ਪਾਠ 2. ਖੇਤੀ ਲਈ ਮਿੱਟੀ ਅਤੇ ਪਾਣੀ ਪਰਖ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਫਸਲਾਂ ਵਿੱਚ ਖਾਦਾਂ ਦੀ ਜ਼ਰੂਰਤ ਸਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ-6 ਇੰਚ ਦੀ ਡੂੰਘਾਈ ਤੱਕ ।
ਪ੍ਰਸ਼ਨ 2. ਮਿੱਟੀ ਪਰਖ ਕਰਵਾਉਣ ਲਈ ਲਏ ਜਾਣ ਵਾਲੇ ਨਮੂਨੇ ਦੀ ਮਾਤਰਾ ਦੱਸੋ ?
ਉੱਤਰ-ਅੱਧਾ ਕਿਲੋਗ੍ਰਾਮ ।
ਪ੍ਰਸ਼ਨ 3. ਕੱਲਰ ਵਾਲੀਆਂ ਜ਼ਮੀਨਾਂ ਵਿੱਚੋਂ ਮਿੱਟੀ ਦਾ ਨਮੂਨਾ ਲੈਣ ਲਈ ਕਿੰਨਾ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ ?
ਉੱਤਰ—3 ਫੁੱਟ ਡੂੰਘਾ
ਪ੍ਰਸ਼ਨ 4. ਬਾਗ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਕਿੰਨੀ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ—6 ਫੁੱਟ ਡੂੰਘਾ।
ਪ੍ਰਸ਼ਨ 5. ਸਿੰਚਾਈ ਲਈ ਪਾਣੀ ਪਰਖ ਕਰਵਾਉਣ ਲਈ ਨਮੂਨਾ ਲੈਣ ਲਈ ਕਿੰਨਾ ਸਮਾਂ ਟਿਊਬਵੈੱਲ ਚਲਾਉਣਾ ਚਾਹੀਦਾ ਹੈ ?
ਉੱਤਰ-ਅੱਧਾ ਘੰਟਾ
ਪ੍ਰਸ਼ਨ 6. ਮਿੱਟੀ ਅਤੇ ਪਾਣੀ ਪਰਖ ਕਿੰਨੇ ਸਮੇਂ ਬਾਅਦ ਕਰਵਾ ਲੈਣੀ ਚਾਹੀਦੀ ਹੈ ?
ਉੱਤਰ—ਹਰ ਤੀਸਰੇ ਸਾਲ
ਪ੍ਰਸ਼ਨ 7. ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਲਘੂ ਤੱਤਾਂ ਦੇ ਨਾਂ ਲਿਖੋ।
ਉੱਤਰ—ਜ਼ਿੰਕ, ਲੋਹਾ
ਪ੍ਰਸ਼ਨ 8. ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਮੁੱਖ ਤੱਤਾਂ ਦੇ ਨਾਂ ਲਿਖੋ ।
ਉੱਤਰ—ਨਾਈਟਰੋਜਨ, ਫਾਸਫੋਰਸ
ਪ੍ਰਸ਼ਨ 9. ਕੀ ਪਾਣੀ ਦਾ ਨਮੂਨਾ ਲੈਣ ਲਈ ਵਰਤੀ ਜਾਣ ਵਾਲੀ ਬੋਤਲ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ—ਜੀ ਨਹੀਂ ।
ਪ੍ਰਸ਼ਨ 10. ਪਾਣੀ ਪਰਖ ਤੋਂ ਮਿਲਣ ਵਾਲੇ ਕਿਸੇ ਇਕ ਨਤੀਜੇ ਦਾ ਨਾਮ ਲਿਖੋ ।
ਉੱਤਰ—ਪਾਣੀ ਦੇ ਖਾਰੇਪਨ ਦਾ ਪਤਾ ਚੱਲਦਾ ਹੈ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ ?
ਉੱਤਰ—ਮਿੱਟੀ ਦੇ ਨਮੂਨੇ ਫਸਲ ਕੱਟਣ ਤੋਂ ਬਾਅਦ ਲੈਣੇ ਚਾਹੀਦੇ ਹਨ।
ਪ੍ਰਸ਼ਨ 2. ਖੜ੍ਹੀ ਫਸਲ ਵਿੱਚੋਂ ਨਮੂਨਾ ਲੈਣ ਦਾ ਤਰੀਕਾ ਦੱਸੋ ?
ਉੱਤਰ—ਖੜ੍ਹੀ ਫਸਲ ਵਿੱਚੋਂ ਨਮੂਨਾ ਲੈਣ ਲਈ ਫ਼ਸਲ ਦੀਆਂ ਕਤਾਰਾਂ ਵਿੱਚੋਂ ਨਮੂਨਾ ਲੈਣਾ ਚਾਹੀਦਾ ਹੈ।
ਪ੍ਰਸ਼ਨ 3. ਮਿੱਟੀ ਤੇ ਪਾਣੀ ਪਰਖ ਲਈ ਸਹੀ ਤਰੀਕੇ ਨਾਲ ਨਮੂਨਾ ਲੈਣਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ—ਪਰਖ ਲਈ ਨਮੂਨਾ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਅਣਗਹਿਲੀ ਨਾਲ ਲਏ ਗਏ ਨਮੂਨੇ ਦੀ ਪਰਖ ਕਰਵਾਉਣ ਨਾਲ ਖੇਤਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕਦੀ।
ਪ੍ਰਸ਼ਨ 4. ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿੱਚ ਧਰਤੀ ਕੋਨਾ ਹੇਠਲੇ ਪਾਣੀ ਦੀ ਕੀ ਸਮੱਸਿਆ ਹੈ ?
ਉੱਤਰ-ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿੱਚ ਧਰਤੀ ਹੇਠਲਾ ਪਾਣੀ ਲੂਣਾ ਜਾਂ ਖਾਰਾ ਹੈ।
ਪ੍ਰਸ਼ਨ 5. ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖਣੀ ਚਾਹੀਦੀ ਹੈ ?
ਉੱਤਰ – ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਖੇਤ ਨੰਬਰ, ਕਿਸਾਨ ਦਾ ਨਾਂ-ਪਤਾ ਅਤੇ ਨਮੂਨਾ ਲੈਣ ਦੀ ਤਰੀਕ ਲਿਖਣੀ ਚਾਹੀਦੀ ਹੈ।
ਪ੍ਰਸ਼ਨ 6. ਬਾਗ਼ ਲਗਾਉਣ ਲਈ ਮਿੱਟੀ ਦਾ ਨਮੂਨਾ ਲੈਣ ਸਮੇਂ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲਣ ’ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-ਬਾਗ਼ ਲਗਾਉਣ ਲਈ ਮਿੱਟੀ ਦਾ ਨਮੂਨਾ ਲੈਣ ਸਮੇਂ ਰੋੜਾਂ ਜਾਂ ਕੰਕਰਾਂ ਦੀ ਪ੍ਰਾਪਤ ਹੋਈ ਤਹਿ ਨੂੰ ਵੱਖਰੀ ਥੈਲੀ ਵਿੱਚ ਪਾ ਲੈਣਾ ਚਾਹੀਦਾ ਹੈ। ਫਿਰ ਨਮੂਨੇ ਉੱਪਰ ਤੈਅ ਦੀ ਡੂੰਘਾਈ ਅਤੇ ਮੋਟਾਈ ਲਿਖਣੀ ਚਾਹੀਦੀ ਹੈ ।
ਪ੍ਰਸ਼ਨ 7. ਮਿੱਟੀ ਦੀ ਪਰਖ ਕਿੰਨ੍ਹਾਂ ਤਿੰਨ ਮੰਤਵਾਂ ਲਈ ਕਰਵਾਈ ਜਾ ਸਕਦੀ ਹੈ ?
ਉੱਤਰ—ਮਿੱਟੀ ਦੀ ਪਰਖ ਹੇਠ ਲਿਖੇ ਮੰਤਵਾਂ ਲਈ ਕਰਵਾਈ ਜਾ ਸਕਦੀ ਹੈ :(ੳ) ਫ਼ਸਲਾਂ ਲਈ ਖਾਦਾਂ ਦੀ ਜ਼ਰੂਰਤ ਅਤੇ ਉਨ੍ਹਾਂ ਦੀ ਮਾਤਰਾ ਜਾਨਣ ਲਈ ।
(ਅ) ਕਲਰਾਠੀ ਜ਼ਮੀਨ ਦੇ ਸੁਧਾਰ ਵਾਸਤੇ ।
(ੲ) ਬਾਗ਼ ਲਾਉਣ ਵਾਸਤੇ ਜ਼ਮੀਨ ਦੀ ਯੋਗਤਾ ਜਾਨਣ ।
ਪ੍ਰਸ਼ਨ 8. ਮਾੜੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਮੀਨ ‘ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ?
ਉੱਤਰ- ਮਾੜੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਮੀਨ ਕਲਰਾਠੀ ਹੋ ਜਾਂਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।
ਪ੍ਰਸ਼ਨ 9. ਬਾਗ਼ ਲਗਾਉਣ ਲਈ ਮਿੱਟੀ ਪਰਖ ਬਣਾਉਣ ਸਮੇਂ ਇਕ ਜਗ੍ਹਾ ਤੋਂ ਕਿੰਨੇ ਨਮੂਨੇ ਲਏ ਜਾਂਦੇ ਹਨ ?
ਉੱਤਰ – ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇਕ ਜਗ੍ਹਾ ਤੋਂ 7-8 ਨਮੂਨੇ ਲਏ ਜਾਂਦੇ ਹਨ।
ਪ੍ਰਸ਼ਨ 10. ਕੱਲਰ ਵਾਲੀਆਂ ਜ਼ਮੀਨਾਂ ਵਿੱਚੋਂ ਮਿੱਟੀ ਦਾ ਨਮੂਨਾ ਕਿੰਨੀ-ਕਿੰਨੀ ਡੂੰਘਾਈ ਤੋਂ ਲਿਆ ਜਾਂਦਾ ਹੈ ?
ਉੱਤਰ—ਕੱਲਰ ਵਾਲੀਆਂ ਜ਼ਮੀਨਾਂ ਵਿੱਚੋਂ ਮਿੱਟੀ ਦਾ ਨਮੂਨਾ 0-6, 6-12, 12-24 ਅਤੇ 24-36 ਇੰਚ ਦੀ ਡੂੰਘਾਈ ਤੋਂ ਲਿਆ ਜਾਂਦਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਮਿੱਟੀ ਪਰਖ ਦੀ ਮਹਤੱਤਾ ਬਾਰੇ ਲਿਖੋ।
ਉੱਤਰ—ਮਿੱਟੀ ਪਰਖ ਕਰਨ ਨਾਲ ਸਫ਼ਲ ਫਸਲ ਪੈਦਾ ਕਰਨ ਅਤੇ ਖੇਤ ਦੀ ਮਿੱਟੀ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗਦਾ ਹੈ। ਮਿੱਟੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਇੰਝ ਫ਼ਸਲਾਂ ਦਾ ਪੂਰਾ ਝਾੜ ਮਿਲ ਪਾਉਂਦਾ ਹੈ। ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੈਵਿਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਮਾਤਰਾ ਦਾ ਪਤਾ ਲੱਗਦਾ ਹੈ। ਮਿੱਟੀ ਵਿਚਲੇ ਨਮਕੀਨ ਪਦਾਰਥ (ਚਾਲਕਤਾ) ਅਤੇ ਲਘੂ ਤੱਤਾਂ ਜਿਵੇਂ ਜ਼ਿੰਕ, ਲੋਹਾ, ਮੈਗਨੀਜ਼ ਆਦਿ ਦੀ ਜਾਣਕਾਰੀ ਦੀ ਬਾਰੇ ਜਾਣਕਾਰੀ ਵੀ ਸਾਨੂੰ ਮਿੱਟੀ ਪਰਖ ਤੋਂ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ 2. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਲੈਣ ਦਾ ਢੰਗ ਦੱਸੋ ।
ਉੱਤਰ—ਜਿਸ ਖੇਤ ਵਿੱਚ ਬਾਗ਼ ਲਾਉਣਾ ਹੋਵੇ, ਉਸ ਖੇਤ ਦੇ ਵਿਚਾਲੇ 6 ਫੁੱਟ ਡੂੰਘਾ ਟੋਆ ਪੁੱਟੋ, ਜਿਸ ਦਾ ਇਕ ਪਾਸਾ ਸਿੱਧਾ ਅਤੇ ਦੂਜਾ ਪਾਸਾ ਤਿਰਛਾ ਹੋਵੇ। ਇਸ ਟੋਏ ਦੇ ਸਿੱਧੇ ਪਾਸੇ ਤੋਂ ਖੁਰਪੇ ਨਾਲ 0-6, 6-12, 12-24, 24-36, 36-48, 48-60 ਅਤੇ 60-72 ਇੰਚ ਦੀ ਡੂੰਘਾਈ ਤੋਂ ਇਕ ਮੋਟੀ ਮਿੱਟੀ ਦੀ ਤੈਅ ਇਕ ਸਾਰ ਉਤਾਰੋ। ਹਰ ਨਮੂਨੇ ਲਈ ਅਲੱਗ-ਅਲੱਗ ਡੂੰਘਾਈ ਤੋਂ ਅੱਧਾ-ਅੱਧਾ ਕਿਲੋ ਮਿੱਟੀ ਲਵੋ। ਜੇ ਕਿਤੇ ਰੋੜਾਂ ਜਾਂ ਕੰਕਰਾਂ ਦੀ ਤੈਅ ਹੋਵੇ ਤਾਂ ਉਸ ਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਓ ਅਤੇ ਉਸ ਉੱਤੇ ਰੋੜਾਂ ਜਾਂ ਕੰਕਰਾਂ ਵਾਲੀ ਤੈਅ ਦੀ ਡੂੰਘਾਈ ਅਤੇ ਮੋਟਾਈ ਲਿਖੋ।
ਪ੍ਰਸ਼ਨ 3. ਟਿਊਬਵੈੱਲ ਦੇ ਪਾਣੀ ਦਾ ਸਹੀ ਨਮੂਨਾ ਲੈਣ ਦਾ ਤਰੀਕਾ ਲਿਖੋ ।
ਉੱਤਰ—ਟਿਊਬਵੈੱਲ ਦੇ ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਅੱਧੇ ਘੰਟੇ ਲਈ ਚਲਾਓ ਅਤੇ ਫਿਰ ਸਾਫ਼-ਸੁਥਰੀ ਖਾਲੀ ਬੋਤਲ ਨੂੰ ਇਸ ਪਾਣੀ ਨਾਲ ਧੋ ਕੇ ਭਰ ਲਵੋ। ਬੋਤਲ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਪਾਊਡਰ ਨਾਲ ਸਾਫ਼ ਨਾ ਕਰੋ। ਇਸ ਉੱਤੇ ਸਾਫ਼ ਢੱਕਣ ਜਾਂ ਕਾਰਕ ਲਗਾ ਦਿਓ ਅਤੇ ਉਸ ਉੱਪਰ ਕਿਸਾਨ ਦਾ ਨਾਂ, ਪਤਾ, ਮਿੱਟੀ ਦੀ ਕਿਸਮ ਅਤੇ ਟਿਊਬਵੈੱਲ ਦੀ ਡੂੰਘਾਈ ਲਿਖੋ।
ਪ੍ਰਸ਼ਨ 4. ਮਿੱਟੀ ਅਤੇ ਪਾਣੀ ਪਰਖ ਕਿੱਥੋਂ ਕਰਵਾਈ ਜਾ ਸਕਦੀ ਹੈ ?
ਉੱਤਰ—ਮਿੱਟੀ ਅਤੇ ਪਾਣੀ ਦੇ ਨਮੂਨੇ ਦੀ ਪਰਖ ਕਿਸੇ ਨੇੜੇ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਕਰਨੀ ਚਾਹੀਦੀ ਹੈ। ਮਿੱਟੀ ਅਤੇ ਪਾਣੀ ਦੀ ਪਰਖ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਵੀ ਇਹ ਪਰਖ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਪੰਜਾਬ ਅਤੇ ਕੁਝ ਹੋਰ ਅਦਾਰਿਆਂ ਵੱਲੋਂ ਮਿੱਟੀ ਅਤੇ ਅਤੇ ਪਾਣੀ ਪਰਖ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਪਰਖ ਕਰਵਾ ਸਕਦੇ ਹਨ।
ਪ੍ਰਸ਼ਨ 5. ਮਿੱਟੀ ਅਤੇ ਪਾਣੀ ਪਰਖ ਵਿੱਚ ਮਿਲਣ ਵਾਲੇ ਨਤੀਜਿਆਂ ਤੋਂ ਕੀ ਜਾਣਕਾਰੀ ਮਿਲਦੀ ਹੈ ?
ਉੱਤਰ- ਮਿੱਟੀ ਦੀ ਪਰਖ ਕਰਵਾਉਣ ਤੇ ਹੇਠ ਲਿਖੇ ਅਨੁਸਾਰ ਜਾਣਕਾਰੀ ਮਿਲਦੀ ਹੈ । ਮਿੱਟੀ ਦੀ ਕਿਸਮ, ਇਸ ਵਿਚਲੇ ਖਾਰੀ ਅੰਗ, ਨਮਕੀਨ ਪਦਾਰਥ ਚਾਲਕਤਾ), ਜੈਵਿਕ ਕਾਰਬਨ, ਪੋਟਾਸ਼, ਨਾਈਟਰੋਜਨ, ਫਾਸਫੋਰਸ ਵਰਗੇ ਮੁੱਖ ਤੱਤਾਂ ਅਤੇ ਲਘੂ ਤੱਤਾਂ, ਜਿਵੇਂਲੋਹਾ, ਜਿੰਕ, ਮੈਂਗਨੀਜ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਪਾਣੀ ਦੀ ਪਰਖ ਤੋਂ ਪਾਣੀ ਦੇ ਖਾਰੇਪਣ, ਚਾਲਕਤਾ, ਕਲੋਰੀਨ ਅਤੇ ਪਾਣੀ ਵਿੱਚ ਸੋਡੇ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਹਰ ਤਿੰਨ ਸਾਲ ਬਾਅਦ ਕਰਵਾਉਂਦੇ ਰਹਿਣਾ ਚਾਹੀਦਾ ਹੈ ।