ਅਧਿਆਇ-11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ
ਅਭਿਆਸ ਹੱਲ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਪੌਦਿਆਂ ਵਿੱਚ ਪਾਣੀ ਅਤੇ ਖਣਿਜਾਂ ਦਾ ਪਰਿਵਹਨ ਜ਼ਾਇਲਮ ਦੁਆਰਾ ਕੀਤਾ ਜਾਂਦਾ ਹੈ।
(ii) ਸਰੀਰ ਦੀਆਂ ਅੰਦਰੂਨੀ ਆਵਾਜ਼ਾਂ ਨੂੰ ਸੁਣਨ ਲਈ ਡਾਕਟਰ ਸਟੈਥੋਸਕੋਪ ਦੀ ਵਰਤੋਂ ਕਰਦੇ ਹਨ।
(iii) ਪਸੀਨੇ ਵਿੱਚ ਪਾਣੀ ਅਤੇ ਲੂਣ ਹੁੰਦਾ ਹੈ।
(iv) ਖੂਨ ਦੀਆਂ ਨਲੀਆਂ ਜਿੰਨ੍ਹਾਂ ਦੀਆਂ ਕੰਧਾਂ ਮੋਟੀਆਂ ਅਤੇ ਲਚਕੀਲੀਆਂ ਹੁੰਦੀਆਂ ਹਨ, ਨੂੰ ਧਮਣੀਆਂ ਕਹਿੰਦੇ ਹਨ।
(v) ਦਿਲ ਦੇ ਲੈਅਬੱਧ ਸੁੰਗੜਨ ਅਤੇ ਫੈਲਣ ਨੂੰ ਦਿਲ ਦੀ ਧੜਕਨ ਕਹਿੰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਪੌਦਿਆਂ ਵਿੱਚ ਫਲੋਇਮ ਵਹਿਣੀਆਂ ਭੋਜਨ ਪਦਾਰਥਾਂ ਦਾ ਸਥਾਨੰਤਰਣ ਕਰਦੀਆਂ ਹਨ।(ਸਹੀ)
(ii) ਆਕਸੀਜਨ ਰਹਿਤ ਖੂਨ ਸ਼ਿਰਾਵਾਂ ਦੁਆਰਾ ਵਾਪਸ ਦਿਲ ਨੂੰ ਭੇਜ ਦਿੱਤਾ ਜਾਂਦਾ ਹੈ।(ਸਹੀ)
(iii) ਸ਼ਿਰਾਵਾਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ। (ਗਲਤ)
(iv) ਪਲਾਜ਼ਮਾ ਖੂਨ ਦਾ ਠੋਸ ਭਾਗ ਹੈ। (ਗਲਤ)
(v) ਖੂਨ ਦਾ ਲਾਲ ਰੰਗ ਖੂਨ ਵਿੱਚ ਮੌਜੂਦ ਪਲਾਜ਼ਮਾ ਦੇ ਕਾਰਨ ਹੁੰਦਾ ਹੈ।(ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ
(i) ਪਾਣੀ ਦਾ ਪਰਿਵਹਿਨ (ਅ) ਜ਼ਾਇਲਮ
(ii) ਲਾਲ ਰੰਗ (ੲ) ਹੀਮੋਗਲੋਬਿਨ
(iii) ਗੈਸਾਂ ਦਾ ਵਟਾਂਦਰਾ। (ੳ) ਸਟੋਮੈਟਾ
(iv) ਖੂਨ ਦਾ ਥੱਕਾ (ਹ) ਪਲੇਟਲੈਟਸ
(v) ਭੋਜਨ ਦਾ ਸਥਾਨੰਤਰਣ (ਸ) ਫਲੋਇਮ
ਪ੍ਰਸ਼ਨ 4- ਸਹੀ ਉੱਤਰ ਚੁਣੋ
(i) ਖੂਨ ਦੇ ਸੈੱਲਾਂ ਦੇ ਜੰਮਣ ਵਿੱਚ ਮਦਦ ਕਰਦਾ ਹੈ:-
(ੳ) ਪਲਾਜ਼ਮਾ (ਅ) ਸਫ਼ੇਦ ਲਹੂ ਸੈੱਲ (ੲ) ਲਾਲ ਲਹੂ ਸੈੱਲ (ਸ) ਪਲੇਟਲੈਟਸ (ü)
(ii) ਦਿਲ ਦੇ ਹੇਠਲੇ ਦੋ ਖਾਨਿਆਂ ਨੂੰ ਕਹਿੰਦੇ ਹਨ:-
(ੳ) ਆਰੀਕਲ (ਅ) ਵਾਲਵ (ੲ) ਸ਼ਿਰਾਵਾਂ (ਸ) ਵੈਂਟਰੀਕਲ (ü)
(iii) ਮਲ ਨਿਕਾਸ ਪ੍ਰਣਾਲੀ ਵਿੱਚ ਹੁੰਦੇ ਹਨ
(ੳ) ਗੁਰਦੇ (ਅ) ਮਸਾਨਾ (ੲ) ਮੂਤਰ ਦੁਆਰ (ਸ) ਉਪਰੋਕਤ ਸਾਰੇ (ü)
(iv) ਉਹ ਪੇਸ਼ੀਦਾਰ ਅੰਗ ਜੋ ਲਗਾਤਾਰ ਪੰਪ ਵਾਂਗ ਕੰਮ ਕਰਨ ਲਈ ਧੜਕਦਾ ਰਹਿੰਦਾ ਹੈ:-
(ੳ) ਧਮਣੀਆਂ (ਅ) ਗੁਰਦੇ (ੲ) ਦਿਲ (ü) (ਸ) ਸ਼ਿਰਾਵਾਂ
(v) ਖੂਨ ਵਿੱਚ ਸ਼ਾਮਲ ਹੁੰਦੇ ਹਨ
(ੳ) ਪਲਾਜ਼ਮਾ (ਅ) ਲਾਲ ਲਹੂ ਸੈੱਲ (ੲ) ਸਫ਼ੇਦ ਲਹੂ ਸੈੱਲ (ਸ) ਉਪਰੋਕਤ ਸਾਰੇ (ü)
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਲਹੂ ਦਾ ਲਾਲ ਰੰਗ ਕਿਉਂ ਹੁੰਦਾ ਹੈ?
ਉੱਤਰ- ਲਹੂ ਵਿੱਚ ਮੋਜੂਦ ਲਾਲ ਰੰਗ ਦੇ ਵਰਣਕ ਹੀਮੋਗਲੋਬਿਨ ਕਾਰਨ ਲਹੂ ਦਾ ਰੰਗ ਲਾਲ ਹੁੰਦਾ ਹੈ।
(ii) ਸਥਾਨੰਤਰਣ ਦੀ ਪਰਿਭਾਸ਼ਾ ਲਿਖੋ।
ਉੱਤਰ- ਭੋਜਨ ਪਦਾਰਥਾਂ ਦਾ ਪੱਤਿਆਂ ਤੋਂ ਪੋਦੇ ਦੇ ਦੂਜੇ ਹਿੱਸੇ ਵਿੱਚ ਪਹੁੰਚਣਾ, ਸਥਾਨੰਤਰਣ ਅਖਵਾਉਂਦਾ ਹੈ।
(iii) ਡਾਇਆਲਿਸਿਸ ਕੀ ਹੁੰਦਾ ਹੈ?
ਉੱਤਰ- ਇੱਕ ਮਸ਼ੀਨ ਦੀ ਮਦਦ ਨਾਲ ਖੂਨ ਵਿੱਚੋਂ ਬੇਲੋੜੇ ਪਦਾਰਥਾਂ ਅਤੇ ਵਾਧੂ ਤਰਲਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਾਇਆਲਿਸਿਸ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਲਹੂ ਦੇ ਤਿੰਨ ਕੰਮ ਦੱਸੋ।
ਉੱਤਰ- (1) ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਭੋਜਨ, ਆਕਸੀਜਨ, ਹਾਰਮੋਨ ਆਦਿ ਲਹੂ ਰਾਹੀਂ ਪਹੁੰਚਦੇ ਹਨ।
(2) ਲਹੂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
(3) ਲਹੂ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਵੀ ਮਦਦ ਕਰਦਾ ਹੈ।
(ii) ਸ਼ਿਰਾਵਾਂ ਵਿੱਚ ਵਾਲਵ ਕਿਉਂ ਹੁੰਦੇ ਹਨ?
ਉੱਤਰ- ਵਾਲਵ ਸ਼ਿਰਾਵਾਂ ਵਿੱਚ ਲਹੂ ਨੂੰ ਪਿੱਛੇ ਮੁੜੇ ਬਿਨ੍ਹਾਂ ਕੇਵਲ ਦਿਲ ਵੱਲ ਹੀ ਵਹਿਣ ਦਿੰਦੇ ਹਨ।
(iii) ਮਨੁੱਖੀ ਮਲ-ਤਿਆਗ ਪ੍ਰਣਾਲੀ ਦੇ ਭਾਗਾਂ ਦੇ ਨਾਂ ਲਿਖੋ।
ਉੱਤਰ- ਮਨੁੱਖ ਦੀ ਮਲ-ਨਿਕਾਸ ਪ੍ਰਣਾਲੀ ਵਿੱਚ ਦੋ ਗੁਰਦੇ,ਦੋ ਮੂਤਰ ਵਹਿਣੀਆਂ, ਇੱਕ ਮੂਤਰ ਮਸਾਨਾ ਅਤੇ ਇੱਕ ਮੂਤਰ ਦੁਆਰ ਹੁੰਦਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਲਹੂ ਦੇ ਵੱਖ-ਵੱਖ ਅੰਸ਼ਾਂ ਦਾ ਵਿਸਥਾਰ ਪੂਰਵਕ ਵਰਣਨ ਕਰੋ।
ਉੱਤਰ- ਲਹੂ ਵਿੱਚ ਲਾਲ ਲਹੂ ਸੈੱਲ (RBC), ਸਫ਼ੇਦ ਲਹੂ ਸੈੱਲ (WBC), ਪਲੇਟਲੈਟਸ ਅਤੇ ਪਲਾਜ਼ਮਾ ਹੁੰਦੇ ਹਨ।
(1) ਲਾਲ ਲਹੂ ਸੈੱਲ (RBC)- ਇਹ ਲਾਲ ਰੰਗ ਅਤੇ ਡਿਸਕ ਦੀ ਆਕ੍ਰਿਤੀ ਦੇ ਹੁੰਦੇ ਹਨ। ਲਾਲ ਲਹੂ ਸੈੱਲਾਂ ਵਿੱਚ ਹੀਮੋਗਲੋਬਿਨ ਹੁੰਦਾ ਹੈ ਜੋ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਿਵਹਨ ਕਰਦਾ ਹੈ।
(2) ਸਫ਼ੇਦ ਲਹੂ ਸੈੱਲ (WBC)- ਇਹ ਰੰਗਹੀਣ ਅਤੇ ਆਕ੍ਰਿਤੀ ਵਿੱਚ ਬੇਤਰਤੀਬ ਹੁੰਦੇ ਹਨ।ਇਹ ਸਰੀਰ ਵਿੱਚ ਦਾਖਲ ਹੋਣ ਵਾਲੇ ਕੀਟਾਣੂਆਂ ਨਾਲ ਲੜਦੇ ਹਨ।
(3) ਪਲੇਟਲੇਟਸ- ਇਹ ਲਹੂ ਵਿੱਚ ਸਭ ਤੋਂ ਛੋਟੇ ਸੈੱਲ ਹੁੰਦੇ ਹਨ।ਇਹ ਸੱਟ ਲੱਗਣ ‘ਤੇ ਲਹੂ ਦੇ ਜੰਮਣ ਵਿੱਚ ਸਹਾਇਤਾ ਕਰਦੇ ਹਨ। (4) ਪਲਾਜ਼ਮਾ- ਇਹ ਲਹੂ ਦਾ ਤਰਲ ਭਾਗ ਹੈ ਜੋ ਪੀਲੇ ਰੰਗ ਦਾ ਹੁੰਦਾ ਹੈ।ਇਸ ਦਾ ਮੁੱਖ ਭਾਗ ਪਾਣੀ ਹੈ।
(ii) ਦਿਲ ਦੇ ਕਾਰਜ ਬਾਰੇ ਦੱਸੋ।
ਉੱਤਰ- ਦਿਲ ਸਰੀਰ ਵਿੱਚ ਲਹੂ ਨੂੰ ਪੰਪ ਕਰਦਾ ਹੈ। ਦਿਲ ਦੇ ਚਾਰ ਖਾਨੇ ਹੁੰਦੇ ਹਨ- ਖੱਬਾ ਅਤੇ ਸੱਜਾ ਆਰੀਕਲ, ਖੱਬਾ ਅਤੇ ਸੱਜਾ ਵੈਂਟਰੀਕਲ। ਫੇਫੜਿਆਂ ਤੋਂ ਆਕਸੀਜਨ ਭਰਪੂਰ ਲਹੂ ਦਿਲ ਦੇ ਖੱਬੇ ਆਰੀਕਲ ਵਿੱਚ ਦਾਖਲ ਹੁੰਦਾ ਹੈ। ਫਿਰ ਖੱਬੇ ਆਰੀਕਲ ਦੇ ਸੁੰਗੜਨ ਨਾਲ ਲਹੂ ਖੱਬੇ ਵੈਂਟਰੀਕਲ ਵਿੱਚ ਦਾਖਲ ਹੁੰਦਾ ਹੈ। ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਲਹੂ ਸਰੀਰ ਵਿੱਚ ਦਾਖਲ ਹੁੰਦਾ ਹੈ। ਸਰੀਰ ਵਿੱਚੋਂ ਆਕਸੀਜਨ ਰਹਿਤ ਲਹੂ ਸੱਜੇ ਆਰੀਕਲ ਵਿੱਚ ਦਾਖਲ ਹੁੰਦਾ ਹੈ।ਸੱਜੇ ਆਰੀਕਲ ਦੇ ਸੁੰਗੜਨ ਨਾਲ ਲਹੂ ਸੱਜੇ ਵੈਂਟਰੀਕਲ ਵਿੱਚ ਦਾਖਲ ਹੁੰਦਾ ਹੈ। ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਫੇਫੜਾ ਧਮਣੀ ਰਾਹੀਂ ਲਹੂ ਗੈਸਾਂ ਦਾ ਵਟਾਂਦਰਾ ਕਰਨ ਲਈ ਫੇਫੜਿਆਂ ਤੱਕ ਪਹੁੰਚਦਾ ਹੈ।ਦਿਲ ਵਿੱਚ ਮੌਜੂਦ ਵਾਲਵ ਲਹੂ ਨੂੰ ਪਿੱਛੇ ਨਹੀਂ ਮੁੜਨ ਦਿੰਦੇ।
(iii) ਮਲ-ਤਿਆਗ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਉ।
ਉੱਤਰ-
(iv) ਧਮਣੀਆਂ ਅਤੇ ਸ਼ਿਰਾਵਾਂ ਵਿੱਚ ਅੰਤਰ ਦੱਸੋ।
ਉੱਤਰ:- ਧਮਣੀਆਂ
1. ਫੇਫੜਾ ਧਮਣੀ ਤੋਂ ਇਲਾਵਾ ਬਾਕੀ ਸਾਰੀਆਂ ਧਮਣੀਆਂ ਆਕਸੀਜਨ ਭਰਪੂਰ ਲਹੂ ਨੂੰ ਦਿਲ ਤੋਂ ਸਰੀਰ ਦੇ ਸਾਰੇ ਭਾਗਾਂ ਤੱਕ ਲੈ ਕੇ ਜਾਂਦੀਆਂ ਹਨ।
2. ਇਹਨਾਂ ਦੀਆਂ ਦੀਵਾਰਾਂ ਮੋਟੀਆਂ ਹੁੰਦੀਆਂ ਹਨ।
3. ਇਹਨਾਂ ਵਿੱਚ ਵਾਲਵ ਨਹੀਂ ਹੁੰਦੇ।
4. ਇਹਨਾਂ ਵਿੱਚ ਨਬਜ਼ ਮਹਿਸੂਸ ਹੁੰਦੀ ਹੈ।
5. ਇਹ ਚਮੜੀ ਹੇਠਾਂ ਵੱਧ ਡੂੰਘਾਈ ‘ਤੇ ਹੁੰਦੀਆਂ ਹਨ।
ਸ਼ਿਰਾਵਾਂ 1. ਫੇਫੜਾ ਸ਼ਿਰਾਵਾਂ ਤੋਂ ਇਲਾਵਾ ਬਾਕੀ ਸਾਰੀਆਂ ਸ਼ਿਰਾਵਾਂ ਕਾਰਬਨ ਡਾਈਆਕਸਾਈਡ ਭਰਪੂਰ ਲਹੂ ਨੂੰ ਸਰੀਰ ਦੇ ਸਾਰੇ ਭਾਗਾਂ ਤੋਂ ਦਿਲ ਤੱਕ ਲੈ ਕੇ ਜਾਂਦੀਆਂ ਹਨ।
1. ਇਹਨਾਂ ਦੀਆਂ ਦੀਵਾਰਾਂ ਪਤਲੀਆਂ ਹੁੰਦੀਆਂ ਹਨ।
2. ਇਹਨਾਂ ਵਿੱਚ ਵਾਲਵ ਹੁੰਦੇ ਹਨ।
3. ਇਹਨਾਂ ਵਿੱਚ ਨਬਜ਼ ਮਹਿਸੂਸ ਨਹੀਂ ਹੁੰਦੀ।
4. ਇਹ ਚਮੜੀ ਹੇਠਾਂ ਬਾਹਰੋਂ ਵੀ ਦੇਖੀਆਂ ਜਾ ਸਕਦੀਆਂ ਹਨ।
(v) ਪੌਦਿਆਂ ਵਿੱਚ ਪਦਾਰਥਾਂ ਦੇ ਸਥਾਨੰਤਰਣ ਦੀ ਵਿਆਖਿਆ ਕਰੋ।
ਉੱਤਰ- ਪਾਣੀ ਅਤੇ ਖਣਿਜਾਂ ਦਾ ਪਰਿਵਹਨ- ਪੋਦੇ ਪਾਣੀ ਵਿੱਚ ਘੁਲ਼ੇ ਹੋਏ ਖਣਿਜ ਲੂਣ ਜੜ੍ਹ ਰੋਮਾਂ ਰਾਹੀਂ ਪ੍ਰਸਰਣ ਵਿਧੀ ਰਾਹੀਂ ਗ੍ਰਹਿਣ ਕਰਦੇ ਹਨ। ਜੜ੍ਹਾਂ ਤੋਂ ਪਾਣੀ ਅਤੇ ਖਣਿਜ ਜ਼ਾਇਲਮ ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ।ਇਸ ਕਿਰਿਆ ਵਿੱਚ ਵਾਸ਼ਪ ਉਤਰਸਰਜਨ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ।
ਭੋਜਨ ਦਾ ਪਰਿਵਹਨ- ਪੱਤਿਆ ਵਿੱਚ ਤਿਆਰ ਹੋਇਆ ਭੋਜਨ ਜਾਂ ਖੁਰਾਕ ਪੌਦੇ ਦੇ ਬਾਕੀ ਹਿੱਸਿਆਂ ਤੱਕ ਫਲੋਇਮ ਟਿਸ਼ੂ ਰਾਹੀਂ ਊਰਜਾ ਦੇ ਉਪਯੋਗ ਨਾਲ ਪਹੁੰਚਦਾ ਹੈ। ਗੁਲੂਕੋਜ਼ ਜਿਹੇ ਪਦਾਰਥ ਫਲੋਇਮ ਟਿਸ਼ੂ ਰਾਹੀ ਸਥਾਨਾਂਤਰਿਤ ਹੁੰਦੇ ਹਨ। ਪਰਾਸਰਣ- ਪੌਦੇ ਦੇ ਜੜ੍ਹ ਵਾਲ ਪਰਾਸਰਣ ਵਿਧੀ ਰਾਹੀਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਗ੍ਰਹਿਣ ਕਰਦੇ ਹਨ।