ਪਾਠ 3 ਜ਼ਮੀਨ ਦੇ ਦਸਤਾਵੇਜ਼ ਅਤੇ ਪੈਮਾਇਸ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1 . ਪੁਰਾਣੇ ਜ਼ਮਾਨੇ ਵਿੱਚ ਜ਼ਮੀਨ ਦਾ ਪੈਮਾਇਸ਼ ਕਿਸ ਨਾਲ ਕਰਦੇ ਸਨ ?
ਉੱਤਰ—ਰੱਸੀ ਨਾਲ।
ਪ੍ਰਸ਼ਨ 2. ਜ਼ਮੀਨ ਸੰਬੰਧੀ ਸੁਧਾਰਾਂ ਦਾ ਮੋਢੀ ਕਿਸ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ?
ਉੱਤਰ-ਬਾਦਸ਼ਾਹ ਅਕਬਰ
ਪ੍ਰਸ਼ਨ 3 . ਇੱਕ ਹੈਕਟੇਅਰ ਵਿੱਚ ਕਿੰਨੇ ਏਕੜ ਹੁੰਦੇ ਹਨ ?
ਉੱਤਰ-2.5 ਏਕੜ
ਪ੍ਰਸ਼ਨ 4 . ਇੱਕ ਕਨਾਲ ਵਿੱਚ ਕਿੰਨੇ ਮਰਲੇ ਹੁੰਦੇ ਹਨ ?
ਉੱਤਰ-20 ਮਰਲੇ।
ਪ੍ਰਸ਼ਨ 5 . ਭਾਰਤ ਦੇ ਕਿਹੜ-ਕਿਹੜੇ ਸੂਬਿਆਂ ਵਿੱਚ ਮੁਰੱਬਾਬੰਦੀ ਸੁਚੱਜੇ ਢੰਗ ਨਾਲ ਹੋਈ ਹੈ ?
ਉੱਤਰ-ਪੰਜਾਬ ਤੇ ਹਰਿਆਣਾ ਵਿੱਚ।
ਪ੍ਰਸ਼ਨ 6 . ਮੁਰੱਬਾਬੰਦੀ ਕਿਸ ਦਹਾਕੇ ਵਿੱਚ ਸ਼ੁਰੂ ਹੋਈ ਸੀ ?
ਉੱਤਰ-1950 ਦੇ ਦਹਾਕੇ ਵਿਚ
ਪ੍ਰਸ਼ਨ 7. ਜਮ੍ਹਾਬੰਦੀ ਫਰਦ ਲੱਭਣ ਲਈ ਕਿਹੜੀ ਸਾਈਟ ਵੇਖਣੀ ਪਵੇਗੀ ?
ਉੱਤਰ-www.plrs. org. in
ਪ੍ਰਸ਼ਨ 8 . ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ ਕਿੰਨੇ ਕਿੱਲਿਆਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ?
ਉੱਤਰ -25-25 ਕਿਲਿਆਂ ਵਿਚ।
ਪ੍ਰਸ਼ਨ 9. ਹਾੜ੍ਹੀ ਦੀ ਗਰਦਾਵਰੀ ਕਿਸ ਸਮੇਂ ਹੁੰਦੀ ਹੈ ?
ਉੱਤਰ—1 ਮਾਰਚ ਤੋਂ 31 ਮਾਰਚ
ਪ੍ਰਸ਼ਨ 10 . ਨਵੀਂ ਜਮ੍ਹਾਂਬੰਦੀ ਕਿੰਨੇ ਸਾਲਾਂ ਬਾਅਦ ਤਿਆਰ ਹੁੰਦੀ ਹੈ ?
ਉੱਤਰ—5 ਸਾਲ ਬਾਅਦ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਦਰੁਸਤੀ ਕੌਣ ਕਰਦਾ ਹੈ ?
ਉੱਤਰ-ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਦਰੁਸਤੀ ਤਹਿਸੀਲਕਾਰ ਦੀ ਕਚਹਿਰੀ ਵਿਚ ਜਾ ਕੇ ਕਰਵਾਈ ਜਾਂਦੀ ਹੈ।
ਪ੍ਰਸ਼ਨ 2. ਜਮ੍ਹਾਂਬੰਦੀ ਕੀ ਹੁੰਦੀ ਹੈ ?
ਉੱਤਰ—ਜਮ੍ਹਾਂਬੰਦੀ ਫਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿਚ ਜ਼ਮੀਨ ਦੀ ਮਾਲਕੀ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਹਰ ਪਿੰਡ ਦੀ ਨਵੀਂ ਜਮ੍ਹਾਂਬੰਦੀ ਹਰ ਪੰਜ ਸਾਲ ਬਾਅਦ ਤਿਆਰ ਕੀਤੀ ਜਾਂਦੀ ਹੈ।
ਪ੍ਰਸ਼ਨ 3 . ਇੰਤਕਾਲ ਕੀ ਹੁੰਦਾ ਹੈ ?
ਉੱਤਰ—ਜ਼ਮੀਨ ਦੇ ਇੱਕ ਮਾਲਕ ਤੋਂ ਦੂਸਰੇ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ।
ਪ੍ਰਸ਼ਨ 4. ਨਿਸ਼ਾਨਦੇਹੀ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ?
ਉੱਤਰ—ਜ਼ਮੀਨ ਦੀ ਨਿਸ਼ਾਨਦੇਹੀ—ਜਦੋਂ ਕਿਸੇ ਖੇਤ ਦੀਆਂ ਹੱਦਾਂ ਮਿਟ ਗਈਆਂ ਹੋਣ ਤਾਂ ਉਸ ਦੀ ਲੰਬਾਈ ਚੌੜਾਈ ਦਾ ਪਤਾ ਨਾ ਲੱਗਦਾ ਹੋਵੇ ਅਤੇ ਜ਼ਮੀਨ ਦੇ ਮਾਲਿਕ ਨੇ ਜ਼ਮੀਨ ਬਾਰੇ ਨਿਸ਼ਾਨਦੇਹੀ ਲੈਣੀ ਹੋਵੇ ਤਾਂ ਅਕਸਰ ਲੱਠੇ/ ਕੱਪੜੇ ਉੱਪਰ ਬਣਿਆ ਨਕਸ਼ਾ (ਸ਼ਿਜਰਾ) ਅਤੇ ਜ਼ਰੀਬ ਦੀ ਮਦਦ ਨਾਲ ਪਟਵਾਰੀ ਤੇ ਕਾਨੂੰਗੋ ਉਸ ਖਸਰਾ ਨੰਬਰ ਦੀ ਲੰਬਾਈ ਚੌੜਾਈ ਨੂੰ ਨਾਪ ਕੇ ਨਿਸ਼ਾਨ ਲਗਾ ਦਿੰਦੇ ਹਨ। ਇਸ ਤਰ੍ਹਾਂ ਚਾਰੇ ਪਾਸੇ ਨਿਸ਼ਾਨ ਲਗਾ ਕੇ ਰਕਬਾ ਪੂਰਾ ਕਰਨ ਨੂੰ ਨਿਸ਼ਾਨਦੇਹੀ ਕਿਹਾ ਜਾਂਦਾ ਹੈ।
ਪ੍ਰਸ਼ਨ 5 ਗੋਸ਼ਵਾਰਾ ਕੀ ਹੁੰਦਾ ਹੈ ?
ਉੱਤਰ—ਸਾਰੀਆਂ ਫ਼ਸਲਾਂ ਦੇ ਸਾਰਨੀਬੱਧ (Tabular) ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ।
ਪ੍ਰਸ਼ਨ 6 . ਰਹਿਣ ਜਾਂ ਗਹਿਣਾ ਕੀ ਹੁੰਦਾ ਹੈ ?
ਉੱਤਰ—ਜਦੋਂ ਕੋਈ ਵੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੇ ਕਿਸੇ ਟੁਕੜੇ ਨੂੰ ਇੱਕ ਮਿੱਥੀ ਹੋਈ ਕੀਮਤ ਤੇ ਆਰਜ਼ੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਦੇ ਦੇਵੇ ਤਾਂ ਉਸ ਨੂੰ ਗਹਿਣਾ ਆਖਦੇ ਹਨ। ਜ਼ਮੀਨ ਗਹਿਣੇ ਲੈਣ ਵਾਲਾ ਵਿਅਕਤੀ ਉਦੋਂ ਤੱਕ ਉਸ ਤੇ ਕਾਬਜ਼ ਰਹੇਗਾ, ਜਦੋਂ ਜ਼ਮੀਨ ਦਾ ਅਸਲ ਮਾਲਕ ਉਸ ਦੇ ਪੈਸੇ ਵਾਪਸ ਨਾ ਕਰ ਦੇਵੇ।
ਪ੍ਰਸ਼ਨ 7 . ਫ਼ਸਲਾਂ ਦਾ ਖਰਾਬਾ ਕੀ ਹੁੰਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ?
ਉੱਤਰ—ਖੇਤਾਂ ਵਿੱਚ ਬੀਜੀਆਂ ਹੋਈਆਂ ਫ਼ਸਲਾਂ ਉੱਪਰ ਬਹੁਤ ਜ਼ਿਆਦਾ ਬਾਰਸ਼ ਦੇ ਪਾਣੀ ਖੜ੍ਹਨ ਨਾਲ ਜਾਂ ਕਿਸੇ ਹੋਰ ਕੁਦਰਤੀ ਕਰੋਪੀ ਜਾਂ ਆਫਤ ਜਿਵੇਂ ਕਿ ਟਿੱਡੀ ਦਲ ਆਦਿ ਦਾ ਹਮਲਾ ਹੋਣ ਨਾਲ ਫ਼ਸਲਾਂ ਦੇ ਵੱਡੀ ਪੱਧਰ ਤੇ ਖ਼ਰਾਬ ਹੋਣ ਨੂੰ ਖ਼ਰਾਬ ਹੋਣ ਨੂੰ ਖਰਾਬਾ ਕਿਹਾ ਜਾਂਦਾ ਹੈ। ਖਰਾਬੇ ਨੂੰ ਮਾਪਣ ਲਈ ਭਾਵੇਂ ਸੰਬੰਧਤ ਮਹਿਕਮਿਆਂ ਨੇ ਅਲੱਗਅਲੱਗ ਨਿਯਮ ਬਣਾਏ ਹਨ ਪਰ ਮੁੱਖ ਤੌਰ ਤੇ ਇਲਾਕੇ ਵਿੱਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ।
ਪ੍ਰਸ਼ਨ 8. ਸ਼ਿਜਰਾ ਕੀ ਹੁੰਦਾ ਹੈ ਅਤੇ ਇਸਦੇ ਹੋਰ ਕਿਹੜੇ ਨਾਮ ਹਨ ?
ਉੱਤਰ—ਪਿੰਡ ਦਾ ਨਕਸ਼ਾ ਜੋ ਕਿ ਲੱਠੇ ਦੇ ਕੱਪੜੇ ਤੇ ਬਣਿਆ ਹੁੰਦਾ ਹੈ, ਜਿਸ ਵਿੱਚ ਪਿੰਡ ਦਾ ਜ਼ਮੀਨ ਦੇ ਸਾਰੇ ਨੰਬਰ ਖਸਰੇ ਉਕਰੇ ਹੋਏ ਹੁੰਦੇ ਹਨ, ਨੂੰ ਸ਼ਿਜਰਾ ਕਿਹਾ ਜਾਂਦਾ ਹੈ। ਇਸ ਨੂੰ ਕਿਸ਼ਤਵਾਰ, ਪਾਰਚਾ, ਲੱਠਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪ੍ਰਸ਼ਨ 9. ਮੁਰੱਬਾਬੰਦੀ ਕੀ ਹੁੰਦੀ ਹੈ ਅਤੇ ਇਸ ਦਾ ਕੀ ਕੋਈ ਫ਼ਾਇਦਾ ਹੋਇਆ ਹੈ ?
ਉੱਤਰ—ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ ਦੇ ਵੱਖ-ਵੱਖ ਖਿਲਰੇ ਹੋਏ ਟੁਕੜਿਆਂ ਨੂੰ ਇੱਕ ਥਾਂ ਤੇ ਇਕੱਠਾ ਕਾਰਨ ਨੂੰ ਮੁਰੱਬਾਬੰਦੀ ਜਾਂ ਚੱਕਬੰਦੀ ਆਖਦੇ ਹਨ। ਇਹ 1950 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ। ਪੰਜਾਬ ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ 25-25 ਕਿੱਲਿਆਂ ਦੇ ਵੱਡੇ ਟੁਕੜਿਆਂ ਵਿੱਚ ਵੰਡਿਆ ਗਿਆ। ਇਸ ਵੱਡੇ ਟੁਕੜੇ ਨੂੰ ਮੁਰੱਬਾ ਜਾਂ ਮੁਸਤੀਲ ਕਿਹਾ ਜਾਂਦਾ ਹੈ। ਫ਼ਾਇਦਾ ਮੁਰੱਬਾਬੰਦੀ ਕਰਨ ਨਾਲ ਜ਼ਮੀਨ ਨਾਲ ਸੰਬੰਧਤ ਹਰ ਕਾਰਜ ਸੌਖਾ ਹੋ ਜਾਂਦਾ ਹੈ।
ਪ੍ਰਸ਼ਨ 10. ਜ਼ਰੀਬ ਕੀ ਹੁੰਦੀ ਹੈ ?
ਉੱਤਰ-ਭੌਂ ਦੀ ਪੈਮਾਇਸ਼ ਕਰਨ ਲਈ ਲੋਹੇ ਦੀਆਂ ਕੁੰਡੀਆਂ ਦੀ ਬਣੀ ਹੋਈ ਚੇਨ ਨੂੰ ਜ਼ਰੀਬ ਕਿਹਾ ਜਾਂਦਾ ਹੈ। ਇਹ ਜ਼ਮੀਨ ਦੀ ਪੈਮਾਇਸ਼ ਜਾਂ ਦੂਰੀ ਨੂੰ ਮਿਣਨ ਦੇ ਕੰਮ ਆਉਂਦੀ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਜ਼ਮੀਨ ਏਕੜ, ਕਨਾਲਾਂ ਜਾਂ ਮਰਲਿਆਂ ਵਿੱਚ ਮਾਪੀ ਜਾਂਦੀ ਹੈ। ਜ਼ਰੀਬ ਦੀ ਲੰਬਾਈ 10 ਕਰਮਾਂ ਜਾਂ 55 ਫੁੱਟ ਦੀ ਹੁੰਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਗਿਰਦਾਵਰੀ ਕੀ ਹੁੰਦੀ ਹੈ ਅਤੇ ਕਦੋਂ ਕੀਤੀ ਜਾਂਦੀ ਹੈ ?
ਉੱਤਰ—ਗਿਰਦਾਵਰੀ ਨੂੰ ਗਰਦੌਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਨਾਲ ਜ਼ਮੀਨ ਜਾਂ ਫਸ਼ਲਾਂ ਦੀ ਸਰਵੇਖਣ ਹੈ ਜੋ ਮੌਕੇ ਤੇ ਕੀਤੀ ਹੋਈ ਕਾਸ਼ਤ ਨੂੰ ਦਰਸਾਉਂਦਾ ਹੈ। ਫ਼ਸਲ ਗਿਰਦਾਵਰੀ ਮੁੱਖ ਤੌਰ ਤੇ ਸਾਲ ਵਿੱਚ ਦੋ ਵਾਰੀ ਹੁੰਦੀ ਹੈ। ਹਾੜ੍ਹੀ (Rabi) ਵਿਚ ਇੱਕ ਮਾਰਚ ਤੋਂ 31 ਮਾਰਚ ਤੱਕ ਅਤੇ ਸਾਉਣੀ (Kharif) ਲਈ ਇੱਕ ਅਕਤੂਬਰ ਤੋਂ 31 ਅਕਤੂਬਰ ਤੱਕ ਹੁੰਦੀ ਹੈ। ਇਸ ਤੋਂ ਇਲਾਵਾ ਜੈਦ ਫ਼ਸਲਾਂ (ਹਾੜ੍ਹੀ ਤੇ ਸਾਉਣੀ ਅਤੇ ਸਾਉਣੀ ਤੇ ਹਾੜੀ ਵਿਚਲੀਆਂ ਫ਼ਸਲਾਂ ਦੀ ਦੋ ਵਾਰ ਗਿਰਦਾਵਰੀ 1 ਮਈ ਤੋਂ 15 ਮਈ ਤੱਕ ਅਤੇ ਇਕ ਦਸੰਬਰ ਤੋਂ 15 ਦਸੰਬਰ ਤੱਕ ਕੀਤੀ ਜਾਂਦੀ ਹੈ।
ਪ੍ਰਸ਼ਨ 2. ਤਕਸੀਮ ਕਿਉਂ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਜਦੋਂ ਕਿਸੇ ਜ਼ਮੀਨ ਦੇ ਹਿੱਸੇਦਾਰ ਮਾਲਕ ਜ਼ਿਆਦਾ ਹੋ ਜਾਣ ਤਾਂ ਹਿੱਸੇਦਾਰਾਂ ਦੀ ਰਜ਼ਾਮੰਦੀ ਨਾਲ ਉਸ ਰਕਬੇ ਦੀ ਵੰਡ ਕਰਨ ਨੂੰ ਤਕਸੀਮ ਜਾਂ ਵੰਡ ਕਿਹਾ ਜਾਂਦਾ ਹੈ। ਤਕਸੀਮ ਹੋਣ ਤਾਂ ਬਾਅਦ ਜ਼ਮੀਨ ਦਾ ਹਰ ਹਿੱਸੇਦਾਰ ਆਪਣੇ ਆਪਣੇ ਹਿੱਸੇ ਦਾ ਖੁਦਮੁਖ਼ਤਿਆਰ ਮਾਲਕ ਬਣ ਜਾਂਦਾ ਹੈ। ਉਹ ਆਪਣੇ ਹਿੱਸੇ ਵਿੱਚ ਆਈ ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਗਹਿਣੇ ਜਾਂ ਬੈਅ ਕਰ ਸਕਦਾ ਹੈ। ਬੈਂਕ ਤੋਂ ਕਰਜ਼ਾ ਲੈ ਸਕਦਾ ਹੈ। ਆਪਣੇ ਹਿੱਸੇ ਵਿਚ ਆਏ ਕਿਸੇ ਵੀ ਨੰਬਰ ਦਾ ਵਟਾਂਦਰਾ ਕਰ ਸਕਦਾ ਹੈ। ਨਹਿਰੀ ਪਾਣੀ ਦੀ ਵਾਰੀ ਵੱਖਰੀ ਕਰ ਸਕਦਾ ਹੈ। ਬਿਜਲੀ ਮੋਟਰ ਦਾ ਨਿੱਜੀ ਕੁਨੈਕਸ਼ਨ ਲੈ ਸਕਦਾ ਹੈ। ਇਸ ਤਰ੍ਹਾਂ ਮੁਸ਼ਤਰਕੇ (ਸਾਂਝੇ) ਖਾਤੇ ਵਿੱਚ ਆਉਣ ਵਾਲੀਆਂ ਸਾਰੀਆਂ ਮਸ਼ੂਕਲਾਂ ਦਾ ਹੱਲ ਹੋ ਜਾਂਦਾ ਹੈ।
ਪ੍ਰਸ਼ਨ 3 . ਜ਼ਮੀਨ/ ਤੋਂ ਰਿਕਾਰਡ ਦਾ ਕੰਪਿਊਟਰੀਕਰਨ ਕੀ ਹੈ ?
ਉੱਤਰ- ਭੋਂ ਰਿਕਾਰਡ ਦਾ ਕੰਪਿਊਟਰੀਕਰਨ (Computerization) – ਅੱਜ ਕੱਲ੍ਹ ਸਰਕਾਰ ਵੱਲੋਂ ਜ਼ਮੀਨ ਸਬੰਧੀ ਸਾਰਾ ਰਿਕਾਰਡ ਕੰਪਿਊਟਰ ਉੱਪਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਘਰ ਬੈਠੇ ਹੀ ਜਮ੍ਹਾਂਬੰਦੀ ਅਤੇ ਇੰਤਕਾਲ ਦੇਖੇ ਜਾ ਸਕਦੇ ਹਨ। ਤਸਦੀਕਸ਼ੁਦਾ ਜਮ੍ਹਾਂਬੰਦੀ ਜਾਂ ਇੰਤਕਾਲ ਦਾ ਰਿਕਾਰਡ ਲੈਣ ਲਈ ਨੇੜੇ ਦੀ ਉਪ-ਤਹਿਸੀਲ ਜਾ ਕੇ ਲੋੜੀਂਦੀ ਫੀਸ ਭਰ ਕੇ ਤੁਰੰਤ ਜ਼ਮੀਨ ਦਾ ਰਿਕਾਰਡ ਮਿਲ ਜਾਂਦਾ ਹੈ। ਘਰ ਬੈਠੇ ਕੰਪਿਊਟਰ ਤੇ ਜ਼ਮੀਨ ਦਾ ਰਿਕਾਰਡ ਦੇਖਣ ਲਈ www, plrs. org.in ਵੈੱਬ ਸਾਈਟ ਤੇ ਵੇਖਿਆ ਜਾ ਸਕਦਾ ਹੈ।
ਪ੍ਰਸ਼ਨ 4. ਠੇਕਾ ਜਾਂ ਚਕੋਤਾ ਕੀ ਹੁੰਦਾ ਹੈ ?
ਉੱਤਰ—ਜ਼ਮੀਨ ਦੇ ਮਾਲਕ ਵੱਲੋਂ ਆਪਣੀ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ ਜਿਵੇਂ ਕਿ ਇੱਕ ਸਾਲ ਜਾਂ 5 ਸਾਲ ਲਈ ਵਾਹੁਣ ਬੀਜਣ ਲਈ ਦੋਹਾਂ ਧਿਰਾਂ ਵੱਲੋਂ ਮਿਥੀ ਧਨ ਰਾਸ਼ੀ ਤੇ ਦਿੱਤੀ ਗਈ ਹੋਵੇ ਤਾਂ ਉਸਨੂੰ ਠੇਕਾ ਜਾਂ ਚਕੋਤਾ ਕਿਹਾ ਜਾਂਦਾ ਹੈ।
ਪ੍ਰਸ਼ਨ 5. ਜ਼ਮੀਨ ਦੀ ਰਜਿਸਟਰੀ ਤੇ ਸੰਖੇਪ ਨੋਟ ਲਿਖੋ
ਉੱਤਰ—ਰਜਿਸਟਰੀ — ਭੋਂ ਜਾਂ ਜ਼ਮੀਨ, ਮਕਾਨ, ਦੁਕਾਨ ਆਦਿ ਜਦ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਨੂੰ ਮਿਥੀ ਕੀਮਤ ਤੇ ਵੇਚੀ ਜਾਂਦੀ ਹੈ ਜਾਂ ਗਹਿਣੇ ਕੀਤੀ ਜਾਂਦੀ ਹੈ ਤਾਂ ਦੋਹਾਂ ਪਾਰਟੀਆਂ ਵੱਲੋਂ ਤਹਿਸੀਲ ਦਫ਼ਤਰ ਵਿਚ ਜਾ ਕੇ ਸੰਬੰਧਤ ਧਿਰਾਂ ਦੀ ਸਹਿਮਤੀ ਨਾਲ ਫ਼ੋਟੋ ਸਮੇਤ ਰਜਿਸਟਰ ਵਿੱਚ ਦਰਜ ਕਰਾਉਣ ਨੂੰ ਰਜਿਸਟਰੀ ਜਾਂ ਰਜਿਸਟਰਡ ਵਾਕਿਆ ਕਿਹਾ ਜਾਂਦਾ ਹੈ। ਰਜਿਸਟਰੀ ਕਈ ਕਿਸਮ ਦੀ ਹੁੰਦੀ ਹੈ, ਜਿਵੇਂ ਕਿ ਰਜਿਸਟਰੀ ਬੈਅ, ਗਹਿਣਾ, ਹਿੱਸਾ, ਤਬਦੀਲ ਮਲਕੀਅਤ ਆਦਿ।