ਪਾਠ 1. ਹਰਾ ਇਨਕਲਾਬ (ਜਮਾਤ ਸੱਤਵੀਂ -ਖੇਤੀਬਾੜੀ)
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ ?
ਉੱਤਰ – ਸੰਨ 1960 ਦੇ ਦੌਰਾਨ ।
ਪ੍ਰਸ਼ਨ 2. ਹਰੇ ਇਨਕਲਾਬ ਸਮੇਂ ਕਣਕ ਦੀ ਫ਼ਸਲ ਦੇ ਕੱਦ ਵਿੱਚ ਕੀ ਤਬਦੀਲੀ ਆਈ ?
ਉੱਤਰ – ਫ਼ਸਲਾਂ ਕੱਦ ਵਿੱਚ ਮੱਧਰੀਆਂ ਹੋ ਗਈਆਂ ।
ਪ੍ਰਸ਼ਨ 3. ਕਿਸਾਨਾਂ ਨੂੰ ਉੱਨਤ ਬੀਜ ਪ੍ਰਦਾਨ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਦੇ ਨਾਂ ਦੱਸੋ।
ਉੱਤਰ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਪੰਜਾਬ ।
ਪ੍ਰਸ਼ਨ 4. ਹਰੇ ਇਨਕਲਾਬ ਦੌਰਾਨ ਕਿਸ ਤਰ੍ਹਾਂ ਦੀਆਂ ਖਾਦਾਂ ਦਾ ਪ੍ਰਯੋਗ ਹੋਣ ਲੱਗਾ ?
ਉੱਤਰ – ਰਸਾਇਣਿਕ ਖਾਦਾਂ ।
ਪ੍ਰਸ਼ਨ 5. ਹਰੇ ਇਨਕਲਾਬ ਦੌਰਾਨ ਕਿਹੜੀਆਂ-ਕਿਹੜੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ?
ਉੱਤਰ – ਕਣਕ ਅਤੇ ਝੋਨਾ ।
ਪ੍ਰਸ਼ਨ 6. ਹਰੇ ਇਨਕਲਾਬ ਵਿੱਚ ਕਿਸ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਹਿਮ ਯੋਗਦਾਨ ਰਿਹਾ ?
ਉੱਤਰ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਵਿਗਿਆਨੀ ।
ਪ੍ਰਸ਼ਨ 7. ਕੀ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ ?
ਉੱਤਰ – ਨਹੀਂ ।
ਪ੍ਰਸ਼ਨ 8. ਹਰਾ ਇਨਕਲਾਬ ਕਿਹੜੀਆਂ-ਕਿਹੜੀਆਂ ਫਸਲਾਂ ਤੱਕ ਮੁੱਖ ਤੌਰ ‘ਤੇ ਸੀਮਤ ਰਿਹਾ ?
ਉੱਤਰ – ਕਣਕ, ਮੱਕੀ, ਚਾਵਲ, ਬਾਜਰਾ ਅਤੇ ਝੋਨਾ ।
ਪ੍ਰਸ਼ਨ 9. ਹਰੇ ਇਨਕਲਾਬ ਦੇ ਪ੍ਰਭਾਵ ਸਦਕਾ ਖੇਤੀ ਵਿਭਿੰਨਤਾ ਘਟੀ ਹੈ ਜਾਂ ਵਧੀ ਹੈ ?
ਉੱਤਰ-ਘਟੀ ਹੈ ।
ਪ੍ਰਸ਼ਨ 10. ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ?
ਉੱਤਰ – ਪੰਜਾਬ ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ –
ਪ੍ਰਸ਼ਨ 1. ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋ ਸਕਿਆ ?
ਉੱਤਰ— 1. ਸੁਧਰੀਆਂ ਕਿਸਮਾਂ ਦੇ ਬੀਜ, 2. ਸੁਚੱਜਾ ਮੰਡੀਕਰਨ, 3. ਸਿੰਚਾਈ ਸਹੂਲਤਾਂ, 4. ਖੋਜ ਤੇ ਸਿਖਲਾਈ ਸਹੂਲਤਾਂ, 6. ਰਸਾਇਣਿਕ ਖਾਦਾਂ, 5. ਮਿਹਨਤਕਸ਼ ਕਿਸਾਨ ।
ਪ੍ਰਸ਼ਨ 2. ਹਰੇ ਇਨਕਲਾਬ ਦੌਰਾਨ ਵਿਗਿਆਨੀਆਂ ਨੇ ਕਿਸ ਤਰ੍ਹਾਂ ਦੇ ਬੀਜ ਵਿਕਸਿਤ ਕੀਤੇ ?
ਉੱਤਰ—ਹਰੇ ਇਨਕਲਾਬ ਦੌਰਾਨ ਵਿਗਿਆਨੀਆਂ ਨੇ ਸੰਸਾਰ ਪੱਧਰ ਦੇ ਖੋਜੀਆਂ ਨਾਲ ਰਲ ਕੇ ਨਵੇਂ ਉੱਨਤ ਬੀਜ ਵਿਕਸਿਤ ਕੀਤੇ ।
ਪ੍ਰਸ਼ਨ 3. ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤਾਂ ਵਿੱਚ ਕੀ ਬਦਲਾਅ ਆਏ ?
ਉੱਤਰ – ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ।
ਪ੍ਰਸ਼ਨ 4. ਸਰਕਾਰ ਦੁਆਰਾ ਅਨਾਜ ਦੇ ਮੰਡੀਕਰਨ ਲਈ ਕੀ ਉਪਾਅ ਕੀਤੇ ਗਏ ?
ਉੱਤਰ—ਸਰਕਾਰ ਦੁਆਰਾ ਅਨਾਜ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਗਿਆ। ਵਿਕਰੀ ਕੇਂਦਰਾਂ ਅਤੇ ਨਿਯਮਿਤ ਮੰਡੀਆਂ ਦਾ ਪ੍ਰਬੰਧ ਕੀਤਾ ਗਿਆ। ਕੇਂਦਰੀ ਅਤੇ ਰਾਜ ਗੋਦਾਮ ਨਿਗਮ ਸਥਾਪਿਤ ਕੀਤੇ ਗਏ ।
ਪ੍ਰਸ਼ਨ 5. ਕਿਸਾਨ ਨੂੰ ਕਿਹੋ ਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ ?
ਉੱਤਰ-ਖੇਤੀ ਲਾਗਤਾਂ ਵਧਣ ਕਾਰਨ ਕਿਸਾਨਾਂ ਨੂੰ ਕਈ ਵਾਰ ਗ਼ੈਰ ਸਰਕਾਰੀ ਸੋਮਿਆਂ ਤੋਂ ਮਹਿੰਗੇ ਵਿਆਜ ‘ਤੇ ਕਰਜ਼ਾ ਲੈਣਾ ਪੈਂਦਾ ਹੈ। ਇਹੋ ਜਿਹੇ ਕਰਜ਼ੇ ਮੁੜ ਕਿਸਾਨਾਂ ਲਈ ਮੋੜਨੇ ਔਖੇ ਹੋ ਜਾਂਦੇ ਹਨ।
ਪ੍ਰਸ਼ਨ 6. ਛੋਟੇ ਕਿਸਾਨਾਂ ਦੁਆਰਾ ਥੋੜ੍ਹੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਕਿਹੜੇ ਹਨ ?
ਉੱਤਰ—ਛੋਟੇ ਕਿਸਾਨਾਂ ਦੁਆਰਾ ਥੋੜ੍ਹੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਖੁੰਬਾਂ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ ਹਨ।
ਪ੍ਰਸ਼ਨ 7. ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਫ਼ਸਲਾਂ ਥੱਲੇ ਰਕਬਾ ਵਧਾਉਣ ਦੀ ਲੋੜ ਹੈ ?
ਉੱਤਰ—ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਸੂਬੇ ਅੰਦਰ ਮੱਕੀ, ਨਰਮਾ, ਦਾਲਾਂ, ਤੇਲ ਬੀਜ, ਫ਼ਲ ਅਤੇ ਸਬਜ਼ੀਆਂ ਦੇ ਥੱਲੇ ਰਕਬਾ ਵਧਾਉਣ ਦੀ ਲੋੜ ਹੈ।
ਪ੍ਰਸ਼ਨ 8. ਪੰਜਾਬ ਦੇ ਅਨਾਜ ਦੀ ਕੇਂਦਰੀ ਭੰਡਾਰ ਵਿੱਚ ਲਗਾਤਾਰ ਲੋੜ ਕਿਉਂ ਘਟ ਰਹੀ ਹੈ ?
ਉੱਤਰ—ਹਰੇ ਇਨਕਲਾਬ ਦੇ ਪ੍ਰਭਾਵ ਭਾਰਤ ਦੇ ਦੂਸਰੇ ਰਾਜਾਂ ਤੱਕ ਵੀ ਪਹੁੰਚ ਰਹੇ ਹਨ, ਜਿਸ ਕਾਰਨ ਪੰਜਾਬ ਦੇ ਅਨਾਜ ਦੀ ਕੇਂਦਰੀ ਭੰਡਾਰ ਵਿੱਚ ਲਗਾਤਾਰ ਲੋੜ ਘਟ ਰਹੀ ਹੈ।
ਪ੍ਰਸ਼ਨ 9. ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਕਿਉਂ ਆਈ ਹੈ ?
ਉੱਤਰ-ਖੇਤੀ ਪੈਦਾਵਾਰ ਦੇ ਵਧਣ ਦੀ ਦਰ ਵਿੱਚ ਕਮੀ ਅਤੇ ਖੇਤੀ ਲਾਗਤਾਂ ਦੇ ਮੁੱਲ ਵਧਣ ਕਾਰਨ ਕਿਸਾਨਾਂ ਦੀ ਖਾਲਸ ਆਮਦਨ ਵਿੱਚ ਕਮੀ ਆਈ।
ਪ੍ਰਸ਼ਨ 10. ਪੰਜਾਬ ਵਿੱਚ ਖੇਤੀ ਦੀ ਮਾਨਸੂਨ ’ਤੇ ਨਿਰਭਰਤਾ ਕਿਵੇਂ ਘਟੀ ?
ਉੱਤਰ—ਹਰੇ ਇਨਕਲਾਬ ਦੇ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀ ਸਹੂਲਤ ਵਿੱਚ ਵਾਧਾ ਹੋਣ ਕਾਰਨ ਪੰਜਾਬ ਵਿੱਚ ਖੇਤੀ ਦੀ ਮਾਨਸੂਨ ‘ਤੇ ਨਿਰਭਰਤਾ ਘਟ ਗਈ ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਹਰੇ ਇਨਕਲਾਬ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ—ਸੰਨ 1960 ਦੇ ਦਹਾਕੇ ਦੌਰਾਨ ਖੇਤੀ ਅਨਾਜ ਉਤਪਾਦਨ ਵਿੱਚ ਹੋਏ ਵਾਧੇ ਨੂੰ ਹਰਾ ਇਨਕਲਾਬ ਕਿਹਾ ਜਾਂਦਾ ਹੈ। ਪੰਜਾਬ ਸਮੁੱਚੇ ਭਾਰਤ ਵਿੱਚੋਂ ਹਰੇ ਇਨਕਲਾਬ ਦਾ ਇਕ ਮੋਹਰੀ ਸੂਬਾ ਰਿਹਾ ਹੈ । ਪੰਜਾਬ ਦੀ ਵਧੇਰੇ ਵਸੋਂ ਖੇਤੀ ਉੱਪਰ ਨਿਰਭਰ ਹੈ। ਹਰੇ ਇਨਕਲਾਬ ਨਾਲ ਪੰਜਾਬ ਦੀ ਆਰਥਿਕ ਖੁਸ਼ਹਾਲੀ ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਪੰਜ ਸਾਲਾਂ ਦੌਰਾਨ ਅਨਾਜ ਦਾ ਉਤਪਾਦਨ ਤਿੰਨ ਗੁਣਾ ਹੋ ਗਿਆ ਹੈ। ਰਸਾਇਣਿਕ ਖਾਦਾਂ, ਸੁਚੱਜਾ ਮੰਡੀਕਰਨ, ਸੁਧਰੀਆਂ ਕਿਸਮਾਂ ਦੇ ਬੀਜ, ਸਿੰਚਾਈ ਸਹੂਲਤਾਂ, ਖੋਜ ਤੇ ਸਿਖਲਾਈ ਸਹੂਲਤਾਂ, ਮਿਹਨਤਕਸ਼ ਕਿਸਾਨਾਂ ਕਾਰਨ ਪੰਜਾਬ ਵਿੱਚ ਹਰਾ ਇਨਕਲਾਬ ਸੰਭਵ ਹੋ ਸਕਿਆ ਹੈ ।
ਪ੍ਰਸ਼ਨ 2. ਹਰੇ ਇਨਕਲਾਬ ਦੌਰਾਨ ਹੋਈ ਨਵੇਂ ਬੀਜਾਂ ਦੀ ਖੋਜ ਬਾਰੇ ਦੱਸੋ ।
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਸੰਸਾਰ ਪੱਧਰ ਦੇ ਖੋਜੀਆਂ ਨਾਲ ਰਲ ਕੇ ਨਵੇਂ ਉੱਨਤ ਬੀਜ ਵਿਕਸਿਤ ਕੀਤੇ। ਇਨ੍ਹਾਂ ਵਿੱਚ ਕਣਕ, ਮੱਕੀ, ਚਾਵਲ ਅਤੇ ਬਾਜਰੇ ਦੇ ਬੀਜਾਂ ਦੀਆਂ ਕਿਸਮਾਂ ਪ੍ਰਮੁੱਖ ਹਨ। ਉੱਨਤ ਬੀਜਾਂ ਕਾਰਨ ਪ੍ਰਤੀ ਏਕੜ ਪੈਦਾਵਾਰ ਵਿੱਚ ਕਾਫੀ ਵਾਧਾ ਹੋਇਆ। ਕਣਕ ਦੀਆਂ ਨਵੀਆਂ ਵਿਕਸਿਤ ਕਿਸਮਾਂ ਕੱਦ ਵਿੱਚ ਮਧਰੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਸਨ।ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਹੋਣ ਨਾਲ ਇਸ ਫ਼ਸਲ ਥੱਲੇ ਰਕਬਾ ਲਗਾਤਾਰ ਵਧਿਆ।
ਪ੍ਰਸ਼ਨ 3. ਹਰੇ ਇਨਕਲਾਬ ਕਾਰਨ ਪੰਜਾਬ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ ?
ਉੱਤਰ—ਹਰੇ ਇਨਕਲਾਬ ਕਾਰਨ ਪੰਜਾਬ ਦੇ ਵਿੱਚ ਅਨਾਜ ਉਤਪਾਦਨ ਵਿੱਚ ਕਾਫ਼ੀ ਵਾਧਾ ਹੋਇਆ। ਇਸ ਨਾਲ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ ‘ਤੇ ਕਈ ਤਬਦੀਲੀਆਂ ਆਈਆਂ। ਕਿਸਾਨ ਆਰਥਿਕ ਪੱਖ ਤੋਂ ਖੁਸ਼ਹਾਲ ਹੋਏ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਇਆ। ਜ਼ਿਆਦਾ ਜ਼ਮੀਨ ਵਾਲੇ ਵੱਡੇ ਜ਼ਿਮੀਂਦਾਰਾਂ ਨੂੰ ਮੁਕਾਬਲਤਨ ਵਧੇਰੇ ਆਰਥਿਕ ਲਾਭ ਹੋਣ ਕਾਰਨ, ਸਮਾਜਿਕ ਅਤੇ ਆਰਥਿਕ ਪਾੜਾ ਵਧਿਆ।ਖੇਤੀ ਅਧਾਰਿਤ ਉਦਯੋਗਾਂ ਵਿੱਚ ਤਰੱਕੀ ਹੋਈ ਪਰ ਖੇਤੀ ਮਜ਼ਦੂਰੀ ‘ਤੇ ਮਾੜਾ ਅਸਰ ਪਿਆ। ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੀ ਵਿਭਿੰਨਤਾ ਵਿੱਚ ਵੀ ਕਮੀ ਆਈ। ਖੇਤੀ ਪੈਦਾਵਾਰ ਦੇ ਵਧਣ ਦੀ ਦਰ ਵਿੱਚ ਕਮੀ ਅਤੇ ਖੇਤੀ ਲਾਗਤਾਂ ਦੇ ਮੁੱਲ ਵਧਣ ਕਾਰਨ ਕਿਸਾਨਾਂ ਦੀ ਖਾਲਸ ਆਮਦਨ ਵਿੱਚ ਵੀ ਕਮੀ ਆਈ।
ਪ੍ਰਸ਼ਨ 4. ਖੇਤੀ ਅਧਾਰਿਤ ਕਿੱਤੇ ਕੀ ਹੁੰਦੇ ਹਨ ਅਤੇ ਇਹ ਕਿਸਾਨਾਂ ਲਈ ਅਪਣਾਉਣੇ ਕਿਉਂ ਜ਼ਰੂਰੀ ਹਨ ?
ਉੱਤਰ-ਅਜਿਹੇ ਕਿੱਤੇ ਜਾਂ ਕੰਮ ਜਿਨ੍ਹਾਂ ਦੀ ਆਮਦਨ ਖੇਤੀ ਉੱਤੇ ਨਿਰਭਰ ਹੁੰਦੀ ਹੈ, ਉਨ੍ਹਾਂ ਨੂੰ ਖੇਤੀ ਅਧਾਰਿਤ ਕਿੱਤੇ ਆਖਿਆ ਜਾਂਦਾ ਹੈ। ਖੇਤੀ ਅਧਾਰਿਤ ਕਿੱਤੇ ਕਿਸਾਨਾਂ ਲਈ ਅਪਣਾਉਨ ਜ਼ਰੂਰੀ ਹਨ ਤਾਂ ਜੋ ਉਨ੍ਹਾਂ ਦੀ ਘਟ ਰਹੀ ਆਮਦਨ ਨੂੰ ਠੱਲ੍ਹ ਪਾਈ ਜਾ ਸਕੇ। ਖੇਤੀ ਜਿਣਸ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਅਧਾਰਿਤ ਖੇਤੀ ਉਦਯੋਗਾਂ ਨਾਲ ਕਿਸਾਨਾਂ ਦਾ ਸਿੱਧਾ ਸੰਪਰਕ ਵਧਾਇਆ ਜਾ ਰਿਹਾ ਹੈ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਹੋ ਸਕੇ। ਸਰਕਾਰ ਕਿਸਾਨਾਂ ਨੂੰ ਥੋੜ੍ਹੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਜਿਵੇਂ ਕਿ ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ। ਖੇਤੀ ਕਿੱਤੇ ਅਪਣਾਉਣ ਨਾਲ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਹੋਵੇਗਾ।
ਪ੍ਰਸ਼ਨ 5. ਪੰਜਾਬ ਵਿੱਚ ਸਦਾਬਹਾਰ, ਖੇਤੀ ਇਨਕਲਾਬ ਲਿਆਉਣ ਲਈ ਕੀ ਕੁਝ ਕਰਨਾ ਚਾਹੀਦਾ ਹੈ ?
ਉੱਤਰ- ਪੰਜਾਬ ਨੇ ਹਰੇ ਇਨਕਲਾਬ ਦੌਰਾਨ ਦੇਸ਼ ਦੇ ਅਨਾਜ ਭੰਡਾਰ ਵਿਚ ਭਰਪੂਰ ਯੋਗਦਾਨ ਪਾਇਆ । ਕਿਸਾਨਾਂ ਨੇ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਪੈ ਕੇ ਅਨਾਜ ਉਤਪਾਦਨ ਤਾਂ ਬਹੁਤ ਵਧਾਇਆ ਪਰ ਇਸ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਮਾੜੀ ਹੁੰਦੀ ਜਾ ਰਹੀ ਹੈ ਤੇ ਜ਼ਮੀਨਾਂ ਹੇਠਾਂ ਪਾਣੀ ਦਾ ਪੱਧਰ ਵੀ ਹੋਰ ਹੇਠਾਂ ਚਲਾ ਗਿਆ ਹੈ । ਹੁਣ ਸਮੇਂ ਦੀ ਮੰਗ ਹੈ ਕਿ ਗ਼ੈਰ ਅਨਾਜੀ ਫ਼ਸਲਾਂ ਦੀ ਕਾਸ਼ਤ ਵਲ ਧਿਆਨ ਦਿੱਤਾ ਜਾਵੇ । ਜਿਵੇਂ ਕਿ ਦਾਲਾਂ, ਤੇਲ ਬੀਜਾਂ, ਮੱਕੀ, ਨਰਮਾਂ, ਫ਼ਲ, ਸਬਜ਼ੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ । ਕਈ ਹੋਰ ਖੇਤੀ ਆਧਾਰਿਤ ਕਿੱਤੇ ਅਪਣਾਉਣ ਦੀ ਵੀ ਲੋੜ ਹੈ । ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ । ਇਸ ਲਈ ਸੁਬੇ ਨੂੰ ਖੁਸ਼ਹਾਲ ਕਰਨ ਲਈ ਸਦਾਬਹਾਰ ਇਨਕਲਾਬ ਲਿਆਉਣ ਦੀ ਲੋੜ ਹੈ । ਖੇਤੀ ਵਿਭਿੰਨਤਾ ਲਿਆਉਣ ਦੀ ਲੋੜ ਹੈ । ਘੱਟ ਪੂੰਜੀ ਵਾਲੇ ਖੇਤੀ ਆਧਾਰਿਤ ਧੰਦੇ ਅਪਣਾਉਣ ਦੀ ਲੋੜ ਹੈ ।