ਪਾਠ 6 ਬਲ਼ਦਾਂ ਵਾਲ਼ਾ ਪਿਆਰਾ ਸਿੰਘ (ਲੇਖਕ-ਡਾ. ਹਰਨੇਕ ਸਿੰਘ ਕਲੇਰ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਪਿਆਰਾ ਸਿੰਘ ਦਾ ਨਿੱਤ-ਨੇਮ ਕੀ ਸੀ?
ਉੱਤਰ : ਪਿਆਰਾ ਸਿੰਘ ਨਿੱਤ-ਨੇਮ ਅਨੁਸਾਰ ਸਵੇਰੇ ਚਾਰ ਵਜੇ ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਂਦਾ, ਇਸਨਾਨ ਕਰਦਾ, ਬਲ਼ਦਾਂ ਦੀ ਖੁਰਲੀ ਵਿੱਚ ਹੱਥ ਮਾਰਦਾ ਤੇ ਆਪਣੀ ਘਰ ਵਾਲ਼ੀ ਨੂੰ ਲੱਸੀ ਲਿਆਉਣ ਲਈ ਅਵਾਜ਼ ਦਿੰਦਾ।
(ਅ) ਪਿਆਰਾ ਸਿੰਘ ਹਰ ਰੋਜ਼ ਸਵਖਤੇ ਖੇਤਾਂ ਵਿੱਚ ਜਾ ਕੇ ਕੀ ਕਰਦਾ ਸੀ?
ਉੱਤਰ : ਪਿਆਰਾ ਸਿੰਘ ਹਰ ਰੋਜ਼ ਸਵਖਤੇ ਖੇਤਾਂ ਵਿੱਚ ਜਾ ਕੇ ਰਾਤ ਦੀ ਬਣਾਈ ਸਕੀਮ ਅਨੁਸਾਰ ਆਪਣਾ ਕੰਮ ਵਿੱਢ ਲੈਂਦਾ।
(ੲ) ਪਿਆਰਾ ਸਿੰਘ ਨੇ ਕਿਹੜੇ-ਕਿਹੜੇ ਢੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ?
ਉੱਤਰ : ਹਰ ਰੋਜ਼ ਸਵਖਤੇ ਖੇਤਾਂ ਵਿੱਚ ਜਾਣਾ, ਵੱਟ-ਬੰਨੇ ‘ਤੇ ਗੇੜਾ ਮਾਰਨਾ, ਰੁੱਖ-ਬੂਟੇ ਤੇ ਫ਼ਸਲ ਦਾ ਧਿਆਨ ਰੱਖਣਾ ਆਦਿ ਖੇਤੀ ਦੇ ਢੰਗ ਤਰੀਕੇ ਉਸ ਨੇ ਆਪਣੇ ਬਾਪੂ ਤੋਂ ਸਿੱਖੇ ਸਨ।
(ਸ) ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ-ਤੁਰਸ਼ੀ ਨਹੀਂ ਸੀ ਦੱਸੋ ਕਿਵੇਂ?
ਉੱਤਰ : ਪਿਆਰਾ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਸੀ। ਘਰ ਵਿੱਚ ਦੋ ਮੱਝਾਂ, ਇੱਕ ਗਾਂ ਤੇ ਨਗੌਰੀ ਬਲ਼ਦਾਂ ਦੀ ਜੋੜੀ ਸੀ। ਜਿਸ
ਕਰਕੇ ਉਸ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ।
(ਹ) “ਤੂੰ ਵੀ ਖੇਤਾਂ ਵਿੱਚ ਫ਼ਾਰਮੀ ਖਾਦ ਪਾ, ਨਵੇਂ ਬੀਜ ਪਾ। ਆਪਾਂ ਵੀ ਟ੍ਰੈਕਟਰ ਵਾਲ਼ੇ ਬਣੀਏ।” ਧੰਨ ਕੌਰ ਵੱਲੋਂ ਦਿੱਤੀ ਸਲਾਹ, ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ?
ਉੱਤਰ : ਉਹ ਧੰਨ ਕੌਰ ਦੀ ਸਲਾਹ ਇਸ ਲਈ ਨਹੀਂ ਸੀ ਮੰਨਣੀ ਚਾਹੁੰਦਾ ਕਿਉਂਕਿ ਉਹ ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਕਿਸੇ ਦੀ ਰੀਸ ਵਿੱਚ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਚਾਹੁੰਦਾ ਸੀ।
(ਕ) ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿਹੋ-ਜਿਹਾ ਕਰਨਾ ਚਾਹੁੰਦਾ ਸੀ?
ਉੱਤਰ : ਪਿਆਰਾ ਸਿੰਘ ਆਪਣੀ ਧੀ ਦਾ ਵਿਆਹ ਸਿੱਧਾ-ਸਾਦਾ ਕਰਨਾ ਚਾਹੁੰਦਾ ਸੀ। ਉਹ ਆਪਣੇ ਮੁੰਡੇ ਦੇ ਵਿਆਹ ’ਤੇ ਵੀ ਕੁਝ ਵੀ ਨਹੀਂ ਲੈਣਾ ਚਾਹੁੰਦਾ ਸੀ।
(ਖ) ਪਿੰਡ ਦੇ ਲੋਕ ਪਿਆਰਾ ਸਿੰਘ ਦੇ ਖੇਤ ਦੀ ਫ਼ਸਲ ਅਤੇ ਸਬਜ਼ੀਆਂ ਕਿਉਂ ਖ਼ਰੀਦਦੇ ਸਨ?
ਉੱਤਰ : ਪਿੰਡ ਦੇ ਲੋਕ ਉਸ ਦੀ ਫ਼ਸਲ ਅਤੇ ਸਬਜ਼ੀਆਂ ਇਸ ਕਰਕੇ ਖ਼ਰੀਦਦੇ ਸਨ ਕਿਉਂਕਿ ਉਹ ਖੇਤ ਵਿੱਚ ਦੇਸੀ ਖਾਦ ਦੀ ਵਰਤੋਂ ਕਰਦਾ ਸੀ ਅਤੇ ਕੋਈ ਦਵਾਈ ਨਹੀਂ ਛਿੜਕਦਾ ਸੀ।
(ਗ) ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ?
ਉੱਤਰ : ਪਿਆਰਾ ਸਿੰਘ ਦਾ ਵਿਚਾਰ ਸੀ ਕਿ ਜੇਕਰ ਰੁੱਖ-ਬੂਟੇ ਲਾ ਕੇ ਕਿਸਾਨ ਧਰਤੀ ਨੂੰ ਹਰ-ਭਰਾ ਰੱਖਣ ਤਾਂ ਪਾਣੀ ਦੀ ਥੁੜ ਆਪਣੇਆਪ ਪੂਰੀ ਹੋ ਜਾਵੇਗੀ।
(ਘ) ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਕੀ ਸੁਨੇਹਾ ਲਿਆਇਆ ਸੀ?
ਉੱਤਰ : ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਸੁਨੇਹਾ ਲੈ ਕੇ ਆਇਆ ਸੀ ਕਿ ਖੇਤੀਬਾੜੀ ਮਹਿਕਮੇ ਦੇ ਬੰਦਿਆਂ ਨੇ ਕਿਸਾਨਾਂ ਨਾਲ਼ ‘ਕੁਦਰਤੀ ਖੇਤੀ’ ਬਾਰੇ ਗੱਲਾਂ ਕਰਨ ਆਉਣਾ ਹੈ। ਇਸ ਲਈ ਉਹ ਦਸ ਵਜੇ ਪੰਚਾਇਤ ਘਰ ਪਹੁੰਚ ਜਾਵੇ।
2. ਔਖੇ ਸ਼ਬਦਾਂ ਦੇ ਅਰਥ :
ਝਲਾਨੀ ਮਿੱਟੀ ਆਦਿ ਦੀ ਬਣਾਈ ਹੋਈ ਨੀਵੀਂ ਛੱਤ ਵਾਲ਼ੀ ਰਸੋਈ
ਨਿਤ-ਨੇਮ ਹਰ-ਰੋਜ਼ ਕਰਨ ਵਾਲ਼ਾ ਕੰਮ
ਮਸ਼ਹੂਰ ਪ੍ਰਸਿੱਧ
ਵਿੱਢ ਲੈਣਾ ਸ਼ੁਰੂ ਕਰਨਾ
ਨਵੇਂ-ਨਰੋਏ ਤਕੜੇ, ਤੰਦਰੁਸਤ, ਚੰਗੇ-ਭਲੇ
ਨਿਆਈਆਂ ਪਿੰਡ ਦੇ ਨੇੜੇ ਦੀ ਜ਼ਮੀਨ
ਹਾਜ਼ਰੀ ਸਵੇਰ ਵੇਲ਼ੇ ਦੀ ਰੋਟੀ
ਖੱਤੀ ਛੋਟਾ ਖੇਤ
ਨੈਣ-ਪ੍ਰਾਣ ਸਰੀਰ ਦੇ ਅੰਗ, ਜਿੰਦ-ਜਾਨ
ਨਦੀਨ ਖੇਤਾਂ ਵਿੱਚ ਉੱਗੇ ਵਾਧੂ ਪੌਦੇ
3. ਹੇਠ ਲਿਖੇ ਸ਼ਬਦਾਂ, ਵਾਕਾਂਸ਼ਾਂ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ:
ਟੁਣਕ-ਟੂਣਕ (ਟਣ-ਟਣ ਦੀ ਅਵਾਜ਼) ਬਲ਼ਦਾਂ ਦੇ ਗਲ ਪਾਈਆਂ ਟੱਲੀਆਂ ਟੁਣਕ-ਟੁਣਕ ਕਰ ਰਹੀਆਂ ਸਨ ।
ਦੱਬ ਕੇ ਵਾਹ ਤੇ ਰੱਜ ਕੇ ਖਾਹ (ਸਖਤ ਮਿਹਨਤ ਕਰਨਾ ਤੇ ਖੁੱਲ੍ਹਾ ਖਾਣਾ)- ਪਿਆਰਾ ਸਿੰਘ ਦੱਬ ਕੇ ਵਾਹ ਤੇ ਰੱਜ ਕੇ ਖਾਹ ਵਾਲ਼ੀ ਦੀ ਖੇਤੀ ਵਿੱਚ ਯਕੀਨ ਕਰਦਾ ਸੀ।
ਅੱਡੀਆਂ ਚੁੱਕ ਕੇ ਫਾਹਾ ਲੈਣਾ (ਆਮਦਨੀ ਤੋਂ ਵੱਧ ਖਰਚ ਕਰਨਾ)— ਕਿਸੇ ਨੂੰ ਦੇਖ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲ਼ੇ ਨੂੰ ਬਾਅਦ ਵਿੱਚ ਪਛਤਾਉਂਣਾ ਪੈਂਦਾ ਹੈ।
ਧੁਨ ਦਾ ਪੱਕਾ ਹੋਣਾ (ਪੱਕੇ ਇਰਾਦੇ ਵਾਲ਼ਾ)— ਧੁਨ ਦੇ ਪੱਕੇ ਲੋਕ ਹੀ ਮੰਜ਼ਲ ’ਤੇ ਪੁੱਜਦੇ ਹਨ।
ਤਾਰੀਫ ਕਰਨਾ (ਸਿਫ਼ਤ, ਸ਼ਲਾਘਾ)- ਸਿਆਣੀ ਹੋਣ ਕਰਕੇ ਹਰ ਕੋਈ ਜੈਸਮੀਨ ਤਾਰੀਫ਼ ਕਰਦਾ ਹੈ।
ਸਵਖਤੇ (ਤੜਕੇ, ਸਵੇਰੇ)- ਪਿਆਰਾ ਸਿੰਘ ਹਰ-ਰੋਜ਼ ਸਵਖਤੇ ਉੱਠਦਾ ਹੈ।
ਧਰਤੀ ਤੋਂ ਗਿੱਠ ਉੱਚਾ ਹੋ ਗਿਆ (ਖੁਸ਼ੀ ਵਿੱਚ ਫੁੱਲੇ ਨਾ ਸਮਾਉਣਾ)- ਆਪਣੇ ਪੇਪਰਾਂ ਦਾ ਚੰਗਾ ਨਤੀਜਾ ਦੇਖ ਕੇ ਅਰਮਾਨ ਧਰਤੀ ਤੋਂ ਗਿੱਠ ਉੱਚਾ ਹੋ ਗਿਆ।