ਪਾਠ 4. ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ:-
ਪ੍ਰਸ਼ਨ 1. ਪੰਜਾਬ ਦਾ ਕਿੰਨਾ ਰਕਬਾ ਖੇਤੀ ਹੇਠ ਹੈ ?
ਉੱਤਰ-41.58 ਲੱਖ ਹੈਕਟੇਅਰ ।
ਪ੍ਰਸ਼ਨ 2. ਦਰਮਿਆਨੀ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਹੋਣੇ ਚਾਹੀਦੇ ਹਨ ?
ਉੱਤਰ-6-7 ਕਿਆਰੇ ।
ਪ੍ਰਸ਼ਨ 3. ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਚਾਹੀਦਾ ਹੈ।
ਉੱਤਰ-15 ਦਿਨ ।
ਪ੍ਰਸ਼ਨ 4. ਕਣਕ ਵਾਸਤੇ ਪਹਿਲਾ ਪਾਣੀ ਹਲਕਾ ਲਗਾਉਣ ਲਈ ਕਿਹੜੀ ਡਰਿੱਲ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ—ਜ਼ੀਰੋ ਟਿੱਲ ਡਰਿਲ ।
ਪ੍ਰਸ਼ਨ 5. ਲੈਜ਼ਰ ਲੈਵਲਰ ਰਾਹੀਂ ਫ਼ਸਲਾਂ ਦੇ ਝਾੜ ਵਿੱਚ ਕਿੰਨਾ ਵਾਧਾ ਹੁੰਦਾ ਹੈ ?
ਉੱਤਰ−15-20 ਪ੍ਰਤੀਸ਼ਤ ।
ਪ੍ਰਸ਼ਨ 6. ਖੇਤਾਂ ਉੱਪਰ ਪਾਣੀ ਦੀ ਕਾਰਜ ਸਮਰੱਥਾ ਕਿੰਨੀ ਨਾਪੀ ਗਈ ਹੈ?
ਉੱਤਰ—35 ਤੋਂ 40 ਪ੍ਰਤੀਸ਼ਤ ।
ਪ੍ਰਸ਼ਨ 7. ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ ?
ਉੱਤਰ-ਝੋਨਾ ਅਤੇ ਕਣਕ ।
ਪ੍ਰਸ਼ਨ 8. ਝੋਨੇ ਵਿੱਚ ਸਹੀ ਸਿੰਚਾਈ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-ਟੈਂਸ਼ੀਊਮੀਟਰ ।
ਪ੍ਰਸ਼ਨ 9. ਘੱਟ ਪਾਣੀ ਲੈਣ ਵਾਲੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਲਿਖੋ।
ਉੱਤਰ-ਮੱਕੀ, ਤੇਲ ਬੀਜ ।
ਪ੍ਰਸ਼ਨ 10. ਫ਼ਸਲਾਂ ਵਿੱਚ ਪਰਾਲੀ ਦੀ ਤੈਅ ਵਿਛਾਉਣ ਨਾਲ ਵਾਸ਼ਪੀਕਰਣ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-ਵਾਸ਼ਪੀਕਰਣ ਘੱਟ ਜਾਂਦਾ ਹੈ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਟੈਂਸ਼ੀਉਮੀਟਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ—ਟੈਂਸ਼ੀਉਮੀਟਰ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ। ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲਾ ਜਾਂਦਾ ਹੈ, ਉਦੋਂ ਹੀ ਪਾਣੀ ਦਿੱਤਾ ਜਾਂਦਾ ਹੈ। ਇਸ ਦੀ ਸਿੰਚਾਈ ਵੇਲੇ ਸਹੀ ਵਰਤੋਂ ਕਰਨ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 2. ਜ਼ੀਰੋ ਟਿੱਲ ਡਰਿੱਲ ਦਾ ਕੀ ਲਾਭ ਹੈ ?
ਉੱਤਰ—ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਣਕ ਦੀ ਬੀਜਾਈ ਲਈ ਕਰਨ ਨਾਲ ਪਹਿਲਾਂ ਪਾਣੀ ਹਲਕਾ ਲੱਗਦਾ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਪਾਣੀ ਦੇਣ ਤੋਂ ਬਾਅਦ ਕਣਕ ਪੀਲੀ ਵੀ ਨਹੀਂ ਪੈਂਦੀ।
ਪ੍ਰਸ਼ਨ 3. ਲੈਜ਼ਰ ਲੈਵਲਰ (ਕੰਪਿਊਟਰ ਕਰਾਹਾ) ਦਾ ਕੀ ਲਾਭ ਹੈ ?
ਉੱਤਰ—ਲੈਜ਼ਰ ਲੈਵਲਰ ਦੀ ਵਰਤੋਂ ਨਾਲ ਖੇਤਾਂ ਨੂੰ ਪੱਧਰਾ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ 25-30 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ 15-20 ਪ੍ਰਤੀਸ਼ਤ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਪ੍ਰਸ਼ਨ 4. ਕਿਹੜੀਆਂ ਫ਼ਸਲਾਂ ਦੀ ਕਾਸ਼ਤ ਵੱਟਾਂ ‘ਤੇ ਕਰਨੀ ਚਾਹੀਦੀ ਹੈ ?
ਉੱਤਰ—ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ ਵੱਧ ਹੁੰਦਾ ਹੈ, ਜਿਵੇਂ ਕਿ ਕਪਾਹ, ਸੂਰਜਮੁਖੀ ਅਤੇ ਮੱਕੀ ਆਦਿ। ਇਨ੍ਹਾਂ ਫ਼ਸਲਾਂ ਦੀ ਕਾਸ਼ਤ ਵੱਟਾਂ ‘ਤੇ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ ਅਤੇ ਇਸ ਨਾਲ ਝਾੜ ’ਤੇ ਕੋਈ ਫ਼ਰਕ ਨਹੀਂ ਪੈਂਦਾ ।
ਪ੍ਰਸ਼ਨ 5. ਫੁਆਰਾ ਅਤੇ ਤੁਪਕਾ ਸਿੰਚਾਈ ਦਾ ਕੀ ਲਾਭ ਹੈ ?
ਉੱਤਰ-ਤੁਪਕਾ ਸਿੰਚਾਈ ਅਤੇ ਫੁਆਰਾ ਸਿੰਚਾਈ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੁੰਦੀ ਹੈ, ਸਗੋਂ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ।
ਪ੍ਰਸ਼ਨ 6. ਮਲਚਿੰਗ ਕੀ ਹੁੰਦੀ ਹੈ ?
ਉੱਤਰ-ਅਜਿਹੀ ਕਿਰਿਆ ਜਿਸ ਨਾਲ ਫ਼ਸਲਾਂ ਦਾ ਵਾਸ਼ਪੀਕਰਣ ਘਟ ਜਾਵੇ ਤਾਂ ਜੋ ਫ਼ਸਲ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਹੋ ਸਕੇ, ਨੂੰ ਮਲਚਿੰਗ ਆਖਦੇ ਹਨ।
ਪ੍ਰਸ਼ਨ 7. ਸਿੰਚਾਈ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-ਸਿੰਚਾਈ ਲਈ ਵਰਤੇ ਜਾਣ ਵਾਲੇ ਤਰੀਕੇ ਹੇਠ ਲਿਖੇ ਹਨ :
1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ, 2. ਤੁਪਕਾ ਸਿੰਚਾਈ 3. ਫੁਆਰਾ ਸਿੰਚਾਈ , 4. ਵੱਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ, 5. ਬੈੱਡ ਬਣਾ ਕੇ ਸਿੰਚਾਈ।
ਪ੍ਰਸ਼ਨ 8. ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਵੱਖ-ਵੱਖ ਕਿਸਮਾਂ ਦੀ ਮਿੱਟੀ, ਜ਼ਮੀਨ ਦੀ ਢਲਾਣ ਅਤੇ ਟਿਊਬਵੈੱਲ ਦੇ ਪਾਣੀ ਦੇ ਨਿਕਾਸ ’ਤੇ ਨਿਰਭਰ ਕਰਦਾ ਹੈ।
ਪ੍ਰਸ਼ਨ 9. ਵਰਖਾ ਦੇ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ?
ਉੱਤਰ—ਵਰਖਾ ਦੇ ਪਾਣੀ ਨੂੰ ਸਾਂਭਣ ਲਈ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ। ਇਸ ਇਨ੍ਹਾਂ ਛੱਪੜਾਂ ਦਾ ਪਾਣੀ ਫਿਰ ਸਿੰਚਾਈ ਅਤੇ ਪੂਰਤੀ ਵਾਸਤੇ ਵਰਤਿਆ ਜਾ ਸਕਦਾ ਹੈ।
ਪ੍ਰਸ਼ਨ 10. ਖੇਤੀ ਵਿਭਿੰਨਤਾ ਰਾਹੀਂ ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ ?
ਉੱਤਰ-ਖੇਤੀ ਵਿਭਿੰਨਤਾ ਰਾਹੀਂ ਜ਼ਮੀਨ ਵਿੱਚ ਪਾਣੀ ਦਾ ਸੰਤੁਲਨ ਬਣਾ ਕੇ ਰੱਖਿਆ ਜਾ ਸਕਦਾ ਹੈ। ਸਾਉਣੀ ਰੁੱਤ ਵਿੱਚ ਝੋਨਾ ਅਤੇ ਹਾੜ੍ਹੀ ਦੀ ਫ਼ਸਲ ਕਾਸ਼ਤ ਕੀਤੀ ਜਾਂਦੀ ਹੈ ਕਿਉਂਕਿ ਇਸ ਲਈ ਪਾਣੀ ਦੀ ਵੱਧ ਲੋੜ ਹੁੰਦੀ ਹੈ। ਫਿਰ ਘੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਕਿ ਤੇਲ ਬੀਜ, ਦਾਲ ਆਦਿ ਕਾਸ਼ਤ ਕਰਨ ਨਾਲ ਧਰਤੀ ਹੇਠਲੇ ਪਾਣੀ ਨੂੰ ਲੰਬੇ ਸਮੇਂ ਲਈ ਵਰਤਿਆ ਜਾ ਸਕਦਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਝੋਨੇ ਵਿੱਚ ਜੇਕਰ ਪਹਿਲੇ 15 ਦਿਨ ਪਾਣੀ ਖੜ੍ਹਾ ਰੱਖੀਏ ਅਤੇ ਉਸ ਤੋਂ ਬਾਅਦ 2-2 ਦਿਨਾਂ ਦੇ ਵਕਫ਼ੇ ਮਗਰੋਂ ਸਿੰਚਾਈ ਕਰੀਏ ਤਾਂ ਤਕਰੀਬਨ 25 ਪ੍ਰਤੀਸ਼ਤ ਪਾਣੀ ਦੀ ਬੱਚਤ ਹੋ ਸਕਦੀ ਹੈ। ਝੋਨੇ ਦੀ ਸਿੰਚਾਈ ਵਾਸਤੇ ਟੈਂਸ਼ੀਉਮੀਟਰ ਦੀ ਵਰਤੋਂ ਕਰਨ ਨਾਲ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਟੈਂਸ਼ੀਉਮੀਟਰ ਇਕ ਕੱਚ ਦੀ ਪਾਈਪ ਦਾ ਬਣਿਆ ਯੰਤਰ ਹੈ, ਜਿਸ ਨੂੰ ਜ਼ਮੀਨ ਵਿੱਚ ਗੱਡ ਕੇ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲੇ ਜਾਣ ‘ਤੇ ਹੀ ਝੋਨੇ ਨੂੰ ਪਾਣੀ ਦਿੱਤਾ ਜਾਂਦਾ ਹੈ।
ਪ੍ਰਸ਼ਨ 2. ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਦੱਸੋ।
ਉੱਤਰ—ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਹੇਠ ਲਿਖੇ ਹਨ :
1. ਝੋਨੇ ਦੀ ਕਾਸ਼ਤ ਵੇਲੇ ਟੈਂਸ਼ੀਉਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਨਾ ਚਾਹੀਦਾ ਹੈ।
3. ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਯਤਨ ਕਰਨੇ ਚਾਹੀਦੇ ਹਨ।
4. ਖੇਤੀ ਵੇਲੇ ਫ਼ਸਲੀ ਵਿਭਿੰਨਤਾ ਜਿਹੀਆਂ ਕਿਰਿਆਵਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
5. ਕਣਕ ਦੀ ਬਿਜਾਈ ਲਈ ਜ਼ੀਰੋ ਟਿੱਲ ਡਰਿੱਲ ਪ੍ਰਯੋਗ ਕਰਨੀ ਚਾਹੀਦੀ ਹੈ।
ਪ੍ਰਸ਼ਨ 3. ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਵਰਨਣ ਕਰੋ।
ਉੱਤਰ—ਸਿੰਚਾਈ ਦੇ ਵੱਖ-ਵੱਖ ਤਰੀਕੇ ਹੇਠ ਲਿਖੇ ਹਨ :
- ਕਿਆਰਾ ਸਿੰਚਾਈ— ਪੰਜਾਬ ਵਿੱਚ ਇਹ ਸਿੰਚਾਈ ਪ੍ਰਣਾਲੀ ਬਹੁਤ ਪ੍ਰਚੱਲਤ ਹੈ। ਖੇਤਾਂ ਨੂੰ ਪਾਣੀ ਇਕ ਨੱਕਾ ਵੱਢ ਕੇ ਲਗਾਇਆ ਜਾਂਦਾ ਹੈ।ਇਸ ਨਾਲ ਪਾਣੀ ਦੀ ਬਹੁਤ ਖਪਤ ਹੁੰਦੀ ਹੈ।ਕਿਆਰੇ ਦਾ ਆਕਾਰ ਵੱਖ-ਵੱਖ ਕਿਸਮ ਦੀ ਮਿੱਟੀ, ਜ਼ਮੀਨ ਦੀ ਢਲਾਣ ਅਤੇ ਟਿਊਬਵੈੱਲ ਪਾਣੀ ਦੇ ਨਿਕਾਸ ‘ਤੇ ਨਿਰਭਰ ਕਰਦਾ ਹੈ। ਝੋਨੇ ਅਤੇ ਕਣਕ ਦੀ ਸਿੰਚਾਈ ਲਈ ਇਸ ਪ੍ਰਣਾਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ।
- ਤੁਪਕਾ ਸਿੰਚਾਈ—ਤੁਪਕਾ ਸਿੰਚਾਈ ਪ੍ਰਣਾਲੀ ਆਧੁਨਿਕ ਵਿਕਸਿਤ ਸਿੰਚਾਈ ਢੰਗ ਹੈ। ਇਸ ਨੂੰ ਡਰਿੱਪ ਸਿੰਚਾਈ ਪ੍ਰਣਾਲੀ ਵੀ ਕਹਿੰਦੇ ਹਨ ਕਿਉਂਕਿ ਇਸ ਵਿੱਚ ਪਾਣੀ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਬੂਟਿਆਂ ਦੇ ਨੇੜੇ ਹੋ ਜਾਂਦਾ ਹੈ ਅਤੇ ਫਿਰ ਪਾਣੀ ਡਰਿੱਪਰਾਂ ਦੀ ਮਦਦ ਨਾਲ ਬੂਟੇ ਦੀਆਂ ਜੜ੍ਹਾਂ ਨੇੜੇ ਦਿੱਤਾ ਜਾਂਦਾ ਹੈ। ਅੰਬ, ਨਿੰਬੂ, ਬੇਰ, ਟਮਾਟਰ, ਗੋਭੀ ਆਦਿ ਦੀ ਸਿੰਚਾਈ ਲਈ ਇਸ ਪ੍ਰਣਾਲੀ ਦਾ ਪ੍ਰਯੋਗ ਹੁੰਦਾ ਹੈ।
- ਫੁਆਰਾ ਸਿੰਚਾਈ— ਇਸ ਸਿੰਚਾਈ ਪ੍ਰਣਾਲੀ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਜਿੱਥੇ ਜ਼ਮੀਨ ਪੱਧਰੀ ਕਰਨ ‘ਤੇ ਬਹੁਤ ਖ਼ਰਚ ਆਉਂਦਾ ਹੈ, ਉੱਥੇ ਇਸ ਸਿੰਚਾਈ ਨਾਲ ਪਾਣੀ ਦੇ ਬੱਚਤ, ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ।
ਪ੍ਰਸ਼ਨ 4. ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀ ਉਪਰਾਲੇ ਕਰ ਸਕਦੇ ਹਾਂ ?
ਉੱਤਰ—ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਸਾਨੂੰ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ ਤਾਂ ਜੋ ਇਹ ਛੱਪੜਾਂ ਦਾ ਪਾਣੀ ਸਿੰਚਾਈ ਅਤੇ ਪੂਰਤੀ ਵਾਸਤੇ ਵਰਤਿਆ ਜਾ ਸਕੇ। ਅਸੀਂ ਆਪਣੇ ਸੁੱਕੇ ਪਏ ਨਲਕਿਆਂ ਅਤੇ ਖੂਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਵਾਸਤੇ ਇਸਤੇਮਾਲ ਕਰ ਸਕਦੇ ਹਾਂ।
ਪ੍ਰਸ਼ਨ 5. ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ’ਤੇ ਸੰਖੇਪ ਨੋਟ ਲਿਖੋ।
ਉੱਤਰ-ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਪੰਜਾਬ ਵਿੱਚ ਸਾਉਣੀ ਰੁੱਤ ਵਿੱਚ ਮੁੱਖ ਤੌਰ ‘ਤੇ ਝੋਨੇ ਅਤੇ ਹਾੜ੍ਹੀ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਝੋਨੇ ਅਤੇ ਕਣਕ ਦੀ ਕਾਸ਼ਤ ਲਈ ਪਾਣੀ ਦੀ ਵੱਧ ਲੋੜ ਹੁੰਦੀ ਹੈ। ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਜਿਵੇਂ ਕਿ ਤੇਲ ਬੀਜ, ਦਾਲਾਂ, ਮੱਕੀ, ਬਾਸਮਤੀ ਅਤੇ ਨਰਮਾ ਆਦਿ ਦੀ ਕਾਸ਼ਤ ਕਰਨ ਨਾਲ ਧਰਤੀ ਹੇਠਲੇ ਪਾਣੀ ਨੂੰ ਲੰਬੇ ਸਮੇਂ ਲਈ ਵਰਤਿਆ ਜਾ ਸਕਦਾ ਹੈ। ਕਣਕ ਦੀ ਥਾਂ ਤੇਲ ਬੀਜ ਅਤੇ ਜੌਂ ਦੀ ਕਾਸ਼ਤ ਨਾਲ ਵੀ ਪਾਣੀ ਦੀ ਬੱਚਤ ਹੁੰਦੀ ਹੈ।