜੇਕਰ ਮੁੱਢਲਾ ਸਹਾਇਕ ਹਿੰਮਤ ਛੱਡ ਦੇਵੇ ਤਾਂ ਜ਼ਖ਼ਮੀ ਦੀ ਸਥਿਤੀ ਵਧੇਰੇ ਵਿਗੜ ਸਕਦੀ ਹੈ। ਉਸ ਨੂੰ ਜ਼ਖ਼ਮੀ ਦੀ ਹਾਲਤ ਵੇਖ ਕੇ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ।
5. ਉਸ ਵਿੱਚ ਧੀਰਜ ਅਤੇ ਸਹਿਨਸ਼ੀਲਤਾ ਹੋਣੀ ਬਹੁਤ ਹੀ ਲੋੜੀਂਦੀ ਹੈ। ਜ਼ਖ਼ਮੀ ਜਾਂ ਮਰੀਜ਼ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਉਸਨੂੰ ਕਿਸੇ ਕਿਸਮ ਦੀ ਕਾਹਲੀ ਨਹੀਂ ਕਰਨੀ ਚਾਹੀਦੀ।
6. ਉਹ ਮਿਲਣਸਾਰ ਅਤੇ ਮਿੱਠ ਬੋਲੜਾ ਹੋਣਾ ਚਾਹੀਦਾ ਹੈ। ਉਸ ਨੂੰ ਫੱਟੜ ਜਾਂ ਮਰੀਜ਼ ਨੂੰ ਆਪਣੀ ਗੱਲਾਂ ਵਿੱਚ ਲਗਾ ਕੇ ਉਸਦੇ ਧਿਆਨ ਨੂੰ ਵੰਡਾਉਣ ਦਾ ਯਤਨ ਕਰਨਾ ਚਾਹੀਦਾ वे ਹੈ।
7. ਮੁਢਲੀ ਸਹਾਇਤਾ ਦਿੰਦੇ ਹੋਏ ਉਸ ਦਾ ਮਰੀਜ਼ ਜਾਂ ਜ਼ਖ਼ਮੀ ਦੇ ਪ੍ਰਤੀ ਵਰਤਾਅ ਬੜੀ ਹੀ ਹਮਦਰਦੀ ਭਰਿਆ ਅਤੇ ਪਿਆਰ ਭਰਪੂਰ ਹੋਣਾ ਚਾਹੀਦਾ ਹੈ। ਇਸ ਕਿਸਮ ਦੇ ਵਰਤਾਅ ਨਾਲ ਮਰੀਜ਼ ਜਾਂ ਜ਼ਖ਼ਮੀ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ।
8. ਉਸਨੂੰ ਕਦੀ ਵੀ ਖ਼ੁਦ ਨੂੰ ਡਾਕਟਰ ਨਹੀਂ ਸਮਝਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਜ਼ਖ਼ਮੀ ਨੂੰ ਡਾਕਟਰ ਦੇ ਪਹੁੰਚਣ ਜਾਂ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਤਕ ਲੋੜੀਂਦੀ ਸਹਾਇਤਾ ਦਿੰਦਾ ਰਹੇ।
ਮੁਢਲੀ ਸਹਾਇਤਾ ਦੀ ਜ਼ਰੂਰਤ ਸਿਰਫ ਮਰੀਜ਼ ਜਾਂ ਫੱਟੜ/ਜ਼ਖ਼ਮੀ ਨੂੰ ਹੀ ਨਹੀਂ ਪੈਂਦੀ ਸਗੋਂ ਇਹ ਲੋੜ ਕਈ ਹੋਰ ਤਰ੍ਹਾਂ ਦੀਆਂ ਦੁਰਘਟਨਾਵਾਂ ਵਿੱਚ ਵੀ ਹੁੰਦੀ ਹੈ। ਜਿਵੇਂ— ਝੁਲਸ ਜਾਣਾ, ਪਾਣੀ ਵਿੱਚ ਡੁੱਬਣਾ, ਸੱਪ ਦਾ ਡੱਸਣਾ, ਹਲਕੇ ਕੁੱਤੇ ਦਾ ਕੱਟਣਾ ਅਤੇ ਕਰੰਟ ਲਗਣਾ। ਅਜਿਹੀਆਂ ਦੁਰਘਟਨਾਵਾਂ ਦੇ ਪੀੜਤ ਵਿਅਕਤੀਆਂ ਨੂੰ ਮੁਢਲੀ ਸਹਾਇਤਾ ਦੀ, ਫੌਰਨ ਜ਼ਰੂਰਤ ਪੈਂਦੀ ਹੈ। ਮੁਢਲੀ ਸਹਾਇਤਾ ਦੇਣ ਨਾਲ ਅਜਿਹੇ ਹਾਦਸਿਆਂ ਤੋਂ ਗ੍ਰਸਤ ਦੀ ਜਾਨ ਬਚਾਈ ਜਾ ਸਕਦੀ ਹੈ।
ਪ੍ਰਸ਼ਨ 7. C.P.R. ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਸੀ. ਪੀ. ਆਰ. (C.P.R.) ਤਿੰਨ ਸ਼ਬਦਾਂ C, P ਤੇ R ਦਾ ਸੰਗਮ ਹੈ ਅਰਥਾਤ C ਤੋਂ ਭਾਵ ਹੈ ਕਾਰਡੀਓ (Cardio), P ਤੋਂ ਭਾਵ ਹੈ ਪਲਮੋਨਰੀ (Pulmonary) ਅਤੇ R ਯਾਨੀ ਰਿਸੇਸੀਟੇਸ਼ਨ (Resuscitation) |
ਜਦੋਂ ਮਰੀਜ਼ ਦੀ ਸਾਹ ਕਿਰਿਆ ਅਤੇ ਨਬਜ਼ ਮਹਿਸੂਸ ਨਹੀਂ ਹੁੰਦੀ, ਤਾਂ ਉਸ ਦੀਆਂ ਅੱਖਾਂ ਦੀ ਹਰਕਤ ਬੰਦ ਹੋ ਜਾਂਦੀ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਸੁਰਜੀਤ ਕਰਨ ਲਈ C.P.R. ਕੀਤੀ ਜਾਣੀ ਚਾਹੀਦੀ ਹੈ। ਮਰੀਜ਼ ਨੂੰ C.P.R. ਕਰਦੇ ਹੋਏ ਉਸ ਦੇ ਦਿਲ ਉਪਰ ਦੋਵੇਂ ਹਥੇਲੀਆਂ ਰੱਖ ਕੇ ਕੋਈ 30 ਵਾਰੀ ਦਬਾਅ ਪਾਉਣਾ ਚਾਹੀਦਾ ਹੈ। ਇਸ ਪਿੱਛੋਂ ਦੋ ਵਾਰ ਮੂੰਹ ਉੱਤੇ ਮੂੰਹ ਰੱਖ ਕੇ ਆਪਣਾ ਸਾਹ ਉਸ ਸਮੇਂ ਤਕ ਦੇਣਾ ਚਾਹੀਦਾ ਹੈ। ਜਦੋਂ ਤਾਈਂ ਮਰੀਜ਼ ਦੀ ਨਬਜ਼ ਨਹੀਂ ਚਲ ਪੈਂਦੀ, ਉਸ ਸਮੇਂ ਤਕ C.P.R ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਸਹੀ ਢੰਗ ਨਾਲ ਉਚਿਤ ਸਮੇਂ ਉੱਤੇ C.P.R. ਕੀਤਾ ਜਾਵੇ ਤਾਂ ਮਰੀਜ਼ ਦਾ ਜੀਵਨ ਬਚਾਇਆ ਜਾ ਸਕਦਾ ਹੈ।
C.P.R. ਹੇਠ ਲਿਖੀਆਂ ਸਥਿਤੀਆਂ ਵਿੱਚ ਕਰਨੀ ਚਾਹੀਦੀ ਹੈ :
1. ਜਦੋਂ ਮਰੀਜ਼ ਦੀਆਂ ਅੱਖਾਂ ਦੀ ਹਲਚਲ ਬੰਦ ਹੋ ਜਾਵੇ।
2. ਜਦੋਂ ਮਰੀਜ਼/ਜ਼ਖ਼ਮੀ ਦੇ ਦਿਲ ਦੀ ਧੜਕਣ ਬੰਦ ਹੋ ਜਾਵੇ।
3. ਜਦੋਂ ਮਰੀਜ਼ ਬਹੋਸ਼ੀ ਦੀ ਹਾਲਤ ਵਿੱਚ ਹੋਵੇ।
4. ਜਦੋਂ ਜ਼ਖ਼ਮੀ/ਪੀੜਤ ਦੀ ਨਬਜ਼ ਨਾ ਮਿਲੇ।
C.P.R. ਕਦੋਂ ਨਹੀਂ ਕਰਨੀ ਚਾਹੀਦੀ:
1. ਹੇਠ ਲਿਖੀ ਹਾਲਤਾਂ ਵਿੱਚ C.P.R. ਨਹੀਂ ਕਰਨੀ ਚਾਹੀਦੀ ਹੈ.
2. ਜਦੋਂ ਮਰੀਜ਼ ਨੂੰ ਸਾਹ ਮੁਸ਼ਕਿਲ ਨਾਲ ਆ ਰਿਹਾ ਤੋਵੇ।
3. ਜਦੋਂ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਹੋਵੇ।
ਪ੍ਰਸ਼ਨ 8. ‘ਮੂੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦੇ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ—ਮੂੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦਾ ਢੰਗ
1.ਸਾਰਿਆਂ ਤੋਂ ਪਹਿਲਾਂ ਜੇ ਮਰੀਜ਼ ਦੇ ਮੂੰਹ ਵਿੱਚ ਕੋਈ ਰੁਕਾਵਟ ਹੋਵੇ ਤਾਂ ਮੁਢਲੇ ਸਹਾਇਕ ਨੂੰ ਉਸ ਰੁਕਾਵਟ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਪਿੱਛੋਂ ਇੱਕ ਹੱਥ ਨਾਲ ਮਰੀਜ਼ ਦੀ ਠੋਡੀ ਫੜ ਕੇ ਅਤੇ ਦੂਜੇ ਹੱਥ ਨਾਲ ਮਰੀਜ਼ ਦਾ ਨੱਕ ਬੰਦ ਕਰਕੇ ਮੁੱਢਲਾ ਸਹਾਇਕ ਆਪਣੇ ਮੂੰਹ ਅੰਦਰ ਹਵਾ ਭਰ ਕੇ ਮਰੀਜ਼ ਦੇ ਮੂੰਹ ਉੱਤੇ ਮੂੰਹ ਰੱਖ ਕੇ ਅੰਦਰ ਨੂੰ ਜ਼ੋਰ ਨਾਲ ਆਪਣਾ ਸਾਹ ਦੇਣਾ ਚਾਹੀਦਾ ਹੈ।
2.ਮੁਢਲੇ ਸਹਾਇਕ ਦਾ ਸਾਹ ਰੋਗੀ ਦੇ ਅੰਦਰ ਜਾਣ ‘ਤੇ ਮਰੀਜ਼ ਦੀ ਛਾਤੀ ਵਿੱਚ ਹਵਾ ਭਰ ਜਾਵੇਗੀ। ਮਰੀਜ਼ ਨੂੰ ਸਾਹ ਦੇਣ ਨਾਲ ਉਸ ਦੀ ਸਾਹ ਫੁੱਲ ਜਾਵੇਗੀ। ਇਹ ਕਿਰਿਆ 12 ਤੋਂ 16 ਵਾਰੀ ਕਰਨੀ ਚਾਹੀਦੀ ਹੈ ਜਾਂ ਉਸ ਸਮੇਂ ਤਕ ਕਰਨੀ ਚਾਹੀਦੀ ਹੈ ਜਦੋਂ ਤਾਈਂ ਮਰੀਜ਼ ਦਾ ਸਾਹ ਚੱਲਣਾ ਚਾਲੂ ਨਾ ਹੋ ਜਾਵੇ।
ਪ੍ਰਸ਼ਨ 9. ਸ਼ੈਫਰ ਢੰਗ ਰਾਹੀਂ ਬਣਾਉਟੀ ਸਾਹ ਕਿਵੇਂ ਦਿੱਤਾ ਜਾਂਦਾ ਹੈ। ਵਰਨਣ ਕਰੋ।
ਉੱਤਰ—ਸ਼ੈਫਰ ਢੰਗ (Schafer’s Method)— ਬਣਾਉਟੀ ਸਾਹ ਦੇਣ ਦੇ ਇਸ ਢੰਗ ਦੀ ਖੋਜ ਐਡਵਰਡ ਸ਼ੈਫਰ ਨੇ ਕੀਤੀ ਸੀ। ਇਸ ਕਾਰਨ ਇਸ ਵਿਧੀ ਦਾ ਨਾਂ ਸ਼ੈਫਰ ਢੰਗ ਪੈ ਗਿਆ ਹੈ।
ਸ਼ੈਫਰ ਢੰਗ ਦੀ ਵਰਤੋਂ— ਇਸ ਢੰਗ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਜ਼ਖ਼ਮੀ ਦੇ ਜਬਾੜੇ ਦੇ ਟੁੱਟ ਜਾਣ ਕਾਰਨ ਜਖ਼ਮੀ ਨੂੰ ਜੇ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੋਵੇ ਜਾਂ ਕਿਸੇ ਵਿਅਕਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੋਵੇ ਅਤੇ ਮਰੀਜ਼ ਦੇ ਮੂੰਹ ਤੇ ਨੱਕ ਵਿੱਚੋਂ ਜ਼ਹਿਰ ਦੀ ਬਦਬੂ ਆ ਰਹੀ ਹੋਵੇ ਤਾਂ ਇਸ ਢੰਗ ਨਾਲ ਬਣਾਉਟੀ ਸਾਹ ਦੇਣਾ ਲਾਭਦਾਇਕ ਹੁੰਦਾ ਹੈ।
ਰੋਗੀ ਦੀ ਸਥਿਤੀ (Position of Patient)—
1. ਇਸ ਢੰਗ ਨਾਲ ਬਣਾਉਟੀ ਸਾਹ (Artificial Respiration) ਦੇਣ ਲਈ ਰੋਗੀ ਨੂੰ ਢਿੱਡ ਭਾਰ ਲਿਟਾ ਦੇਣਾ ਚਾਹੀਦੀ ਹੈ।
2. ਰੋਗੀ ਦੀ ਇੱਕ ਬਾਂਹ ਮੋੜ ਕੇ ਉਸ ਉੱਤੇ ਉਸ ਦਾ ਮੱਥਾ ਟਿਕਾ ਦੇਣਾ ਚਾਹੀਦਾ ਹੈ।
3. ਰੋਗੀ ਦਾ ਸਿਰ ਇੱਕ ਪਾਸੇ ਵੱਲ ਮੋੜ ਦੇਣਾ ਚਾਹੀਦਾ ਹੈ।
4. ਰੋਗੀ ਦੇ ਮੂੰਹ ਤੇ ਨੱਕ ਅੱਗੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਹੈ।
ਮੁਢਲੇ ਸਹਾਇਕ ਦੀ ਸਥਿਤੀ (Position of First Aider)—
1. ਰੋਗੀ ਦੇ ਸਿਰ ਵੱਲ ਮੂੰਹ ਕਰਕੇ ਰੋਗੀ ਦੇ ਇੱਕ ਪਾਸੇ ਉਸ ਦੇ ਚੂਲੇ ਦੇ ਨਜ਼ਦੀਕ ਦੋਵੇਂ ਗੋਡਿਆਂ ਦੇ ਭਾਰ ਜਾਂ ਇੱਕ ਗੋਡੇ ਦੇ ਭਾਰ ਬੈਠ ਜਾਣਾ ਚਾਹੀਦਾ ਹੈ।
2. ਆਪਣੇ ਦੋਵੇਂ ਹੱਥ ਰੋਗੀ ਦੀ ਕਮਰ ਉੱਤੇ ਇੰਝ ਰੱਖਣੇ ਚਾਹੀਦੇ ਹਨ ਕਿ ਇੱਕ ਹੱਥ ਰੀੜ੍ਹ ਦੀ ਹੱਡੀ ਦੇ ਇਸ ਪਾਸੇ ਅਤੇ ਦੂਜਾ ਹੱਥ ਦੂਜੇ ਪਾਸੇ ਹੋਣਾ ਚਾਹੀਦਾ ਹੈ। ਅੰਗੂਠੇ ਆਪ ਵਿੱਚ ਮਿਲੇ ਹੋਣੇ ਚਾਹੀਦੇ ਹਨ ਅਤੇ ਉਂਗਲੀਆਂ ਹੇਠਾਂ ਜ਼ਮੀਨ ਵੱਲ ਹੋਣੀਆਂ ਚਾਹੀਦੀਆਂ ਹਨ।
3. ਮੁਢਲੇ ਸਹਾਇਕ ਨੂੰ ਆਪਣੀਆਂ ਦੋਵੇਂ ਬਾਹਵਾਂ ਬਿਲਕੁਲ ਸਿੱਧੀਆਂ ਰੱਖਣੀਆਂ ਚਾਹੀਦੀਆਂ ਹਨ।
ਸਾਹ ਚਲਾਉਣ ਦੀ ਵਿਧੀ (Application of Artificial Respiration)— ਰੋਗੀ ਨੂੰ ਪੇਟ ਦੇ ਭਾਰ ਲਿਟਾ ਕੇ ਮੁੱਢਲਾ ਸਹਾਇਕ ਉਸ ਦੇ ਡਾਇਆਫਾਰਮ (Diaphram) ਦੇ ਵੱਲ ਨੂੰ ਝੁਕੇਗਾ ਅਤੇ ਆਪਣੇ ਸਰੀਰ ਦਾ ਭਾਰ ਰੋਗੀ ਦੇ ਪੇਟ ਉੱਤੇ ਪਾਵੇਗਾ। ਇਸ ਨਾਲ ਰੋਗੀ ਦੇ ਡਾਇਆਫਾਰਮ ਉੱਤੇ ਦਬਾਅ ਪੈਣ ਨਾਲ ਉਸਦੇ ਫੇਫੜਿਆਂ ਵਿੱਚੋਂ ਹਵਾ ਬਾਹਰ ਨਿਕਲ ਜਾਵੇਗੀ ਅਰਥਾਤ ਇਸ ਨਾਲ ਸਾਹ ਬਾਹਰ ਨਿਕਲਣ ਦੀ ਪ੍ਰਕਿਰਿਆ ਹੋਣ ਲਗਦੀ ਹੈ। ਇਸ ਕਿਰਿਆ ਵਿੱਚ ਦੋ ਸੈਕਿੰਡ ਦਾ ਸਮਾਂ ਲੱਗਦਾ ਹੈ।
ਹੁਣ ਮੁੜ ਪਹਿਲੇ ਵਾਲੀ ਸਥਿਤੀ ਵਿੱਚ ਆ ਜਾਣਾ ਚਾਹੀਦਾ ਹੈ ਅਤੇ ਦਬਾਅ ਨੂੰ ਘਟਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਮਰੀਜ਼ ਦੇ ਪੇਟ ਦੇ ਅੰਗ (Abdominal Organs) ਪਿਛਾਂਹ ਵੱਲ ਆ ਜਾਣਗੇ ਅਤੇ ਫੇਫੜਿਆਂ ਦੇ ਅੰਦਰ ਹਵਾ ਭਰ ਜਾਵੇਗੀ। ਇਸ ਪ੍ਰਕਾਰ ਸਾਹ ਅੰਦਰ ਆਉਣ ਦੀ ਕਿਰਿਆ ਵਿੱਚ ਤਿੰਨ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ। ਇਸ ਤਰ੍ਹਾਂ ਪੂਰਨ ਪ੍ਰਕਿਰਿਆ ਨੂੰ ਪੰਜ ਸੈਕਿੰਡ ਲਗਣੇ ਚਾਹੀਦੇ ਹਨ। ਇਹ ਕਿਰਿਆ ਇਕ ਮਿੰਟ ਵਿੱਚ 12 ਵਾਰ ਹੋਣੀ ਚਾਹੀਦੀ ਹੈ। ਇਸ ਕਿਰਿਆ ਨੂੰ ਉਸ ਸਮੇਂ ਤਕ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤਕ ਰੋਗੀ ਦੀ ਕੁਦਰਤੀ ਸਾਹ ਕਿਰਿਆ ਮੁੜ ਸ਼ੁਰੂ ਨਾ ਹੋ ਜਾਵੇ।