ਪਾਠ 7 ਸਕਾਊਟਿੰਗ ਅਤੇ ਗਾਈਡਿੰਗ (ਜਮਾਤ ਸੱਤਵੀਂ -ਸਰੀਰਕ ਸਿੱਖਿਆ)

Listen to this article

ਪਾਠ 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 1. ਸਕਾਊਟਿੰਗ ਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਥਾਰ ਨਾਲ ਲਿਖੋ |
ਉੱਤਰ-ਸਕਾਊਟਿੰਗ ਤੇ ਗਾਈਡਿੰਗ ਲਹਿਰ ਦਾ ਮੁੱਖ ਮੰਤਵ ਸੰਸਾਰ ਦੇ ਬੱਚਿਆਂ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੁੰਦਾ ਹੈ। ਸਕਾਊਟਿੰਗ ਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ—

  1. ਭਰਾਤਰੀ ਭਾਵ ਪੈਦਾ ਕਰਦੀ ਹੈ।
  2. ਈਰਖਾ ਤੇ ਸਾੜਾ ਖਤਮ ਹੁੰਦਾ ਹੈ।
  3. ਧਰਮ ਦੇ ਵਿਤਕਰੇ ਨੂੰ ਖਤਮ ਕਰਦਾ ਹੈ।
  4. ਮਨੁੱਖ ਵਿੱਚ ਪੂਰਨ ਪਵਿੱਤਰਤਾ ਲਿਆਉਂਦਾ ਹੈ।
  5. ਜਾਤਪਾਤ ਤੇ ਉਚ-ਨੀਚ ਦਾ ਭੇਦ-ਭਾਵ ਮਿਟ ਜਾਂਦਾ ਹੈ।
  6. ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਆਗਿਆਕਾਰੀ ਹੁੰਦਾ ਹੈ। 7. ਸੰਜਮੀ ਬਣਦਾ ਹੈ।
  7. ਮਿਠ ਬੋਲਦਾ ਹੁੰਦਾ ਹੈ।

ਪ੍ਰਸ਼ਨ 2. ਸਕਾਊਟਿੰਗ ਤੇ ਗਾਈਡਿੰਗ ਦੇ ਪ੍ਰਣ (Promise) ਸਾਨੂੰ ਕੀ ਸਿੱਖਿਆ ਦਿੰਦੇ ਹਨ ?
ਉੱਤਰ— ਕਿਸੇ ਵੀ ਧਰਮ ਜਾਂ ਸੰਸਥਾ ਵਿਚ ਦਾਖ਼ਲ ਹੋਣ ਤੋਂ ਬਾਅਦ ਇਕ ਖ਼ਾਸ ਤਰ੍ਹਾਂ ਦਾ ਪ੍ਰਣ ਕਰਨਾ ਪੈਂਦਾ ਹੈ । ਇਹ ਪ੍ਰਣ ਪੁਲਿਸ ਤੇ ਫ਼ੌਜ ਦੇ ਜਵਾਨਾਂ ਨੂੰ ਵੀ ਕਰਨਾ ਪੈਂਦਾ ਹੈ । ਸਕਾਊਟਿੰਗ ਤੇ ਮੈਂ ਪਰਮਾਤਮਾ ਨੂੰ ਪ੍ਰਤੱਖ ਮੰਨ ਕੇ ਪ੍ਰਣ ਕਰਦਾ ਹਾਂ ਕਿ ਮੈਂ –

  1. ਪਰਮਾਤਮਾ ਅਤੇ ਦੇਸ਼ ਸੰਬੰਧੀ ਆਪਣੇ ਕਰਤੱਵ ਨੂੰ ਨਿਭਾਉਣ,
  2. ਦੂਜਿਆਂ ਦੀ ਸਦਾ ਸਹਾਇਤਾ ਕਰਨ ਅਤੇ
  3. ਸਕਾਊਟਿੰਗ ਨਿਯਮਾਂ ਦੀ ਪਾਲਣਾ ਕਰਨ ਵਿਚ ਵੱਧ ਤੋਂ ਵੱਧ ਜ਼ੋਰ ਲਗਾਵਾਂਗਾ ।

ਉਪਰੋਕਤ ਪ੍ਰਣ ਸਾਨੂੰ ਪਰਮਾਤਮਾ ਵਿਚ ਵਿਸ਼ਵਾਸ ਕਰਨਾ ਸਿਖਾਉਂਦਾ ਹੈ । ਇਸ ਤਰ੍ਹਾਂ ਦਾ ਪ੍ਰਣ ਕਰਨ ਵਾਲਾ ਮਨੁੱਖ ਨਾਸਤਕ ਨਹੀਂ ਹੋਵੇਗਾ । ਇਹ ਪ੍ਰਣ ਮਨੁੱਖ ਵਿਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦਾ ਹੈ | ਇਸ ਦੇ ਨਾਲ ਹੀ ਇਹ ਪ੍ਰਣ ਮਨੁੱਖ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਸਿੱਖਿਆ ਵੀ ਦਿੰਦਾ ਹੈ । ਇਸ ਪ੍ਰਣ ਨਾਲ ਮਨੁੱਖ ਵਿਚ ਸੇਵਾ ਭਾਵ ਪੈਦਾ ਹੋ ਜਾਂਦਾ ਹੈ । ਮਨੁੱਖ ਹਰ ਲੋੜਵੰਦ ਮਨੁੱਖ ਦੀ ਸਹਾਇਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ । ਇਸ ਪ੍ਰਣ ਨਾਲ ਬਚਪਨ ਤੋਂ ਹੀ ਮਨੁੱਖ ਨਿਯਮ ਅਨੁਸਾਰ ਜੀਵਨ ਜਿਉਣਾ ਸਿੱਖ ਜਾਂਦਾ ਹੈ ।

ਮਨੁੱਖ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸੰਸਥਾ ਦੇ ਕੁਝ ਨਿਯਮ ਹਨ । ਨਿਯਮਾਂ ਦੀ ਪਾਲਣਾ ਕਰਨਾ ਹਰ ਮਨੁੱਖ ਦਾ ਫ਼ਰਜ਼ ਹੈ ! ਬੇ-ਨਿਯਮਾਂ ਜੀਵਨ ਨੀਰਸ ਹੁੰਦਾ ਹੈ । ਜਿਹੜੇ ਨਿਯਮ ਅਨੁਸਾਰ ਜੀਵਨ ਜਿਉਂਦੇ ਹਨ ਉਹ ਜੀਵਨ ਵਿਚ ਸੁਖੀ ਰਹਿੰਦੇ ਹਨ । ਇਹ ਪ੍ਰਣ ਮਨੁੱਖ ਨੂੰ ਆਦਰਸ਼ਵਾਦੀ ਬਣਨ ਅਤੇ ਉੱਨਤੀ ਕਰਨ ਦੀ ਪ੍ਰੇਰਣਾ ਦਿੰਦਾ ਹੈ । ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੱਚਾ ਬਣਨ ਵਿਚ ਸਹਾਇਕ ਹੁੰਦੇ ਹਨ । ਅਜਿਹੇ ਪ੍ਰਾਣਾਂ ਤੇ ਚੱਲਣ ਵਾਲੇ ਨਾਗਰਿਕ ਵਧੀਆ ਨਾਗਰਿਕ ਬਣਦੇ ਹਨ । ਅਜਿਹੇ ਮਨੁੱਖਾਂ ਤੇ ਸੰਸਾਰਸ਼ਾਂਤੀ ਦੀ ਉਮੀਦ ਰੱਖੀ ਜਾ ਸਕਦੀ ਹੈ । ਗਾਈਡਿੰਗ ਵਿਚ ਹੇਠਾਂ ਲਿਖਿਆ ਪ੍ਰਣ ਲਿਆ ਜਾਂਦਾ ਹੈ-

ਪ੍ਰਸ਼ਨ 3 . ਸਕਾਊਟਿੰਗ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਕਰੋ।
ਉੱਤਰ- ਨਿਯਮਾਂ ਦੇ ਬਿਨਾਂ ਕੋਈ ਸੰਸਥਾ ਜਾਂ ਸੰਗਠਨ ਨਹੀਂ ਚਲ ਸਕਦਾ । ਇਹ ਸੰਸਾਰ ਵੀ ਨਿਯਮਾਂ ‘ਤੇ ਹੀ ਨਿਰਭਰ ਹੈ ! ਸਕਾਊਟਿੰਗ ਦੇ ਵੀ ਆਪਣੇ ਹੀ ਨਿਯਮ ਹਨ । ਇਹ ਬੜੇ ਸਰਲ ਅਤੇ ਸਾਧਾਰਨ ਨਿਯਮ ਹਨ ਇਹ ਨਿਯਮ ਇਸ ਪ੍ਰਕਾਰ ਹਨ—

  1. ਸਕਾਊਟ ਦੀ ਆਨ ਭਰੋਸੇਯੋਗ ਹੁੰਦੀ ਹੈ। ਸਕਾਊਟ ਸਦਾ ਸੱਚ ਬੋਲਦਾ ਹੈ। ਉਹ ਚੰਗੇ ਕੰਮ ਕਰ ਕੇ ਲੋਕਾਂ ਵਿੱਚ ਵਿਸਵਾਸ ਪੈਦਾ ਕਰਦਾ ਹੈ। ਆਪਣੀ ਆਨ ਨੂੰ ਨਿਰਮਲ ਰੱਖਦਾ ਹੈ ਅਤੇ ਸਤਿਕਾਰ ਪ੍ਰਾਪਤ ਕਰਦਾ ਹੈ।
  2. ਸਕਾਊਟ ਵਫ਼ਾਦਾਰ ਹੁੰਦਾ ਹੈ। ਉਹ ਆਪਣੇ ਸਾਥੀਆਂ, ਦੋਸਤਾਂ, ਅਧੀਨ ਕਰਮਚਾਰੀਆਂ ਦਾ ਹਿੱਤਕਾਰੀ ਹੁੰਦਾ ਹੈ ਅਤੇ ਲਾਲਚ ਤੋਂ ਦੂਰ ਰਹਿੰਦਾ ਹੈ।
  3. ਸਕਾਊਟ ਦਾ ਫ਼ਰਜ਼ ਹੈ ਕਿ ਉਹ ਪਰਮਾਤਮਾ ਨੂੰ ਸਤਿਕਾਰੇ, ਦੇਸ਼ ਦੀ ਸੇਵਾ ਅਤੇ ਦੂਜਿਆਂ ਦੀ ਸਹਾਇਤਾ ਕਰੇ।

ਸਕਾਊਟ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੰਨਦਾ ਹੈ।ਉਸ ਤੇ ਵਿਸ਼ਵਾਸ ਰੱਖਦਾ ਹੈ ਅਤੇ ਆਪਣੇ ਮਨ ਨੂੰ ਸ਼ੁੱਧ ਕਰਦਾ ਹੈ। ਹਰ ਸਕਾਊਟ ਆਪਣੇ ਦੇਸ਼ ਦਾ ਵਫ਼ਾਦਾਰ ਹੁੰਦਾ ਹੈ।ਵਿਧਾਨ ਦੀ ਪੂਰੀ ਪਾਲਣਾ ਕਰਦਾ ਹੈ ਅਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਕੋਈ ਵੀ ਸ਼ਬਦ ਸੁਣਨ ਲਈ ਤਿਆਰ ਨਹੀਂ ਹੁੰਦਾ। ਸਕਾਊਟ ਦੂਜਿਆਂ ਦੀ ਦਿਲੋਂ ਸਹਾਇਤਾ ਕਰਦਾ ਹੈ। ਹਰ ਰੋਜ਼ ਘੱਟ ਤੋਂ ਘੱਟ ਇੱਕ ਨੇਕੀ ਦਾ ਕੰਮ (Good Turn) ਜ਼ਰੂਰ ਕਰਦਾ ਹੈ। ਇਹ ਬਿਲਕੁਲ ਸੱਚ ਹੈ ਕਿ ਹਰ ਸਕਾਊਟ ਸਵੇਰੇ ਸੁੱਤਿਆਂ ਉੱਠਦਿਆਂ ਹੀ ਆਪੇ ਰੁਮਾਲ (Scarf) ਦੇ ਹੇਠਲੇ ਲਟਕਦੇ ਸਿਰਿਆਂ ਨੂੰ ਗੰਢ ਮਾਰਦਾ ਹੈ ਅਤੇ ਉਸ ਵੇਲੇ ਖੋਲ੍ਹਦਾ ਹੈ ਜਦੋਂ ਉਹ ਕੋਈ ਨਾ ਕੋਈ ਨੇਕੀ ਦਾ ਕੰਮ ਕਰ ਲਵੇ। ਇਸ ਗੰਢ ਨੂੰ ਨੇਕੀ ਦੀ ਗੰਢ (Good Turn Knot) ਕਿਹਾ ਜਾਂਦਾ ਹੈ। ਇਹ ਗੰਢ ਸਕਾਊਟ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਹਰ ਦਿਹਾੜੇ ਸਵੇਰ ਤੋਂ ਨੇਕੀ ਦਾ ਕੰਮ ਅਤੇ ਨਿਸ਼ਕਾਮ ਸੇਵਾ ਕਰੇ।

  1. ਸਕਾਊਟ ਸਾਰਿਆਂ ਦਾ ਮਿੱਤਰ ਅਤੇ ਹਰ ਦੂਜੇ ਸਕਾਊਟ ਦਾ ਭਰਾ ਹੁੰਦਾ ਹੈ। ਭਾਵੇਂ ਉਹ ਕਿਸੇ ਵੀ ਦੇਸ, ਜਾਤ ਅਤੇ ਧਰਮ ਦਾ ਹੋਵੇ। ਸਕਾਊਟਿੰਗ ਵਿੱਚ ਜਾਤ-ਪਾਤ, ਊਚ-ਨੀਚ, ਧਰਮ ਦਾ ਖ਼ਿਆਲ ਨਹੀਂ ਹੁੰਦਾ। ਇਸ ਵਿੱਚ ਹਰ ਧਰਮ, ਦੇਸ, ਜਾਤ-ਪਾਤ ਤੇ ਕੌਮ ਦੇ ਸਕਾਊਟਸ ਆਪਸ ਵਿੱਚ ਰਲ ਕੇ ਬੈਠਦੇ ਹਨ ਅਤੇ ਕੰਮ ਕਰਦੇ ਹਨ। ਇਕੱਠੇ ਹੀ ਭੋਜਨ ਪਕਾਉਂਦੇ ਤੇ ਛਕਦੇ ਹਨ। ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਤੇ ਸੁਗਾਤਾਂ ਆਦਿ ਲੈਂਦੇ ਦਿੰਦੇ ਹਨ। ਇਸ ਤਰ੍ਹਾਂ ਬੱਚਿਆਂ ਵਿੱਚ ਮੁੱਢ ਤੋਂ ਹੀ ਵਿਸ਼ਵ ਭਰਾਤਰੀ ਭਾਵਨਾ ਪੈਦਾ ਹੁੰਦੀ ਹੈ।
  2. ਸਕਾਊਟ ਮਿੱਠ ਬੋਲੜਾ ਹੁੰਦਾ ਹੈ।” ਸਕਾਊਟ ਹਰ ਵਿਅਕਤੀ ਨਾਲ ਬੜੇ ਪਿਆਰ ਨਾਲ ਵਰਤਾਉ ਕਰਦਾ ਹੈ। ਮਿੱਠੀ ਬੋਲੀ ਨਾਲ ਦੂਜਿਆਂ ਦਾ ਦਿਲ ਜਿੱਤ ਲੈਂਦਾ ਹੈ। ਬੱਚਿਆਂ, ਬਜ਼ੁਰਗਾਂ ਤੇ ਇਸਤਰੀਆਂ ਨਾਲ ਇਸ ਦਾ ਵਰਤਾਉ ਹੋਰ ਵੀ ਪ੍ਰਸ਼ੰਸਾਯੋਗ ਹੁੰਦਾ ਹੈ। 6. “ਸਕਾਊਟ ਜੀਵ-ਜੰਤੂਆਂ ਦਾ ਮਿੱਤਰ ਹੁੰਦਾ ਹੈ।”
  3. ਸਕਾਊਟ ਭਲੀ-ਭਾਂਤ ਜਾਣਦਾ ਹੈ ਕਿ ਪਸ਼ੂ-ਪੰਛੀ ਵੀ ਮਨੁੱਖ ਦੀ ਤਰ੍ਹਾਂ ਪਰਮਾਤਮਾ ਦੇ ਜੀਵ ਹਨ। ਇਸ ਕਰਕੇ ਸਕਾਊਟ ਪਸ਼ੂ-ਪੰਛੀਆਂ ਨੂੰ ਕਦਾਚਿਤ ਦੁਖੀ ਨਹੀਂ ਕਰਦਾ ਹੈ। ਉਹਨਾਂ ਨਾਲ ਮਿੱਤਰਤਾ ਰੱਖਦਾ ਹੈ ਅਤੇ ਦੁੱਖ ਵੇਲੇ ਉਹਨਾਂ ਦੀ ਸਹਾਇਤਾ ਕਰਦਾ ਹੈ।
  4. “ਸਕਾਊਟ ਅਨੁਸ਼ਾਸਨ ਵਿੱਚ ਰਹਿੰਦਾ ਹੈ ਅਤੇ ਆਗਿਆਕਾਰੀ ਹੁੰਦਾ ਹੈ।” ਸਕਾਊਟ ਸਦਾ ਹੀ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਰਹਿੰਦਾ ਹੈ। ਉਹ ਆਪਣੀ ਮਨਮਾਨੀ ਨਹੀਂ ਕਰਦਾ। ਆਪਣੇ ਮਾਪਿਆਂ, ਪੈਟਰੋਲ ਲੀਡਰਾਂ ਤੇ ਸਕਾਊਟ ਮਾਸਟਰਾਂ ਦਾ ਹੁਕਮ ਖਿੜੇ ਮੱਥੇ ਸਵੀਕਾਰ ਕਰਦਾ ਹੈ ਅਤੇ ਉਸ ਦੀ ਪਾਲਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ।
  5. ਸਕਾਊਟ’ਬਹਾਦਰ ਹੁੰਦਾ ਹੈ ਅਤੇ ਔਕੜ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਹ ਦੁੱਖ ਤੇ ਔਖੇ ਸਮੇਂ ਘਬਰਾਉਂਦਾ ਨਹੀਂ। ਹਰ ਮੁਸ਼ਕਿਲ ਦਾ ਹੱਸਦਿਆਂ ਹੀ ਮੁਕਾਬਲਾ ਕਰਦਾ ਹੈ।ਕਠਨਾਈਆਂ ਨੂੰ ਦੇਖ ਕੇ ਨਾ ਉਹ ਕੋਈ ਗਿਲਾ ਕਰਦਾ ਹੈ ਅਤੇ ਨਾ ਹੀ ਗੁੱਸੇ ਵਿੱਚ ਬੜਬੜਾਉਂਦਾ ਹੈ। ਉਸ ਦਾ ਦਿਲ ਸ਼ਾਂਤ ਰਹਿੰਦਾ ਹੈ।
  6. “ਸਕਾਊਟ ਸੰਜਮੀ ਹੁੰਦਾ ਹੈ।” ਸਕਾਊਟ ਹਰ ਮਾਮਲੇ ਵਿੱਚ ਸਦਾ ਹੀ ਸੰਜਮੀ’ਹੁੰਦਾ ਹੈ। ਉਹ ਆਪਣੀਆਂ ਉੱਚਿਤ ਲੋੜਾਂ ਦੀ ਪੂਰਤੀ ਵਿੱਚ ਸੰਜਮ ਕਰਦਾ ਹੈ। ਸਕਾਊਟਿੰਗ ਵਿੱਚ ਬਹੁਤ ਸਾਰੀਆਂ ਵਸਤੂਆਂ ਉਹ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰ ਲੈਂਦਾ ਹੈ।ਉਹ ਸਮੇਂ ਨੂੰ ਅਜਾਈ ਨਹੀਂ ਗਵਾਉਂਦਾ ਸਗੋਂ ਉਸ ਦੀ ਵਰਤੋਂ ਵੱਧ ਤੋਂ ਵੱਧ ਚੰਗੇ ਕੰਮਾਂ ਵਿੱਚ ਕਰਦਾ ਹੈ।
  7. “ਸਕਾਊਟ ਮਨ, ਬਚਨ ਅਤੇ ਕਰਮ ਤੋਂ ਸ਼ੁੱਧ ਹੁੰਦਾ ਹੈ।” ਸਕਾਊਟ ਮਨ ਦਾ ਪਵਿੱਤਰ, ਬਚਨ ਦਾ ਪੱਕਾ ਅਤੇ ਕਰਮ ਦਾ ਸ਼ੁੱਧ ਹੁੰਦਾ ਹੈ। ਉਹ ਕਦੀ ਵੀ ਮਾੜਾ ਕੰਮ ਨਹੀਂ ਕਰਦਾ। ਕਿਸੇ ਨੂੰ ਮੰਦਾ ਨਹੀਂ ਬੋਲਦਾ। ਕਿਸੇ ਦੀ ਚੁਗਲੀ-ਨਿੰਦਿਆ ਨਹੀਂ ਕਰਦਾ। ਉਹ ਹਰ ਇੱਕ ਦਾ ਮਿੱਤਰ ਹੁੰਦਾ ਹੈ। ਬੁਰੇ ਨੂੰ ਬੁਰਾਈ ਛੱਡਣ ਲਈ ਪ੍ਰੇਰਦਾ ਹੈ। ਉਸ ਦਾ ਨਾ ਹੀ ਕੋਈ ਵੈਰੀ ਤੇ ਨਾ ਕੋਈ ਬਿਗਾਨਾ ਹੈ।ਉਹ ਸਾਰੇ ਜਗਤ ਨੂੰ ਆਪਣਾ ਹੀ ਸਮਝਦਾ ਹੈ। ਉਸ ਨਾਲ ਪਿਆਰ ਕਰਦਾ ਹੈ। ਔਖੇ ਵੇਲੇ ਪੂਰੀ ਵਾਹ ਲਾ ਕੇ ਮਨੁੱਖਤਾ ਦੀ ਸਹਾਇਤਾ ਕਰਦਾ ਹੈ।

ਪ੍ਰਸ਼ਨ 4. ਸਕਾਊਟਿੰਗ ਵਿੱਚ ਸਕਾਊਟ ਦੀ ਕੀ ਮਹਾਨਤਾ ਹੈ ? ਵਰਨਣ ਕਰੋ।
ਉੱਤਰ—ਮਹੱਤਤਾ—1. ਸਕਾਊਟਿੰਗ ਜਨ-ਸਨੇਹੀ ਲਹਿਰ ਹੋਣ ਕਰਕੇ ਬੱਚਿਆਂ ਨੂੰ ਸੰਨ, ਤਕੜੇ ਵਫ਼ਾਦਾਰ, ਦੇਸ਼ ਭਗਤ, ਆਗਿਆਕਾਰ ਅਤੇ ਜਨ ਸਹਾਇਕ ਬਣਾਉਂਦੀ ਹੈ।

  1. ਉਹਨਾਂ ਵਿੱਚ ਨਫ਼ਰਤ, ਜਾਤ-ਪਾਤ, ਊਚ-ਨੀਚ, ਪ੍ਰਾਂਤਕ ਤੇ ਕੌਮੀ ਸਾੜੇ ਕੱਢਦੀ ਹੈ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਂਦੀ ਹੈ।
  2. ਉਹਨਾਂ ਵਿੱਚ ਭਰਾਤਰੀ ਭਾਵ ਭਰਦੀ ਹੈ ਅਤੇ ਉਹਨਾਂ ਨੂੰ “ਨਾ ਕੋਈ ਵੈਰੀ ਨਾ ਹੀ ਬਿਗਾਨਾ” ਦਾ ਉਦੇਸ਼ ਦਿੰਦੀ ਹੈ।
  3. ਸਕਾਊਟ ਰੈਲੀਆਂ, ਇਕੱਠ, ਅੰਤਰ-ਰਾਸ਼ਟਰੀ ਜੰਬੂਰੀਆਂ ਨਾਲ ਸਕਾਊਟਸ ਵਿੱਚ ਮਿੱਤਰਤਾ ਪੈਦਾ ਕਰਦੀ ਹੈ ਅਤੇ ਇਸ ਤਰ੍ਹਾਂ ਅੰਤਰ-ਰਾਸ਼ਟਰੀ ਸਬੰਧ ਚੰਗੇ ਤੇ ਮਜ਼ਬੂਤ ਹੁੰਦੇ ਹਨ।
  4. ਸੰਸਾਰ ਵਿੱਚ ਸ਼ਾਂਤੀ ਰਹਿੰਦੀ ਅਤੇ ਲੜਾਈਆਂ ਘੱਟ ਜਾਂਦੀਆਂ ਹਨ।
  5. ਇਸ ਲਹਿਰ ਨਾਲ ਬੱਚੇ ਪਰਉਪਕਾਰੀ, ਸੇਵਕ, ਸਹਾਇਕ ਅਤੇ ਦਾਨੀ ਬਣ ਜਾਂਦੇ ਹਨ।
  6. ਬੱਚੇ (ਸਕਾਊਟਸ) ਮੇਲਿਆਂ, ਇਕੱਠਾਂ ਆਦਿ ਵਿੱਚ ਸੇਵਾ ਕਰਦੇ ਹਨ।
  7. ਭੁੱਲਿਆਂ ਨੂੰ ਰਾਹ ਪਾਉਂਦੇ ਹਨ ਅਤੇ ਲੋੜਵੰਦਾਂ ਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੇ ਹਨ।
  8. ਕਸ਼ਟ ਵੇਲੇ ਹੜ੍ਹਾਂ, ਭੂਚਾਲਾਂ, ਹਨੇਰੀਆਂ, ਝੱਖੜਾਂ ਅਤੇ ਬਿਮਾਰੀਆਂ ਨਾਲ ਤਬਾਹ ਹੋਏ ਗਰੀਬਾਂ ਤੇ ਅਨਾਥਾਂ ਦੀ ਹਰ ਤਰ੍ਹਾਂ ਮਦਦ ਕਰਦੇ ਹਨ।
  9. ਉਹ ਲੜਾਈ ਵਿੱਚ ਫੱਟੜਾਂ ਤੇ ਰੋਗੀਆਂ ਦੀ ਹਰ ਵੇਲੇ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ।
  10. ਸਕਾਊਟਿੰਗ ਦੇ ਨਿਯਮ (Laws) ਬੱਚਿਆਂ ਨੂੰ ਵਫ਼ਾਦਾਰ ਤੇ ਆਗਿਆਕਾਰ ਬਣਾਉਂਦੇ ਹਨ।ਉਹ ਪੈਟਰੋਲ ਲੀਡਰ (Petrol Leader), ਟਰੁੱਪ ਲੀਡਰ (Troop Leader) ਸਕਾਊਟ ਮਾਸਟਰ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਖਿੜੇ ਮੱਥੇ ਮੰਨਦੇ ਹਨ।
  11. ਉਹਨਾਂ ਵਿੱਚ ਆਪਣੇ ਤੋਂ ਵੱਡਿਆਂ ਲਈ ਹੀ ਨਹੀਂ ਸਗੋਂ ਛੋਟਿਆਂ ਲਈ ਵੀ ਵਫ਼ਾਦਾਰੀ ਭਰ ਜਾਂਦੀ ਹੈ।
  12. ਸਕਾਊਟਿੰਗ ਨਾਲ ਦੇਸ਼ ਪ੍ਰਤੀ ਪਿਆਰ ਤੇ ਸਤਿਕਰ ਵੱਧ ਜਾਂਦਾ ਹੈ।
  13. ਹੱਥੀਂ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ ਅਤੇ ਬਹੁਤ ਹੱਦ ਤੱਕ ਸਕਾਊਟਿੰਗ ਸਿਖਲਾਈ ਕਿੱਤਿਆਂ ਵਿੱਚ ਰੁਚੀ ਪੈਦਾ ਕਰਦੀ ਹੈ। ਇਸ ਤਰ੍ਹਾਂ ਬੱਚੇ ਆਉਣ ਵਾਲੇ ਜੀਵਨ ਵਿੱਚ ਸਫਲ ਹੋ ਜਾਂਦੇ ਹਨ।
  14. ਸਕੂਲਾਂ ਵਿੱਚ ਪੜ੍ਹਦੇ ਸਮੇਂ ਬਹੁਤ ਸਾਰੇ ਸਕਾਊਟਸ ਹੱਥੀਂ ਕੰਮ ਕਰਕੇ ਪੈਸੇ ਕਮਾਉਂਦੇ ਹਨ। ਉਹ ਇਸ ਕਮਾਈ ਵਿੱਚੋਂ ਆਪਣੀਆਂ ਫੀਸਾਂ, ਕਿਤਾਬਾਂ, ਕਾਪੀਆਂ ਤੇ ਹੋਰ ਲੋੜਵੰਦ ਵਸਤੂਆਂ ਤੇ ਖਰਚ ਕਰਦੇ ਹਨ ਅਤੇ ਉਹ ਆਪਣੇ ਗਿਆਨ ਦੇ ਵਾਧੇ ਲਈ ਕਈ ਵਾਰ ਉਹ ਇਸ ਕਮਾਈ ਵਿੱਚੋਂ ਵਾਧਾ ਕਰ ਕੇ ਇਤਿਹਾਸਕ ਥਾਵਾਂ, ਧਾਰਮਿਕ ਥਾਵਾਂ, ਵੱਡੇ-ਵੱਡੇ ਸ਼ਹਿਰਾਂ ਅਤੇ ਕਾਰਖ਼ਾਨਿਆਂ ਦੀ ਯਾਤਰਾ ਵੀ ਕਰਦੇ ਹਨ।
  15. ਸਕਾਊਟਿੰਗ ਰਾਹੀਂ ਸਿੱਖਿਆ ਨਾਲ ਬੱਚਿਆਂ ਨੂੰ ਔਕੜਾਂ, ਮੁਸ਼ਕਿਲਾਂ ਅਤੇ ਰੁਝੇਵਿਆਂ ਵਿੱਚੋਂ ਸਫਲ ਹੋ ਕੇ ਨਿਕਲਣ ਦਾ ਢੰਗ ਆਉਂਦਾ ਹੈ ਅਤੇ ਉਹ ਇਹਨਾਂ ਦਾ ਮੁਕਾਬਲਾ ਬਿਨਾਂ ਕਿਸੇ ਹੀਣ-ਭਾਵ ਤੋਂ ਕਰਦੇ ਹਨ।
  16. ਸਕਾਊਟਿੰਗ, ਬੱਚਿਆਂ ਨੂੰ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਚੰਗੀਆਂ ਲੀਹਾਂ ਤੇ ਪਾਉਂਦੀ ਹੈ।
  17. ਇਸ ਸਿੱਖਿਆ ਨਾਲ ਅਨੁਸ਼ਾਸਨ ਆਪਣੇ ਆਪ ਹੀ ਆਉਂਦਾ ਹੈ।
  18. ਨਿਰੀਖਣ ਤੇ ਆਤਮ ਨਿਰਭਰਤਾ ਦੀ ਭਾਵਨਾ ਤੇ ਚੰਗੇ ਸ਼ਹਿਰੀ ਦੇ ਗੁਣ ਪੈਦਾ ਹੁੰਦੇ ਹਨ |
  19. ਗੱਲ ਇੱਥੇ ਮੁੱਕਦੀ ਹੈ ਕਿ ‘ਸਕਾਊਟਿੰਗ’ ਬੱਚਿਆਂ ਦਾ ਬਹੁ-ਮੁੱਖੀ ਵਿਕਾਸ ਕਰਦੀ ਹੈ। ਜਿਸ ਨਾਲ ਉਹਨਾਂ ਦਾ ਸਰਬ-ਪੱਖੀ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਧਾਰਮਿਕ ਵਿਕਾਸ ਹੁੰਦਾ ਹੈ।

ਪ੍ਰਸ਼ਨ 5 . ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਆਪਣੇ ਵਿਚਾਰ ਦਿਉ ।
ਉੱਤਰ-ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ— ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ। ਇਸ ਨਾਲ ਆਪਸੀ ਪ੍ਰੇਮ-ਭਾਵ ਵੱਧਦਾ ਹੈ ਅਤੇ ਈਰਖਾ ਖਤਮ ਹੋ ਜਾਂਦੀ ਹੈ। ਉਸ ਵਿੱਚ ਪੂਰੀ ਤਰ੍ਹਾਂ ਪਵਿੱਤਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਦੁੱਖ ਸਮੇਂ ਪੀੜਤ ਵਿਅਕਤੀਆਂ, ਗਰੀਬਾਂ ਤੇ ਅਨਾਥਾਂ ਦੀ ਸੇਵਾ ਕਰਦਾ ਹੈ।ਉਹ ਬਹਾਦਰ, ਸੁਆਮੀ ਭਗਤ, ਵਫ਼ਾਦਾਰ ਤੇ ਦੇਸ਼ ਭਗਤ ਬਣ ਜਾਂਦਾ ਹੈ। ਉਸ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਭਾਵਨਾ ਉਤਪੰਨ ਹੁੰਦੀ ਹੈ। ਸਕਾਊਟ ਆਪਣੇ ਵੱਡਿਆਂ ਦਾ ਮਾਣ ਕਰਦਾ ਹੈ ਤੇ ਛੋਟਿਆਂ ਨਾਲ ਪਿਆਰ ਕਰਦਾ ਹੈ। ਸਕਾਊਟ ਸਿੱਖਿਆ ਨਾਲ ਬੱਚੇ ਨੂੰ ਮੁਸੀਬਤਾਂ ਅਤੇ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਨ ਦੀ ਜਾਂਚ ਆਉਂਦੀ ਹੈ।

ਪ੍ਰਸ਼ਨ 6 . ਸਕਾਊਟ ਦਾ ਆਦਰਸ਼ (Motto) “ਤਿਆਰ’’ ਹੈ। ਸਪੱਸ਼ਟ ਕਰੋ।
ਉੱਤਰ-ਸਕਾਊਟਸ ਆਦਰਸ਼ (Scout Motto)—ਸਕਾਊਟਸ ਦਾ ਆਦਰਸ਼ (Motto) “ਤਿਆਰ” ਹੈ। ਉਹ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦਾ ਹੈ।ਉਹ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਵੱਡਿਆਂ ਦੇ ਹੁਕਮ ਤੇ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਸਮੇਂ ਤੇ ਸਥਾਨ ਦੀ ਪਰਵਾਹ ਨਹੀਂ ਕਰਦਾ। ਨੇਕੀ ਦਾ ਕੰਮ ਉਸ ਦਾ ਮੁੱਖ ਉਦੇਸ਼ ਹੈ। ਇਸ ਨੂੰ ਕਰਨ ਲਈ ਕਦੇ ਵੀ ਦੇਰੀ ਨਹੀਂ ਕਰਦਾ। ਮੇਲਿਆਂ ਜਾਂ ਇਕੱਠਾਂ ਵਿੱਚ ਭੁੱਲੇ ਭਟਕਿਆਂ ਨੂੰ ਰਾਹੇ ਪਾਉਣ ਵਿੱਚ ਢਿੱਲ ਨਹੀਂ ਵਰਤਦਾ।ਆਪਣੇ ਗਿਆਨ ਨੂੰ ਵੀ ਵਧਾਉਣ ਵਿੱਚ ਵੀ ਤਿਆਰ ਰਹਿੰਦਾ ਹੈ।

ਚੀਫ਼ ਸਕਾਊਟ “ਲਾਰਡ ਬੇਡਨ ਪਾਵਲ” ਕਦੇ ਵੀ ਵਿਹਲੇ ਨਹੀਂ ਬੈਠਦੇ ਸਨ। ਉਸ ਸਫ਼ਰ ਵਿੱਚ ਹੁੰਦੇ ਜਾਂ ਲੜਾਈ ਵਿੱਚ ਕੋਈ ਨਾ ਕੋਈ ਨਵੀਂ ਸਕੀਮ ਸੋਚਦੇ ਹੀ ਰਹਿੰਦੇ ਸਨ। ਉਹ ਹਰ ਮੁਸਕਿਲ ਨੂੰ ਹੱਲ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਸਕਾਊਟ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੁੰਦਾ ਹੈ ਤੇ ਆਪਣੇ ਆਪ ਨੂੰ ਹਰ ਵੇਲੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰੱਖਦਾ ਹੈ।

ਪ੍ਰਸ਼ਨ 7 . “ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ।” ਵਿਆਖਿਆ ਕਰੋ।
ਉੱਤਰ—ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ—ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ।ਉਹ ਰੋਜ਼ਾਨਾ ਘੱਟ ਤੋਂ ਘੱਟ ਇੱਕ ਨੇਕੀ ਦਾ ਕੰਮ ਜ਼ਰੂਰ ਕਰਦਾ ਹੈ, ਇਹ ਉਸ ਦਾ ਆਦਰਸ਼ ਹੈ। ਉਸ ਅੰਦਰ ਨਾ ਤਾਂ ਜਾਤ-ਪਾਤ ਅਤੇ ਊਚ-ਨੀਚ ਦਾ ਵਿਤਕਰਾ ਹੁੰਦਾ ਹੈ, ਨਾ ਹੀ ਰੰਗ ਤੇ ਨਸਲ ਦਾ।ਉਹ ਸਦਾ ਅਨੁਸ਼ਾਸਨ ਵਿੱਚ ਰਹਿੰਦਾ ਹੈ ਅਤੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਉਹ ਹਰੇਕ ਵਿਅਕਤੀ ਨਾਲ ਬੜੇ ਪਿਆਰ ਨਾਲ ਰਹਿੰਦਾ ਹੈ ਅਤੇ ਭਾਈਚਾਰੇ ਨਾਲ ਪੇਸ਼ ਆਉਂਦਾ ਹੈ। ਸਕਾਊਟ ਇਕੱਠੇ ਹੀ ਭੋਜਨ ਪਕਾਉਂਦੇ ਹਨ ਤੇ ਛਕਦੇ ਹਨ। ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਤੇ ਸੁਗਾਤਾਂ ਆਦਿ ਲੈਂਦੇ-ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਵਿੱਚ ਮੁੱਢ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।

ਉਹ ਹਰੇਕ ਵਿਅਕਤੀ ਨਾਲ ਬੜੇ ਪ੍ਰੇਮ ਦਾ ਵਿਹਾਰ ਕਰਦਾ ਹੈ। ਮਿੱਠੀ ਬੋਲੀ ਹਿਰਦੇ ਜਿੱਤ ਲੈਂਦੀ ਹੈ। ਬੱਚਿਆਂ, ਬੁੱਢਿਆਂ ਤੇ ਇਸਤਰੀਆਂ ਨਾਲ ਇਸ ਦਾ ਵਿਹਾਰ ਹੋਰ ਵੀ ਪ੍ਰਸੰਸਾਯੋਗ ਹੁੰਦਾ ਹੈ। ਉਹ ਹਰ ਗੱਲ ਵਿੱਚ ਸਦਾ ਹੀ ਸੰਜਮੀ ਹੁੰਦਾ ਹੈ।ਉਹ ਆਪਣੀਆਂ ਉੱਚਿਤ ਲੋੜਾਂ ਦੀ ਪੂਰਤੀ ਵਿੱਚ ਸੰਜਮ ਕਰਦਾ ਹੈ। ਉਹ ਸਮੇਂ ਨੂੰ ਵੀ ਅਜਾਈਂ ਨਹੀਂ ਗੁਆਉਂਦਾ ਅਤੇ ਉਸਦੀ ਵਰਤੋਂ ਵੱਧ ਤੋਂ ਵੱਧ ਚੰਗੇ ਕੰਮਾਂ ਵਿੱ ਕਰਦਾ ਹੈ।

ਇਨ੍ਹਾਂ ਗੁਣਾਂ ਕਾਰਨ ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *