ਪਾਠ 3. ਫ਼ਸਲਾਂ ਲਈ ਲੋੜੀਂਦੇ ਖ਼ੁਰਾਕੀ ਤੱਤ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਫ਼ਸਲਾਂ ਲਈ ਲੋੜੀਂਦੇ ਕੋਈ ਦੋ ਮੁੱਖ ਖ਼ੁਰਾਕੀ ਤੱਤਾਂ ਦੇ ਨਾਂ ਲਿਖੋ।
ਉੱਤਰ- ਕਾਰਬਨ, ਫਾਸਫੋਰਸ।
ਪ੍ਰਸ਼ਨ 2. ਫਸਲਾਂ ਲਈ ਲੋੜੀਂਦੇ ਕੋਈ ਦੋ ਲਘੂ ਤੱਤਾਂ ਦੇ ਨਾਂ ਲਿਖੋ।
ਉੱਤਰ-ਜ਼ਿੰਕ, ਲੋਹਾ
ਪ੍ਰਸ਼ਨ 3. ਨਾਈਟਰੋਜਨ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ।
ਉੱਤਰ-ਪੀਲੇ।
ਪ੍ਰਸ਼ਨ 4. ਬੂਟੇ ਨੂੰ ਬੀਮਾਰੀਆਂ ਨਾਲ ਟਾਕਰਾ ਕਰਨ ਵਿੱਚ ਸਹਾਈ ਕਿਸੇ ਇਕ ਖ਼ੁਰਾਕੀ ਤੱਤ ਦਾ ਨਾਂ ਲਿਖੋ।
ਉੱਤਰ—ਫਾਸਫੋਰਸ।
ਪ੍ਰਸ਼ਨ 5. ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੇ ਬੂਟਿਆਂ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ?
ਉੱਤਰ-ਪੀਲਾ।
ਪ੍ਰਸ਼ਨ 6. ਬੂਟਿਆਂ ਅੰਦਰ ਸੈੱਲ ਬਣਾਉਣ ਵਿੱਚ ਸਹਾਈ ਖੁਰਾਕੀ ਤੱਤ ਦਾ ਨਾਂ ਲਿਖੋ ।
ਉੱਤਰ—ਫਾਸਫੋਰਸ ।
ਪ੍ਰਸ਼ਨ 7. ਨਾਈਟਰੋਜਨ ਦੀ ਘਾਟ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਕੋਈ ਦੋ ਰਸਾਇਣਿਕ ਖਾਦਾਂ ਦੇ ਨਾਂ ਲਿਖੋ।
ਉੱਤਰ—ਯੂਰੀਆ, ਕੈਨ ।
ਪ੍ਰਸ਼ਨ 8. ਫਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਲਈ ਬੂਟਿਆਂ ਨੂੰ ਕਿਹੜੀ ਖਾਦ ਪਾਈ ਜਾ ਸਕਦੀ ਹੈ ?
ਉੱਤਰ—ਸੁਪਰ ਫਾਸਫੇਟ ।
ਪ੍ਰਸ਼ਨ 9. ਰੇਤਲੀਆਂ ਜ਼ਮੀਨਾਂ ਮੈਂਗਨੀਜ਼ ਦੀ ਘਾਟ ਨਾਲ ਕਿਹੜੀ ਫ਼ਸਲ ਵੱਧ ਪ੍ਰਭਾਵਿਤ ਹੁੰਦੀ ਹੈ ?
ਉੱਤਰ-ਕਣਕ ।
ਪ੍ਰਸ਼ਨ 10. ਗੰਧਕ ਦੀ ਘਾਟ ਆਉਣ ’ਤੇ ਕਿਹੜੀ ਖਾਦ ਵਰਤੀ ਜਾਂਦੀ ਹੈ ?
ਉੱਤਰ—ਸੁਪਰ ਫਾਸਫੇਟ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਫ਼ਸਲਾਂ ਲਈ ਲੋੜੀਂਦੇ ਮੁੱਖ ਤੱਤਾ ਅਤੇ ਲਘੂ ਤੱਤ ਕਿਹੜੇ-ਕਿਹੜੇ ਹਨ ?
ਉੱਤਰ—ਫ਼ਸਲਾਂ ਲਈ ਲੋੜੀਂਦੇ ਮੁੱਖ ਤੱਤ ਅਤੇ ਲਘੂ ਤੱਤ ਅਗੇ ਲਿਖੇ ਅਨੁਸਾਰ ਹਨ :
- ਮੁੱਖ ਤੱਤ: ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ
- ਲਘੂ ਤੱਤ: ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰੋਨ, ਕਲੋਰੀਨ, ਮਾਲੀਬਡੀਨਮ ਅਤੇ ਕੋਬਾਲਟ।
ਪ੍ਰਸ਼ਨ 2. ਬੂਟੇ ਵਿੱਚ ਜ਼ਿੰਕ ਕਿਹੜੇ-ਕਿਹੜੇ ਮੁੱਖ ਕੰਮ ਕਰਦਾ ਹੈ ?
ਉੱਤਰ- ਜ਼ਿੰਕ ਬਹੁਤ ਸਾਰੇ ਐਨਜਾਈਮਾਂ ਦਾ ਇਕ ਹਿੱਸਾ ਹੈ। ਇਹ ਬੂਟੇ ਦਾ ਤੇਜ਼ ਵਾਧਾ ਕਰਨ, ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 3. ਬੂਟੇ ਵਿੱਚ ਮੈਂਗਨੀਜ਼ ਦੇ ਕੀ ਕੰਮ ਹਨ ?
ਉੱਤਰ—ਮੈਂਗਨੀਜ਼ ਦੇ ਬੂਟੇ ਵਿੱਚ ਹੇਠ ਲਿਖੇ ਕੰਮ ਹਨ :
- ਇਹ ਪੱਤਿਆਂ ਵਿੱਚ ਵਧੇਰੇ ਕਲੋਰੋਫਿਲ ਬਣਾਉਣ ਵਿੱਚ ਮਦਦ ਕਰਦਾ ਹੈ।
- ਇਹ ਬੂਟੇ ਵਿੱਚ ਕੁਝ ਜ਼ਰੂਰੀ ਕਿਰਿਆਵਾਂ ਵਿੱਚ ਸਹਾਈ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਵੀ ਹੁੰਦਾ ਹੈ।
ਪ੍ਰਸ਼ਨ 4. ਫਾਸਫੋਰਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ।
ਉੱਤਰ – ਫਾਸਫੋਰਸ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ ‘ਤੇ ਨਜ਼ਰ ਆਉਂਦੀ ਹੈ। ਘਾਟ ਨਾਲ ਪੌਦਿਆਂ ਦੇ ਪੱਤੇ ਪਹਿਲਾਂ ਗੂੜ੍ਹੇ ਹਰੇ ਨਜ਼ਰ ਆਉਂਦੇ ਹਨ ਅਤੇ ਫਿਰ ਕੁਝ ਸਮੇਂ ਬਾਅਦ ਪੁਰਾਣੇ ਪੱਤਿਆਂ ਦਾ ਰੰਗ ਬੈਂਗਣੀ ਜਿਹਾ ਨਜ਼ਰ ਆਉਂਦਾ ਹੈ। ਇਹ ਰੰਗ ਪੱਤੇ ਦੀਆਂ ਨੋਕਾਂ ਤੋਂ ਹੇਠਾਂ ਵੱਲ ਵੱਧਦਾ ਹੈ। ਪੱਤੇ ਅਤੇ ਤਣੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਫ਼ਸਲ ਪਿਛੇਤੀ ਪੱਕਦੀ ਹੈ ਅਤੇ ਝਾੜ ਘਟ ਜਾਂਦਾ ਹੈ।
ਪ੍ਰਸ਼ਨ 5. ਝੋਨੇ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਆਉਣ ‘ਤੇ ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ?
ਉੱਤਰ-ਝੋਨੇ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਆਉਣ ’ਤੇ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ :
- ਜ਼ਿੰਕ ਦੀ ਘਾਟ ਦੇ ਲੱਛਣ ਪਹਿਲਾਂ ਪੁਰਾਣੇ ਪੱਤਿਆਂ ‘ਤੇ ਦਿਖਾਈ ਦਿੰਦੇ ਹਨ।
- ਪੀਲੇਪਣ ਦੇ ਨਾਲ ਪੁਰਾਣੇ ਪੱਤਿਆਂ ‘ਤੇ ਕਿਤੇ-ਕਿਤੇ ਛੋਟੇ-ਛੋਟੇ ਪੀਲੇ ਤੋਂ ਭੂਸਲੇ ਧੱਬੇ ਦਿਖਾਈ ਦਿੰਦੇ ਹਨ।
- ਇਹ ਧੱਬੇ ਮਿਲ ਕੇ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਰੰਗ ਇੰਝ ਗੂੜ੍ਹਾ ਭੂਸਲਾ ਹੋ ਜਾਂਦਾ ਹੈ, ਜਿਵੇਂ ਲੋਹੇ ਨੂੰ ਜ਼ੰਗ ਲੱਗਿਆ ਹੋਵੇ।
- ਪੱਤੇ ਛੋਟੇ ਰਹਿ ਜਾਂਦੇ ਹਨ ਅਤੇ ਬੂਟੇ ਮਧਰੇ ਤੇ ਝਾੜੀ ਵਾਂਗ ਨਜ਼ਰ ਆਉਂਦੇ ਹਨ।
- ਪੱਤੇ ਸੁੱਕ ਕੇ ਝੜ ਜਾਂਦੇ ਹਨ।
- ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘਟ ਜਾਂਦਾ ਹੈ।
ਪ੍ਰਸ਼ਨ 6. ਲੋਹੇ ਦੀ ਘਾਟ ਆਉਣ ਦੇ ਕੀ ਕਾਰਨ ਹਨ ?
ਉੱਤਰ—ਜ਼ਮੀਨ ਉੱਤੇ ਫੈਰਿਸ ਸਲਫੇਟ ਪਾਉਣ ਨਾਲ ਅਕਸਰ ਲੋਹੇ ਦੀ ਘਾਟ ਹੋ ਜਾਂਦੀ ਹੈ। ਲੋਹੇ ਦੀ ਘਾਟ ਆਉਣ ਨਾਲ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਅਤੇ ਉਹ ਚਿੱਟੇ ਹੋ ਜਾਂਦੇ ਹਨ, ਕਿਉਂਕਿ ਲੋਹਾ ਪੱਤਿਆਂ ਵਿੱਚ ਕਲੋਰੋਫਿਲ ਬਣਾਉਣ, ਬੂਟੇ ਵਿੱਚ ਜ਼ਰੂਰੀ ਕਿਰਿਆਵਾਂ ਕਰਨ ਅਤੇ ਪ੍ਰੋਟੀਨ ਬਣਾਉਣ ਵਿੱਚ ਸਹਾਈ ਹੁੰਦਾ ਹੈ, ਇਸ ਲਈ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ‘ਤੇ ਛੇਤੀ-ਛੇਤੀ ਭਰਵਾਂ ਪਾਣੀ ਫ਼ਸਲ ਨੂੰ ਦੇਣਾ ਚਾਹੀਦਾ ਹੈ।
ਪ੍ਰਸ਼ਨ 7. ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਉਣ ਨਾਲ ਕਿਹੋ ਜਿਹੇ ਲੱਛਣ ਦਿਖਾਈ ਦਿੰਦੇ ਹਨ ?
ਉੱਤਰ—ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਉਣ ਨਾਲ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ :
- ਘਾਟ ਦੇ ਚਿੰਨ੍ਹ ਪੁਰਾਣੇ ਅਤੇ ਵਿਚਕਾਰਲੇ ਪੱਤਿਆਂ ‘ਤੇ ਨਜ਼ਰ ਆਉਂਦੇ ਹਨ।
- ਪੱਤੇ ਦੇ ਹੇਠਲੇ ਹਿੱਸੇ ਦੀਆਂ ਨਾੜੀਆਂ ਦੇ ਵਿਚਕਾਰਲੇ ਹਿੱਸਿਆਂ ‘ਤੇ ਪੀਲਾਪਣ ਨਜ਼ਰ ਆਉਂਦਾ ਹੈ ਜੋ ਕਿ ਸਿਰੇ ਵੱਲ ਵੱਧਦਾ ਜਾਂਦਾ ਹੈ।
- ਇਹ ਲੱਛਣ ਆਮ ਕਰਕੇ ਪੋਤੇ ਦੇ ਹੇਠਲੇ ਦੋ ਤਿਹਾਈ ਹਿੱਸੇ ਤੱਕ ਸੀਮਤ ਰਹਿੰਦੇ ਹਨ।
- ਬਹੁਤੀ ਘਾਟ ਹੋਣ ’ਤੇ ਇਹ ਧੱਬੇ ਵੱਧ ਜਾਂਦੇ ਹਨ ਅਤੇ ਨਾੜੀਆਂ ਵਿਚਕਾਰ ਲਾਲ ਭੂਸਲੀਆਂ ਧਾਰੀਆਂ ਬਣ ਜਾਂਦੀਆਂ ਹਨ।
- ਨਾੜੀਆਂ ਹਰੀਆਂ ਰਹਿੰਦੀਆਂ ਹਨ।
ਪ੍ਰਸ਼ਨ 8. ਕਣਕ ਵਿੱਚ ਮੈਂਗਨੀਜ਼ ਤੱਤ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਕਣਕ ਵਿੱਚ ਮੈਂਗਨੀਜ਼ ਤੱਤ ਦੀ ਪੂਰਤੀ ਕਰਨ ਲਈ ਹਫ਼ਤੇ ਦੀ ਵਿੱਥ ‘ਤੇ ਦੋ-ਤਿੰਨ ਵਾਰੀ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਕ ਛਿੜਕਾਅ ਪਹਿਲਾਂ ਪਾਣੀ ਲਾਉਣ ਤੋਂ ਦੋ-ਤਿੰਨ ਦਿਨ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਦੋ-ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੀ ਵਿੱਥ ‘ਤੇ ਕਰਨੇ ਚਾਹੀਦੇ ਹਨ।
ਪ੍ਰਸ਼ਨ 9, ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਦੇ ਨਾਂ ਲਿਖੋ ?
ਉੱਤਰ-ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਹਨ:- ਕਣਕ, ਝੋਨਾ, ਆਲੂ, ਟਮਾਟਰ, ਸੇਬ, ਗੋਭੀ ਆਦਿ।
ਪ੍ਰਸ਼ਨ 10. ਲੋਹੇ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ- ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਉੱਪਰ ਛਿੜਕਣਾ ਚਾਹੀਦਾ ਹੈ । ਇਸ ਤਰ੍ਹਾਂ 2-3 ਵਾਰ ਛਿੜਕਾਅ ਕਰਨਾ ਚਾਹੀਦਾ ਹੈ । ਪੌਦੇ ਵਲੋਂ ਜ਼ਮੀਨ ਵਿੱਚੋਂ ਲੋਹੇ ਦੀ ਪ੍ਰਾਪਤੀ ਅਸਰਦਾਰ ਨਹੀਂ ਹੈ
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਬੂਟਿਆਂ ਵਿੱਚ ਨਾਈਟਰੋਜਨ ਤੱਤ ਦੇ ਮੁੱਖ ਕੰਮ ਦੱਸੋ ?
ਉੱਤਰ—ਨਾਈਟਰੋਜਨ ਦੇ ਬੂਟੇ ਵਿੱਚ ਹੇਠ ਲਿਖੇ ਮੁੱਖ ਕੰਮ ਹਨ :
- ਨਾਈਟਰੋਜਨ ਬੂਟੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਅਨਿੱਖੜਵਾਂ ਅੰਗ ਹੈ।
- ਬੂਟਿਆਂ ਦਾ ਵਾਧਾ ਤੇਜ਼ੀ ਨਾਲ ਕਰਨ ਵਿੱਚ ਨਾਈਟਰੋਜਨ ਸਹਾਈ ਹੁੰਦੀ ਹੈ।
- ਇਹ ਤੱਤ ਕਾਰਬੋਹਾਈਡਰੇਟਸ ਦੀ ਵਰਤੋਂ ਠੀਕ ਤਰ੍ਹਾਂ ਕਰਨ ਵਿੱਚ ਮਦਦ ਕਰਦਾ ਹੈ।
- ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਕਰਨ ਵਿੱਚ ਸਹਾਈ ਹੁੰਦਾ ਹੈ।
ਪ੍ਰਸ਼ਨ 2. ਫ਼ਸਲਾਂ ਵਿੱਚ ਨਾਈਟਰੋਜਨ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ?
ਉੱਤਰ-ਨਾਈਟਰੋਜਨ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਭਾਵ ਹੇਠਲੇ ਪੱਤਿਆਂ ‘ਤੇ ਨਜ਼ਰ ਆਉਂਦੀ ਹੈ। ਪੁਰਾਣੇ ਪੱਤੇ ਨੋਕਾਂ ਵੱਲੋਂ ਹੇਠਾਂ ਵੱਲ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਘਾਟ ਨਾ ਪੂਰੀ ਹੋਣ ਦੀ ਹਾਲਤ ਵਿੱਚ ਪੀਲਾਪਣ ਉਪਰਲੇ ਪੱਤਿਆਂ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਪੌਦੇ ਬੂਝਾ ਘੱਟ ਮਾਰਦੇ ਹਨ ਅਤੇ ਟਾਹਣੀਆਂ ਵੀ ਘੱਟ ਫੁੱਟਦੀਆਂ ਹਨ।ਪੋਰੀਆਂ ਛੋਟੀਆਂ ਰਹਿ ਜਾਂਦੀਆਂ ਹਨ। ਬੋਲੀਆਂ/ਛੱਲੀਆਂ ਛੋਟੀਆਂ ਹੋਣ ਕਰਕੇ ਫ਼ਸਲ ਦਾ ਝਾੜ ਬਹੁਤ ਘਟ ਜਾਂਦਾ ਹੈ।
ਪ੍ਰਸ਼ਨ 3. ਫਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਫਾਸਫੋਰਸ ਤੱਤ ਦੀ ਜ਼ਮੀਨ ਵਿੱਚ ਇਕ ਜਗ੍ਹਾ ‘ਤੇ ਦੂਸਰੀ ਜਗ੍ਹਾ ਵੱਲ ਚੱਲਣ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਕਰਕੇ ਫ਼ਸਲਾਂ ਬੀਜਣ ਵੇਲੇ ਹੀ ਫਾਸਫੋਰਸ ਵਾਲੀ ਖਾਦ ਜਿਵੇਂ ਕਿ ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰ ਫਾਸਫੇਟ ਦੀ ਸਿਫ਼ਾਰਸ਼ ਕੀਤੀ ਮਾਤਰਾ ਖੇਤ ਵਿੱਚ ਬੀਜ ਬੀਜਣ ਸਮੇਂ ਹੀ ਡਰਿਲ ਕਰ ਦਿੱਤੀ ਜਾਂਦੀ ਹੈ। ਹਾੜ੍ਹੀ ਦੀਆਂ ਫ਼ਸਲਾਂ ਉੱਤੇ ਫਾਸਫੋਰਸ ਖਾਦ ਦਾ ਜ਼ਿਆਦਾ ਅਸਰ ਹੁੰਦਾ ਹੈ।
ਪ੍ਰਸ਼ਨ 4. ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਆਉਣ ਦੇ ਮੁੱਖ ਕਾਰਨ ਅਤੇ ਪੂਰਤੀ ਬਾਰੇ ਦੱਸੋ
ਉੱਤਰ—ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਦੇ ਮੁੱਖ ਕਾਰਨ ਹੇਠ ਲਿਖੇ ਹਨ :
ਜ਼ਿੰਕ ਦੀ ਘਾਟ- ਅਕਸਰ ਜ਼ਿਆਦਾ ਫਾਸਫੋਰਸ ਤੱਤ ਅਤੇ ਕਾਰਬੋਨੇਟ ਦੀ ਬਹੁਤਾਤ ਵਾਲੀਆਂ ਜ਼ਮੀਨਾਂ ਵਿੱਚ ਆਮ ਦੇਖੀ ਜਾਂਦੀ ਹੈ। ਜ਼ਿੰਕ ਦੀ ਘਾਟ ਦੇ ਲੱਛਣ ਵੱਖ-ਵੱਖ ਫ਼ਸਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ।
ਘਾਟ ਦੀ ਪੂਰਤੀ– ਜ਼ਮੀਨ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਜ਼ਿੰਕ ਸਲਫੇਟ ਵਰਤਣਾ ਚਾਹੀਦਾ ਹੈ। ਫ਼ਸਲ ਉੱਤੇ ਜ਼ਿਆਦਾ ਘਾਟ ਆਉਣ ਦੀ ਹਾਲਤ ਵਿੱਚ ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਪ੍ਰਸ਼ਨ 5. ਫ਼ਸਲਾਂ ਵਿੱਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ਅਤੇ ਇਸ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਫ਼ਸਲਾਂ ਵਿੱਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਹੇਠ ਲਿਖੀਆਂ ਹਨ :
1. ਲੋਹੇ ਦੀ ਘਾਟ ਦੇ ਲੱਛਣ ਪਹਿਲਾਂ ਨਵੇਂ ਪੱਤਿਆਂ ‘ਤੇ ਦਿਖਾਈ ਦਿੰਦੇ ਹਨ।
2. ਸ਼ੁਰੂ ਵਿੱਚ ਨਾੜੀਆਂ ਦੇ ਵਿਚਕਾਰਲੇ ਹਿੱਸੇ ’ਤੇ ਪੀਲਾਪਣ ਦਿਖਾਈ ਦਿੰਦੀ ਹੈ। ਬਾਅਦ ਵਿੱਚ ਨਾੜੀਆਂ ਵੀ ਪੀਲੀਆਂ ਪੈ ਜਾਂਦੀਆਂ ਹਨ।
3. ਜ਼ਿਆਦਾ ਘਾਟ ਵਾਲੀ ਹਾਲਤ ਵਿੱਚ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਤੇ ਇਹ ਚਿੱਟੇ ਹੋ ਜਾਂਦੇ ਹਨ।
ਘਾਟ ਦੀ ਪੂਰਤੀ – ਜਦੋਂ ਪੀਲੇਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਛੇਤੀ ਛੇਤੀ ਭਰਵਾਂ ਪਾਣੀ ਫ਼ਸਲ ਨੂੰ ਦੇਣਾ ਚਾਹੀਦਾ ਹੈ। ਇਕ ਹਫ਼ਤੇ ਦੀ ਵਿੱਥ ਰੱਖ ਕੇ ਇਕ ਪ੍ਰਤੀਸ਼ਤ ਇਕ ਕਿਲੋ ਫੈਰਿਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫੈਰਿਸ ਸਲਫੇਟ ਦਾ ਛਿੜਕਾਅ ਪੱਤਿਆਂ ਉੱਪਰ ਕਰਨ ਨਾਲ ਇਸ ਤੱਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।