ਪਾਠ 1 ਵਣਜਾਰਾ (ਕਵੀ: ਸੁਰਜੀਤ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ ?
ਉੱਤਰ: ਵਣਜਾਰਾ ਵੱਖ-ਵੱਖ ਧਰਮ ਦੇ ਲੋਕਾਂ ਨੂੰ ਇੱਕ ਹੋ ਜਾਣ ਦਾ ਸੰਦੇਸ਼ ਦਿੰਦਾ ਹੈ ਅਤੇ ਉਹ ਲੋਕਾਂ ਨੂੰ ਮੰਦਰ, ਮਸਜਦ, ਗਿਰਜੇ ਉੱਪਰ ਰੱਬ ਦਾ ਦੁਆਰ ਲਿਖ ਦੇਣ ਲਈ ਵੀ ਕਹਿੰਦਾ ਹੈ।
(ਅ) ਇਸ ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ?
ਉੱਤਰ: ਨਫ਼ਰਤ ਸਾਡੇ ਲਈ ਇਸ ਕਰਕੇ ਨੁਕਸਾਨਦਾਇਕ ਹੈ ਕਿਉਂਕਿ ਇਹ ਸਾਨੂੰ ਰੱਜ ਕੇ ਸੌਣ ਨਹੀਂ ਦਿੰਦੀ, ਖੁੱਲ ਕੇ ਹੱਸਣ ਨਹੀਂ ਦਿੰਦੀ ਅਤੇ ਨਾ ਹੀ ਜੀਅ ਭਰ ਕੇ ਰੋਣ ਦਿੰਦੀ ਹੈ ।
(ੲ) ਏਕੇ ਬਾਰੇ ਕੀ ਕਹਿੰਦਾ ਹੈ ?
ਉੱਤਰ : ਕਵੀ ਆਖਦਾ ਹੈ ਕਿ ਏਕੇ ਵਿੱਚ ਸ਼ਕਤੀ ਹੁੰਦੀ ਹੈ, ਇਸ ਨਾਲ ਮੁਸ਼ਕਲ ਕੰਮ ਵੀ ਅਸਾਨ ਹੋ ਜਾਂਦੇ ਹਨ ।
(ਸ) ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ?
ਉੱਤਰ : ਇਸ ਗੀਤ ਨੂੰ ਪੜ੍ਹ ਕੇ ਇਹ ਮਹਿਸੂਸ ਕਰਦੇ ਹਾਂ ਕਿ ਧਰਮ ਭਾਵੇਂ ਕੋਈ ਵੀ ਹੋਵੇਂ ਅਸੀ ਸਾਰੇ ਇੱਕ ਪਰਮਾਤਮਾ ਦੇ ਜੀਵ ਹਾਂ । ਸਾਨੂੰ ਧਰਮ ਦੇ ਅਧਾਰ ਤੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ । ਸਭ ਨੂੰ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਮਨਾਂ ਵਿੱਚੋਂ ਨਫ਼ਰਤ ਕੱਢ ਦੇਣੀ ਚਾਹੀਦੀ ਹੈ।
2. ਹੇਠ ਲਿਖੀਆਂ ਸਤਰਾਂ ਦਾ ਕੀ ਭਾਵ ਹੈ?
ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ,
ਆਪਸ ਵਿੱਚ ਨੇ ਮੂਰਖ ਲੜਦੇ, ਲੜਦੇ ਨਹੀਂ ਸਿਆਣੇ ॥
ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ ।
ਭਾਵ-ਅਰਥ :- ਇਹਨਾਂ ਸਤਰਾਂ ਵਿੱਚ ਕਵੀ ਆਖਦਾ ਹੈ ਕਿ ਸਾਨੂੰ ਕਿਸੇ ਨੂੰ ਵੀ ਅਮੀਰ ਜਾਂ ਗ਼ਰੀਬ ਨਹੀਂ ਸਮਝਣਾ ਚਾਹੀਦਾ, ਸਾਰਿਆਂ ਨਾਲ ਪਿਆਰ ਨਾਲ ਵਰਤਾਓ ਕਰਨਾ ਚਾਹੀਦਾ ਹੈ। ਕਵੀ ਕਹਿੰਦਾ ਹੈ ਕਿ ਸਮਝਦਾਰ ਲੋਕ ਆਪਸ ਵਿੱਚ ਰਲ ਕੇ ਰਹਿੰਦੇ ਹਨ ਅਤੇ ਜਿਹੜੇ ਲੜਦੇ ਝਗੜਦੇ ਹਨ, ਉਹ ਮੂਰਖ ਅਖਵਾਉਂਦੇ ਹਨ। ਏਕਤਾ ਵਿੱਚ ਸ਼ਕਤੀ ਹੁੰਦੀ ਹੈ । ਇਸ ਲਈ ਸਾਨੂੰ ਆਪਸ ਵਿੱਚ ਮਿਲ-ਜੁਲ ਕੇ ਹੀ ਰਹਿਣਾ ਚਾਹੀਦਾ ਹੈ।
3. ਹੇਠ ਲਿਖੀਆਂ ਕਾਵਿ ਸਤਰਾਂ ਪੂਰੀਆਂ ਕਰੋ:
(ਉ) ਸੱਜੇ-ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ |
ਸਾਂਝਾ ਰਸਤਾ, ਸਾਂਝੀ ਮੰਜ਼ਲ, ਉਸ ਨੂੰ ਜਾ ਕੇ ਮੱਲੋ ॥
(ਅ) ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ ॥
ਬਸਤੀ-ਬਸਤੀ, ਜੰਗਲ-ਜੰਗਲ, ਗਾਉਂਦਾ ਹੈ ਵਣਜਾਰਾ ॥
4. ਔਖੇ ਸ਼ਬਦਾਂ ਦੇ ਅਰਥ:
ਵਣਜਾਰਾ : ਸੁਦਾਗਰ, ਵਪਾਰੀ
ਭਾਈਚਾਰਾ : ਭਰਾਵਾਂ ਵਾਲਾ ਸੰਬੰਧ
ਇਕਤਾਰਾ : ਇੱਕ ਤਾਰ ਵਾਲ਼ਾ ਸਾਜ਼, ਤੂੰਬਾ
ਮੰਜ਼ਲ : ਪੜਾਅ, ਨਿਸ਼ਾਨਾ