ਪਾਠ 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਹੇਠ ਲਿਖੇ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਵਿੱਚ ਦਿਓ।
ਪ੍ਰਸ਼ਨ-1. ਧਰਤੀ ਦੇ ਕਿੰਨੇ ਖੋਲ (ਪਰਤਾਂ) ਹਨ? ਇਹਨਾਂ ਦੇ ਨਾਂ ਦੱਸੋ ।
ਉੱਤਰ- ਧਰਤੀ ਦੇ ਤਿੰਨ ਖੋਲ ਹਨ- ਪੇਪੜੀ (ਸਿਆਲ), ਮੈਂਟਲ (ਸੀਮਾਂ), ਕੋਰ (ਨਾਈਫ ।
ਪ੍ਰਸ਼ਨ-2. ਧਰਤੀ ਤੇ ਕਿੰਨੇ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ?
ਉੱਤਰ- ਧਰਤੀ ਤੇ ਤਿੰਨ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ- ਅਗਨੀ ਚੱਟਾਨਾਂ , ਤਲਛੱਟੀ ਜਾਂ ਤਹਿਦਾਰ ਚੱਟਾਨਾਂ ਅਤੇ ਰੂਪਾਂਤਰਿਤ ਚੱਟਾਨਾਂ।
ਪ੍ਰਸ਼ਨ-3. ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ।
ਉੱਤਰ- ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਵੱਲ 2900 ਕਿਲੋਮੀਟਰ ਦੀ ਦੂਰੀ ਤੱਕ ਮੈਂਟਲ ਭਾਗ ਹੈ। ਇਸ ਭਾਗ ਵਿੱਚ ਸਿਲੀਕਾਨ (SI) ਅਤੇ ਮੈਗਨੀਸ਼ੀਅਮ (Mg) ਦੇ ਤੱਤ ਜਿਆਦਾ ਮਾਤਰਾ ਵਿੱਚ ਹੋਣ ਕਾਰਨ ਇਸਨੂੰ ਸੀਮਾ (SIMA) ਕਹਿੰਦੇ ਹਨ।
ਪ੍ਰਸ਼ਨ-4. ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ? ਇਹ ਕਿਹੜੇ ਕਿਹੜੇ ਤੱਤਾਂ ਦਾ ਬਣਿਆ ਹੋਇਆ ਹੈ ?
ਉੱਤਰ- ਧਰਤੀ ਦੇ ਅੰਦਰੂਨੀ ਭਾਗ ਨੂੰ ਨਾਈਫ (NIFE) ਕਹਿੰਦੇ ਹਨ ।ਇਹ ਨਿੱਕਲ (Ni) ਅਤੇ ਲੋਹੇ (Fe) ਤੋਂ ਬਣਿਆ ਹੋਇਆ ਹੈ।
ਪ੍ਰਸ਼ਨ-5. ਧਰਤੀ ਨੂੰ ਭੋ-ਖੁਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ- 1. ਵੱਧ ਤੋਂ ਵੱਧ ਦਰਖਤ ਲਗਾ ਕੇ ।
2.ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ।
3.ਖੁੱਲੇ ਵਿੱਚ ਪਸ਼ੂ ਚਰਾਉਣਾ ਘਟਾ ਕੇ ।
(ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਅਗਨੀ ਚੱਟਾਨਾਂ ਕਿਸਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀਆਂ ਹਨ? ਅੰਤਰਵੇਧੀ ਚੱਟਾਨਾਂ ਬਾਰੇ ਲਿਖੋ।
ਉੱਤਰ- ਜਦੋਂ ਧਰਤੀ ਦੇ ਅੰਦਰੋਂ ਅਤਿਅੰਤ ਗਰਮ ਅਤੇ ਤਰਲ ਲਾਵਾ ਨਿੱਕਲਦਾ ਹੈ ਤਾਂ ਉਹ ਠੰਢਾ ਹੋ ਕੇ ਠੋਸ ਹੋ ਜਾਂਦਾ ਹੈ ਇਸ ਨੂੰ ਮੈਗਮਾਂ ਕਹਿੰਦੇ ਹਨ, ਤਾਂ ਇਸ ਨਾਲ ਅਗਨੀ ਚੱਟਾਨਾਂ ਬਣਦੀਆਂ ਹਨ। ਇਹ ਦੋ ਪ੍ਰਕਾਰ ਦੀਆਂ ਹਨ-1, ਅੰਤਰਵੇਧੀ 2. ਬਾਹਰਵੇਧੀ ।
ਜਦੋਂ ਲਾਵਾ ਧਰਤੀ ਦੇ ਅੰਦਰ ਹੀ ਠੰਢਾ ਹੋ ਜਾਂਦਾ ਹੈ ਤਾਂ ਅੰਤਰਵੇਧੀ ਅਤੇ ਜਦੋਂ ਧਰਤੀ ਦੇ ਬਾਹਰ ਆ ਕੇ ਠੰਢਾ ਹੁੰਦਾ ਹੈ ਤਾਂ ਬਾਹਰਵੇਧੀ ਚੱਟਾਨਾਂ ਬਣਦੀਆਂ ਹਨ।
ਪ੍ਰਸ਼ਨ-2. ਤਹਿਦਾਰ ਚੱਟਾਨਾਂ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀਆਂ ਹਨ?
ਉੱਤਰ- ਤਹਿਦਾਰ ਜਾਂ ਤਲਛਟੀ ਚਟਾਨਾਂ (Sedimentary Rocks) – ਇਹ ਚਟਾਨਾਂ ਅਨੁਛਾਦਨ (Denudation) ਦੇ ਕਾਰਕਾਂ ਜਿਵੇਂ :- ਵਹਿੰਦਾ ਪਾਣੀ, ਹਵਾ, ਹਿਮਨਦੀ ਆਦਿ ਦੁਆਰਾ ਲਿਆਂਦੀ ਗਈ ਸੱਮਗਰੀ ਦੇ ਨੀਵੀਆਂ ਥਾਵਾਂ ਉੱਤੇ ਪਰਤਾਂ ਦੇ ਰੂਪ ਵਿੱਚ ਜਮ੍ਹਾਂ ਹੋਣ ਨਾਲ ਬਣਦੀਆਂ ਹਨ। ਇਹ ਜਮਾਉ ਆਮ ਕਰਕੇ ਨੀਵੀਆਂ ਥਾਵਾਂ ਜਿਵੇਂ ਝੀਲਾਂ, ਨਦੀਆਂ, ਮਹਾਂਦੀਪਾਂ ਦੇ ਨਾਲ ਲਗਦੇ ਸਮੁੰਦਰਾਂ ਆਦਿ ਦੀ ਸਤਿਹ ਤੇ ਹੁੰਦਾ ਹੈ। ਜਮਾਉਂ ਦੀ ਇਹ ਕਿਰਿਆ ਲੱਖਾਂ ਸਾਲ ਚਲਦੀ ਰਹਿੰਦੀ ਹੈ। ਜਿਵੇਂ:- ਭਾਰਤ ਵਿੱਚ ਗੰਗਾ ਸਤਲੁਜ ਦਾ ਮੈਦਾਨ।ਤਹਿਦਾਰ ਚੱਟਾਨਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ।
ਪ੍ਰਸ਼ਨ- 3. ਰੂਪਾਂਤਰਿਤ ਚੱਟਾਨਾਂ ਬਾਰੇ ਲਿਖੋ ਅਤੇ ਇਹਨਾਂ ਦੀਆਂ ਉਦਾਹਰਨਾਂ ਦਿਓ ।
ਉੱਤਰ- ਧਰਤੀ ਵਿੱਚ ਪਾਏ ਜਾਣ ਵਾਲੇ ਤਾਪ ਅਤੇ ਦਬਾਉ ਜਾਂ ਦੋਨਾਂ ਦੇ ਸੰਯੁਕਤ ਪ੍ਰਭਾਵ ਦੇ ਕਾਰਨ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਰੰਗ, ਰੂਪ, ਸਰੰਚਨਾ, ਕਠੋਰਤਾ ਆਦਿ ਵਿੱਚ ਬਦਲਾਵ ਆ ਜਾਂਦੇ ਹਨ। ਇਨ੍ਹਾਂ ਪਰਿਵਰਤਨਾਂ ਦੇ ਕਾਰਨ ਮੂਲ ਰੂਪ ਤੋਂ ਬਦਲੀਆਂ ਹੋਈਆਂ, ਇਨ੍ਹਾਂ ਚਟਾਨਾਂ ਨੂੰ ਰੂਪਾਂਤਰਿਤ ਚਟਾਨਾਂ ਆਖਦੇ ਹਨ । ਜਿਵੇ ਸਲੇਟ, ਕੋਲਾ ਆਦਿ ।
ਪ੍ਰਸ਼ਨ- 4. ਅਬਰਕ ਕਿਸ ਪ੍ਰਕਾਰ ਦਾ ਖਣਿਜ ਹੈ ? ਇਹ ਕਿਹੜੇ ਕੰਮ ਆਉਂਦਾ ਹੈ ?
ਉੱਤਰ- ਅਬਰਕ ਇਕ ਅਧਾਤ ਖਣਿਜ ਹੈ। ਇਸ ਦੇ ਵੀ ਕਈ ਲਾਭ ਹਨ ਜਿਸ ਕਰਕੇ ਇਹ ਇਕ ਮਹੱਤਵਪੂਰਨ ਖਣਿਜ ਬਣ ਗਿਆ ਹੈ। ਇਸ ਖਣਿਜ ਦੀ ਵਧੇਰੇ ਵਰਤੋਂ ਬਿਜਲੀ ਦਾ ਸਾਮਾਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਲੈਂਪ ਦੀਆਂ ਚਿਮਨੀਆਂ, ਰੰਗ-ਰੋਗਨ, ਰਡਾਰ, ਰਬੜ, ਕਾਗਜ਼, ਹਵਾਈ ਜਹਾਜ਼, ਮੋਟਰਾਂ, ਪਾਰਦਰਸ਼ੀ ਚਾਦਰਾਂ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਅਬਰਕ ਦੀਆਂ ਪਤਲੀਆਂ ਸ਼ੀਟਾਂ, ਬਿਜਲੀ ਦੀਆਂ ਮੋਟਰਾਂ ਅਤੇ ਗਰਮ ਕਰਨ ਵਾਲੀਆਂ ਵਸਤਾਂ ਵਿੱਚ ਤਾਪ ਨਸ਼ਟ ਹੋਣ ਅਤੇ ਕਰੰਟ ਲੱਗਣ ਤੋਂ ਰੋਕਣ ਲਈ ਪਾਈਆਂ ਜਾਂਦੀਆਂ ਹਨ। ਭਾਰਤ ਵਿੱਚ ਅਬਰਕ ਦੇ ਵਿਸ਼ਾਲ ਭੰਡਾਰ ਹਨ ।
ਪ੍ਰਸ਼ਨ-5. ਤਰਲ ਸੋਨਾ ਕਿਸਨੂੰ ਆਖਦੇ ਹਨ ? ਇਸ ਬਾਰੇ ਜਾਣਕਾਰੀ ਦਿਓ ।
ਉੱਤਰ- ਤਰਲ ਸੋਨਾ ਖਣਿਜ ਤੇਲ ਜਾਂ ਪੈਟਰੋਲੀਅਮ ਨੂੰ ਕਿਹਾ ਜਾਂਦਾ ਹੈ । ਇਸ ਦੀ ਉਦਯੋਗਾਂ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਮਹੱਤਤਾ ਕਰਕੇ ਇਸ ਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਜੀਵ-ਜੰਤੂਆਂ ਦੇ ਤਹਿਦਾਰ ਚੱਟਾਨਾਂ ਵਿੱਚ ਲੱਖਾਂ ਸਾਲਾਂ ਤੱਕ ਦੱਬੇ ਰਹਿਣ ਨਾਲ ਬਣਿਆ ਹੈ।
ਪ੍ਰਸ਼ਨ-6. ਧਰਤੀ ਤੇ ਮਿੱਟੀ ਦੀ ਕੀ ਮਹੱਤਤਾ ਹੈ ? ਇਸ ਬਾਰੇ ਲਿਖੋ।
ਉੱਤਰ- ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਭੂਮੀਂ ਸਾਧਨ ਹੈ। ਮਿੱਟੀ ਵਿੱਚ ਮਨੁੱਖ ਅਤੇ ਦੂਸਰੇ ਜੀਵਾਂ ਲਈ ਅਨਾਜ ਅਤੇ ਪੌਦੇ ਪੈਦਾ ਹੁੰਦੇ ਹਨ। ਭਾਰਤ ਵਿੱਚ ਮਿੱਟੀ ਉਪਜਾਊ ਹੋਣ ਕਰਕੇ ਹੀ ਇੰਨੀ ਵੱਡੀ ਆਬਾਦੀ ਲਈ ਅੰਨ ਪੈਦਾ ਹੁੰਦਾ ਹੈ ।