ਪਾਠ 7 ਬਹੁ-ਭਾਂਤੀ ਖੇਤੀ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਨੀਮ ਪਹਾੜੀ ਇਲਾਕੇ ਵਿੱਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
ਉੱਤਰ-ਮੱਕੀ-ਕਣਕ
ਪ੍ਰਸ਼ਨ 2. ਦੱਖਣ-ਪੱਛਮੀ ਖੇਤਰ ਵਿੱਚ ਪ੍ਰੱਮੁਖ ਫ਼ਸਲੀ ਚੱਕਰ ਕਿਹੜਾ ਹੈ ?
ਉੱਤਰ-ਨਰਮਾ ਕਪਾਹ-ਕਣਕ
ਪ੍ਰਸ਼ਨ 3 . ਦੋ-ਤਿੰਨ ਫ਼ਸਲੀ ਚੱਕਰ ਪ੍ਰਣਾਲੀ ਦੀ ਇੱਕ ਉਦਾਹਰਣ ਦਿਉ।
ਉੱਤਰ-ਸੱਠੀ-ਝੋਨਾ-ਗੋਭੀ ਸਰ੍ਹੋਂ (ਪਨੀਰੀ ਨਾਲ)।
ਪ੍ਰਸ਼ਨ 4. ਝੋਣਾ ਬੀਜਣ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ ?
ਉੱਤਰ-74 ਸੈਂਟੀਮੀਟਰ ਪ੍ਰਤੀ ਸਾਲ।
ਪ੍ਰਸ਼ਨ 5. ਹਵਾ ਵਿਚਲੀ ਨਾਈਟਰੋਜਨ ਨੂੰ ਬੂਟੇ ਦੀਆਂ ਜੜ੍ਹਾਂ ਵਿੱਚ ਜਮ੍ਹਾਂ ਕਰਨ ਲਈ ਕਿਹੜਾ ਬੈਕਟੀਰੀਆ ਮਦਦ ਕਰਦਾ ਹੈ ?
ਉੱਤਰ-ਰਾਈਟ ਜ਼ੋਬੀਅਮ ਬੈਕਟੀਰੀਆ।
ਪ੍ਰਸ਼ਨ 6 . ਜੰਤਰ-ਬਾਸਮਤੀ-ਕਣਕ ਫ਼ਸਲੀ ਚੱਕਰ ਵਿੱਚ ਕਿਸ ਖਾਦ ਦੀ ਬੱਚਤ ਹੁੰਦੀ ਹੈ ?
ਉੱਤਰ—ਨਾਈਟੇਰੋਜਨ ਖਾਦ ਦੀ।
ਪ੍ਰਸ਼ਨ 7. ਭਾਰਤ ਨੂੰ ਕਿਹੜੀਆਂ ਫ਼ਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ?
ਉੱਤਰ—ਤੇਲ ਬੀਜ ਤੇ ਕਪਾਹ
ਪ੍ਰਸ਼ਨ 8 . ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦੱਬਣੀ ਚਾਹੀਦੀ ਹੈ ?
ਉੱਤਰ-ਅੱਠ-ਦਸ ਦਿਨ ਪਹਿਲਾਂ।
ਪ੍ਰਸ਼ਨ 9. ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ ?
ਉੱਤਰ-98 ਫੀਸਦੀ ਰਕਬਾ
ਪ੍ਰਸ਼ਨ 10 . ਪੰਜਾਬ ਵਿਚ ਟਿਊਬਵੈੱਲਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-14 ਲੱਖ ਟਿਊਬਵੈੱਲਾ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਬਹੁਭਾਂਤੀ ਖੇਤੀ ਤੋਂ ਕੀ ਭਾਵ ਹੈ ?
ਉੱਤਰ—ਕਣਕ ਅਤੇ ਝੋਨੇ ਦੀ ਥਾਂ ਹੋਰ ਭਿੰਨ-ਭਿੰਨ ਫ਼ਸਲਾਂ ਨੂੰ ਖੇਤੀ ਵਿੱਚ ਉਗਾਉਣ ਨੂੰ ਬਹੁਭਾਂਤੀ ਖੇਤੀ ਕਿਹਾ ਜਾਂਦਾ ਹੈ ਕਿਉਂਕਿ ਇੱਕ ਕਿਸਮ ਦੀ ਫ਼ਸਲ ਖੇਤ ਵਿੱਚ ਉਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਦੀ ਘਟਦੀ ਹੈ ਅਤੇ ਮੁਨਾਫ਼ਾ ਵੀ ਘੱਟ ਹੁੰਦਾ ਹੈ।
ਪ੍ਰਸ਼ਨ 2 . ਪਾਣੀ ਦੀ ਘਾਟ ਵਾਲੀ ਜ਼ਮੀਨ ਵਿੱਚ ਕਿਹੜੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ ?
ਉੱਤਰ-ਪਾਣੀ ਦੀ ਘਾਟ ਵਾਲੀ ਜ਼ਮੀਨ ਵਿੱਚ ਤੇਲ ਬੀਜਾਂ ਦੀਆਂ ਫ਼ਸਲਾਂ ਜਿਵੇਂ ਰਾਇਆ, ਤੋਰੀਆ, ਸਰ੍ਹੋਂ ਤੇ ਸੂਰਜਮੁਖੀ ਆਦਿ ਬੀਜੀਆਂ ਜਾ ਚਾਹੀਦੀਆਂ ਹਨ।
ਪ੍ਰਸ਼ਨ 3 . ਮੱਕੀ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ।
ਉੱਤਰ-ਮੱਕੀ ਅਧਾਰਿਤ ਫ਼ਸਲੀ ਚੱਕਰ :-ਮੱਕੀ ਅਧਾਰਿਤ ਕਈ ਫ਼ਸਲੀ ਚੱਕਰ ਅਪਣਾਏ ਜਾ ਸਕਦੇ ਹਨ ਜਿਵੇਂ ਕਿ ਮੱਕੀ-ਆਲੂ-ਮੂੰਗੀ ਜਾਂ ਸੂਰਜਮੁੱਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ, ਮੱਕੀ-ਆਲੂ-ਪਿਆਜ਼ ਜਾਂ ਮੈਂਥਾ ਅਤੇ ਮੱਕੀ-ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰ ਸਕਦੇ ਹਾਂ ਅਤੇ ਕੁਦਰਤੀ ਸਰੋਤਾਂ ਦੀ ਬੱਚਤ ਕਰ ਸਕਦੇ ਹਾਂ।
ਪ੍ਰਸ਼ਨ 4. ਚਾਰੇ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ।
ਉੱਤਰ—ਚਾਰੇ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਹਨ :-ਮੱਕੀ -ਬਰਸੀਮ-ਬਾਜਰਾ, ਮੱਕੀ-ਬਰਸੀਮ-ਮੱਕੀ ਜਾਂ ਰਵਾਹ। ਇਸ ਫ਼ਸ਼ਲ-ਚੱਕਰ ਰਾਹੀਂ ਹਰੇ ਚਾਰੇ ਦੀਆਂ ਫ਼ਸਲਾਂ ਦਾ ਵੱਧ ਝਾੜ ਲਿਆ ਜਾ ਸਕਦਾ ਹੈ।
ਪ੍ਰਸ਼ਨ 5 . ਬਹੁ-ਫ਼ਸਲੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ—ਬਹੁ-ਫ਼ਸਲੀ ਪ੍ਰਣਾਲੀ ਦੇ ਲਾਭ :
1. ਇਸ ਪ੍ਰਣਾਲੀ ਰਾਹੀ ਘੱਟ ਜ਼ਮੀਨ ਵਿੱਚੋਂ ਵੱਧ ਪੈਦਾਵਾਰ ਲਈ ਜਾ ਸਕਦੀ ਹੈ।
2. ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ।
3. ਸੰਤੁਲਿਤ ਭੋਜਨ ਦੀ ਮੰਗ ਦੀ ਪੂਰਤੀ ਕਰਦੀ ਹੈ।
4. ਕੁਦਰਤੀ ਸਰੋਤਾਂ ਦੀ ਸੰਭਾਲ ਕਰਦੀ ਹੈ।
5. ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਂਦੀ ਹੈ।
6. ਰੁਜ਼ਗਾਰ ਦੇ ਮੌਕੇ ਵੱਧਦੇ ਹਨ।
7. ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
ਪ੍ਰਸ਼ਨ 6 . ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ ?
ਉੱਤਰ—ਸੰਯੁਕਤ ਖੇਤੀ ਪ੍ਰਣਾਲੀ ਵਿੱਚ ਫ਼ਸਲਾਂ ਤੋਂ ਇਲਾਵਾ ਕਿਸਾਨ ਹੇਠ ਲਿਖੇ ਖੇਤੀ ਅਧਾਰਿਤ ਸਹਾਇਕ ਧੰਦਿਆਂ ਵਿੱਚੋਂ ਇੱਕ-ਦੋ ਸਹਾਇਕ ਧੰਦੇ ਆਪਣੇ ਫ਼ਾਰਮ ਦੇ ਸਾਧਨਾਂ ਮੁਤਾਬਕ ਅਪਣਾ ਕੇ ਆਪਣੀ ਸ਼ੁੱਧ ਆਮਦਨ ਵਧਾ ਸਕਦਾ ਹੈ।
1 . ਡੇਅਰੀ ਫਾਰਮਿੰਗ 2 ਮੱਛੀ ਪਾਲਣਾ 3 . ਖੁੰਬਾਂ ਉਗਾਉਣੀਆਂ 4. ਫ਼ਲ 5 . ਸਬਜ਼ੀ 6 . ਖ਼ਰਗੋਸ਼ ਪਾਲਣਾ 7 . ਸੂਰ ਪਾਲਣਾ 8 . ਬੱਕਰੀ ਪਾਲਣਾ 9. ਸ਼ਹਿਦ ਦੀਆਂ ਮੱਖੀਆਂ ਪਾਲਣਾ 10 . ਪੋਲਟਰੀ ਫਾਰਮਿੰਗ 11. ਫ਼ਸਲ-ਪਾਪੂਲਰ।
ਪ੍ਰਸ਼ਨ 7 . ਪੰਜਾਬ ਦੇ ਜਲ ਸਰੌਤਾਂ ਬਾਰੇ ਲਿਖੋ।
ਉੱਤਰ-ਪੰਜਾਬ ਦਾ 98 ਫੀਸਦੀ ਰਕਬਾ ਸਿੰਚਾਈ ਅਧੀਨ ਹੈ।ਪੰਜਾਬ ਵਿੱਚ ਲਗਭਗ 14 ਲੱਖ ਟਿਊਬਵੈੱਲ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ।
ਪ੍ਰਸ਼ਨ 8. ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
ਉੱਤਰ—ਕੇਂਦਰੀ ਪੰਜਾਬ ਵਿੱਚ ਮੱਕੀ, ਬਾਸਮਤੀ, ਆਲੂ, ਮਟਰ, ਗੰਨਾ, ਸੂਰਜਮੁਖੀ ਖਰਬੂਜ਼ਾ, ਮਿਰਚਾਂ ਅਤੇ ਹੋਰ ਕਈ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ।
ਪ੍ਰਸ਼ਨ 9. ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਦੇ ਨਾਮ ਲਿਖੋ।
ਉੱਤਰ-ਨੀਮ ਪਹਾੜੀ ਇਲਾਕੇ ਵਿਚ ਕਣਕ, ਮੱਕੀ, ਝੋਨਾ, ਬਾਸਮਤੀ, ਤੇਲ, ਬੀਜ, ਮਟਰ ਅਤੇ ਆਲੂ ਫਸਲਾਂ ਬੀਜੀਆਂ ਹਨ।
ਪ੍ਰਸ਼ਨ 10 . ਹਲਕੀਆਂ ਜ਼ਮੀਨਾਂ ਵਿੱਚ ਕਿਹੜੇ-ਕਿਹੜੇ ਫ਼ਸਲੀ ਚੱਕਰ ਅਪਨਾਉਣੇ ਚਾਹੀਦੇ ਹਨ ?
ਉੱਤਰ—ਰੇਤਲੀਆਂ ਜ਼ਮੀਨਾਂ ਵਿੱਚ ਗਰਮੀ ਰੁੱਤ ਦੀ ਮੂੰਗਫਲੀ ਅਧਾਰਿਤ ਫ਼ਸਲੀ ਚੱਕਰ ਅਪਨਾਏ ਜਾ ਸਕਦੇ ਹਨ। ਜਿਵੇਂ ਕਿ – ਗਰਮੀ ਰੁੱਤ ਦੀ ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ (ਚਾਰਾ), ਮੂੰਗਫਲੀ ਤੋਰੀਆਂ ਜਾਂ ਗੋਭੀ ਸਰ੍ਹੋਂ ਅਪਣਾ ਕੇ ਸਿੰਚਾਈ ਵਾਲਾ ਚੋਖਾ ਪਾਣੀ ਬਚਾ ਕੇ ਕਿਸਾਨਾਂ ਦੀ ਸ਼ੁੱਧ ਆਮਦਨ ਵੱਧ ਸਕਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ? ਖੇਤੀ ਵਿਭਿੰਨਤਾ ਦਾ ਕੀ ਮੰਤਵ ਹੈ ਅਤੇ ਇਸ ਦੀ ਲੋੜ ਕਿਉਂ ਪਈ ?
ਉੱਤਰ—ਬਹੁ-ਭਾਂਤੀ ਖੇਤੀ ਜਾਂ ਫ਼ਸਲੀ ਵਿਭਿੰਨਤਾ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠ ਰਕਬਾ ਕੱਢ ਕੇ ਬਦਲਵੀਆਂ ਫਸਲਾਂ ਜਿਵੇਂ ਕਿ ਮੱਕੀ, ਬਾਸਮਤੀ, ਦਾਲਾਂ, ਤੇਲ ਬੀਜ ਫਸਲਾਂ, ਕਮਾਦ, ਆਲੂ, ਚਾਰਾ ਆਦਿ ਹੇਠ ਲੈ ਕੇ ਆਉਣਾ। ਫ਼ਸਲੀ ਵਿਭਿੰਨਤਾ ਦਾ ਮੁੱਖ ਮੰਤਵ ਵੱਖ-ਵੱਖ ਫਸਲਾਂ ਪੈਦਾ ਕਰਨ ਲਈ ਕੁਦਰਤੀ ਸਰੋਤਾਂ ਨੂੰ ਸੰਜਮ ਨਾਲ ਵਰਤ ਕੇ ਬਦਲਵੀਆ ਫ਼ਸਲਾਂ ਲਈ ਘੱਟ ਲਾਗਤ ਮੁੱਲ ਲਗਾ ਕੇ ਕਿਸਾਨਾਂ ਦੀ ਸ਼ੁੱਧ ਆਮਦਨ ਵਧਾਉਣਾ ਹੈ।ਪੰਜਾਬ ਵਿੱਚ ਝੋਨਾ-ਕਣਕ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਵਿੱਚ ਝੋਨੇ ਦੀ ਤਕਰੀਬਨ 28.3 ਲੱਖ ਹੈਕਟੇਅਰ ਅਤੇ ਕਣਕ ਦੀ ਤਕਰੀਬਨ 35.1 ਲੱਖ ਹੈਕਟੇਅਰ ਰਕਬੇ ਤੇ ਕਾਸ਼ਤ ਕੀਤੀ ਜਾਂਦੀ ਹੈ। ਪਿਛਲੇ 50 ਸਾਲਾਂ ਵਿੱਚ ਮੂੰਗਫਲੀ, ਤੇਲ ਬੀਜ ਫਸਲਾਂ, ਕਮਾਦ ਅਤੇ ਦਾਲਾਂ ਹੇਠੋਂ ਰਕਬਾ ਘੱਟ ਕੇ ਝੋਣੇ ਥੱਲੇ ਆ ਗਿਆ ਹੈ।
ਪ੍ਰਸ਼ਨ 2 . ਬਹੁ-ਫ਼ਸਲੀ ਪ੍ਰਣਾਲੀ ਅਪਣਾਉਣ ਦੀ ਲੋੜ ਕਿਉਂ ਹੈ ? ਵਿਸਥਾਰ ਨਾਲ ਉਦਾਹਰਣ ਸਹਿਤ ਲਿਖੋ।
ਉੱਤਰ-ਬਹੁ-ਫ਼ਸਲੀ ਪ੍ਰਣਾਲੀ ਤੋਂ ਭਾਵ ਹੈ ਕਿ ਜਦੋਂ ਕਿਸਾਨ ਆਪਣੇ ਖੇਤ ਵਿੱਚ ਇੱਕ ਸਾਲ ਵਿੱਚ ਦੋ ਤੋਂ ਵੱਧ ਫ਼ਸਲਾਂ ਉਗਾਉਂਦਾ ਹੈ। ਇਸ ਦਾ ਉਦੇਸ਼ ਮੁੱਖ ਫ਼ਸਲਾਂ ਦੇ ਵਿਚਕਾਰਲੇ ਸਮੇਂ ਵਿੱਚ ਇੱਕ ਜਾਂ ਦੋ ਵਾਧੂ ਫ਼ਸਲਾਂ ਲਗਾਉਣਾ ਹੈ। ਭਾਰਤ ਦੀ ਅਬਾਦੀ ਦੀ ਲੋੜੀਂਦੀ ਖੁਰਾਕ ਦੇਣ ਲਈ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਕਿਸਮ ਦੇ ਅਨਾਜ ਦੀ ਲੋੜ ਹੈ। ਕਣਕ ਅਤੇ ਝੋਨੇ ਨਾਲ ਦੇਸ਼ ਦੇ ਅੰਨ ਭੰਡਾਰ ਲੋੜ ਤੋਂ ਵਿਧਰੇ ਵਧ ਭਰੇ ਹੋਏ ਹਨ। ਅਜਿਹੀ ਸਥਿਤੀ ਵਿੱਚ ਖ਼ਾਸ ਕਰਕੇ ਪੰਜਾਬ ਵਿਚ ਬਹੁ-ਭਾਂਤੀ ਖੇਤੀ ਦੀ ਬੜੀ ਲੋੜ ਹੈ। ਇਸ ਝੋਨਾ-ਕਣਕ ਫ਼ਸਲ ਚੱਕਰ ਨੂੰ ਸਾਲ ਵਿੱਚ ਤਕਰੀਬਨ 215 ਸੈ: ਮੀ: ਪਾਣੀ ਲੱਗਦਾ ਹੈ ਪਰ ਇਸ ਦਾ 80 ਫੀਸਦੀ ਤੋਂ ਜ਼ਿਆਦਾ ਇਕੱਲਾ ਝੋਨਾ ਹੀ ਪੀ ਜਾਂਦਾ ਹੈ। ਪੰਜਾਬ ਵਿੱਚ ਖੇਤੀ ਵਿਭਿੰਨਤਾ ਲਈ ਪੰਜਾਬ ਸਰਕਾਰ ਕਾਫ਼ੀ ਯਤਨ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਹਿਤ ਵਿੱਚ ਖੇਤੀ ਵਿਭਿੰਨਤਾ ਦੇ ਸਬੰਧੀ ਪ੍ਰੋਜੈਕਟ ਭੇਜੇ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਵਿਖੇ ਫ਼ਸਲੀ ਵਿਭਿੰਨਤਾ ਲਈ ਢੁਕਵੇਂ, ਜ਼ਿਆਦਾ ਮੁਨਾਫ਼ਾ ਦੇਣ ਵਾਲੇ ਅਤੇ ਕੁਦਰਤੀ ਸਰੋਤਾਂ ਦੀ ਸੁੱਚਜੀ ਵਰਤੋਂ ਵਾਲੇ ਨਵੇਂ ਫ਼ਸਲੀ ਚੱਕਰ ਲੱਭਣ ਲਈ ਖੋਜ ਕੀਤੀ ਜਾਂਦੀ ਹੈ।
ਪ੍ਰਸ਼ਨ 3 . ਪੰਜਾਬ ਵਿਚ ਖੇਤੀ-ਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਲਿਖੋ।
ਉੱਤਰ-ਪੰਜਾਬ ਵਿੱਚ ਕੁੱਲ 41.58 ਲੱਖ ਹੈਕਟੇਅਰ ਰਕਬਾ ਖੇਤੀ ਅਧੀਨ ਆਉਂਦਾ ਹੈ। ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਪਾਣੀ ਅਤੇ ਜ਼ਮੀਨ ਖੁਰਨ ਦੀ ਸਮੱਸਿਆ ਹੈ। ਕੇਂਦਰੀ ਪੰਜਾਬ ਵਿਚ ਝੋਣਾ-ਕਣਕ ਫ਼ਸਲੀ ਚੱਕਰ ਹੈ। ਝੋਨੇ ਦੀ ਕਾਸ਼ਤ ਕਾਲ ਜ਼ਮੀਨ ਦੀ ਸਿਹਤ ਵਿਚ ਨਿਖਾਰ ਆਇਆ ਹੈ। ਇਸ ਇਲਾਕੇ ਦੀ ਮੁੱਖ ਸਮੱਸਿਆ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣਾ ਹੈ ਅਤੇ ਹਰ ਨਾਲ 74 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਹੇਠਾਂ ਚਲਾ ਜਾਂਦਾ ਹੈ। ਦੱਖਣ-ਪੱਛਮੀ ਇਲਾਕੇ ਦਾ ਜ਼ਮੀਨ ਹੇਠਲਾ ਖਾਰਾ ਪਾਣੀ ਵੀ ਖੇਤੀ ਬਾੜੀ ਲਈ ਸਮੱਸਿਆ ਹੈ।
ਪ੍ਰਸ਼ਨ 4 . ਸੰਯੁਕਤ ਖੇਤੀ ਪ੍ਰਣਾਲੀ (Integrated Farming System) ਉਦਾਹਰਣ ਸਹਿਤ ਵਰਨਣ ਕਰੋ।
ਉੱਤਰ—ਸੰਯੁਕਤ ਫ਼ਸਲ ਪ੍ਰਣਾਲੀ (Integrated Farming System)— ਅੱਜਕੱਲ੍ਹ ਦੇ ਸਮੇਂ ਵਿੱਚ ਛੋਟੇ ਜ਼ਿਮੀਦਾਰਾਂ ਵੱਲੋਂ ਆਪਣੇ ਪਰਿਵਾਰ ਦੇ ਜੀਆਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਅਤੇ ਆਪਣੀ ਆਮਦਨ ਵਧਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਅਪਨਾਉਣੀ ਚਾਹੀਦੀ ਹੈ। ਸੰਯੁਕਤ ਖੇਤੀ ਪ੍ਰਣਾਲੀ ਵਿੱਚ ਫ਼ਸਲਾਂ ਤੋਂ ਇਲਾਵਾ ਕਿਸਾਨ ਖੇਤੀ ਅਧਾਰਿਤ ਸਹਾਇਕ ਧੰਦੇ ਆਪਣੇ ਫ਼ਾਰਮ ਦੇ ਸਾਧਨ ਅਨੁਸਾਰ ਅਪਣਾ ਕੇ ਆਪਣੀ ਸ਼ੁੱਧ ਆਮਦਨ ਵਧਾ ਸਕਦਾ ਹੈ।
ਪ੍ਰਸ਼ਨ 5 . ਰਲਵੀਂ ਫ਼ਸਲ ਪ੍ਰਣਾਲੀ ਕੀ ਹੈ ? ਉਦਾਹਰਣ ਸਹਿਤ ਲਿਖੋ।
ਉੱਤਰ—ਰਲਵੀਆਂ ਫ਼ਸਲਾਂ ਦੀ ਕਾਸ਼ਤ (Mixe Cropping)—ਪੰਜਾਬ ਵਿੱਚ ਕਾਰਖਾਨੇ, ਨਵੀਆਂ ਕਾਲੋਨੀਆਂ ਆਦਿ ਹੋਂਦ ਵਿੱਚ ਆਉਣ ਕਰਕੇ ਵਾਹੀਯੋਗ ਰਕਵਾ ਘੱਟ ਰਿਹਾ ਹੈ। ਇਸ ਕਰਕੇ ਸਾਨੂੰ ਮੌਜੂਦਾ ਪ੍ਰਾਪਤ ਜ਼ਮੀਨ ਵਿੱਚੋਂ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਆਮਦਨ ਵਧਾਉਣ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜਿਵੇਂ ਕਿ ਮੱਕੀ ਜਾਂ ਮੂੰਗੀ, ਅਰਹਰ ਜਾਂ ਮੂੰਗੀ, ਸੋਇਆਬੀਨ ਜਾਂ ਮੂੰਗੀ, ਮੱਕੀ ਜਾਂ ਸੋਇਆਬੀਨ, ਮੱਕੀ ਜਾਂ ਹਰੇ ਚਾਰੇ ਲਈ ਮੱਕੀ ਜਾਂ ਮੂੰਗਫ਼ਲੀ, ਨਰਮਾ ਜਾਂ ਮੱਕੀ, ਰਵਾਹ (ਚਾਰੇ), ਨਰਮਾ ਜਾਂ ਮੂੰਗੀ। ਰਲਵੀਆਂ ਫ਼ਸਲਾਂ ਬੀਜਣ ਨਾਲ ਮੁੱਖ ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਵੱਧ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਫ਼ਸਲੀ ਚੱਕਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਹੁੰਦੇ ਹਨ ਅਤੇ ਨਦੀਨਾਂ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿੱਚ ਮਦਦ ਕਰਦੇ ਹਨ।