ਪਾਠ 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1, ਆਪਣੇ ਆਲੇ-ਦੁਆਲੇ ਮਿਲਣ ਵਾਲੇ ਕੋਈ ਦੋ ਨਵਿਆਉਣ ਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ ?
ਉੱਤਰ—ਜੰਗਲਾਤ, ਹਵਾ ਤੋਂ ਊਰਜਾ
ਪ੍ਰਸ਼ਨ 2. ਕੋਈ ਦੋ ਨਾ ਨਵਿਆਉਣ ਯੋਗ ਕੁਦਰਤੀ ਸੋਮਿਆਂ ਦੇ ਨਾਂ ਦਿਓ ?
ਉੱਤਰ—ਪੈਟਰੋਲੀਅਮ ਪਦਾਰਥ ਤੇ ਖਣਿਜ।
ਪ੍ਰਸ਼ਨ 3. ਵੱਖ-ਵੱਖ ਸੋਮਿਆਂ ਤੋਂ ਹਵਾ ਵਿੱਚ ਫੈਲ ਰਹੀਆਂ ਕੋਈ ਦੋ ਜ਼ਹਿਰੀਲੀਆਂ ਗੈਸਾਂ ਦੇ ਨਾਂ ਲਿਖੋ ?
ਉੱਤਰ—1. ਨਾਈਟਰੋਜਨ ਆਕਸਾਈਡ। 2. ਸਲਫਰ ਡਾਈ ਆਕਸਾਈਡ।
ਪ੍ਰਸ਼ਨ 4. ਪੈਟਰੋਲ ਵਿੱਚ ਮੌਜੂਦ ਦੋ ਹਾਨੀਕਾਰਕ ਤੱਤਾਂ ਦੇ ਨਾਂ ਲਿਖੋ ?
ਉੱਤਰ—ਸਿੱਕਾ ਤੇ ਸਲਫਰ
ਪ੍ਰਸ਼ਨ 5. ਧਰਤੀ ਉੱਪਰ ਮੌਜੂਦ ਪਾਣੀ ਦਾ ਕਿੰਨੇ ਪ੍ਰਤੀਸ਼ਤ ਵਰਤਣਯੋਗ ਹੈ ?
ਉੱਤਰ—5 ਪ੍ਰਤੀਸ਼ਤ।
ਪ੍ਰਸ਼ਨ 6. ਫਸਲਾਂ ਨੂੰ ਲੋੜ ਮੁਤਾਬਿਕ ਘੱਟ ਤੋਂ ਘੱਟ ਪਾਣੀ ਲਗਾਉਣ ਲਈ ਵਿਕਸਿਤ ਕੀਤੀਆਂ ਨਵੀਨਤਮ ਸਿੰਚਾਈ ਵਿਧੀਆਂ ਦੇ ਨਾਂ ਲਿਖੋ ?
ਉੱਤਰ-ਫੁਆਰਾ ਤੇ ਡਰਿੱਪ
ਪ੍ਰਸ਼ਨ 7. ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ—16 ਕਿਆਰੇ।
ਪ੍ਰਸ਼ਨ 8. ਭੂਮੀ ਦੀ ਸਿਹਤ ਲਈ ਫ਼ਸਲੀ ਚੱਕਰਾਂ ਵਿੱਚ ਕਿਹੜੀਆਂ ਫ਼ਸਲਾਂ ਜ਼ਰੂਰੀ ਹਨ ?
ਉੱਤਰ—ਫ਼ਲੀਦਾਰ ਫ਼ਸਲਾਂ
ਪ੍ਰਸ਼ਨ 9. ਢਲਾਣਾਂ ਉੱਪਰ ਕਿਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ ?
ਉੱਤਰ—ਪੌੜੀਦਾਰ ਖੇਤੀ।
ਪ੍ਰਸ਼ਨ 10. ਮਲਚਿੰਗ ਕਰਨ ਦਾ ਕੋਈ ਇਕ ਲਾਭ ਲਿਖੋ ?
ਉੱਤਰ—ਪਾਣੀ ਦੀ ਬਚਤ ਹੋ ਸਕਦੀ ਹੈ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1, ਫਲੀਦਾਰ ਫ਼ਸਲਾਂ ਕਿਉਂ ਉਗਾਉਣੀਆਂ ਚਾਹੀਦੀਆਂ ਹਨ ?
ਉੱਤਰ—ਫ਼ਲੀਦਾਰ ਫ਼ਸਲਾਂ ਹਵਾ ਵਿੱਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿੱਚ ਜਮ੍ਹਾ ਕਰ ਲੈਂਦੀਆਂ ਹਨ। ਇਸ ਲਈ ਫ਼ਲੀਦਾਰ ਫ਼ਸਲਾਂ ਉਗਾਉਣੀਆਂ ਚਾਹੀਦੀਆਂ ਹਨ।
ਪ੍ਰਸ਼ਨ 2. ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ ?
ਉੱਤਰ—ਸੂਰਜੀ ਊਰਜਾ, ਪਣ-ਬਿਜਲੀ, ਸਮੁੰਦਰੀ ਲਹਿਰਾਂ ਤੋਂ ਊਰਜਾ, ਰਹਿੰਦ- ਖੂੰਹਦ ਤੋਂ ਊਰਜਾ, ਜੀਵ-ਜੰਤੂ, ਹਵਾ ਤੋਂ ਊਰਜਾ ਆਦਿ।
ਪ੍ਰਸ਼ਨ 3. ਫ਼ਸਲਾਂ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਿਸ ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ?
ਉੱਤਰ—ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਕੰਪੋਸਟ ਖਾਦ, ਹਰੀ ਖਾਦ, ਰੂੜੀ ਖਾਦ ਅਤੇ ਬਾਇਓ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।
ਪ੍ਰਸ਼ਨ 4. ਘਰੇਲੂ ਪੱਧਰ ‘ਤੇ ਪਾਣੀ ਦੀ ਬੱਚਤ ਲਈ ਕੀਤੇ ਜਾ ਸਕਣ ਵਾਲੇ ਕੋਈ ਪੰਜ ਉਪਾਅ ਦੱਸੋ ?
ਉੱਤਰ—1. ਖ਼ਰਾਬ ਟੂਟੀਆਂ ਅਤੇ ਟੈਂਕੀਆਂ ਨੂੰ ਛੇਤੀ ਠੀਕ ਕਰਾਉਣਾ ਚਾਹੀਦਾ ਹੈ।
- ਘਰਾਂ ਵਿੱਚ ਛੋਟੇ ਮੂੰਹ ਵਾਲੀਆਂ ਪਾਣੀ ਦੀਆਂ ਟੂਟੀਆਂ ਲਗਵਾਉਣੀਆਂ ਚਾਹੀਦੀਆਂ ਹਨ।
- ਛੱਤਾਂ ਦੇ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਪਾਉਣ ਲਈ ਬੋਰ ਕਰਨੇ ਚਾਹੀਦੇ ਹਨ ਜਾਂ ਟੈਂਕ ਵਿੱਚ ਸਟੋਰ ਕਰਕੇ ਵਰਤਣਾ ਚਾਹੀਦਾ ਹੈ।
- ਰਸੋਈ ਦਾ ਪਾਣੀ ਘਰ ਦੀ ਬਗੀਚੀ, ਲਾਅ ਜਾਂ ਗਮਲਿਆਂ ਨੂੰ ਦਿੱਤਾ ਜਾ ਸਕਦਾ ਦਿੱਤਾ ਜਾ ਸਕਦਾ ਹੈ।
- ਕਾਰ ਨੂੰ ਲਾਅਨ ਵਿੱਚ ਧੋਤਾ ਜਾ ਸਕਦਾ ਹੈ, ਜਿਸ ਨਾਲ ਲਾਅਨ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਹੈ।
ਪ੍ਰਸ਼ਨ 5. ਕੁਦਰਤੀ ਸੋਮੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-ਕੁਦਰਤੀ ਸੋਮੇ ਦੋ ਪ੍ਰਕਾਰ ਦੇ ਹੁੰਦੇ ਹਨ :-
- ਨਵਿਆਉਣ ਯੋਗ ਸੋਮੇ
- ਨਾ ਨਵਿਆਉਣ ਯੋਗ ਸੋਮੇ।
ਪ੍ਰਸ਼ਨ 6. ਨਾ ਨਵਿਆਉਣ ਯੋਗ ਕੁਦਰਤੀ ਸੋਮਿਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ?
ਉੱਤਰ-ਕੁਦਰਤੀ ਸੋਮੇ ਜੋ ਸੀਮਿਤ ਮਾਤਰਾ ਵਿੱਚ ਹੁੰਦੇ ਹਨ ਅਤੇ ਇਕ ਵਾਰ ਵਰਤਣ ਤੋਂ ਪਿੱਛੋਂ ਫਿਰ ਦੁਬਾਰਾ ਨਹੀਂ ਬਣਾਏ ਜਾਂ ਨਵਿਆਏ ਨਹੀਂ ਜਾ ਸਕਦੇ ਹਨ। ਉਨ੍ਹਾਂ ਨੂੰ ਨਾ-ਨਵਿਆਉਣਯੋਗ ਕੁਦਰਤੀ ਸੋਮੇ ਆਖਦੇ ਹਨ, ਜਿਵੇਂ ਕਿ ਕੋਲਾ, ਲੋਹਾ, ਪੈਟਰੋਲੀਅਮ ਪਦਾਰਥ ਅਤੇ ਖਣਿਜ ਆਦਿ।
ਪ੍ਰਸ਼ਨ 7. ਧਰਤੀ ਦੀ ਓਜ਼ੋਨ ਪਰਤ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ?
ਉੱਤਰ—ਹਵਾ ਦਾ ਪ੍ਰਦੂਸ਼ਣ ਸਾਰੀ ਦੁਨੀਆਂ ਲਈ ਇਕ ਗੰਭੀਰ ਸਮੱਸਿਆ ਹੈ। ਵੱਖੋ-ਵੱਖਰੇ ਕਾਰਨਾਂ ਕਰਕੇ ਹਵਾ ਵਿੱਚ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਨਾਈਟਰੋਜਨ ਆਕਸਾਈਡਜ਼, ਸਲਫਰ ਡਾਈਆਕਸਾਈਡ, ਲੈਡ ਆਕਸਾਈਡ ਕਲੋਰੋਫਲੋਰੋ ਕਾਰਬਨ ਅਤੇ ਧੂੰਏਂ ਆਦਿ ਦੇ ਕਣ ਤੇਜ਼ੀ ਨਾਲ ਦਿਨ-ਬ- ਦਿਨ ਵਧਦੇ ਜਾ ਰਹੇ ਹਨ, ਜਿਸ ਕਰਕੇ ਧਰਤੀ ਦੁਆਲੇ ਓਜ਼ੋਨ ਪਰਤ ਕਮਜ਼ੋਰ ਹੁੰਦੀ ਜਾ ਰਹੀ ਹੈ।
ਪ੍ਰਸ਼ਨ 8. ਖੇਤੀ ਯੋਗ ਭੂਮੀ ਕਿਉਂ ਘਟਦੀ ਜਾ ਰਹੀ ਹੈ ?
ਉੱਤਰ—ਭੂਮੀ ਖੇਤੀ ਲਈ ਸਭ ਤੋਂ ਮਹੱਤਵਪੂਰਨ ਕੁਦਰਤੀ ਸੋਮਾ ਹੈ। ਇਹ ਫ਼ਸਲਾਂ ਦੇ ਉਗਣ ਲਈ ਇਕ ਮਾਧਿਅਮ ਬਣਨ ਤੋਂ ਇਲਾਵਾ ਖੁਰਾਕੀ ਤੱਤ ਮੁਹੱਈਆ ਕਰਨ ਵਿੱਚ ਮਦਦ ਕਰਦੀ ਹੈ। ਉਦਯੋਗ, ਸ਼ਹਿਰੀਕਰਨ, ਇਮਾਰਤਾਂ ਅਤੇ ਪਾਵਰ ਪਲਾਂਟ ਆਦਿ ਲਈ ਜ਼ਮੀਨ ਦੀ ਵਧਦੀ ਮੰਗ ਨੇ ਖੇਤੀਯੋਗ ਭੂਮੀ ਨੂੰ ਘਟਾਇਆ ਹੈ। ਇਸੇ ਕਾਰਨ ਖੇਤੀ ਯੋਗ ਭੂਮੀ ਘਟਦੀ ਜਾ ਰਹੀ ਹੈ।
ਪ੍ਰਸ਼ਨ 9. ਲੇਜ਼ਰ ਕਰਾਹੇ ਦੀ ਵਰਤੋਂ ਪਾਣੀ ਦੀ ਬੱਚਤ ਵਿੱਚ ਕਿਵੇਂ ਸਹਾਈ ਹੁੰਦੀ ਹੈ ?
ਉੱਤਰ—ਅੱਜ-ਕੱਲ੍ਹ ਪੰਜਾਬ ਵਿੱਚ ਲੇਜ਼ਰ ਕਰਾਹੇ ਨਾਲ ਖੇਤਾਂ ਨੂੰ ਪੱਧਰਾ ਕੀਤਾ ਜਾ ਰਿਹਾ ਹੈ। ਇਸ ਤਕਨੀਕ ਨਾਲ 25-30 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ।
ਪ੍ਰਸ਼ਨ 10. ਉਦਯੋਗਾਂ ਵਿੱਚ ਪਾਣੀ ਦੀ ਸੰਭਾਲ ਬਾਰੇ ਕੋਈ ਦੋ ਨੁਕਤੇ ਲਿਖੋ।
ਉੱਤਰ—1. ਆਪਣੇ ਆਪ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਵਾਲਵ ਲਗਾ ਕੇ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
- ਪਾਣੀ ਸੰਭਾਲ ਕਰਨ ਲਈ ਪੱਕੇ ਜਾਂ ਪਲਾਸਟਿਕ ਦੀ ਸ਼ੀਟ ਵਾਲੇ ਤਲਾਬ ਬਣਾਉਣੇ ਚਾਹੀਦੇ ਹਨ, ਜਿਨ੍ਹਾਂ ਵਿੱਚੋਂ ਵਾਸ਼ਪੀਕਰਨ ਰੋਕਣ ਲਈ ਵਾਸ਼ਪੀਕਰਣ ਰੋਕੂ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ?
ਉੱਤਰ—1. ਕੁਦਰਤੀ ਸੋਮਿਆਂ ਦਾ ਖੇਤੀਬਾੜੀ ਅਤੇ ਭੋਜਨ ਨਾਲ ਸਿੱਧਾ ਸਬੰਧ ਹੈ। ਪਹਿਲਾਂ-ਪਹਿਲ ਖੇਤੀਬਾੜੀ ਮੀਂਹ ‘ਤੇ ਨਿਰਭਰ ਕਰਦੀ ਸੀ, ਜਿਸ ਕਰਕੇ ਪੈਦਾਵਾਰ ਵੀ ਘੱਟ ਸੀ। ਟਿਊਬਵੈੱਲਾਂ ਦੇ ਤੌਰ ‘ਤੇ ਸਿੰਚਾਈ ਸਾਧਨਾਂ ਦੇ ਵਿਕਸਿਤ ਹੋਣ ਨਾਲ ਪੈਦਾਵਾਰ ਵਿੱਚ ਵਾਧਾ ਤਾਂ ਹੋਇਆ ਪਰ ਇਸ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਿਆ ਗਿਆ।
- ਖੇਤੀਬਾੜੀ ਵਿੱਚ ਵਰਤੀਆਂ ਜਾਂਦੀਆਂ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵੱਧ ਵਰਤੋਂ ਕਰਨ ਨਾਲ ਮਿੱਟੀ, ਪਾਣੀ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਵੱਧ ਰਿਹਾ ਹੈ।
- ਸ਼ਹਿਰੀਕਰਨ ਅਤੇ ਉਦਯੋਗੀਕਰਨ ਦੁਆਰਾ ਵੀ ਹਵਾ, ਮਿੱਟੀ ਅਤੇ ਪਾਣੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ।
- ਜ਼ਿਆਦਾ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੋਮਿਆਂ ਦਾ ਬਹੁਤ ਸਾਰਾ ਨੁਕਸਾਨ ਕੀਤਾ ਹੈ, ਜਦ ਕਿ ਚੀਨ, ਭਾਰਤ ਵਰਗੇ ਮੁਲਕਾਂ ਵਿੱਚ ਵਧਦੀ ਅਬਾਦੀ ਨੇ ਕੁਦਰਤੀ ਸੋਮਿਆਂ ਦੀ ਘਾਟ ਪੈਦਾ ਕਰ ਦਿੱਤੀ ਹੈ।
- ਧਰਤੀ ਤੋਂ ਜੰਗਲਾਂ ਦੇ ਖ਼ਾਤਮੇ ਕਰਕੇ ਵਾਤਾਵਰਣ ਵਿੱਚ ਮੌਸਮੀ ਤਬਦੀਲੀਆਂ ਆ ਰਹੀਆਂ ਹਨ ਅਤੇ ਨੁਕਸਾਨਦਾਇਕ ਗੈਸਾਂ ਵਧਣ ਕਰਕੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ।
ਪ੍ਰਸ਼ਨ 2. ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ?
ਉੱਤਰ—ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ :-
(ੳ) ਦਰੱਖ਼ਤ ਲਗਾਉਣ ਨਾਲ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਘਟਦੀ ਹੈ ਅਤੇ ਆਕਸੀਜਨ ਵਧਦੀ ਹੈ ਜੋ ਜੀਵਾਂ ਦੇ ਸਾਹ ਲੈਣ ਲਈ ਜ਼ਰੂਰੀ ਹੈ।
(ਅ) ਸਲਫਰ ਅਤੇ ਸਿੱਕਾ (Lead) ਰਹਿਤ ਬਾਲਣ ਜਾਂ ਪੈਟਰੋਲ (Petrol) ਦੀ ਵਰਤੋਂ ਕਰਨੀ ਚਾਹੀਦੀ ਹੈ।
(ੲ) ਫੈਕਟਰੀਆਂ ਦੇ ਧੂੰਏਂ ਨੂੰ ਸਾਫ਼ ਕਰਨ ਲਈ ਉਪਕਰਣ ਲਗਾਉਣੇ ਚਾਹੀਦੇ ਹਨ ਅਤੇ ਚਿਮਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ।
(ਸ) ਹਵਾ ਸਾਫ਼ ਕਰਨ ਲਈ ਫਿਲਟਰ ਪਲਾਂਟ ਲਗਾਉਣੇ ਚਾਹੀਦੇ ਹਨ। (ਹ) ਜ਼ਹਿਰੀਲੀਆਂ ਗੈਸਾਂ ਵਾਲੇ ਧੂੰਏਂ ਨੂੰ ਪਾਣੀ ਦੀ ਸਪਰੇਅ ਵਿੱਚੋਂ ਲੰਘਾ ਕੇ ਸਾਫ਼ ਕਰਨਾ ਚਾਹੀਦਾ ਹੈ।
(ਕ) ਆਵਾਜਾਈ ਦੇ ਸਾਧਨਾਂ ਵਿੱਚ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਇੰਜਣ ਅਤੇ ਤੇਲ ਆਦਿ ਵਰਤਣੇ ਚਾਹੀਦੇ ਹਨ।
(ਖ) ਬਾਲਣ ਲਈ ਕੋਲੇ ਦੀ ਬਜਾਏ ਸੂਰਜੀ ਊਰਜਾ, ਬਾਇਓਗੈਸ, ਗੈਸ ਅਤੇ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
(ਗ) ਖੇਤਾਂ ਵਿੱਚ ਪਰਾਲੀ ਆਦਿ ਸਾੜਨ ਦੀ ਬਜਾਏ ਇਸ ਦੀ ਬਿਜਲੀ ਪੈਦਾ ਕਰਨ, ਬਾਇਓ ਗੈਸ, ਕੰਪੋਸਟ ਖਾਦ ਬਣਾਉਣ, ਉਦਯੋਗਿਕ ਵਰਤੋਂ ਜ਼ਮੀਨ ਵਿੱਚ ਦਬਾਉਣ ਅਤੇ ਮਲਚ ਆਦਿ ਵਜੋਂ ਵਰਤੋਂ ਕਰਨੀ ਚਾਹੀਦੀ ਹੈ।
(ਘ) ਮਾਣੂ ਪ੍ਰੀਖਣ ਅਤੇ ਜੰਗੀ ਧਮਾਕਿਆਂ ਤੇ ਰੋਕ ਲੱਗਣੀ ਚਾਹੀਦੀ ਹੈ।
(ਙ) ਸਮੂਹ ਰੇਲਵੇ ਲਾਈਨਾਂ ਦਾ ਬਿਜਲੀਕਰਨ ਹੋਣਾ ਚਾਹੀਦਾ ਹੈ।
ਪ੍ਰਸ਼ਨ 3. ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—1. ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਜਾਏ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
2.ਮੀਂਹ ਦੇ ਪਾਣੀ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ (ਭਰਪਾਈ) ਕਰਨਾ ਚਾਹੀਦਾ ਹੈ।
3.ਸਿੰਚਾਈ ਵਾਲੇ ਪਾਣੀ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਸਿੰਚਾਈ ਵਾਲੇ ਪਾਣੀ ਤੋਂ ਪੂਰਾ ਲਾਹਾ ਲੈਣ ਲਈ ਖ਼ਾਲਾਂ ਨੂੰ ਲਗਾਤਾਰ ਸਾਫ਼ ਕਰਦੇ ਰਹੋ ਅਤੇ ਕੋਸ਼ਿਸ਼ ਕਰੋ ਕਿ ਖਾਲ ਪੱਕੇ ਹੋਣ।
4.ਫੁਆਰਾ ਤੇ ਡਰਿੱਪ (ਤੁਪਕਾ) ਪ੍ਰਣਾਲੀ ਰਾਹੀਂ ਸਿੰਚਾਈ ਨਾਲ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖ਼ੁਆਰਾ ਪ੍ਰਣਾਲੀ ਦੀ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ, ਜਿੱਥੇ ਕਿ ਜ਼ਮੀਨ ਪੱਧਰ ਕਰਨ ‘ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ।
5.ਖੇਤ ਲੇਜ਼ਰ ਕਰਾਹੇ ਦੀ ਮਦਦ ਨਾਲ ਪੱਧਰੇ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਝੋਨੇ ਦੀ ਕਾਸ਼ਤ ਬਿਲਕੁਲ ਨਾ ਕਰੋ। ਮਈ ਅਤੇ ਜੂਨ ਦੇ ਮਹੀਨੇ ਬਹੁਤ ਗਰਮ ਅਤੇ ਖੁਸ਼ਕ ਹੁੰਦੇ ਹਨ, ਜਿਸ ਕਰਕੇ ਫ਼ਸਲ ਜ਼ਿਆਦਾ ਪਾਣੀ ਮੰਗਦੀ ਹੈ। ਇਸ ਲਈ ਝੋਨੇ ਦੀ ਲੁਆਈ 15 ਜੂਨ ਤੋਂ ਪਹਿਲਾਂ ਨਾ ਸ਼ੁਰੂ ਕਰੋ।ਝੋਨੇ ਵਿੱਚ ਪਹਿਲੇ 15 ਦਿਨ ਤੋਂ ਬਾਅਦ ਪਾਣੀ ਲਗਾਤਾਰ ਖੜ੍ਹਾ ਨਹੀਂ ਰੱਖਣਾ ਚਾਹੀਦਾ। ਝੋਨੇ ਵਿੱਚ ਪਾਣੀ ਦੀ ਬੱਚਤ ਲਈ ਟੈਂਸ਼ੀਓਮੀਟਰ ਦੀ ਵਰਤੋਂ ਕਰੋ।
6.ਪਾਣੀ ਦੀ ਪੰਚਤ ਲਈ ਰੇਤਲੀਆਂ ਜਮੀਨਾਂ ਵਿੱਚ 16 ਤੇ ਭਾਰੀਆਂ ਜ਼ਮੀਨਾਂ ਵਿੱਚ 8 ਕਿਆਰੇ ਪ੍ਰਤੀ ਏਕੜ ਵਿੱਚ ਪਾਓ।
7.ਫਸਲ ਦੀ ਬੀਜਾਈ ਵੱਟਾਂ ਬੈੱਡਾਂ ‘ਤੇ ਕਰਨ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
8. ਫਸਲਾਂ ਵਿੱਚ ਝੋਨੇ ਜਾਂ ਕਿਸੇ ਹੋਰ ਫ਼ਸਲ ਦੀ ਜਾਂ ਰਹਿੰਦ ਖੂੰਹਦ ਵਿਛਾ ਕੇ ਮਲਚਿੰਗ (Mulching) ਵੀ ਪਾਣੀ ਦੀ ਬਚਤ ਕਰ ਸਕਦੀ ਹੈ।
ਪ੍ਰਸ਼ਨ 4. ਭੂਮੀ ਸੰਭਾਲ ਲਈ ਆਪਣੇ ਵਿਚਾਰ ਦਿਉ ?
ਉੱਤਰ—ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨਾਲ ਭੂਮੀ ਖਰਨ ਦੀ ਸਮੱਸਿਆ ਵਿੱਚ ਵੀ ਵਾਧਾ ਹੋ ਰਿਹਾ ਹੈ। ਖੇਤੀ ਫ਼ਸਲਾਂ ਦੀ ਘਣਤਾ ਵਧਣ ਕਰਕੇ ਭੂਮੀ ਵਿੱਚੋਂ ਖੁਰਾਕੀ ਤੱਤਾਂ ਦੀ ਘਾਟ ਨੇ ਭੂਮੀ ਦੀ ਗੁਣਵੱਤਾ ‘ਤੋ ਮਾੜਾ ਅਸਰ ਪਾਇਆ ਹੈ। ਭੂਮੀ ਸੰਭਾਲ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ :-
- ਪਹਾੜੀਆਂ ‘ਤੇ ਢਲਾਣ ਦੇ ਉਲਟ ਕਤਾਰਾਂ ਵਿੱਚ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ, ਜਿਸ ਨਾਲ ਭੂਮੀ ਪੈਰ ਘੱਟ ਹੁੰਦਾ ਹੈ। 2. ਵਣ-ਖੇਤੀ ਭੂਮੀ ਖੁਰਨ ਰੋਕਣ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ।
- ਢਲਾਣ ਵਾਲੀਆਂ ਥਾਵਾਂ ‘ਤੇ ਪੌੜੀਦਾਰ (Terrace Farming) ਖੇਤੀ ਕਰਨੀ ਚਾਹੀਦੀ ਹੈ।
- ਫ਼ਸਲੀ ਚੱਕਰਾਂ ਵਿੱਚ ਫ਼ਲੀਦਾਰ ਫ਼ਸਲਾਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਹਵਾ ਵਿੱਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿੱਚ ਜਮ੍ਹਾ ਕਰਦੀਆਂ ਹਨ।
- ਹਵਾ ਰਾਹੀਂ ਭੂਮੀ ਖੁਰਨ ਰੋਕਣ ਲਈ ਹਵਾ ਰੋਕੂ ਵਾੜਾਂ ਅਤੇ ਰੁੱਖਾਂ ਦੀਆਂ ਕਤਾਰਾਂ (Wind Breakers) ਲਗਾਉਣੀਆਂ ਚਾਹੀਦੀਆਂ ਹਨ।
- ਢਲਾਣਾਂ ‘ਤੇ ਘਾਹ ਲਗਾਉਣਾ ਚਾਹੀਦਾ ਹੈ।
- ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
- ਜੈਵਿਕ ਖੇਤੀ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ।
ਕੁਦਰਤੀ ਸੋਮਾ ਮਨੁੱਖੀ ਜੀਵਨ ਲਈ ਅਹਿਮ ਹੈ। ਸੋ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਪ੍ਰਸ਼ਨ 5. ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ‘ਤੇ ਨੋਟ ਲਿਖੋ ?
ਉੱਤਰ— ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ
- ਵਧੇਰੇ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਵੱਧ ਆਬਾਦੀ ਵਾਲੇ ਦੇਸ਼ਾਂ ਜਿਵੇਂ ਚੀਨ ਅਤੇ ਭਾਰਤ ਵਿਚ ਕੁਦਰਤੀ ਸੋਮਿਆਂ ਦੀ ਘਾਟ ਹੋ ਗਈ ਹੈ ।
- ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਾਲ ਵਾਤਾਵਰਨ ਵਿੱਚ ਮੌਸਮੀ ਬਦਲਾਅ ਆ ਰਹੇ ਹਨ ਤੇ ਨੁਕਸਾਨਦਾਇਕ ਗੈਸਾਂ ਦਾ ਵਾਧਾ ਹਵਾ ਵਿੱਚ ਹੋ ਰਿਹਾ ਹੈ ।
- ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ।
- ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।
- ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ।
- ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ ।