ਪਾਠ 5 ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਣ ਵਾਲੇ ਕਿਸੇ ਇਕ ਨਦੀਨ ਦਾ ਨਾਂ ਲਿਖੋ।
ਉੱਤਰ—ਗੁੱਲੀ ਡੰਡਾ।
ਪ੍ਰਸ਼ਨ 2. ਕਣਕ ਵਿੱਚ ਚੌੜੀ ਪੱਤੀ ਵਾਲਾ ਕਿਹੜਾ ਨਦੀਨ ਆਉਂਦਾ ਹੈ ?
ਉੱਤਰ—ਮੈਣਾ; ਜੰਗਲੀ ਸੇਜੀ, ਜੰਗਲੀ ਪਾਲਕ ਆਦਿ।
ਪ੍ਰਸ਼ਨ 3. ਝੋਨੇ ਵਿੱਚ ਕਿਹੜਾ ਨਦੀਨ ਆਉਂਦਾ ਹੈ ?
ਉੱਤਰ—ਸਵਾਂਕ, ਮੋਥਾ, ਸਣੀ ਆਦਿ।
ਪ੍ਰਸ਼ਨ 4. ਫ਼ਸਲ ਅਤੇ ਨਦੀਨ ਜੰਮਣ ਤੋਂ ਪਹਿਲਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-ਸਟੌਂਪ।
ਪ੍ਰਸ਼ਨ 5. ਖੜ੍ਹੀ ਫ਼ਸਲ ਵਿੱਚ ਜਦ ਨਦੀਨ ਉੱਗੇ ਹੋਣ ਤਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-ਟੌਪਿਕ।
ਪ੍ਰਸ਼ਨ 6. ਸੁਰੱਖਿਅਤ ਹੁੱਡ ਲਾ ਕੇ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ – ਰਾਊਂਡ ਅੱਪ।
ਪ੍ਰਸ਼ਨ 7. ਗੋਡੀ ਵਿੱਚ ਕੰਮ ਆਉਣ ਵਾਲੇ ਦੋ ਖੇਤੀ ਸੰਦਾਂ ਦੇ ਨਾਂ ਲਿਖੋ ?
ਉੱਤਰ – ਖੁਰਪਾ, ਕਸੌਲਾ।
ਪ੍ਰਸ਼ਨ 8. ਨਦੀਨਾਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਇਕ ਕਾਸ਼ਤਕਾਰੀ ਢੰਗ ਦਾ ਨਾਂ ਲਿਖੋ ?
ਉੱਤਰ – ਦੋ-ਪਾਸੀ ਬਿਜਾਈ
ਪ੍ਰਸ਼ਨ 9. ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਨੋਜ਼ਲ ਦਾ ਨਾਂ ਲਿਖੋ ?
ਉੱਤਰ – ਫਲੈਟ ਫੈਨ ਜਾਂ ਫਲੱਡ ਜੱਟ।
ਪ੍ਰਸ਼ਨ 10. ਕੀ ਇਕ ਖੇਤ ਵਿੱਚ ਲਗਾਤਾਰ ਇੱਕੋ ਕਿਸਮ ਦੇ ਨਦੀਨ-ਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ ?
ਉੱਤਰ-ਜੀ ਨਹੀਂ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਨਦੀਨ ਕੀ ਹੁੰਦੇ ਹਨ ?
ਉੱਤਰ – ਫ਼ਸਲ ਵਿਚ ਉੱਗੇ ਅਣਚਾਹੇ, ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਹੀ ਉੱਗਦੇ ਹਨ ਤੇ ਫ਼ਸਲ ਦੀ ਖ਼ੁਰਾਕ ਤੇ ਪਾਣੀ ਲੈਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਘਾਹ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-ਘਾਹ ਵਾਲੇ ਨਦੀਨ ਦੇ ਪੱਤੇ ਲੰਬੇ ਤੇ ਪਤਲੇ ਹੁੰਦੇ ਹਨ। ਇਨ੍ਹਾਂ ਦੀਆਂ ਨਾੜੀਆਂ ਸਿੱਧੀਆਂ ਅਤੇ ਲੰਬੀਆਂ ਹੁੰਦੀਆਂ ਹਨ।
ਪ੍ਰਸ਼ਨ 3. ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੈ ?
ਉੱਤਰ – ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ – ਇਸ ਦੇ ਪੱਤੇ ਚੌੜੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਨਾੜੀਆਂ ਦਾ ਸਮੂਹ ਹੁੰਦਾ ਹੈ।
ਪ੍ਰਸ਼ਨ 4. ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਕਿਸ ਉੱਪਰ ਨਿਰਭਰ ਕਰਦੀ ਹੈ ?
ਉੱਤਰ – ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਫ਼ਸਲੀ ਚੱਕਰ, ਮਿੱਟੀ ਦੀ ਕਿਸਮ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ ਆਦਿ ’ਤੇ ਨਿਰਭਰ ਕਰਦੀ ਹੈ।
ਪ੍ਰਸ਼ਨ 5. ਗੋਡੀ ਕਰਨ ਵਿੱਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ?
ਉੱਤਰ – ਗੋਡੀ ਕਰਨ ਵਾਲੇ ਮਜ਼ਦੂਰ ਸਮੇਂ ਸਿਰ ਨਹੀਂ ਮਿਲਦੇ ਅਤੇ ਕਈ ਵਾਰ ਸਾਉਣੀ ਦੇ ਮੌਸਮ ਵਿੱਚ ਲਗਾਤਾਰ ਬਾਰਿਸ਼ਾਂ ਕਰਕੇ ਗੋਡੀ ਕਰਨੀ ਸੰਭਵ ਨਹੀਂ ਹੁੰਦੀ। ਇਹ ਢੰਗ ਮਹਿੰਗਾ ਵੀ ਅਤੇ ਸਮਾਂ ਵੀ ਜ਼ਿਆਦਾ ਨਸ਼ਟ ਕਰਦਾ ਹੈ।
ਪ੍ਰਸ਼ਨ 6. ਸਾਉਣੀ ਦੇ ਨਦੀਨ ਵੱਡੀ ਸਮੱਸਿਆ ਕਿਉਂ ਪੈਦਾ ਕਰਦੇ ਹਨ ? ਉੱਤਰ-ਸਾਉਣੀ ਦੇ ਨਦੀਨ ਵੱਡੀ ਸਮੱਸਿਆ ਪੈਦਾ ਕਰਦੇ ਹਨ, ਕਿਉਂਕਿ ਇਸ ਸਮੇਂ ਬਾਰਿਸ਼ਾਂ ਆਮ ਹੋਣ ਕਰਕੇ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ।
ਪ੍ਰਸ਼ਨ 7. ਨਦੀਨ ਨਾਸ਼ਕਾਂ ਦਾ ਛਿੜਕਾਅ ਕਿਹੋ ਜਿਹੇ ਮੌਸਮ ਵਿੱਚ ਕਰਨਾ ਚਾਹੀਦਾ ਹੈ ?
ਉੱਤਰ-ਨਦੀਨ ਨਾਸ਼ਕਾਂ ਦਾ ਛਿੜਕਾਅ ਹਮੇਸ਼ਾ ਸ਼ਾਂਤ ਮੌਸਮ ਵਾਲੇ ਦਿਨ ਕਰਨਾ ਚਾਹੀਦਾ ਹੈ।
ਪ੍ਰਸ਼ਨ 8. ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕੀਤੀ ਜਾਂਦੀ ਹੈ।
ਪ੍ਰਸ਼ਨ 9. ਹਾੜ੍ਹੀ ਦੀਆਂ ਫ਼ਸਲਾਂ ਵਿੱਚ ਆਉਣ ਵਾਲੇ ਨਦੀਨਾਂ ਦੇ ਨਾਮ ਲਿਖੋ।
ਉੱਤਰ—ਹਾੜ੍ਹੀ ਦੀਆਂ ਫ਼ਸਲਾਂ ਵਿੱਚ ਗੁੱਲੀ-ਡੰਡਾ ਨਦੀਨ ਬਹੁਤ ਆਉਂਦਾ ਹੈ। ਕਣਕ ਵਿੱਚ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਮੈਣਾ, ਮੈਣੀ, ਜੰਗਲੀ ਸੇਂਜੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਪਿੱਤ ਪਾਪੜਾ, ਜੰਗਲੀ ਮਟਰੀ, ਬਿੱਲੀ ਬੂਟੀ, ਤੱਕਲਾ ਆਦਿ ਉੱਗਦੇ ਹਨ। ਖੇਤਾਂ ਵਿੱਚ ਜੌਂਧਰ, ਜੰਗਲੀ ਜਵੀ ਜ਼ਿਆਦਾ ਹੁੰਦੀ ਹੈ।
ਪ੍ਰਸ਼ਨ 10. ਨਦੀਨ ਫ਼ਸਲਾਂ ਨਾਲ ਕਿਹੜੇ-ਕਿਹੜੇ ਊਰਜਾ ਸਰੋਤਾਂ ਲਈ ਮੁਕਾਬਲਾ ਕਰਦੇ ਹਨ ?
ਉੱਤਰ – ਨਦੀਨ ਫ਼ਸਲਾਂ ਨਾਲ ਪਾਣੀ ਅਤੇ ਰੋਸ਼ਨੀ ਸਰੋਤਾਂ ਲਈ ਮੁਕਾਬਲਾ ਕਰਦੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ—ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਇਸ ਲਈ ਜ਼ਰੂਰੀ ਹੈ, ਕਿਉਂਕਿ ਨਦੀਨ ਫ਼ਸਲ ਨੂੰ ਵਿੱਤੀ ਖਾਦ, ਪਾਣੀ ਆਦਿ ਦਾ ਕਾਫੀ ਹਿੱਸਾ ਖਿੱਚ ਲੈਂਦੇ ਹਨ, ਜਿਸ ਕਾਰਨ ਫ਼ਸਲ ਦਾ ਝਾੜ ਘਟ ਜਾਂਦਾ ਹੈ। ਨਦੀਨ ਫ਼ਸਲ ਦਾ ਝਾੜ ਹੀ ਨਹੀਂ ਘਟਾਉਂਦੇ, ਬਲਕਿ ਉਸ ਦੀ ਗੁਣਵੱਤਾ ਵੀ ਘਟਾਉਂਦੇ ਹਨ ਅਤੇ ਅਗਲੇ ਸਾਲ ਵਾਸਤੇ ਖੇਤ ਵਿੱਚ ਆਪਣੇ ਬੀਜ ਦਾ ਵਾਧਾ ਵੀ ਕਰ ਜਾਂਦੇ ਹਨ।
ਪ੍ਰਸ਼ਨ 2. ਕਾਸ਼ਤਕਾਰੀ ਢੰਗ ਨਾਲ ਨਦੀਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ—ਨਦੀਨਾਂ ਨੂੰ ਖੇਤੀ/ਕਾਸ਼ਤਕਾਰੀ ਢੰਗਾਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਕਈ ਨਦੀਨ ਇੱਕੋ ਹੀ ਫ਼ਸਲ ਬੀਜਣ ’ਤੇ ਆਉਂਦੇ ਹਨ, ਕਿਉਂਕਿ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਉਹੀ ਫ਼ਸਲ ਪੂਰਾ ਕਰਦੀ ਹੈ।ਸੋ ਅਜਿਹੇ ਨਦੀਨਾਂ ਦੀ ਰੋਕਥਾਮ ਫ਼ਸਲਾਂ ਦੀ ਅਦਲਾ-ਬਦਲੀ ਕਰਕੇ ਕੀਤੀ ਜਾ ਸਕਦੀ ਹੈ, ਜਿਵੇਂ ਕਿ ਕਣਕ ਵਿੱਚ ਗੁੱਲੀ-ਡੰਡੇ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕੀਤੀ ਜਾਂਦੀ ਹੈ। ਵੱਧ ਵਧਣ/ਬੂਝਾ ਮਾਰਨ ਵਾਲੀਆਂ ਕਿਸਮਾਂ ਬੀਜ ਕੇ ਅਤੇ ਦੋਹਰੀ ਰੌਣੀ ਕਰਕੇ ਫ਼ਸਲ ਬੀਜਣ ਨਾਲ ਵੀ ਨਦੀਨ ਘੱਟ ਹੁੰਦੇ ਹਨ। ਖਾਦ ਨੂੰ ਛੋਟੇ ਦੀ ਥਾਂ ਪੋਰਾ ਕਰਨ ਨਾਲ, ਦੋ-ਪਾਸੀ ਬਿਜਾਈ ਕਰਨ ਨਾਲ, ਸਿਆੜਾਂ ਵਿੱਚ ਫ਼ਾਸਲਾ ਘਟਾਉਣ ਨਾਲ ਵੀ ਨਦੀਨਾਂ ਦੀ ਰੋਕਥਾਮ ਲੀ ਕੀਤੀ ਜਾ ਸਕਦੀ ਹੈ।
ਪ੍ਰਸ਼ਨ 3. ਨਦੀਨ ਨਾਸ਼ਕ ਕੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਰਤਣ ਦੇ ਕੀ ਲਾਭ ਹਨ ?
ਉੱਤਰ—ਨਦੀਨ ਨਾਸ਼ਕ ਅਜਿਹੇ ਰਸਾਇਣ ਹੁੰਦੇ ਹਨ, ਜਿਹੜੇ ਨਦੀਨਾਂ ਨੂੰ ਮਾਰ ਦਿੰਦੇ ਹਨ।ਨਦੀਨ ਨਾਸ਼ਕਾਂ ਨੂੰ ਵਰਤਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ। ਇਸ ਨਾਲ ਨਦੀਨਾਂ ਨੂੰ ਜੰਮਦਿਆਂ ਹੀ ਕਾਬੂ ਕੀਤਾ ਜਾ ਸਕਦਾ ਹੈ। ਇੰਝ ਨਦੀਨ ਖਾਦ, ਪਾਣੀ, ਥਾਂ, ਰੌਸ਼ਨੀ ਆਦਿ ਵਾਸਤੇ ਫ਼ਸਲ ਨਾਲ ਮੁਕਾਬਲਾ ਨਹੀਂ ਕਰਦੇ ਅਤੇ ਫ਼ਸਲ ਦਾ ਝਾੜ ਵਧ ਜਾਂਦਾ ਹੈ।
ਪ੍ਰਸ਼ਨ 4. ਵਰਤਣ ਦੇ ਸਮੇਂ ਅਨੁਸਾਰ, ਨਦੀਨ ਨਾਸ਼ਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ?
ਉੱਤਰ—ਨਦੀਨ ਨਾਸ਼ਕਾਂ ਨੂੰ ਵਰਤਣ ਦੇ ਸਮੇਂ ਅਨੁਸਾਰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ :
- ਬਿਜਾਈ ਵਾਸਤੇ ਖੇਤ ਤਿਆਰ ਕਰਕੇ ਫ਼ਸਲ ਬੀਜਣ ਤੋਂ ਪਹਿਲਾਂ।
- ਫ਼ਸਲ ਉੱਗਣ ਤੋਂ ਪਹਿਲਾਂ।
- ਖੜ੍ਹੀ ਫ਼ਸਲ ਵਿੱਚ ਵਰਤੋਂ।
- ਖਾਲੀ ਥਾਵਾਂ ‘ਤੇ ਵਰਤੋਂ।
ਪ੍ਰਸ਼ਨ 5. ਨਦੀਨ-ਨਾਸ਼ਕਾਂ ਦੇ ਛਿੜਕਾਅ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-ਨਦੀਨ ਨਾਸ਼ਕ ਦੇ ਛਿੜਕਾਅ ਕਰਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ : —
- ਨਦੀਨ-ਨਾਸ਼ਕ ਰਸਾਇਣਾਂ ਦੇ ਛਿੜਕਾਅ ਵਾਸਤੇ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੱਟ ਨੋਜ਼ਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
- ਨਦੀਨ-ਨਾਸ਼ਕ ਰਸਾਇਣਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
- ਰਸਾਇਣਾਂ ਦੀ ਵਰਤੋਂ ਦਸਤਾਨੇ ਪਾ ਕੇ ਹੀ ਕਰਨੀ ਚਾਹੀਦੀ ਹੈ।
- ਨਦੀਨ ਨਾਸ਼ਕਾਂ ਦੀ ਖਰੀਦ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ।
- ਨਦੀਨ ਨਾਸ਼ਕਾਂ ਦਾ ਛਿੜਕਾਅ ਹਮੇਸ਼ਾ ਸ਼ਾਂਤ ਮੌਸਮ ਵਾਲੇ ਦਿਨ ਕਰੋ।
- ਫ਼ਸਲ ਦੇ ਜੰਮਣ ਤੇ ਪਹਿਲਾਂ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਦਾ ਸਵੇਰੇ ਜਾਂ ਸਾਮ ਵੇਲੇ ਹੀ ਛਿੜਕਾਅ ਕਰਨਾ ਚਾਹੀਦਾ ਹੈ।ਦੁਪਹਿਰ ਸਮੇਂ ਛਿੜਕਾਅ ਬਿਲਕੁਲ ਨਾ ਕੀਤਾ ਜਾਵੇ।
- ਨਦੀਨ ਨਾਸ਼ਕਾਂ ਦਾ ਘੋਲ ਸਪਰੇ ਪੰਪ ਵਿੱਚ ਪਾਉਣ ਤੋਂ ਪਹਿਲਾਂ ਹੀ ਤਿਆਰ ਕਰ ਲੈਣਾ ਚਾਹੀਦਾ ਹੈ।
- ਨਦੀਨ ਨਾਸ਼ਕਾਂ ਦਾ ਛਿੜਕਾਅ ਸਾਰੀ ਫ਼ਸਲ ਉੱਪਰ ਇਕਸਾਰ ਹੋਣਾ ਚਾਹੀਦਾ ਹੈ।