पाठ 6 ਖੇਡਾਂ ਦੀ ਮਹੱਤਤਾ
ਪ੍ਰਸ਼ਨ 1. ਕੋਈ ਦਸ ਵੱਡੀਆਂ ਤੇ ਦਸ ਛੋਟੀਆਂ ਖੇਡਾਂ ਦੇ ਨਾਂ ਲਿਖੋ।
ਉੱਤਰ—ਵੱਡੀਆਂ ਖੇਡਾਂ ਦੇ ਨਾਂ—(1) ਕ੍ਰਿਕਟ, (2) ਕਬੱਡੀ, (3) ਹਾਕੀ, (4) ਖੋ-ਖੋ, (5) ਫੁੱਟਬਾਲ, (6) ਵਾਲੀਬਾਲ, (7) ਬਾਸਕਟਬਾਲ, (8) ਬੈਡਮਿੰਟਨ, (9) ਕੁਸ਼ਤੀ ਅਤੇ (10) ਜਿਮਨਾਸਟਿਕਸ।
ਛੋਟੀਆਂ ਖੇਡਾਂ ਦੇ ਨਾਂ—(1) ਗੁੱਲੀ ਡੰਡਾ,(2) ਜੰਗ ਪਲੰਗਾ,(3) ਰਾਜੇ ਰਾਣੀਆਂ, (4) ਮਸੌਲਾ ਘੋੜੀ, (5) ਬਿੱਲੀ ਚੂਹਾ, (6) ਰੀਲੇ ਦੌੜਾਂ, (7) ਕੋਟਲਾ ਛਪਾਕੀ, (8) ਕੁੰਜ ਉਤਾਰਨਾ, (9) ਲੀਡਰ ਲੱਭਣਾ ਅਤੇ (10) ਰੁਮਾਲ ਚੁੱਕਣਾ।
ਪ੍ਰਸ਼ਨ 2. ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ ? ਇਹਨਾਂ ਮੂਲ ਕੁਸ਼ਲਤਾਵਾਂ ਤੋਂ ਅੱਜ ਕੱਲ੍ਹ ਦੀਆਂ ਖੇਡਾਂ ਕਿਵੇਂ ਹੋਂਦ ਵਿੱਚ ਆਈਆਂ?
ਉੱਤਰ— ਤੁਰਨਾ, ਦੌੜਨਾ, ਕੁੱਦਣਾ, ਲੋਟਣੀਆਂ ਲੈਣੀਆਂ ਤੇ ਦਰੱਖ਼ਤ ‘ਤੇ ਚੜਨਾ ਆਦਿ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਹਨ । ਜਿਉਂ-ਜਿਉਂ ਮਨੁੱਖ ਦੇ ਕੰਮਾਂ ਧੰਦਿਆਂ ਵਿਚ ਉੱਨਤੀ ਹੋਈ ਉਸ ਦੇ ਨਾਲ-ਨਾਲ ਹੀ ਇਹਨਾਂ ਕੁਸ਼ਲਤਾਵਾਂ ਦੇ ਜੋੜ ਮੇਲ ਵਿਚ ਵੀ ਉੱਨਤੀ ਹੋਈ । ਮਨੁੱਖ ਨੇ ਇਹਨਾਂ ਕਿਰਿਆਵਾਂ ਨੂੰ ਜੋੜ ਕੇ ਖੇਡਾਂ ਵਿਚ ਬਦਲ ਦਿੱਤਾ | ਹੌਲੀ-ਹੌਲੀ ਖੇਡਾਂ ਦੇ ਉਹ ਰੂਪ ਸਾਰੇ ਸੰਸਾਰ ਵਿਚ ਫੈਲ ਗਏ ।
ਪ੍ਰਸ਼ਨ 3 . ਇੱਕ ਵਿਅਕਤੀ ਲਈ ਖੇਡਾਂ ਦੇ ਕੀ ਲਾਭ ਹਨ ?
ਉੱਤਰ- ਇਕ ਵਿਅਕਤੀ ਲਈ ਖੇਡਾਂ ਦੇ ਹੇਠ ਲਿਖੇ ਲਾਭ ਹਨ
- ਸਰੀਰ ਦਾ ਵਾਧਾ ਤੇ ਵਿਕਾਸ-ਖੇਡਾਂ ਇਕ ਵਿਅਕਤੀ ਦੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ। ਉਹ ਉਸਦੇ ਸਰੀਰ ਅੰਦਰ ਫੁਰਤੀ ਤੇ ਚੁਸਤੀ ਲਿਆਉਂਦੀਆਂ ਹਨ । ਇਸ ਤਰ੍ਹਾਂ ਖੇਡਾਂ ਨਾਲ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
- ਵਿਹਲੇ ਸਮੇਂ ਦੀ ਉੱਚਿਤ ਵਰਤੋਂ -ਖੇਡਾਂ ਦੁਆਰਾ ਵਿਅਕਤੀ ਆਪਣੇ ਵਿਹਲੇ ਸਮੇਂ ਦੀ ਉੱਚਿਤ ਵਰਤੋਂ ਕਰ ਸਕਦਾ ਹੈ । ਖੇਡਾਂ ਦੇ ਕਾਰਨ ਇਕ ਵਿਅਕਤੀ ਬੁਰੇ ਕੰਮਾਂ ਤੋਂ ਬਚ ਜਾਂਦਾ ਹੈ । ਖੇਡਾਂ ਮਨ ਨੂੰ ਸ਼ੈਤਾਨ ਦਾ ਘਰ ਨਹੀਂ ਬਣਨ ਦਿੰਦੀਆਂ ।
- ਭਾਵਨਾਵਾਂ ਉੱਪਰ ਕਾਬੁ-ਖੇਡਾਂ ਦੇ ਕਾਰਨ ਵਿਅਕਤੀ ਡਰ, ਕਰੋਧ, ਚਿੰਤਾ, ਉਦਾਸੀ ਆਦਿ ਦੀਆਂ ਭਾਵਨਾਵਾਂ ਉੱਪਰ ਕਾਬੂ ਪਾਉਣਾ ਸਿੱਖ ਲੈਂਦਾ ਹੈ।
- ਕਹਿਣਾ ਮੰਨਣਾ-ਖੇਡਾਂ ਨਾਲ ਵਿਅਕਤੀ ਵਿਚ ਕਹਿਣਾ ਮੰਨਣ ਦਾ ਗੁਣ ਵਿਕਸਿਤ ਹੁੰਦਾ ਹੈ ।
- ਸਹਿਯੋਗ ਦੀ ਭਾਵਨਾ-ਖੇਡਾਂ ਨਾਲ ਖਿਡਾਰੀਆਂ ਵਿਚ ਆਪਸੀ ਸਹਿਯੋਗ ਦੀ ਭਾਵਨਾ ਆਉਂਦੀ ਹੈ ।
- ਸਮੇਂ ਦਾ ਪਾਲਣ -ਖੇਡਾਂ ਵਿਅਕਤੀ ਨੂੰ ਸਮੇਂ ਦਾ ਪਾਲਣ ਕਰਨਾ ਸਿਖਾਉਂਦੀਆਂ ਹਨ ।
- ਸਹਿਣਸ਼ੀਲਤਾ -ਖੇਡਾਂ ਸਹਿਣਸ਼ੀਲਤਾ ਦੇ ਗੁਣ ਦਾ ਵਿਕਾਸ ਕਰਦੀਆਂ ਹਨ ।
- ਸਵੈ-ਭਰੋਸਾ -ਖੇਡਾਂ ਨਾਲ ਇਕ ਵਿਅਕਤੀ ਅੰਦਰ ਸਵੈ-ਭਰੋਸਾ ਪੈਦਾ ਹੁੰਦਾ ਹੈ ।
- ਪੱਕਾ ਇਰਾਦਾ-ਖੇਡਾਂ ਵਿਅਕਤੀ ਅੰਦਰ ਵਿੜ ਇਰਾਦੇ ਦਾ ਵਿਕਾਸ ਕਰਦੀਆਂ ਹਨ ।
- ਮੁਕਾਬਲੇ ਦੀ ਭਾਵਨਾ-ਖੇਡਾਂ ਨਾਲ ਖਿਡਾਰੀਆਂ ਵਿਚ ਮੁਕਾਬਲੇ ਦੀ ਭਾਵਨਾ ਵਿਕਸਿਤ ਹੁੰਦੀ ਹੈ ।
- ਜ਼ਿੰਮੇਵਾਰੀ ਦੀ ਭਾਵਨਾ -ਖੇਡਾਂ ਦੁਆਰਾ ਵਿਅਕਤੀ ਵਿਚ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ।
ਪ੍ਰਸ਼ਨ 4 . ਖੇਡਾਂ ਖੇਡਣ ਨਾਲ ਇੱਕ ਵਿਅਕਤੀ ਵਿੱਚ ਕਿਹੜੇ-ਕਿਹੜੇ ਗੁਣ ਉੱਨਤ ਹੁੰਦੇ ਹਨ ?
ਉੱਤਰ-ਖੇਡਾਂ ਦੁਆਰਾ ਪ੍ਰਾਪਤ ਹੋਏ ਗੁਣਾਂ ਅਤੇ ਲਾਭਾਂ ਦਾ ਵਰਨਣ ਹੇਠਾਂ ਦਿੱਤਾ ਜਾਂਦਾ ਹੈ—
- ਸਿਹਤ (Good Health)-ਖੇਡਾਂ ਸਿਹਤ ਪ੍ਰਦਾਨ ਕਰਦੀਆਂ ਹਨ । ਖਿਡਾਰੀਆਂ ਦੇ ਭੱਜਣ, ਦੌੜਨ ਅਤੇ ਉਛਲਣ ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਆ ਜਾਂਦੇ ਹਨ । ਦਿਲ, ਫੇਫੜੇ, ਪਾਚਣ ਅੰਗ ਆਦਿ ਸਾਰੇ ਹੀ ਅੰਗ ਠੀਕ ਪ੍ਰਕਾਰ ਨਾਲ ਕੰਮ ਕਰਨ ਲਗਦੇ ਹਨ | ਮਾਸ-ਪੇਸ਼ੀਆਂ ਵਿਚ ਤਾਕਤ ਤੇ ਲਚਕ ਵੱਧ ਜਾਂਦੀ ਹੈ । ਜੋੜ ਲਚਕਦਾਰ ਹੋ ਜਾਂਦੇ ਹਨ ਤੇ ਸਰੀਰ ਅੰਦਰ ਫੁਰਤੀ ਆ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਨਾਲ ਸਿਹਤ ਵਿਚ ਸੁਧਾਰ ਹੁੰਦਾ ਹੈ ।
- ਸੁਡੌਲ ਸਰੀਰ (Conditioned Body)-ਖੇਡਾਂ ਵਿਚ ਖਿਡਾਰੀ ਨੂੰ ਭੱਜਣਾ ਪੈਂਦਾ ਹੈ, ਜਿਸ ਨਾਲ ਉਸ ਦਾ ਸਰੀਰ ਸੁਡੌਲ ਹੋ ਜਾਂਦਾ ਹੈ । ਇਸ ਨਾਲ ਉਸ ਦੇ ਵਿਅਕਤਿੱਤਵ ਵਿਚ ਨਿਖਾਰ ਆ ਜਾਂਦਾ ਹੈ
- ਸੰਵੇਗਾਂ ਦਾ ਸੰਤੁਲਨ ( Full control over Emotions)-ਸੰਵੇਗਾਂ ਦਾ ਸੰਤੁਲਨ ਸਫ਼ਲ ਜੀਵਨ ਲਈ ਜ਼ਰੂਰੀ ਹੈ । ਜੇ ਇਸ ਉੱਪਰ ਕੰਟਰੋਲ ਨਾ ਰੱਖਿਆ ਜਾਵੇ ਤਾਂ ਧ, ਉਦਾਸੀ ਅਤੇ ਘਮੰਡ ਮਨੁੱਖ ਨੂੰ ਚੱਕਰ ਵਿਚ ਪਾ ਕੇ ਉਸ ਦੀ ਸ਼ਖ਼ਸੀਅਤ ਨੂੰ ਨਸ਼ਟ ਕਰ ਦਿਆ ਕਰਦੇ ਹਨ | ਖੇਡਾਂ ਮਨੁੱਖ ਦੇ ਮਨ ਨੂੰ ਜ਼ਿੰਦਗੀ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ ਅਤੇ ਉਸ ਦਾ ਮਨ ਪ੍ਰਸੰਨ ਕਰਦੀਆਂ ਹਨ ਅਤੇ ਉਸ ਨੂੰ ਸੰਵੇਗਾਂ ਉੱਪਰ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ ।
- ਤੇਜ਼ ਬੁੱਧੀ ਦਾ ਵਿਕਾਸ (Development of Intelligence)- ਖੇਡ ਸਮੇਂ ਖਿਡਾਰੀ ਨੂੰ ਹਰ ਇਕ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਹੱਲ ਲੱਭਣ ਵਿਚ ਰਤਾ ਵੀ ਦੇਰੀ ਹੋ ਜਾਣ ਤੇ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ । ਇਸ ਤਰ੍ਹਾਂ ਦੇ ਵਾਤਾਵਰਨ ਵਿਚ ਹਰ ਇਕ ਖਿਡਾਰੀ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿਚ ਲੱਗਿਆ ਰਹਿੰਦਾ ਹੈ । ਉਸ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਅਵਸਰ ਮਿਲਦਾ ਹੈ । ਸਿੱਟੇ ਵਜੋਂ ਉਸ ਦੀ ਤਿੱਖੀ ਬੁੱਧੀ ਦਾ ਵਿਕਾਸ ਹੁੰਦਾ ਹੈ ।
- ਚਰਿੱਤਰ ਦਾ ਵਿਕਾਸ (Development of Character) – ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਮਾਨ ਹੁੰਦਾ ਹੈ । ਖੇਡ ਸਮੇਂ ਜਿੱਤ ਹਾਰ ਲਈ ਖਿਡਾਰੀਆਂ ਨੂੰ ਕਈ ਵਾਰ ਲਾਲਚ ਦਿੱਤੇ ਜਾਂਦੇ ਹਨ । ਚੰਗੇ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦੇ ਤੇ ਆਪਣੇ ਵਿਰੋਧੀ ਪੱਖ ਦੇ ਹੱਥਾਂ ਵਿਚ ਨਹੀਂ ਵਿਕਦੇ । ਇਕ ਚੰਗਾ ਖਿਡਾਰੀ ਕਿਸੇ ਵੀ ਛਲ ਕਪਟ ਦਾ ਸਹਾਰਾ ਨਹੀਂ ਲੈਂਦਾ । ਇਸ ਤਰ੍ਹਾਂ ਖੇਡਾਂ ਮਨੁੱਖ ਅੰਦਰ ਕਈ ਚਰਿਤਰਿਕ ਗੁਣਾਂ ਦਾ ਵਿਕਾਸ ਕਰਦੀਆਂ ਹਨ |
- ਇੱਛਾ ਸ਼ਕਤੀ ਪ੍ਰਬਲ ਕਰਦੀਆਂ ਹਨ (Development of Will Power) -ਖੇਡਾਂ ਵਿਚ ਖਿਡਾਰੀ ਇਕ ਚਿੱਤ ਹੋ ਕੇ ਖੇਡਦਾ ਹੈ । ਜਿੱਤ ਦੀ ਪ੍ਰਾਪਤੀ ਲਈ ਉਹ ਆਪਣੀ ਸਾਰੀ ਸ਼ਕਤੀ ਲਗਾ ਦਿੰਦਾ ਹੈ ਤੇ ਆਮ ਤੌਰ ਤੇ ਸਫਲ ਹੋ ਜਾਂਦਾ ਹੈ । ਇਹ ਹੀ ਆਦਤ ਉਸ ਦੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਇੱਛਾ ਸ਼ਕਤੀ ਪ੍ਰਬਲ ਕਰਦੀਆਂ ਹਨ ।
- ਭਾਈਚਾਰੇ ਦੀ ਭਾਵਨਾ ਦਾ ਵਿਕਾਸ (Spirit of Brotherhood)-ਖੇਡਾਂ ਦੁਆਰਾ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਖਿਡਾਰੀ ਹਮੇਸ਼ਾਂ ਗਰੁੱਪਾਂ ਵਿਚ ਖੇਡਦਾ ਹੈ ਅਤੇ ਗਰੁੱਪ ਦੇ ਨਿਯਮ ਅਨੁਸਾਰ ਵਿਵਹਾਰ ਕਰਦਾ ਹੈ । ਇਸ ਨਾਲ ਉਹਨਾਂ ਦਾ ਇਕ ਦੂਜੇ ਨਾਲ ਪਿਆਰ ਭਰਿਆ ਅਤੇ ਭਰਾਵਾਂ ਵਰਗਾ ਵਿਵਹਾਰ ਹੋ ਜਾਂਦਾ ਹੈ । ਇਸ ਤਰ੍ਹਾਂ ਉਹਨਾਂ ਦਾ ਜੀਵਨ ਭਾਈਚਾਰੇ ਦੇ ਆਦਰਸ਼ ਅਨੁਸਾਰ ਢਲ ਜਾਂਦਾ ਹੈ ।
- ਅਗਵਾਈ (Leadership)-ਖੇਡਾਂ ਨਾਲ ਮਨੁੱਖ ਵਿਚ ਅਗਵਾਈ ਦੇ ਗੁਣਾਂ ਦਾ ਵਿਕਾਸ ਹੋ ਜਾਂਦਾ ਹੈ । ਖੇਡਾਂ ਦੇ ਮੈਦਾਨ ਤੋਂ ਸਾਨੂੰ ਅਨੁਸ਼ਾਸਨ, ਆਤਮ ਸੰਜਮੀ, ਆਤਮ ਤਿਆਗੀ ਤੇ ਮਿਲ-ਜੁਲ ਕੇ ਦੇਸ਼ ਲਈ ਸਭ ਕੁੱਝ ਬਲੀਦਾਨ ਕਰਨ ਵਾਲੇ ਫ਼ੌਜੀ ਤੇ ਅਫ਼ਸਰ ਪ੍ਰਾਪਤ ਹੁੰਦੇ ਹਨ । ਇਸੇ ਲਈ ਤਾਂ ਡੀਊਕ ਆਫ਼ ਵਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਪਿੱਛੋਂ ਆਖਿਆ ਸੀ, “ਵਾਟਰਲੂ ਦੀ ਲੜਾਈ ਐਟਨ ਅਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚੋਂ ਜਿੱਤੀ ਗਈ ।
- ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ (International Co-operation)-ਖੇਡਾਂ ਜਾਤੀ ਭੇਦ-ਭਾਵ ਨੂੰ ਮਿਟਾਉਂਦੀਆਂ ਹਨ । ਹਰ ਇਕ ਟੀਮ ਵਿਚ ਵੱਖ-ਵੱਖ ਜਾਤੀਆਂ ਦੇ ਖਿਡਾਰੀ ਹੁੰਦੇ ਹਨ ! ਉਹਨਾਂ ਦੇ ਇਕੱਠਿਆਂ ਮਿਲਣ-ਜੁਲਣ ਤੇ ਟੀਮ ਲਈ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਦੀਵਾਰਾਂ ਢਹਿ ਜਾਂਦੀਆਂ ਹਨ ਤੇ ਉਹ ਸਾਡੇ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਹੋ ਜਾਂਦਾ ਹੈ । ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਹਨਾਂ ਨਾਲ ਮਿਲਦੇਜੁਲਦੇ ਹਨ । ਇਸ ਤਰ੍ਹਾਂ ਉਹਨਾਂ ਅੰਦਰ ਦੋਸਤੀ ਦੀ ਭਾਵਨਾ ਵੱਧ ਜਾਂਦੀ ਹੈ । ਉਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ !
- ਮੁਕਾਬਲਾ ਅਤੇ ਸਹਿਯੋਗ (Competition and Cooperation)–ਮੁਕਾਬਲਾ ਹੀ ਉੱਨਤੀ ਦਾ ਆਧਾਰ ਹੈ ਤੇ ਸਹਿਯੋਗ ਮਹਾਨ ਪ੍ਰਾਪਤੀਆਂ ਦਾ ਸਾਧਨ : ਜਿੱਤਣ ਲਈ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀਆਂ ਹਨ ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ । ਕਿਸੇ ਵੀ ਇਕ ਖਿਡਾਰੀ ਦੇ ਯਤਨਾਂ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ । ਇਸ ਲਈ ਪ੍ਰਤੀਯੋਗਤਾ ਮੁਕਾਬਲਾ ਅਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਵਿਕਾਸ ਕਰਨ ਲਈ ਖੇਡਾਂ ਬਹੁਤ ਉਪਯੋਗੀ ਹਨ । | ਇਸ ਤੋਂ ਇਲਾਵਾ ਖੇਡਾਂ ਰਾਹੀਂ ਮਨੁੱਖ ਵਿਚ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਨਿਭਾਉਣ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ ।
ਪ੍ਰਸ਼ਨ 5 . ਇੱਕ ਰਾਸ਼ਟਰ ਨੂੰ ਖੇਡਾਂ ਦੇ ਕੀ ਲਾਭ ਹਨ ? ਉੱਤਰ-ਇੱਕ ਰਾਸ਼ਟਰ ਨੂੰ ਖੇਡਾਂ ਦੇ ਹੇਠ ਲਿਖੇ ਲਾਭ ਹਨ—
- ਚੰਗੀ ਰੱਖਿਆ—ਖੇਡਾਂ ਵਿੱਚ ਭਾਗ ਲੈਣ ਨਾਲ ਹਰ ਬੱਚਾ ਸਿਹਤਮੰਦ ਹੋਵੇਗਾ ਅਤੇ ਇਸ ਨਾਲ ਹਰ ਨਾਗਰਿਕ ਹੀ ਸਿਹਤ ਸਿਹਤਮੰਦ ਹੋ ਜਾਵੇਗਾ| ਰਾਸ਼ਟਰ ਦੀਆਂ ਹੱਦਾਂ ਦੀ ਰੱਖਿਆ ਕਰਨ ਲਈ ਰਿਸ਼ਟ-ਪੁਸ਼ਟ ਤੇ ਯੋਗ ਸਿਪਾਹੀਆਂ ਦੀ ਕੋਈ ਘਾਟ ਨਹੀਂ ਹੋਵੇਗੀ। ਇਸ ਨਾਲ ਦੇਸ ਨੂੰ ਬਾਹਰੋਂ ਕੋਈ ਖ਼ਤਰਾ ਨਹੀਂ ਮਿਲੇਗਾ ਅਤੇ ਗੁਆਂਢੀ ਦੁਸ਼ਮਣਾਂ ਨੂੰ ਕਦੇ ਵੀ ਸਿਰ ਚੁੱਕਣ ਦਾ ਮੌਕਾ ਨਹੀਂ ਮਿਲੇਗਾ।
- ਰਾਸ਼ਟਰੀ ਏਕਤਾ- ਖੇਡਾਂ ਦੁਆਰਾ ਰਾਸ਼ਟਰੀ ਏਕਤਾ ਦਾ ਵਿਕਾਸ ਹੁੰਦਾ ਹੈ । ਇਕ ਰਾਜ ਦੇ ਖਿਡਾਰੀ ਦੂਜੇ ਰਾਜ ਦੇ ਖਿਡਾਰੀਆਂ ਦੇ ਨਾਲ ਖੇਡਣ ਲਈ ਆਉਂਦੇ ਜਾਂਦੇ ਰਹਿੰਦੇ ਹਨ । ਉਹਨਾਂ ਦੇ ਆਪਸੀ ਮੇਲ ਮਿਲਾਪ ਨਾਲ ਰਾਸ਼ਟਰੀ ਭਾਵਨਾ ਉਤਪੰਨ ਹੁੰਦੀ ਹੈ ।
- ਉੱਘੇ ਆਗੂ— ਖੇਡਾਂ ਦੁਆਰਾ ਚੰਗੇ ਆਗੂ ਪੈਦਾ ਹੁੰਦੇ ਹਨ, ਕਿਉਂਕਿ ਖੇਡ ਦੇ ਮੈਦਾਨ ਵਿਚ ਬੱਚਿਆਂ ਨੂੰ ਅਗਵਾਈ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ । ਖੇਡਾਂ ਦੇ ਇਹ ਆਗੂ ਬਾਅਦ ਵਿਚ ਚੰਗੀ ਤਰ੍ਹਾਂ ਨਾਲ ਆਪਣੇ ਦੇਸ਼ ਦੀ ਵਾਗਡੋਰ ਸੰਭਾਲਦੇ ਹਨ ।
- ਚੰਗੇ ਸ਼ਹਿਰੀ-ਖੇਡਾਂ ਦੁਆਰਾ ਬੱਚਿਆਂ ਵਿੱਚ ਖਿਡਾਰੀਪੁਣੇ ਦੇ ਗੁਣ ਆ ਜਾਂਦੇ ਹਨ ਜਿਹੜੇ ਕਿ ਉਹਨਾਂ ਨੂੰ ਚੰਗੇ ਸ਼ਹਿਰੀ से ਬਣਨ ਵਿੱਚ ਸਹਾਈ ਹੁੰਦੇ ਹਨ। ਬੱਚਿਆਂ ਨੂੰ ਕਹਿਣਾ ਮੰਨਣਾ, ਨਿਯਮਾਂ ਦੀ ਪਾਲਣਾ ਕਰਨਾ, ਆਪਣੀ ਜ਼ਿੰਮੇਵਾਰੀ ਨਿਭਾਉਣਾ ਅਤੇ ਆਪਣੇ ਅਧਿਕਾਰਾਂ ਤੇ ਕਰਤੱਵਾਂ ਨੂੰ ਸਮਝਣਾ ਆ ਜਾਂਦਾ ਹੈ।
- ਅੰਤਰ-ਰਾਸ਼ਟਰੀ ਭਾਵਨਾ— ਇਕ ਦੇਸ਼ ਦੀਆਂ ਟੀਮਾਂ ਦੂਜੇ ਦੇਸ਼ਾਂ ਵਿਚ ਮੈਚ ਖੇਡਣ ਜਾਂਦੀਆਂ ਹਨ । ਇਸ ਨਾਲ ਦੋਹਾਂ ਦੇਸ਼ਾਂ ਦੇ ਖਿਡਾਰੀਆਂ ਵਿਚ ਮਿੱਤਰਤਾ ਅਤੇ ਸੂਝ-ਬੁੱਝ ਵੱਧਦੀ ਹੈ ਅਤੇ ਆਪਸੀ ਭੇਦ-ਭਾਵ ਮਿਟ ਜਾਂਦੇ ਹਨ । ਇਸ ਤਰ੍ਹਾਂ ਉਹਨਾਂ ਵਿਚ ਅੰਤਰਰਾਸ਼ਟਰੀ ਭਾਵਨਾ ਵਿਕਸਿਤ ਹੁੰਦੀ ਹੈ । ਅੰਤਰਰਾਸ਼ਟਰੀ ਭਾਵਨਾ ਦੇ ਵਿਕਾਸ ਨਾਲ ਸੰਸਾਰ ਅੰਦਰ ਸ਼ਾਂਤੀ ਕਾਇਮ ਹੁੰਦੀ ਹੈ ।
ਪ੍ਰਸ਼ਨ 6 .ਖੇਡਾਂ ਦੀ ਰਾਸ਼ਟਰੀ ਵਿਸ਼ੇਸ਼ਤਾ ਕੀ ਹੈ ?
ਉੱਤਰ- ਖੇਡਾਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਵਿਚ ਸਮੇਂ ਦਾ ਪਾਲਣ ਕਰਨ, ਨਿਯਮ ਨਾਲ ਕੰਮ ਕਰਨ, ਆਪਣੀ ਜ਼ਿੰਮੇਵਾਰੀ ਨਿਭਾਉਣ, ਦੂਸਰਿਆਂ ਦੀ ਸਹਾਇਤਾ ਕਰਨ ਅਤੇ ਆਪਣੀ ਰੱਖਿਆ ਆਪ ਕਰਨ ਆਦਿ ਚੰਗੇ ਕੰਮਾਂ ਦੀ ਸਿਖਲਾਈ ਮਿਲਦੀ ਹੈ । ਦੂਜੇ, ਬੱਚੇ ਸਵਸਥ ਤੇ ਤਾਕਤਵਰ ਹੁੰਦੇ ਹਨ ਅਤੇ ਖੁਸ਼ ਰਹਿੰਦੇ ਹਨ ।
ਇਸ ਨਾਲ ਸਾਰੇ ਰਾਸ਼ਟਰ ਨੂੰ ਤਾਕਤ ਮਿਲਦੀ ਹੈ ।
ਰਾਸ਼ਟਰ ਨਿਜੀ ਵਿਅਕਤੀਆਂ ਦੇ ਸਮੂਹ ਤੋਂ ਹੀ ਬਣਦਾ ਹੈ । ਖੇਡਾਂ ਕਿਸੇ ਰਾਸ਼ਟਰ ਨੂੰ ਸਵਸਥ ਤੇ ਚੰਗੇ ਨਾਗਰਿਕ ਦਿੰਦੀਆਂ ਹਨ। ਇਸ ਲਈ ਜੇ ਕਿਸੇ ਰਾਸ਼ਟਰ ਵਿਚ ਹਰੇਕ ਵਿਅਕਤੀ ਚੰਗਾ ਹੋਵੇ ਤਾਂ ਰਾਸ਼ਟਰ ਆਪਣੇ ਆਪ ਹੀ ਚੰਗਾ ਬਣ ਜਾਵੇਗਾ । ਇਸ ਤਰ੍ਹਾਂ ਖੇਡਾਂ ਕਿਸੇ ਰਾਸ਼ਟਰ ਲਈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਖੇਡਾਂ ਰਾਹੀਂ ਰਾਸ਼ਟਰੀ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ ।