ਸ਼ਿਕਾਰੀ ਅਤੇ ਕਬੂਤਰ
ਇੱਕ ਸਮੇਂ ਦੀ ਗੱਲ ਹੈ ਕਿ ਇੱਕ ਸ਼ਿਕਾਰੀ ਜੰਗਲ ਵਿੱਚ ਰੋਜ਼ ਹੀ ਸ਼ਿਕਾਰ ਖੇਡਣ ਜਾਇਆ ਕਰੇ। ਉਸ ਨੂੰ ਕਦੀ ਸ਼ਿਕਾਰ ਹੱਥ ਲੱਗੇ ਤੇ ਕਦੀ ਨਾ। ਅਚਾਨਕ ਉਸ ਦੀ ਨਜ਼ਰ ਕਬੂਤਰਾਂ ਦੀ ਡਾਰ ‘ਤੇ ਪਈ। ਉਸ ਨੇ ਸੋਚਿਆ ਕਿ ਕਿਉਂ ਨਾ ਕੱਲ੍ਹ ਤੋਂ ਇਨ੍ਹਾਂ ਦਾ ਸ਼ਿਕਾਰ ਕਰਕੇ ਦੇਖਿਆ ਜਾਵੇ। ਉਨ੍ਹਾਂ ਸਮਿਆਂ ਵਿੱਚ ਸ਼ਿਕਾਰ ਦੇ ਬਹੁਤੇ ਸਾਧਨ ਨਹੀਂ ਸਨ। ਸ਼ਿਕਾਰੀ ਨੇ ਘਰ ਜਾ ਕੇ ਇੱਕ ਰੱਸੀਆਂ ਦਾ ਜਾਲ ਤਿਆਰ ਕੀਤਾ ਅਤੇ ਇੱਕ ਪੋਟਲੀ ਵਿੱਚ ਕੁਝ ਦਾਣੇ ਬੰਨ੍ਹ ਲਏ ਅਤੇ ਜੰਗਲ ਵੱਲ ਚਲਾ ਗਿਆ।
ਜੰਗਲ ਵਿੱਚ ਜਾ ਕੇ ਸ਼ਿਕਾਰੀ ਨੇ ਜਾਲ ਵਿਛਾਇਆ ਅਤੇ ਪੋਟਲੀ ਦੇ ਦਾਣੇ (ਚੋਗਾ) ਖਿਲਾਰ ਦਿੱਤੇ। ਫਿਰ ਉਸ ਨੇ ਜਾਲ ਨਾਲ ਇੱਕ ਲੰਮੀ ਰੱਸੀ ਬੰਨ੍ਹ ਲਈ ਅਤੇ ਆਪ ਲੁਕ ਕੇ ਝਾੜੀਆਂ ਵਿੱਚ ਬੈਠ ਗਿਆ। ਤੁਰੰਤ ਹੀ ਕਬੂਤਰਾਂ ਦੀ ਡਾਰ ਦੇ ਕੁਝ ਕਬੂਤਰ ਚੋਗਾ ਚੁਗਣ ਲਈ ਆ ਬੈਠੇ ਸ਼ਿਕਾਰੀ ਨੇ ਰੱਸੀ ਖਿੱਚ ਲਈ। ਉਹ ਵਿਚਾਰੇ ਜਾਲ ਵਿੱਚ ਫਸ ਗਏ ਤੇ ਫੜਫੜਾਉਣ ਲੱਗੇ। ਸਾਰਿਆਂ ਹੀ ਵਾਰੋ-ਵਾਰੀ ਜ਼ੋਰ ਲਾਇਆ ਪਰ ਕੋਈ ਵੀ ਕਬੂਤਰ ਜਾਲ ਵਿਚੋਂ ਬਾਹਰ ਨਾ ਨਿਕਲ ਸਕੇ। ਪਰ ਹੁਣ ਕੀ ਹੋ ਸਕਦਾ ਸੀ? ਸ਼ਿਕਾਰੀ ਨੇ ਸੋਚਿਆ ਕਿ ਹੁਣ ਕਬੂਤਰ ਕਿਤੇ ਨਹੀਂ ਜਾ ਸਕਦੇ ਇਸ ਲਈ ਉਸ ਨੇ ਰੱਸੀ ਢਿੱਲੀ ਛੱਡ ਦਿੱਤੀ।
ਉਹਨਾਂ ਕਬੂਤਰਾਂ ਵਿੱਚ ਇੱਕ ਬਜ਼ੁਰਗ ਕਬੂਤਰ ਵੀ ਸੀ ਜੋ ਕਿ ਉਨ੍ਹਾਂ ਦਾ ਨੇਤਾ ਸੀ। ਉਸ ਨੇ ਸਾਰਿਆਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੱਤੀ। ਉਸ ਨੇ ਥੋੜ੍ਹਾ ਸੋਚ-ਵਿਚਾਰ ਕਰਨ ਤੋਂ ਬਾਅਦ ਸਾਰਿਆਂ ਨੂੰ ਕਿਹਾ ਕਿ ਜੇਕਰ ਆਪਾਂ ਸਾਰੇ ਇਕੱਠੇ ਜ਼ੋਰ ਲਗਾਵਾਂਗੇ ਤਾਂ ਆਪਾਂ ਜਾਲ ਨੂੰ ਨਾਲ ਲੈ ਕੇ ਉੱਡ ਸਕਦੇ ਹਾਂ। ਸਾਰੇ ਕਬੂਤਰਾਂ ਨੇ ਆਪਣੇ ਨੇਤਾ ਦੀ ਗੱਲ ਮੰਨ ਕੇ ਇਕੱਠਿਆਂ ਜੋਰ ਲਗਾਕੇ ਉੱਡਣ ਦੀ ਕੋਸ਼ਿਸ਼ ਕੀਤੀ। ਹੁਣ ਸਾਰੇ ਕਬੂਤਰ ਜਾਲ ਸਮੇਤ ਅਸਮਾਨ ਵਿਚ ਉਡ ਗਏ ਅਤੇ ਸ਼ਿਕਾਰੀ ਵਿਚਾਰਾ ਹੱਕਾਬੱਕਾ ਹੋਇਆ ਦੇਖਦਾ ਰਹਿ ਗਿਆ।
ਕਾਫ਼ੀ ਦੇਰ ਉਡਣ ਤੋਂ ਬਾਅਦ ਉਹ ਇੱਕ ਅਜਿਹੀ ਥਾਂ ਤੇ ਪਹੁੰਚੇ ਜਿੱਥੇ ਉਨ੍ਹਾਂ ਦੇ ਨੇਤਾ ਦਾ ਪੁਰਾਣਾ ਮਿੱਤਰ ਚੂਹਾ ਰਹਿੰਦਾ ਸੀ। ਬਜ਼ੁਰਗ ਨੇਤਾ ਨੇ ਸਾਰੀ ਕਹਾਣੀ ਆਪਣੇ ਮਿੱਤਰ ਚੂਹੇ ਨੂੰ ਦੱਸੀ। ਚੂਹੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਬੂਤਰਾਂ ਦੇ ਜਾਲ ਨੂੰ ਮਿੰਟਾਂ-ਸਕਿੰਟਾਂ ਵਿੱਚ ਹੀ ਕੱਟ ਦਿੱਤਾ ਅਤੇ ਕਬੂਤਰ ਆਜ਼ਾਦ ਕਰ ਦਿੱਤੇ। ਹੁਣ ਸਾਰੇ ਕਬੂਤਰਾਂ ਨੇ ਚੂਹਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਅਗਲੀ ਉਡਾਰੀ ਲਈ ਚੱਲ ਪਏ।
ਸਿੱਖਿਆ :- ਏਕਤਾ ਵਿੱਚ ਬਲ ਹੈ ਜਾਂ ਸਾਨੂੰ ਮੁਸੀਬਤ ਵੇਲੇ ਘਬਰਾਉਣਾ ਨਹੀਂ ਚਾਹੀਦਾ।