ਪਾਠ 2 ਪਨੀਰੀਆਂ ਤਿਆਰ ਕਰਨਾ
ਅਭਿਆਸ ਦੇ ਪ੍ਰਸ਼ਨ-
ਉੱਤਰ (ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ—
ਪ੍ਰਸ਼ਨ 1. ਸਬਜ਼ੀਆਂ ਦੇ ਬੀਜਾਂ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ ?
ਉੱਤਰ—ਫਰਮਾਲੀਨ ਦਵਾਈ ਨਾਲ।
ਪ੍ਰਸ਼ਨ 2. ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਢੁਕਵਾਂ ਸਮਾਂ ਦੱਸੋ।
ਉੱਤਰ—ਨੰਵਬਰ ਦਾ ਪਹਿਲਾ ਹਫ਼ਤਾ ਤੇ ਜੁਲਾਈ ਦਾ ਪਹਿਲਾ ਪਦਰਵਾੜਾ
ਪ੍ਰਸ਼ਨ 3 . ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ ?
ਉੱਤਰ-ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧਾ ਨਵੰਬਰ ।
ਪ੍ਰਸ਼ਨ 4. ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
ਉੱਤਰ—ਜ਼ੀਨੀਆ, ਸੂਰਜਮੁਖੀ
ਪ੍ਰਸ਼ਨ 5 . ਸਰਦੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
ਉੱਤਰ-ਗੁਲਅਰਸਫੀ, ਗਾਰਡਨ ਪੀ।
ਪ੍ਰਸ਼ਨ 6 . ਸਫ਼ੈਦੇ ਦੀ ਨਰਸਰੀ ਲਗਾਉਣ ਦਾ ਢੁਕਵਾਂ ਸਮਾਂ ਕਿਹੜਾ ਹੈ ?
ਉੱਤਰ-ਫਰਵਰੀ-ਮਾਰਚ, ਸਤੰਬਰ-ਅਕਤੂਬਰ
ਪ੍ਰਸ਼ਨ 7 . ਪਾਪਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾਂ ਦੀ ਲੰਬਾਈ ਕਿੰਨੀ ਕੁ ਹੋਣੀ ਚਾਹੀਦੀ ਹੈ ?
ਉੱਤਰ-20-25 ਸੈਂਟੀਮੀਟਰ।
ਪ੍ਰਸ਼ਨ 8 . ਉਸ ਵਿਧੀ ਦਾ ਨਾ ਦਸੋ ਜਿਨ ਨਾਲ ਇਕਸਾਰ ਨਸਲ ਦੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ।
ਉੱਤਰ-ਬਨਸਪਤੀ ਵਿਧੀ ਰਾਹੀਂ।
ਪ੍ਰਸ਼ਨ 9. ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
ਉੱਤਰ-4-5 ਕਿਲੋ ਪ੍ਰਤੀ ਏਕੜ।
ਪ੍ਰਸ਼ਨ 10. ਸਰਦ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
ਉੱਤਰ-ਫਲੈਕਸ ਤੇ ਗੇਂਦਾ
ਪ੍ਰਸ਼ਨ 11. ਦੋ ਫ਼ਲਾਂ ਦੇ ਨਾਂ ਦੱਸੋ ਜਿਹੜੇ ਕਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ ?
ਉੱਤਰ-ਅੰਬ ਤੇ ਕਿੰਨੂ।
(ਅ) ਇਕ ਦੋ ਵਾਕਾਂ ਵਿੱਚ ਉੱਤਰ ਦਿਓ
ਪ੍ਰਸ਼ਨ 1 . ਕਿਹੜੀਆਂ-ਕਿਹੜੀਆਂ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ ?
ਉੱਤਰ—ਟਮਾਟਰ, ਮਿਰਚ, ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਫੁੱਲ ਗੋਭੀ, ਬੰਦ ਗੋਭੀ, ਚੀਨੀ ਬੰਦੀ ਗੋਭੀ, ਬਰੌਕਲੀ ਅਤੇ ਸਲਾਦ ਆਦਿ ਸਬਜ਼ੀਆਂ ਪਨੀਰੀ ਰਾਹੀਂ ਉਗਾਈਆਂ ਜਾ ਸਕਦੀਆਂ ਹਨ।
ਪ੍ਰਸ਼ਨ 2 . ਟਮਾਟਰ ਤੇ ਮਿਰਚ ਦੀ ਪਨੀਰੀ ਤਿਆਰ ਕਰਨ ਲਈ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਬਾਰੇ ਦੱਸੋ।
ਉੱਤਰ—ਟਮਾਟਰ ਦੀ ਪਨੀਰੀ—ਟਮਾਟਰ ਦੀ ਪਨੀਰੀ ਤਿਆਰ ਕਰਨ ਲਈ ਨਵੰਬਰ ਦੇ ਪਹਿਲੇ ਹਫ਼ਤੇ ਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਬਿਜਾਈ ਕਰਨੀ ਚਾਹੀਦੀ ਹੈ। ਇਸ ਲਈ ਪ੍ਰਤੀ ਏਕੜ 100 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ।
ਮਿਰਚ ਦੀ ਪਨੀਰੀ—ਮਿਰਚ ਦੀ ਪਨੀਰੀ ਤਿਆਰ ਕਰਨ ਲਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ ਦਾ ਸਮਾਂ ਬਿਜਾਈ ਲਈ ਢੁਕਵਾਂ ਹੈ।
ਪ੍ਰਸ਼ਨ 3 . ਸਰਦੀ ਦੇ ਕਿਹੜੇ-ਕਿਹੜੇ ਫੁੱਲ ਹਨ ਅਤੇ ਬੀਜਾਈ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ—ਗੇਂਦੇ, ਗੁਲਅਰਸਫੀ, ਬਰਫ ਗਾਰਡਨ ਪੀ. ਅਤੇ ਫਲੇਕਸ ਆਦਿ ਸਰਦ ਰੁੱਤ ਦੇ ਫੁੱਲ ਹਨ।
ਇਹਨਾਂ ਦੀ ਬੀਜਾਈ ਅਗਸਤ-ਅਕਤੂਬਰ ਵਿਚ ਕੀਤੀ ਜਾ ਸਕਦੀ ਹੈ।
ਪ੍ਰਸ਼ਨ 4. ਸਬਜ਼ੀਆਂ ਕੀ ਨਰਸਰੀ ਵਿੱਚ ਪਨੀਰੀ ਮਰਨ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
ਉੱਤਰ-ਸਬਜ਼ੀਆਂ ਦੀ ਨਰਸਰੀ ਵਿੱਚ ਪਨੀਰੀ ਮਰਨ ਤੋਂ ਬਚਾਉਣ ਲਈ ਨਰਸਰੀ ਨੂੰ ਕੈਪਟਾਨ ਜਾਂ ਥੀਰਮ-ਦਵਾਈ (3-4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿਚ ਗੜੁਚ ਕਰਕੇ, ਇਸ ਨੂੰ 24 ਦਿਨਾਂ ਪਿਛੋਂ ਮੁੜ ਇਹ ਵਿਧੀ ਦੁਹਰਾਉਣੀ ਚਾਹੀਦੀ ਹੈ।
ਪ੍ਰਸ਼ਨ 5 . ਬਨਸਪਤੀ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ ?
ਉੱਤਰ—ਬਨਸਪਤੀ ਰਾਹੀਂ ਨਿੰਬੂ ਜਾਤੀ ਦੇ ਫਲ, ਅਮਰੂਦ, ਨਾਖਾ, ਅਲੂਚਾ, ਆੜੂ ਅਤੇ ਅਨਾਰ ਆਦਿ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ।
ਪ੍ਰਸ਼ਨ 6 . ਬੀਜ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ ?
ਉੱਤਰ—ਬੀਜ ਰਾਹੀਂ ਪਪੀਤਾ, ਕਰੌਂਦਾ, ਜਾਮੁਨ, ਫਾਲਸਾ ਆਦਿ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ।
ਪ੍ਰਸ਼ਨ 7. ਪਾਪਲਰ ਦੀ ਪਨੀਰੀ ਤਿਆਰ ਕਰਨ ਲਈ ਢੁਕਵਾਂ ਤਰੀਕਾ ਦੱਸੋ।
ਉੱਤਰ-ਪਾਪਲਰ ਦੀ ਨਰਸਰੀ ਇਕ ਸਾਲ ਦੀ ਉਮਰ ਦੇ ਬੂਟਿਆਂ ਤੋਂ ਤਿਆਰ ਕਰਨੀ ਚਾਹੀਦੀ ਹੈ। ਇਸ ਦੀਆਂ ਕਲਮਾਂ ਦੀ ਇਕ ਅੱਖ ਜ਼ਮੀਨ ਤੋਂ ਉੱਪਰ ਰੱਖ ਕੇ ਬਾਕੀ ਕਲਮਾਂ ਨੂੰ ਜ਼ਮੀਨ ਵਿੱਚ ਨੱਪ ਦਿਉ। ਕਲਮਾਂ ਦੇ ਪੁੰਗਰਨ ਤੱਕ ਜ਼ਮੀਨ ਨੂੰ ਗਿੱਲਾ ਰੱਖੋ। ਲੋੜ ਅਨੁਸਾਰ ਗੋਡੀ ਅਤੇ ਸਿੰਚਾਈ ਕਰਦੇ ਰਹੋ। ਜੂਨ ਤੋਂ ਅਕਤੂਬਰ ਤੱਕ ਬੂਟਿਆਂ ਦੇ ਹੇਠਾਂ ਤੋਂ ਇੱਕ ਤਿਹਾਈ ਹਿੱਸੇ ਦੀਆਂ ਅੱਖਾਂ ਗਿੱਲੀ ਬੋਰੀ ਨਾਲ ਰਗੜ ਕੇ ਲਾਹ ਦਿੳ। ਇੱਕ ਸਾਲ ਦੇ ਪੌਦੇ ਖੇਤਾਂ ਵਿੱਚ ਲਗਾਉਣ ਯੋਗ ਹੋ ਜਾਂਦੇ ਹਨ।
ਪ੍ਰਸ਼ਨ 8 . ਧਰੇਕ ਦੀ ਨਰਸਰੀ ਤਿਆਰ ਕਰਨ ਲਈ ਬੀਜ ਕਿਵੇਂ ਇੱਕਠਾ ਕਰਨਾ ਚਾਹੀਦਾ ਹੈ ?
ਉੱਤਰ-ਧਰੇਕ ਦੀ ਨਰਸਰੀ ਆਮਤੌਰ ਤੇ ਬੀਜਾਂ ਰਾਹੀਂ ਹੀ ਤਿਆਰ ਹੁੰਦੀ ਹੈ। ਸਿਹਤਮੰਦ, ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੁੱਖਾਂ ਤੋਂ ਹੀ ਬੀਜ ਇਕੱਠਾ ਕਰਨਾ ਚਾਹੀਦਾ ਹੈ। ਇਸ ਦੀਆਂ ਗਟੋਲੀਆਂ ਨਵੰਬਰ-ਦਸੰਬਰ ਮਹੀਨੇ ਵਿੱਚ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ।
ਪ੍ਰਸਨ 9. ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ ?
ਉੱਤਰ—ਫ਼ਲਦਾਰ ਬੂਟਿਆਂ ਦੀ ਨਰਸਰੀ ਦੋ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ। (i) ਬੀਜ ਰਾਹੀਂ (ii) ਬਨਸਪਤੀ ਰਾਹੀਂ।
ਪ੍ਰਸ਼ਨ 10. ਕਲਮਾਂ ਰਾਹੀਂ ਬੂਟੇ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ—1. ਕਲਮਾਂ ਰਾਹੀਂ ਬੂਟੇ ਘੱਟ ਸਮੇਂ ਵਿੱਚ ਸੋਖੇ ਅਤੇ ਸਸਤੇ ਤਿਆਰ ਹੋ ਜਾਂਦੇ ਹਨ। ਇਸ ਢੰਗ ਨਾਲ ਮੁੱਖ ਰੂਪ ਵਿੱਚ ਬਾਰਾਂਮਾਸੀ ਨਿੰਬੂ, ਅਨਾਰ, ਮਿੱਠਾ, ਅਲੂਚਾ ਅਤੇ ਅੰਜੀਰ ਤਿਆਰ ਕੀਤੇ ਜਾਂਦੇ ਹਨ।
2.ਜ਼ਿਆਦਾਤਰ ਤਣੇ ਤੋਂ ਤਿਆਰ ਕਲਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ਤੇ ਕਲਮ ਦੀ ਲੰਬਾਈ 6-8 ਇੰਚ ਅਤੇ ਇਸ ਉੱਪਰ 3-5 ਅੱਖਾਂ ਹੋਣੀਆਂ ਚਾਹੀਦੀਆਂ ਹਨ। ਬਸੰਤ ਰੁੱਤ ਵਿੱਚ ਫੁਟਾਰਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਕਲਮਾਂ ਨੂੰ 6-8 ਇੰਚ ਫ਼ਾਸਲੇ ਤੇ ਨਰਸਰੀ ਵਿੱਚ ਲਗਾਉ।
(ੲ) ਪੰਜਾ ਛੇ ਵਾਕਾਂ ਵਿੱਚ ਉੱਤਰ ਦਿਓ—
ਪ੍ਰਸ਼ਨ 1. ਪਨੀਰੀ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ-ਪਨੀਰੀ ਤਿਆਰ ਕਰਨ ਦੇ ਹੇਠ ਲਿਖੇ ਫ਼ਾਇਦੇ ਹਨ :
1.ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਰਾਹੀਂ ਇਸ ਦੀ ਯੋਗ ਵਰਤੋਂ ਹੁੰਦੀ ਹੈ।
2.ਕਈ ਸਬਜ਼ੀਆਂ ਦੇ ਬੀਜ ਇੰਨੇ ਛੋਟੇ ਹੁੰਦੇ ਹਨ ਕਿ ਇਨ੍ਹਾਂ ਨੂੰ ਸਿੱਧਾ ਖੇਤ ਵਿੱਚ ਬੀਜਣਾ ਔਖਾ ਹੁੰਦਾ ਹੈ।
3.ਜ਼ਮੀਨ ਦੀ ਠੀਕ ਵਰਤੋਂ ਹੁੰਦੀ ਹੈ। ਉਸ ਵੇਲੇ ਤੱਕ ਵਿਹਲੀ ਜ਼ਮੀਨ ਨੂੰ ਕਿਸੇ ਹੋਰ ਫਸਲ ਬੀਜਣ ਲਈ ਵਰਤਿਆ ਜਾ ਸਕਦਾ ਹੈ, ਜਦ ਤੱਕ ਉਸ ਜ਼ਮੀਨ ਵਿੱਚ ਬੀਜਾਈ ਕਰਨ ਲਈ ਪਨੀਰੀ ਤਿਆਰ ਕੀਤੀ ਜਾ ਰਹੀ ਹੈ।
4.ਨਰਸਰੀ ਵਿੱਚ ਪਨੀਰੀ ਦੀ ਚੰਗੀ ਦੇਖਭਾਲ ਕੀਤੀ ਜਾ ਸਕਦੀ ਹੈ
5.ਲੋੜ ਅਨੁਸਾਰ ਅਗੇਤੀ ਅਤੇ ਪਿਛੇਤੀ ਫ਼ਸਲ ਲਈ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ ਤਾਂ ਜੋ ਫਸਲ ਤੋਂ ਵਧੇਰੇ ਲਾਭ ਲਿਆ ਜਾ ਸਕੇ।
6.ਜਿਹੜੇ ਬੂਟੇ ਨਰਸਰੀ ਵਿੱਚ ਕਮਜ਼ੋਰ ਰਹਿ ਜਾਂਦੇ ਹਨ ਤਾਂ ਉਨ੍ਹਾਂ ਨੂੰ ਖੇਤ ਵਿੱਚ ਲਾਉਣ ਸਮੇਂ ਕੱਢਿਆ ਜਾ ਸਕਦਾ ਹੈ।
7.ਥੋੜ੍ਹੀ ਜਗ੍ਹਾ ਵਿੱਚ ਪਨੀਰੀ ਹੋਣ ਕਰਕੇ ਇਸ ਨੂੰ ਗਰਮੀ ਅਤੇ ਸਰਦੀ ਦੀ ਮਾਰ ਤੋਂ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ।
8.ਨਰਸਰੀ ਵਿੱਚ ਪਨੀਰੀ ਨੂੰ ਹਾਨੀਕਾਰਕ ਕੀੜਿਆਂ ਅਤੇ ਬੀਮਾਰੀਆਂ ਤੋਂ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ ਅਤੇ ਖ਼ਰਚਾ ਘੱਟ ਆਉਂਦਾ ਹੈ।
ਪ੍ਰਸ਼ਨ 2. ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਸੋਧ ਬਾਰੇ ਦੱਸੋ।
ਉੱਤਰ—ਜ਼ਮੀਨ ਦੀ ਸੋਧ : ਮਿੱਟੀ ਰਾਹੀਂ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਕਿਆਰੀਆਂ ਵਿੱਚ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਫਾਰਮਾਲੀਨ ਦਵਾਈ 1.5-2.0 ਪ੍ਰਤੀਸ਼ਤ ਤਾਕਤ ਦੇ ਘੋਲ ਨਾਲ ਸੋਧ ਲਓ। ਇਹ ਘੋਲ ਤਿਆਰ ਕਰਨ ਲਈ 15-20 ਮਿਲੀਲਿਟਰ ਦਵਾਈ ਇੱਕ ਲਿਟਰ ਪਾਣੀ ਵਿੱਚ ਘੋਲੋ ਅਤੇ ਇਹ ਘੋਲ 2-3 ਲਿਟਰ ਪ੍ਰਤੀ ਵਰਗ ਮੀਟਰ ਜ਼ਮੀਨ ਵਿੱਚ ਪਾਉ ਤਾਂ ਜੋ ਮਿੱਟੀ ਦੀ ਉਪਰਲੀ 15 ਸ: ਮ: ਗੜੁਚ ਹੋ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਸ਼ੀਟ ਨਾਲ 72 ਘੰਟੇ ਤੱਕ ਚੰਗੀ ਤਰ੍ਹਾਂ ਢੱਕ ਦਿਉ ਅਤੇ ਪੋਲੀਥੀਨ ਦੀ ਸ਼ੀਟ ਨੂੰ ਚਾਰੇ ਪਾਸਿਆਂ ਤੋਂ ਮਿੱਟੀ ਵਿੱਚ ਦੱਬ ਦਿਉ ਤਾਂ ਜੋ ਦਵਾਈ ਵਿਚੋਂ ਨਿਕਲਣ ਵਾਲੀ ਗੈਸ ਬਾਹਰ ਨਾ ਨਿਕਲੇ ਅਤੇ ਦਵਾਈ ਦਾ ਚੰਗਾ ਅਸਰ ਹੋਵੇ। ਬਾਅਦ ਵਿਚ ਦਿਨ ਵਿਚ ਇਕ ਤੋਂ ਦੋ ਵਾਰ 3-4 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾ ਦਿਉ ਤਾਂ ਕਿ ਫਾਰਮਾਲੀਨ ਦਵਾਈ ਦਾ ਅਸਰ ਖ਼ਤਮ ਹੋ ਜਾਵੇ ਅਤੇ ਕਿਆਰਿਆਂ ਵਿੱਚ ਬੀਜਾਈ ਕਰ ਦੇਣੀ ਚਾਹੀਦੀ ਹੈ।
ਪ੍ਰਸ਼ਨ 3 . ਦਾਬ ਨਾਲ ਫ਼ਲਦਾਰ ਬੂਟੇ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ ?
ਉੱਤਰ—ਦਾਬ ਨਾਲ ਬੂਟੇ ਤਿਆਰ ਕਰਨ ਦੇ ਤਰੀਕੇ ਵਿੱਚ ਮਾਂ ਬੂਟੇ ਤੋਂ ਨਵਾਂ ਬੂਟਾ ਅਲੱਗ ਕਰਨ ਤੋਂ ਪਹਿਲਾਂ ਹੀ ਉਸ ਉੱਪਰ ਜੜਾ ਪੈਦਾ ਕੀਤੀਆਂ ਜਾਂਦੀਆਂ ਹਨ। ਫ਼ਲਦਾਰ ਬੂਟੇ ਦੀ ਇੱਕ ਟਾਹਣੀ ਖਿੱਚ ਕੇ ਜ਼ਮੀਨ ਕੋਲ ਲਿਆ ਕੇ ਬੰਨ੍ਹ ਦਿੱਤੀ ਜਾਂਦੀ ਹੈ।ਇਸ ਸ਼ਾਖਾਂ ਦੇ ਹੇਠਲੇ ਪਾਸੇ ਅੱਧ ਤੱਕ ਇੱਕ ਕੱਟ ਲਗਾਇਆ ਜਾਂਦਾ ਹੈ ਤਾਂ ਕਿ ਨਵੀਆਂ ਜੜ੍ਹਾਂ ਛੇਤੀ ਨਿਕਲ ਆਉਣ। ਸ਼ਾਖਾ ਦਾ ਕੱਟ ਵਾਲਾ ਹਿੱਸਾ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਅਗਲਾ ਪੱਤਿਆਂ ਵਾਲਾ ਹਿੱਸਾ ਨੰਗਾ ਰੱਖਿਆ ਜਾਂਦਾ ਹੈ। ਕੁਝ ਹਫ਼ਤਿਆਂ ਬਾਅਦ ਟਾਹਣੀ ਤੇ ਜੜ੍ਹਾਂ ਨਿਕਲ ਆਉਂਦੀਆਂ ਹਨ। ਇਸ ਵੇਲੇ ਨਵੇਂ ਬਣੇ ਬੂਟੇ ਨੂੰ ਕੱਟੇ ਕੇ ਅਲੱਗ ਕਰਕੇ ਗਮਲੇ ਜਾਂ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ।
ਪ੍ਰਸ਼ਨ 4. ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਉ
ਉੱਤਰ—ਸਫ਼ੈਦਾ ਤੇਜ਼ੀ ਨਾਲ ਵਧਣ ਵਾਲਾ ਦਰਖ਼ਤ ਹੈ। ਇਸਦੀ ਸੁਧਰੀ ਨਰਸਰੀ ਤਿਆਰ ਕਰਨ ਲਈ ਵਧੀਆ ਢੰਗ ਨਾਲ ਕਾਸ਼ਤ ਕੀਤੇ 4 ਸਾਲ ਦੀ ਉਮਰ ਤੋਂ ਜ਼ਿਆਦਾ ਸਫ਼ੈਦੇ ਦੀ ਪਲਾਂਟੇਸ਼ਨ ਵਿੱਚੋਂ ਸਿਹਤਮੰਦ ਅਤੇ ਜ਼ਿਆਦਾ ਵਾਧੇ ਵਾਲੇ 2 ਜਾਂ 3 ਦਰਖ਼ਤ ਚੁਣੋ ਅਤੇ ਇਹਨਾਂ ਦਰਖ਼ਤਾਂ ਤੋਂ ਹੀ ਬੀਜ ਲਵੋ। ਬੀਜ ਬੂਟੇ ਦੇ ਉਪਰੋਂ ਟਾਹਣੀਆਂ ਕੱਟ ਕੇ ਇੱਕਠੇ ਕਰੋ ਨਾ ਕਿ ਜ਼ਮੀਨ ਉਪਰੋਂ। ਚੰਗੇ ਬੂਟਿਆਂ ਤੋਂ ਇਕੱਠਾ ਕੀਤਾ ਬੀਜ ਹੀ ਵਧੀਆ ਉਤਪਾਦਨ ਦੇਵੇਗਾ। ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਫ਼ਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ਹੈ। ਨਰਸਰੀ ਗਮਲਿਆਂ ਜਾਂ ਉੱਚੀਆਂ ਉੱਭਰਵੀਆਂ ਕਿਆਰੀਆਂ ਉੱਪਰ ਬੀਜੀ ਜਾਂਦੀ ਹੈ।
ਪ੍ਰਸ਼ਨ 5 . ਪਿਉਂਦ ਚੜ੍ਹਾਉਣ ਦਾ ਤਰੀਕਾ ਦੱਸੋ।
ਉੱਤਰ—ਪਿਉਂਦ ਚੜ੍ਹਾਉਣ ਦੇ ਤਰੀਕੇ ਵਿੱਚ ਮਾਂ ਬੂਟੇ ਦੀ ਅੱਖ ਜਾਂ ਛੋਟੀ ਜਿਹੀ ਟਾਹਣੀ, ਜਿਸ ਉੱਪਰ 2-3 ਅੱਖਾਂ ਹੋਣ, ਨੂੰ ਜੜ-ਮੁੱਢ ਬੂਟੇ ਉਪਰ ਪਿਉਂਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਬੂਟਿਆਂ ਤੋਂ ਹੀ ਅੱਖ ਲੈਣੀ ਚਾਹੀਦੀ ਹੈ ਜੋ ਵਧੀਆ ਕਿਸਮ ਦੇ ਫੁੱਲ ਜਾਂ ਫ਼ਲ ਦਿੰਦੇ ਹਨ ਅਤੇ ਬੀਮਾਰੀ ਤੋਂ ਰਹਿਤ ਹਨ। ਤੰਦਰੁਸਤ ਅੱਖ ਨੂੰ ਚਾਕੂ ਜਾਂ ਛੁਰੀ ਨਾਲ ਮਾਂ ਬੂਟੇ ਦੀ ਟਾਹਣੀ ਤੋਂ ਉਤਾਰ ਲਿਆ ਜਾਂਦਾ ਹੈ। ਜੜ੍ਹ-ਮੁੱਢ (Root Stock) ਬੂਟੇ ਦੇ ਮੁੱਢ ਉਪਰ ਛਿੱਲੜ ਵਿੱਚ ਇੱਕ ਕੱਟ ਦਿੱਤਾ ਜਾਂਦਾ ਹੈ ਤਾਂ ਜੋ ਅੱਖ ਨੂੰ ਇਸ ਵਿੱਚ ਫਿੱਟ ਕੀਤਾ ਜਾ ਸਕੇ। ਅੱਖ ਫਿੱਟ ਕਰਨ ਤੋਂ ਬਾਅਦ ਟੇਪ ਨਾਲ ਜਾਂ ਧਾਗੇ ਨੂੰ ਕੱਟ ਕੀਤੇ ਥਾਂ ਤੇ ਚਾਰੇ ਪਾਸਿਉ ਲਪੇਟ ਕੇ ਚੰਗੀ ਤਰ੍ਹਾਂ ਕੱਟ ਨੂੰ ਬੰਦ ਕੀਤਾ ਜਾਂਦਾ ਹੈ। ਫ਼ਲਾਂ ਦੇ ਪੌਦੇ ਜਿਵੇਂ ਕਿੰਨੂ, ਅੰਬ, ਅਮਰੂਦ, ਸੇਬ, ਨਾਸ਼ਪਾਤੀ ਅਤੇ ਆੜੂ ਆਦਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ । ਫੁੱਲਾਂ ਵਿਚੋਂ ਗੁਲਾਬ ਦੇ ਪੌਦੇ ਵੀ ਇਸ ਵਿਧੀ ਨਾਲ ਤਿਆਰ ਕੀਤੇ ਜਾਂਦੇ ਹਨ। ਇਸ ਵਿਧੀ ਨਾਲ ਪੌਦੇ ਬਸੰਤ ਰੁੱਤ ਵਿੱਚ ਜਾਂ ਬਰਸਾਤ ਰੁੱਤ ਵਿੱਚ ਤਿਆਰ ਕੀਤੇ ਜਾਂਦੇ ਹਨ।
ਪ੍ਰਸ਼ਨ 6 . ਟਾਹਲੀ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ-ਟਾਹਲੀ ਦੀਆਂ ਪੱਕੀਆਂ ਫ਼ਲੀਆਂ ਦਸੰਬਰ-ਜਨਵਰੀ ਮਹੀਨੇ ਵਿੱਚ ਤੰਦਰੁਸਤ ਅਤੇ ਸਿੱਧੇ ਤਣੇ ਵਾਲੇ ਦਰਖ਼ਤਾਂ ਤੋਂ ਇੱਕਠੀਆਂ ਕਰੋ। ਨਰਸਰੀ ਗਮਲਿਆਂ ਜਾਂ ਲਿਫ਼ਾਫ਼ਿਆਂ ਵਿੱਚ ਜਾਂ ਕਿਆਰੀਆਂ ਵਿੱਚ ਉਗਾਈ ਜਾ ਸਕਦੀ ਹੈ। ਢੁੱਕਵਾਂ ਸਮਾਂ ਅੱਧ ਜਨਵਰੀਫਰਵਰੀ ਅਤੇ ਜੁਲਾਈ-ਅਗਸਤ ਹੈ। ਬੀਜਣ ਤੋਂ ਪਹਿਲਾਂ ਫ਼ਲੀਆਂ ਜਾਂ ਬੀਜਾਂ ਨੂੰ 48 ਘੰਟੇ ਠੰਡੇ ਪਾਣੀ ਵਿੱਚ ਡੁਬੋ ਦਿਉ। ਬੀਜ 1.0 ਤੋਂ 1.5 ਸੈ: ਮੀ: ਡੂੰਘਾਈ ਤੇ ਬੀਜੋ। 10-15 ਦਿਨਾਂ ਬਾਅਦ ਬੀਜ ਪੁੰਗਰਨੇ ਸ਼ੁਰੂ ਹੁੰਦੇ ਹਨ। ਜਦੋਂ ਬੂਟੇ 5-10 ਸੈ: ਮੀ: ਉੱਚੇ ਹੋ ਜਾਣ ਤਾਂ ਇਹਨਾਂ ਨੂੰ 15×10 ਸੈ: ਮੀ: ਦੇ ਫ਼ਾਸਲੇ ਤੇ ਵਿਰਲਾ ਕਰੋ। ਇੱਕ ਏਕੜ ਕਿਆਰੀਆਂ ਵਿੱਚ ਨਰਸਰੀ ਬੀਜਣ ਲਈ 2.0–3.5 ਕਿਲੋ ਫ਼ਲੀਆਂ ਕਾਫ਼ੀ ਹਨ ਜਿਨ੍ਹਾਂ ਵਿੱਚੋਂ 60,000 ਬੂਟੇ ਤਿਆਰ ਹੋ ਸਕਦੇ ਹਨ।
ਪ੍ਰਸ਼ਨ 7. ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ ਦੱਸੋ।
ਉੱਤਰ-ਤਕਰੀਬਨ ਸਾਰੇ ਫ਼ੁੱਲ ਪਨੀਰੀ ਤਿਆਰ ਕਰਕੇ ਲਗਏ ਜਾਂਦੇ ਹਨ। ਪਨੀਰੀ ਉੱਚੀਆਂ ਕਿਆਰੀਆਂ ਜਾਂ ਗਮਲਿਆਂ ਵਿੱਚ ਵੀ ਤਿਆਰ ਕੀਤੀ ਜਾ ਸਕਦੀ ਹੈ। ਪਨੀਰੀ ਤਿਆਰ ਕਰਨ ਲਈ ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇਕ ਹਿੱਸਾ ਰੂੜੀ ਦੀ ਖਾਦ ਵਿੱਚ, 75 ਗ੍ਰਾਮ ਕਿਸਾਨ ਖਾਦ, 75 ਗ੍ਰਾਮ ਸੁਪਰਫ਼ਾਸਫ਼ੇਟ ਅਤੇ 45 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਦਾ ਮਿਸ਼ਰਣ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਰਲਾਉਣੀ ਚਾਹੀਦੀ ਹੈ। ਪਨੀਰੀ ਲਗਾਉਣ ਲਈ ਕਿਆਰੀਆਂ ਤਿਆਰ ਕਰਕੇ ਉਨ੍ਹਾਂ ਉੱਪਰ 2-3 ਸੈਂਟੀਮੀਟਰ ਤਹਿ ਉੱਪਰ ਦੱਸੇ ਮਿਸ਼ਰਣ ਦੀ ਪਾਉਣੀ ਚਾਹੀਦੀ ਹੈ। ਬੀਜ ਖਿਲਾਰਨ ਤੋਂ ਬਾਅਦ ਇਸੇ ਮਿਸ਼ਰਣ ਨਾਲ ਉਨ੍ਹਾਂ ਨੂੰ ਢੱਕ ਦਿਓ। ਇਸ ਤੋਂ ਫ਼ੌਰਨ ਬਾਅਦ ਫੁਆਰੇ ਨਾਲ ਪਾਣੀ ਦੇਣਾ ਚਾਹੀਦਾ ਹੈ। ਜੇ ਕਿਸੇ ਹਿੱਸੇ ਵਿੱਚ ਬੀਜ ਨੰਗੇ ਹੋ ਜਾਣ ਤਾਂ ਉਹਨਾਂ ਨੂੰ ਮਿਸ਼ਰਣ ਨਾਲ ਢੱਕ ਦੇਣਾ ਚਾਹੀਦਾ ਹੈ। ਕਿਆਰੀਆਂ ਨੂੰ ਲਗਾਤਾਰ ਗਿੱਲਾ ਰੱਖੋ। 30-40 ਦਿਨਾਂ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ।
ਪ੍ਰਸ਼ਨ 8 . ਜ਼ਮੀਨ ਦੀ ਚੋਣ ਕਰਣ ਵੇਲੇ ਕਿੰਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਪਨੀਰੀਆਂ ਤਿਆਰ ਕਰਨ ਲਈ ਅਜਿਹੀ ਜਮੀਨ ਦੀ ਚੋਣ ਕਰਨੀ ਚਾਹੀਦੀ ਹੈ। ਜਿੱਥੇ ਘੱਟੋ-ਘੱਟ 8 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ, ਰੁੱਖਾਂ ਦੀ ਛਾਂ ਨਾ ਹੋਵੇ ਅਤੇ ਜ਼ਮੀਨ ਵਿੱਚ ਪੱਥਰ-ਰੋੜੇ ਆਦਿ ਨਾ ਹੋਣ। ਪਾਣੀ ਦਾ ਪੂਰਾ ਪ੍ਰਬੰਧ ਹੋਵੇ ਅਤੇ ਨਰਸਰੀ ਵਾਲੀ ਥਾਂ ਵਿੱਚੋਂ ਪਾਣੀ ਨਿਕਲਣ ਦਾ ਸਹੀ ਪ੍ਰਬੰਧ ਹੋਵੇ। ਰੇਤਲੀ ਮੈਰਾ ਜ਼ਮੀਨ ਜਾਂ ਚੀਕਣੀ ਮੈਰਾ ਜ਼ਮੀਨ ਪਨੀਰੀਆਂ ਤਿਆਰ ਕਰਨ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਸ ਜ਼ਮੀਨ ਵਿੱਚ ਭੱਲ ਅਤੇ ਚੀਕਣੀ ਮਿੱਟੀ ਠੀਕ ਮਾਤਰਾ ਵਿੱਚ ਹੁੰਦੀਆਂ ਹਨ।
ਪ੍ਰਸ਼ਨ 9. ਕਿਆਰੀਆਂ ਤਿਆਰ ਕਰਨ ਬਾਰੇ ਸੰਖੇਪ ਵਿਚ ਦੱਸੋ।
ਉੱਤਰ-ਕਿਆਰੀਆਂ ਤਿਆਰ ਕਰਨਾ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੇ ਖੇਤ ਦੀ ਚੰਗੀ ਤਰ੍ਹਾਂ ਵਹਾਈ ਕਰਕੇ 1.0-1.25 ਮੀਟਰ ਚੌੜੀਆਂ ਕਿਆਰੀਆਂ ਬਣਾਉ ਜੋ ਕਿ ਜ਼ਮੀਨ ਤੋਂ 15 ਸੈਂਟੀਮੀਟਰ ਉੱਚੀਆਂ ਹੋਣ।ਕਿਆਰੀਆਂ ਦੀ ਲੰਬਾਈ ਆਮ ਤੌਰ ਤੇ 3-4 ਮੀਟਰ ਹੁੰਦੀ ਹੈ ਪਰ ਜੇ ਖੇਤ ਪੂਰਾ ਪੱਧਰਾ ਹੋਵੇ ਤਾਂ ਲੰਬਾਈ ਹੋਰ ਵੀ ਵਧਾਈ ਜਾ ਸਕਦੀ ਹੈ।ਕਿਆਰੀਆਂ ਬਣਾਉਣ ਤੋਂ ਪਹਿਲਾਂ ਜ਼ਮੀਨ ਵਿੱਚ 3-4 ਕੁਇੰਟਲ ਗਲੀ ਸੜੀ ਰੂੜੀ ਪ੍ਰਤੀ ਮਰਲਾ (25 ਵਰਗ ਮੀਟਰ ) ਚੰਗੀ ਤਰ੍ਹਾਂ ਮਿਲਾ ਦੇਣੀ ਚਾਹੀਦੀ ਹੈ ਅਤੇ ਕਿਆਰੀਆਂ ਦੀ ਬੀਜਾਈ ਤੋਂ ਘੱਟੋ -ਘੱਟ 10 ਦਿਨ ਪਹਿਲਾਂ ਪਾਣੀ ਦਿਉ ਤਾਂਕਿ ਉੱਥੇ ਸਾਰੇ ਨਦੀਨ ਉੱਗ ਆਉਣ, ਅਜਿਹਾ ਕਰਨ ਨਾਲ ਬਾਅਦ ਵਿੱਚ ਨਰਸਰੀ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਆਵੇਗੀ।
ਪ੍ਰਸ਼ਨ 10 . ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ ?
ਉੱਤਰ—ਫ਼ਲਦਾਰ ਬੂਟੇ ਦੀ ਨਰਸਰੀ ਤੋਂ ਸਹੀ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ।
1. ਬੀਜ ਰਾਹੀਂ: ਬੀਜ ਰਾਹੀਂ ਬੂਟੇ ਤਿਆਰ ਕਰਨਾ ਇੱਕ ਸੌਖਾ ਅਤੇ ਸਸਤਾ ਢੰਗ ਹੈ। ਫ਼ਲਦਾਰ ਬੂਟੇ ਜਿਵੇਂ ਕਿ ਪਪੀਤਾ, ਕਰੌਦਾ, ਜਾਮੁਨ, ਫਾਲਸਾ ਜੜ੍ਹ-ਮੁੱਢ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ। ਪਰ ਬੀਜ ਤੋਂ ਤਿਆਰ ਕੀਤੇ ਫ਼ਲਦਾਰ ਬੂਟੇ ਇਕਸਾਰ ਨਸਲ ਦੇ ਨਹੀਂ ਹੁੰਦੇ ਅਤੇ ਆਕਾਰ ਵੀ ਬਹੁਤ ਵੱਡਾ ਲੈ ਲੈਂਦੇ ਹਨ ਜਿਨ੍ਹਾਂ ਦੀ ਸੰਭਾਲ ਔਖੀ ਹੁੰਦੀ ਹੈ। ਇਸ ਲਈ ਜਿਹੜੇ ਫ਼ਲਦਾਰ ਬੂਟੇ ਬੀਜ ਰਾਹੀਂ ਤਿਆਰ ਕਰਨੇ ਔਖੇ ਹਨ ਉਹ ਜੜ੍ਹ ਮੁੱਢ ਰਾਹੀਂ ਤਿਆਰ ਕੀਤੇ ਜਾਂਦੇ ਹਨ।
2. ਬਨਸਪਤੀ ਰਾਹੀਂ: ਇਸ ਢੰਗ ਰਾਹੀਂ ਇਕਸਾਰ ਨਸਲ ਅਤੇ ਆਕਾਰ ਦੇ ਬੂਟੇ ਤਿਆਰ ਕੀਤੇ ਜਾ ਸਕਦੇ ਹਨ। ਇਸ ਢੰਗ ਰਾਹੀਂ ਤਿਆਰ ਬੂਟੇ ਜਲਦੀ ਫ਼ਲ ਦੇਂਦੇ ਹਨ ਅਤੇ ਫ਼ਲ ਦਾ ਆਕਾਰ, ਰੰਗ ਅਤੇ ਗੁਣ ਇਕ ਸਮਾਨ ਹੁੰਦੇ ਹਨ। ਇਸ ਲਈ ਫ਼ਲਦਾਰ ਬੂਟੇ ਇਸ ਢੰਗ ਨਾਲ ਪੈਦਾ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਮੁੱਖ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਨਿੰਬੂ ਜਾਤੀ, ਅਮਰੂਦ, ਨਾਖਾਂ, ਅਲੂਚਾ, ਆੜੂ, ਅੰਗੂਰ ਅਤੇ ਅਨਾਰ ਆਦਿ ਫ਼ਲਦਾਰ ਬੂਟੇ ਕਲਮਾਂ, ਦਾਬ, ਪਿਉਂਦ ਚੜ੍ਹਾਉਣ ਅਤੇ ਜੜ੍ਹ-ਮੁੱਢ ਅੱਖ ਚੜ੍ਹਾਉਣ ਰਾਹੀਂ ਤਿਆਰ ਕੀਤੇ ਜਾਂਦੇ ਹਨ।
THANKS YOU PSEB NOTES TEAM