ਅਧਿਆਇ-7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਣ
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਕਿਸੇ ਥਾਂ ਦਾ ਮੌਸਮ ਦਿਨ ਸਮੇਂ ਬਦਲ ਸਕਦਾ ਹੈ।
(ii) ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ ਧਰੁਵੀ ਖੇਤਰ ਕਹਿੰਦੇ ਹਨ।
(iii) ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਮਾਤਰਾ ਨੂੰ ਨਮੀਂ ਕਹਿੰਦੇ ਹਨ।
(iv) ਅੰਟਾਰਕਟਿਕ ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ ਹੈ।
(v) ਥਾਰ ਮਾਰੂਥਲ ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿੱਚ ਫੈਲਿਆ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਕਟੀ ਬੰਧੀ (Tropical) ਖੇਤਰਾਂ ਦਾ ਮੁੱਖ ਜੀਵ ਰੇੱਡੀਅਰ ਹੈ।(ਗਲਤ)
(ii) ਮੌਸਮ ਅਤੇ ਜਲਵਾਯੂ ਦਾ ਅਰਥ ਇੱਕ ਹੀ ਹੈ।(ਗਲਤ)
(iii) ਊਠ ਆਪਣੇ ਕੂਹਾਣ (Hump) ਵਿੱਚ ਚਰਬੀ (Fat) ਜਮ੍ਹਾਂ ਕਰਦਾ ਹੈ ਜਿਸਦੀ ਵਰਤੋਂ ਉਹ ਉਨ੍ਹਾਂ ਦਿਨਾਂ ਵਿੱਚ ਕਰਦਾ ਹੈ ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ।(ਸਹੀ)
(iv) ਵੇਲ੍ਹ ਸਭ ਤੋਂ ਵੱਡਾ ਜੀਵ ਹੈ।(ਸਹੀ)
ਪ੍ਰਸ਼ਨ 3- ਸਹੀ ਉੱਤਰ ਚੁਣੋ
(i) ਕਿਸੇ ਥਾਂ ਦੇ ਮੌਸਮ ਨੂੰ ਇਸ ਨਾਲ ਪ੍ਰਭਾਵਿਤ ਕਰਦੇ ਹਨ
(ੳ) ਹਵਾ
(ਅ) ਤਾਪਮਾਨ
(ੲ) ਨਮੀਂ
(ਸ) ਇਹ ਸਾਰੇ ਹੀ (ü)
(ii) ਤਟੀ-ਖੇਤਰਾਂ ਦਾ ਜਲਵਾਯੂ ਹੁੰਦਾ ਹੈ
(ੳ) ਗਰਮ ਤੇ ਖੁਸ਼ਕ
(ਅ) ਸੁਹਾਵਣਾ (ü)
(ੲ) ਠੰਡਾ ਤੇ ਖੁਸ਼ਕ
(ਸ) ਅਤਿ ਠੰਡਾ
(iii) ਭਾਰਤ ਦਾ ਸਭ ਤੋਂ ਠੰਡਾ ਮਾਰੂਥਲ–
(ੳ) ਅਰਬ ਮਾਰੂਥਲ
(ਅ) ਸਹਾਰਾ ਮਾਰੂਥਲ
(ੲ) ਥਾਰ ਮਾਰੂਥਲ
(ਸ) ਲੱਦਾਖ (ü)
(iv) ਆਰਕਟਿਕ ਖੇਤਰ ਪਾਇਆ ਜਾਂਦਾ ਹੈ
(ੳ) 23°N
(ਅ) 23°S
(ੲ) 0°N
(ਸ) 85°N ਤੋਂ 90°N (ü)
ਪ੍ਰਸ਼ਨ 4- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ ਕਾਲਮ ‘ਅ
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸ ਨੂੰ ਨਿੱਘਾ ਰੱਖਦੀ ਹੈ (ੲ) ਚਮੜੀ ਹੇਠਾਂ ਚਰਬੀ ਦੀ ਪਰਤ
(ii) ਇਸ ਯੰਤਰ ਨਾਲ ਹਵਾ ਦੀ ਨਮੀਂ ਮਾਪੀ ਜਾਂਦੀ ਹੈ (ਸ) ਸੁੱਕਾ ਅਤੇ ਗਿੱਲਾ ਬਲਬ ਥਰਮਾਮੀਟਰ
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ (ਹ) ਰੇਖਾਂਸ਼
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਡੀ ਹਵਾ (ੳ) ਜਲ-ਸਮੀਰ
(v) ਰਾਜਸਥਾਨ ਦਾ ਜਲਵਾਯੂ ਹੈ (ਅ) ਗਰਮ ਅਤੇ ਖੁਸ਼ਕ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਦੱਸੋ।
ਉੱਤਰ- ਹਵਾ ਵਿੱਚ ਨਮੀਂ, ਤਾਪਮਾਨ।
(ii) ਜਲਵਾਯੂ ਦੀ ਪਰਿਭਾਸ਼ਾ ਲਿਖੋ।
ਉੱਤਰ- ਕਿਸੇ ਸਥਾਨ ਦੀਆਂ 25-30 ਸਾਲ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਕਹਿੰਦੇ ਹਨ।
(iii) ਰੇਤਲੇ ਟਿੱਬੇ ਕੀ ਹੁੰਦੇ ਹਨ?
ਉੱਤਰ- ਖੁਸ਼ਕ, ਮੋਟੇ ਕਣਾਂ ਵਾਲੀ ਮਿੱਟੀ ਦੇ ਵੱਡੇ ਢੇਰਾਂ ਨੂੰ ਰੇਤਲੇ ਟਿੱਬੇ ਕਹਿੰਦੇ ਹਨ।
(iv) ਧਰੁਵੀ ਖੇਤਰ ਕੀ ਹੁੰਦਾ ਹੈ।
ਉੱਤਰ- ਧਰਤੀ ਦੇ ਉੱਤਰੀ ਜਾਂ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ ਧਰੁਵੀ ਖੇਤਰ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਜਲ-ਸਮੀਰ ਕਿਵੇਂ ਪੈਦਾ ਹੁੰਦੀ ਹੈ?
ਉੱਤਰ- ਤੱਟਵਰਤੀ ਖੇਤਰਾਂ ਵਿੱਚ ਦਿਨ ਵੇਲੇ ਸੂਰਜ ਦੀ ਗਰਮੀ ਨਾਲ ਥਲ ਦਾ ਤਾਪਮਾਨ ਜਲ ਨਾਲੋਂ ਵੱਧ ਹੁੰਦਾ ਹੈ। ਜਿਸ ਕਰਕੇ ਥਲ ਦੀ ਹਵਾ ਗਰਮ ਹੋ ਕੇ ਉੱਪਰ ਉਠਦੀ ਹੈ ਅਤੇ ਉਸ ਦੀ ਜਗ੍ਹਾ ਲੈਣ ਲਈ ਸਮੁੰਦਰ ਵੱਲੋਂ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਸ ਵਗਦੀ ਹਵਾ ਨੂੰ ਜਲ ਸਮੀਰ ਕਹਿੰਦੇ ਹਨ।
(ii) ਜਲੀ ਜੀਵਾਂ ਵਿੱਚ ਪਾਈਆਂ ਜਾਂਦੀਆਂ ਤਿੰਨ ਅਨੁਕੂਲਤਾਵਾਂ ਲਿਖੋ।
ਉੱਤਰ- (1) ਧਾਰਾ ਰੇਖੀ ਸਰੀਰ ਤੈਰਨ ਵਿੱਚ ਸਹਾਇਤਾ ਕਰਦਾ ਹੈ।
(2) ਗਲਫੜੇ ਪਾਣੀ ਵਿਚਲੀ ਆਕਸੀਜਨ ਨਾਲ ਸਾਹ ਲੈਣ ਵਿੱਚ ਮਦਦ ਕਰਦੇ ਹਨ।
(3) ਖੰਭੜੇ (Fins) ਤੈਰਨ ਵਿੱਚ ਸਹਾਇਤਾ ਕਰਦੇ ਹਨ।
(iii) ਹਰਾ ਗ੍ਰਹਿ ਪ੍ਰਭਾਵ ਕੀ ਹੁੰਦਾ ਹੈ?
ਉੱਤਰ- ਹਵਾ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਗੈਸਾਂ, ਸੂਰਜੀ ਪ੍ਰਕਾਸ਼ ਵਿਚਲੀ ਗਰਮੀ ਨੂੰ ਸੋਖ ਕੇ ਵਾਯੂਮੰਡਲ ਦਾ ਤਾਪਮਾਨ ਵਧਾ ਦਿੰਦੀਆਂ ਹਨ। ਇਸ ਪ੍ਰਭਾਵ ਨੂੰ ਹਰਾ ਗ੍ਰਹਿ ਜਾਂ ਗਰੀਨ ਹਾਊਸ ਪ੍ਰਭਾਵ ਕਹਿੰਦੇ ਹਨ।
(iv) ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ।
ਉੱਤਰ- (1) ਜਲਵਾਯੂ ਵਿੱਚ ਹੋ ਰਹੇ ਪਰਿਵਰਤਨ ਕਾਰਨ ਹਰਾ ਗ੍ਰਹਿ ਪ੍ਰਭਾਵ ਵਧ ਰਿਹਾ ਹੈ।
(2) ਜਲਵਾਯੂ ਵਿੱਚ ਹੋ ਰਹੇ ਪਰਿਵਰਤਨ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵਧ ਰਿਹਾ ਹੈ, ਜਿਸ ਕਰਕੇ ਗਲੇਸ਼ੀਅਰ ਖੁਰ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਊਠ ਰੇਗਿਸਤਾਨ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੁੰਦਾ ਹੈ? ਵਰਣਨ ਕਰੋ।
ਉੱਤਰ- ਰੇਗਿਸਤਾਨ ਵਿੱਚ ਰਹਿਣ ਲਈ ਊਠ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ
(1) ਰੇਤ ਉੱਤੇ ਚੱਲਣ ਲਈ ਇਸ ਦੇ ਪੈਰ ਚਪਟੇ ਹੁੰਦੇ ਹਨ।
(2) ਇਸਦਾ ਨੱਕ, ਨਾਸਿਕਾ ਪਰਦਿਆਂ (Nasal Flaps) ਨਾਲ ਢੱਕਿਆ ਹੁੰਦਾ ਹੈ ਤਾਂ ਕਿ ਰੇਤ ਨੱਕ ਵਿੱਚ ਦਾਖਲ ਨਾ ਹੋ ਸਕੇ।
(3) ਇਹ ਆਪਣੇ ਕੂਹਾਣ (Hump) ਵਿੱਚ ਚਰਬੀ ਜਮ੍ਹਾਂ ਕਰ ਲੈਂਦਾ ਹੈ। ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ ਤਾਂ ਇਹ ਇਸ ਚਰਬੀ ਦੀ ਵਰਤੋਂ ਕਰਦਾ ਹੈ।
(4) ਇਹ ਆਪਣੇ ਟਿਸ਼ੂਆਂ ਵਿੱਚ ਪਾਣੀ ਜਮ੍ਹਾਂ ਰੱਖਦਾ ਹੈ।
(5) ਇਹ ਗੋਹੇ ਅਤੇ ਪਿਸ਼ਾਬ ਰਾਹੀਂ ਬਹੁਤ ਘੱਟ ਪਾਣੀ ਬਾਹਰ ਕੱਢਦਾ ਹੈ।
(6) ਇਸ ਦੀਆਂ ਲੰਬੀਆਂ ਲੱਤਾਂ ਇਸ ਨੂੰ ਰੇਤ ਉੱਪਰ ਉੱਚਾ ਰੱਖਦੀਆਂ ਹਨ।
(ii) ਕਿਸੇ ਥਾਂ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਸੂਚੀ ਬਣਾਉ। ਕੋਈ ਦੋ ਕਾਰਕਾਂ ਦਾ ਵਰਣਨ ਕਰੋ।
ਉੱਤਰ- ਜਲਵਾਯੂ ਹੇਠ ਲਿਖੇ ਕਾਰਕਾਂ ਕਾਰਨ ਪ੍ਰਭਾਵਿਤ ਹੁੰਦਾ ਹੈ(1) ਸਮੁੰਦਰ ਤਲ ਤੋਂ ਦੂਰੀ, (2) ਉਚਾਣ (Altitude), (3) ਵਿਥਕਾਰ, (4) ਪਹਾੜਾਂ ਦੀ ਦਿਸ਼ਾ
(Latitude), ਉਚਾਣ (Altitude)- ਕਿਸੇ ਸਥਾਨ ਦੀ ਸਮੁੰਦਰੀ ਤਲ ਤੋਂ ਉਂਚਾਈ ਵਧਣ ਨਾਲ, ਗਰਮੀ ਘਟਦੀ ਜਾਂਦੀ ਹੈ। ਵਿਥਕਾਰ (Latitude)- ਵਿਥਕਾਰ ਤੋਂ ਭਾਵ ਹੈ ਕਿਸੇ ਸਥਾਨ ਦੀ ਭੂ-ਮੱਧ ਰੇਖਾ ਤੋਂ ਦੂਰੀ। ਭੂ-ਮੱਧ ਰੇਖਾ ਨੇੜੇ ਜਲਵਾਯੂ ਗਰਮ ਅਤੇ ਸਿੱਲਾ ਹੁੰਦਾ ਹੈ। ਜਿਵੇਂ-ਜਿਵੇਂ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹਾਂ ਤਾਂ ਜਲਵਾਯੂ ਠੰਡਾ ਅਤੇ ਖੁਸ਼ਕ ਹੁੰਦਾ ਜਾਂਦਾ ਹੈ।
(iii) ਧਰੁਵੀ ਭਾਲੂ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਅਨੁਕੂਲਤਾਵਾਂ ਲਿਖੋ।
ਉੱਤਰ- ਧਰੁਵੀ ਭਾਲੂ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ
(1) ਇਸ ਦੀ ਜੱਤ (ਵਾਲ) ਸਫ਼ੇਦ ਹੁੰਦੀ ਹੈ ਜੋ ਬਰਫੀਲੇ ਖੇਤਰ ਨਾਲ ਭੁਲਾਂਦਰਾਂ ਪਾਉਂਦੀ ਹੈ।
(2) ਲੰਬੀ ਜੱਤ ਇਸ ਨੂੰ ਠੰਡ ਤੋਂ ਬਚਾਉਂਦੀ ਹੈ।
(3) ਚਮੜੀ ਹੇਠਾਂ ਚਰਬੀ ਦੀ ਮੋਟੀ ਪਰਤ ਇਸ ਨੂੰ ਨਿੱਘਾ ਰੱਖਦੀ ਹੈ।
(4) ਇਸ ਦੇ ਪੈਰਾਂ ਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹ ਬਰਫ਼ ‘ਤੇ ਆਸਾਨੀ ਨਾਲ ਦੌੜ ਸਕੇ।