ਪਾਠ 5 ਪਦਾਰਥਾਂ ਦਾ ਨਿਖੇੜਨ
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਸੋਚੋ ਅਤੇ ਉੱਤਰ ਦਿਓ —
ਪ੍ਰਸ਼ਨ 1. ਤੁਸੀਂ ਟਮਾਟਰਾਂ ਦੀ ਟੋਕਰੀ ਵਿੱਚੋਂ ਗਲੇ ਹੋਏ ਟਮਾਟਰ ਕਿਵੇਂ ਵੱਖ ਕਰੋਗੇ ?
ਉੱਤਰ-ਅਸੀਂ ਟਮਾਟਰਾਂ ਦੀ ਟੋਕਰੀ ਵਿੱਚੋਂ ਗਲੇ ਹੋਏ ਟਮਾਟਰ ਹੱਥ ਨਾਲ ਚੁਗ ਕੇ ਵੱਖ ਕਰਾਂਗੇ।
ਪ੍ਰਸ਼ਨ 2. ਤੁਸੀਂ ਇੱਕ ਟੋਕਰੀ ਵਿੱਚ ਰੱਖੇ ਕਾਲੇ ਅੰਗੂਰਾਂ ਨੂੰ ਹਰੇ ਅੰਗੂਰਾਂ ਤੋਂ ਕਿਵੇਂ ਅਲੱਗ ਕਰੋਗੇ ?
ਉੱਤਰ—ਅਸੀਂ ਇਕ ਟੋਕਰੀ ਵਿੱਚ ਰੱਖੇ ਕਾਲੇ ਅੰਗੂਰਾਂ ਨੂੰ ਹਰੇ ਅੰਗੂਰਾਂ ਤੋਂ ਹੱਥ ਨਾਲ ਚੁਗ ਕੇ ਅਲੱਗ ਕਰਾਂਗੇ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਛੱਟਣਾ ਅਤੇ ਉਡਾਉਣਾ ਵਿਧੀ ਵਿੱਚ ਹਵਾ ਦਾ ਕੀ ਕੰਮ ਹੈ ?
ਉੱਤਰ—ਛੱਟਣਾ ਅਤੇ ਉਡਾਉਣਾ ਵਿਧੀ ਦੁਆਰਾ ਕਿਸੇ ਮਿਸ਼ਰਨ ਦੇ ਹਲਕੇ ਅੰਸ਼ ਨੂੰ ਭਾਰੀ ਅੰਸ਼ ਤੋਂ ਵੱਖ ਕੀਤਾ ਜਾਂਦਾ ਹੈ। ਇਸ ਵਿਧੀ ਵਿੱਚ ਪੌਣ ਜਾਂ ਹਵਾ ਦੇ ਬੁੱਲੇ ਹਲਕੇ ਅੰਸ਼ ਨੂੰ ਉਡਾ ਕੇ ਦੂਰ ਲੈ ਜਾਂਦੇ ਹਨ ਅਤੇ ਭਾਰਾ ਅੰਸ਼ ਸਾਡੇ ਨੇੜੇ ਹੀ ਡਿੱਗ ਜਾਂਦਾ ਹੈ।
ਪ੍ਰਸ਼ਨ 2. ਕੀ ਤੁਸੀਂ ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਵੱਖ ਕਰ ਸਕਦੇ ਹੋ ?
ਉੱਤਰ—ਨਹੀਂ ; ਕਿਉਂਕਿ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਲਗਭਗ ਇੱਕੋ ਜਿੰਨੇ ਭਾਰੇ ਹਨ ਅਤੇ ਛੱਟਣਾ ਅਤੇ ਉਡਾਉਣਾ ਵਿਧੀ ਕਿਸੇ ਮਿਸ਼ਰਨ ਦੇ ਹਲਕੇ ਅਤੇ ਭਾਰੇ ਅੰਸ਼ਾਂ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਹੈ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਕੀ ਤੁਸੀਂ ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਕਰ ਸਕਦੇ ਹੋ ? ਕਿਉਂ ਅਤੇ ਕਿਉਂ ਨਹੀਂ ?
ਉੱਤਰ—ਨਹੀਂ ; ਕਿਉਂਕਿ ਛਾਣਨੀ ਦੀ ਵਰਤੋਂ ਕਰਕੇ ਅਸੀਂ ਕਿਸੇ ਮਿਸ਼ਰਨ ਦੇ ਆਕਾਰ ਵਿੱਚ ਛੋਟੇ ਅਤੇ ਵੱਡੇ ਅੰਸ਼ਾਂ ਨੂੰ ਵੱਖ ਕਰ ਸਕਦੇ ਹਾਂ ਪਰੰਤੂ ਨਮਕ ਅਤੇ ਆਟੇ ਦੋਹਾਂ ਦੇ ਕਣ ਬਰੀਕ ਅਤੇ ਲਗਭਗ ਇੱਕੋ ਆਕਾਰ ਦੇ ਹੁੰਦੇ ਹਨ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਤੁਹਾਨੂੰ ਇੱਕ ਬੀਕਰ ਵਿੱਚ ਚਾਕ ਪਾਊਡਰ ਅਤੇ ਪਾਣੀ ਦਾ ਘੋਲ ਦਿੱਤਾ ਗਿਆ ਹੈ। ਬੀਕਰ ਨੂੰ ਕੁਝ ਦੇਰ ਬਿਨਾਂ ਹਿਲਾਏ ਪਏ ਰਹਿਣ ਦਿਉ। ਤੁਸੀਂ ਕੀ ਵੇਖੋਗੇ ? ਇਹ ਨਿਖੇੜਨ ਦੀ ਕਿਹੜੀ ਵਿਧੀ ਹੈ ?
ਉੱਤਰ—ਜਦੋਂ ਅਸੀਂ ਚਾਕ ਪਾਊਡਰ ਅਤੇ ਪਾਣੀ ਦੇ ਘੋਲ ਨੂੰ ਕੁਝ ਦੇਰ ਬਿਨਾਂ ਹਿਲਾਏ ਪਿਆ ਰਹਿਣ ਦੇਵਾਂਗੇ ਤਾਂ ਅਸੀਂ ਵੇਖਾਂਗੇ ਕਿ ਚਾਕ ਪਾਉਡਰ ਦੇ ਭਾਰੇ ਕਣ ਬੀਕਰ ਵਿੱਚ ਹੇਠਾਂ ਬੈਠ ਜਾਣਗੇ ਅਤੇ ਪਾਣੀ ਇਸ ਉੱਪਰ ਇੱਕ ਤਹਿ ਬਣਾ ਲਵੇਗਾ। ਨਿਖੇੜਨ ਦੀ ਇਸ ਵਿਧੀ ਨੂੰ ਤੱਲਛੱਟਣ ਅਤੇ ਨਿਤਾਰਨ ਕਹਿੰਦੇ ਹਨ। ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਤੁਹਾਡੇ ਪਿਤਾ ਜੀ ਤੁਹਾਨੂੰ ਮਾਰਕੀਟ/ਬਾਜ਼ਾਰ ਵਿੱਚੋਂ ਤਾਜ਼ਾ ਸੰਤਰੇ ਦਾ ਰਸ ਲਿਆਉਣ ਲਈ ਆਖਦੇ ਹਨ। ਕੀ ਤੁਸੀਂ ਜੂਸ ਵਿੱਚੋਂ ਪਲਪ (ਫੋਕ) ਅਤੇ ਬੀਜ ਵੱਖ ਕਰਨ ਲਈ ਛਾਣਨੀ ਵਰਤਦਿਆਂ ਵੇਖਿਆ ਹੈ ? ਕਿਹੜੀ ਛਾਣਨੀ ਇਸ ਕੰਮ ਲਈ ਵਧੀਆ ਹੋਵੇਗੀ ? ਚਾਹ ਛਾਣਨ ਵਾਲੀ, ਫਿਲਟਰ ਪੇਪਰ, ਮਲਮਲ ਦਾ ਕੱਪੜਾ ਜਾਂ ਵੱਡੇ ਛੇਕਾਂ ਵਾਲੀ ਛਾਣਨੀ।
ਉੱਤਰ—ਜੂਸ ਵਿੱਚੋਂ ਪਲਪ (ਫੋਕ) ਅਤੇ ਬੀਜ ਵੱਖ ਕਰਨ ਲਈ ਮਲਮਲ ਦਾ ਕੱਪੜਾ ਵਧੀਆ ਹੋਵੇਗਾ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦੁੱਧ ਤੋਂ ਖੋਇਆ ਬਣਾਉਣ ਲਈ ਕਿਹੜੀ ਵਿਧੀ ਅਪਣਾਈ ਜਾਂਦੀ ਹੈ ?
ਉੱਤਰ—ਦੁੱਧ ਤੋਂ ਖੋਇਆ ਬਣਾਉਣ ਲਈ ਵਾਸ਼ਪਨ ਵਿਧੀ ਅਪਣਾਈ ਜਾਂਦੀ ਹੈ।
ਸੋਚੋ ਅਤੇ ਉੱਤਰ ਦਿਓ—
ਪ੍ਰਸ਼ਨ 1. ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ-ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਆਖਦੇ ਹਨ।
ਪ੍ਰਸ਼ਨ 2. ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ—ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ।
ਅਭਿਆਸ ਹੱਲ ਸਹਿਤ
1. ਖ਼ਾਲੀ ਥਾਵਾਂ ਭਰੋ—
(i) ਫਿਲਟਰਨ ਵਿਧੀ ਅਘੁਲਣਸ਼ੀਲ ਠੋਸ ਅੰਸ਼ਾਂ ਨੂੰ ਤਰਲ ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ।
(ii) ਚੌਲਾਂ ‘ਚੋਂ ਛੋਟੇ ਪੱਥਰ ਦੇ ਟੁਕੜਿਆਂ ਨੂੰ ਹੱਥ ਨਾਲ ਚੁਗਣਾ ਵਿਧੀ ਰਾਹੀਂ ਵੱਖ ਕੀਤਾ ਜਾ ਸਕਦਾ ਹੈ।
(iii) ਛਾਣ-ਭੂਰਾ ਆਟੇ ਤੋਂ ਛਾਣਨੀ ਦੁਆਰਾ ਅਲੱਗ ਕੀਤਾ ਜਾਂਦਾ ਹੈ।
(iv) ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ। .
(v) ਤੱਲਛੱਟ ਨੂੰ ਹਿਲਾਏ ਬਿਨਾਂ ਤਰਲ ਦੀ ਉੱਪਰਲੀ ਤਹਿ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਨਿਤਾਰਨਾ ਕਹਿੰਦੇ ਹਨ।
2. ਸਹੀ ਜਾਂ ਗ਼ਲਤ ਲਿਖੋ-
(i) ਛਾਣਨ ਵਿਧੀ ਵਿੱਚ ਮਿਸ਼ਰਨ ਦੇ ਅੰਸ਼ਾਂ ਦਾ ਆਕਾਰ ਵੱਖੋ-ਵੱਖਰਾ ਹੁੰਦਾ ਹੈ। (ਸਹੀ)
(ii) ਤਰਲਾਂ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ। (ਗ਼ਲਤ)
(iii) ਨਮਕ ਅਤੇ ਆਟੇ ਦੇ ਮਿਸ਼ਰਨ ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ। (ਗ਼ਲਤ)
(iv) ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਥਰੈਸ਼ਿੰਗ ਕਹਿੰਦੇ ਹਾਂ। (ਸਹੀ)
3. ਕਾਲਮ ‘ੳ’ ਅਤੇ ਕਾਲਮ ‘ਅ’ ਦਾ ਮਿਲਾਨ ਕਰੋ—
ਕਾਲਮ ‘ੳ’ ਕਾਲਮ ‘ਅ’
(ੳ) ਪਾਣੀ ਤੋਂ ਲੂਣ ਵੱਖ ਕਰਨਾ (iii) ਵਾਸ਼ਪਨ
(ਅ) ਭਾਰੇ ਕਣਾਂ ਦਾ ਹੇਠਾਂ ਬੈਠਣਾ (iv) ਤੱਲਛੱਟਣ
(ੲ) ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ (ii) ਉਡਾਉਣਾ
(ਸ) ਵਾਸ਼ਪਾਂ ਤੋਂ ਪਾਣੀ ਦਾ ਬਣਨਾ (i) ਸੰਘਣਨ
4. ਸਹੀ ਉੱਤਰ ਦੀ ਚੋਣ ਕਰੋ—
(i) ਹਵਾ ਦੁਆਰਾ ਮਿਸ਼ਰਨ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ :
(ੳ) ਹੱਥ ਨਾਲ ਚੁਗਣਾ (ਅ) ਥਰੈਸ਼ਿੰਗ
(ੲ) ਛਾਣਨਾ (ਸ) ਉਡਾਉਣਾ (ü)
(ii) ਬਰਫ਼ ਰੱਖੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦੇ ਬਣਨ ਦਾ ਕਾਰਨ ਹੈ
(ੳ) ਗਲਾਸ ਤੋਂ ਪਾਣੀ ਦਾ ਵਾਸ਼ਪਨ
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ (ü)
(ੲ) ਗਲਾਸ ਤੋਂ ਪਾਣੀ ਦਾ ਬਾਹਰ ਆਉਣਾ
(ਸ) ਵਾਯੂਮੰਡਲੀ ਜਲ ਵਾਸ਼ਪਾਂ ਦਾ ਵਾਸ਼ਪਨ
(iii) ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ, ਪੱਥਰ ਆਦਿ ਬਾਹਰ ਕੱਢਦੇ ਵੇਖਿਆ ਹੋਵੇਗਾ। ਇਹ ਕਿਹੜੀ ਵਿਧੀ ਹੋ ਸਕਦੀ ਹੈ ?
(ੳ) ਹੱਥ ਨਾਲ ਚੁਗਣਾ (ü) (ਅ) ਨਿਤਾਰਨਾ
(ੲ) ਵਾਸ਼ਪਨ (ਸ) ਤੱਲਛੱਟਣ
(iv) ਸਾਨੂੰ ਮਿਸ਼ਰਨ ਵਿੱਚੋਂ ਅੰਸ਼ਾਂ ਨੂੰ ਨਿਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ :
(ੳ) ਦੋ ਵੱਖ-ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ ਨਿਖੇੜਿਆ ਜਾ ਸਕੇ
(ਅ) ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ
(ੲ) ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ
(ਸ) ਸਾਰੇ ਹੀ। (ü)
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ—
ਪ੍ਰਸ਼ਨ 1. ਤੱਲਛੱਟਣ ਨੂੰ ਪਰਿਭਾਸ਼ਿਤ ਕਰੋ।
ਉੱਤਰ—ਕਿਸੇ ਤਰਲ ਵਿੱਚ ਮੌਜੂਦ ਅਘੁਲਣਸ਼ੀਲ ਭਾਰੇ ਠੋਸ ਕਣਾਂ ਦੇ ਤਰਲ ਵਿੱਚ ਹੇਠਾਂ ਬੈਠ ਜਾਣ ਦੀ ਪ੍ਰਕਿਰਿਆ ਨੂੰ ਤੱਲਛੱਟਣ ਕਹਿੰਦੇ ਹਨ।
ਪ੍ਰਸ਼ਨ 2. ਵਾਸ਼ਪਨ ਤੋਂ ਕੀ ਭਾਵ ਹੈ ?
ਉੱਤਰ—ਕਿਸੇ ਤਰਲ ਦੇ ਵਾਸ਼ਪ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ।
ਪ੍ਰਸ਼ਨ 3. ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-ਕੰਬਾਈਨ ਮਸ਼ੀਨ ਕਟਾਈ ਅਤੇ ਗਹਾਈ ਦੋਹਾਂ ਕੰਮਾਂ ਲਈ ਵਰਤੀ ਜਾਂਦੀ
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ–
ਪ੍ਰਸ਼ਨ 1. ਵਾਸ਼ਪਨ ਅਤੇ ਸੰਘਣਨ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ- ਵਾਸ਼ਪਨ- ਕਿਸੇ ਤਰਲ ਦੇ ਵਾਸ਼ਪ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ।
ਸੰਘਣਨ- ਕਿਸੇ ਤਰਲ ਦੇ ਵਾਸ਼ਪਾਂ ਤੋਂ ਉਸਦੀ ਤਰਲ ਅਵਸਥਾ ਵਿੱਚ ਪਰਿਵਰਤਿਤ ਹੋਣ ਦੀ ਪ੍ਰਕਿਰਿਆ ਨੂੰ ਸੰਘਣਨ ਕਹਿੰਦੇ ਹਨ।
ਪ੍ਰਸ਼ਨ 2. ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪਸ਼ਟ ਕਰੋ।
ਉੱਤਰ—ਸੰਤ੍ਰਿਪਤ ਘੋਲ -ਉਹ ਘੋਲ ਜਿਸ ਵਿੱਚ ਘੁਲਿਤ ਜਿਵੇਂ ਕਿ ਨਮਕ, ਚੀਨੀ ਆਦਿ ਦਿੱਤੇ ਹੋਏ ਘੋਲ ਵਿੱਚ ਹੋਰ ਜ਼ਿਆਦਾ ਨਾ ਘੁਲ
ਸਕੇ, ਘੋਲਕ ਅਤੇ ਘੁਲਿਤ ਦਾ ਸੰਤ੍ਰਿਪਤ ਘੋਲ ਅਖਵਾਉਂਦਾ ਹੈ।
ਅਸੰਤ੍ਰਿਪਤ ਘੋਲ—ਉਹ ਘੋਲ ਜਿਸ ਵਿੱਚ ਘੁਲਿਤ ਜਿਵੇਂ ਕਿ ਨਮਕ, ਚੀਨੀ ਆਦਿ, ਦਿੱਤੇ ਹੋਏ ਘੋਲ ਵਿੱਚ ਹੋਰ ਘੁਲ ਸਕਦੇ ਹੋਣ, ਘੋਲਕ ਅਤੇ ਘੁਲਿਤ ਦਾ ਅਸੰਤ੍ਰਿਪਤ ਘੋਲ ਅਖਵਾਉਂਦਾ ਹੈ।
ਪ੍ਰਸ਼ਨ 3. ਥਰੈਸ਼ਿੰਗ ਦੀਆਂ ਕਿਸਮਾਂ ਦੱਸੋ।
ਉੱਤਰ—ਫ਼ਸਲ ਦੀਆਂ ਸੁੱਕੀਆਂ ਹੋਈਆਂ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਨੂੰ ਥਰੈਸ਼ਿੰਗ (ਗਹਾਈ) ਕਹਿੰਦੇ ਹਨ। ਗਹਾਈ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਅਰਥਾਤ ਇਹ ਹੇਠ ਲਿਖੀਆਂ ਤਿੰਨ ਕਿਸਮਾਂ ਦੀ ਹੁੰਦੀ ਹੈ :
(ੳ) ਮਨੁੱਖਾਂ ਦੁਆਰਾ—ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ’ਤੇ ਜਾਂ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਦਾਣਿਆਂ ਨੂੰ ਵੱਖ ਕੀਤਾ ਜਾਂਦਾ ਹੈ।
(ਅ) ਜਾਨਵਰਾਂ ਦੁਆਰਾ ਗਹਾਈ —ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਇਹਨਾਂ ਤੋਂ ਦਾਣੇ ਵੱਖ ਹੋ ਜਾਣ।
(ੲ) ਮਸ਼ੀਨਾਂ ਦੁਆਰਾ ਗਹਾਈ —ਥਰੈਸ਼ਰਾਂ ਅਤੇ ਕੰਬਾਈਨਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ—
ਪ੍ਰਸ਼ਨ 1. ਹੇਠ ਲਿਖੇ ਨਿਖੇੜਨ ਦੇ ਢੰਗਾਂ ਦੀ ਵਿਆਖਿਆ ਕਰੋ—
(i) ਥਰੈਸ਼ਿੰਗ (ਗਹਾਈ) (ii) ਉਡਾਉਣਾ (iii) ਛਾਣਨ
ਉੱਤਰ—(i) ਥਰੈਸ਼ਿੰਗ (ਗਹਾਈ)—ਫ਼ਸਲ ਦੀਆਂ ਸੁੱਕੀਆਂ ਹੋਈਆਂ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਨੂੰ ਥਰੈਸ਼ਿੰਗ (ਗਹਾਈ) ਕਹਿੰਦੇ ਹਨ। ਇਹ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ । (ੳ) ਮਨੁੱਖਾਂ ਦੁਆਰਾ—ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ’ਤੇ ਜਾਂ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਦਾਣਿਆਂ ਨੂੰ ਵੱਖ ਕੀਤਾ ਜਾਂਦਾ ਹੈ।
(ਅ) ਜਾਨਵਰਾਂ ਦੁਆਰਾ ਗਹਾਈ —ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਇਹਨਾਂ ਤੋਂ ਦਾਣੇ ਵੱਖ ਹੋ ਜਾਣ।
(ੲ) ਮਸ਼ੀਨਾਂ ਦੁਆਰਾ ਗਹਾਈ —ਥਰੈਸ਼ਰਾਂ ਅਤੇ ਕੰਬਾਈਨਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ।
(ii) ਉਡਾਉਣਾ — ਕਿਸੇ ਮਿਸ਼ਰਨ ਦੇ ਭਾਰੀ ਅਤੇ ਹਲਕੇ ਅੰਸ਼ਾਂ ਨੂੰ ਪੌਣ ਜਾਂ ਹਵਾ ਦੇ ਬੁੱਲਿਆਂ ਦੁਆਰਾ ਅਲੱਗ ਕਰਨ ਦੀ ਵਿਧੀ ਨੂੰ ਉਡਾਉਣਾ ਕਹਿੰਦੇ ਹਨ। ਆਮ ਤੌਰ ‘ਤੇ ਕਿਸਾਨ ਇਸ ਵਿਧੀ ਦਾ ਉਪਯੋਗ ਹਲਕੇ ਤੂੜੀ ਦੇ ਕਣਾਂ ਨੂੰ ਭਾਰੇ ਅਨਾਜ ਦੇ ਦਾਣਿਆਂ ਤੋਂ ਅਲੱਗ ਕਰਨ ਲਈ ਕਰਦੇ ਹਨ।
ਇਸ ਢੰਗ ਵਿੱਚ ਤੂੜੀ ਮਿਲੇ ਕਣਕ ਦੇ ਦਾਣਿਆਂ ਨੂੰ ਕੁਝ ਉੱਚਾਈ ਤੋਂ ਹੇਠਾਂ ਡਿਗਾਇਆ ਜਾਂਦਾ ਹੈ ਜਦੋਂ ਕਿ ਹਵਾ ਚੱਲ ਰਹੀ ਹੁੰਦੀ ਹੈ। ਹਲਕੀ ਤੂੜੀ ਜਾਂ ਸੁੱਕੇ ਪੱਤਿਆਂ ਦਾ ਪਾਊਡਰ ਹਵਾ ਦੁਆਰਾ ਉੱਡ ਕੇ ਦੂਰ ਚਲੇ ਜਾਂਦੇ ਹਨ ਅਤੇ ਭਾਰੇ ਕਣਕ ਦੇ ਦਾਣੇ ਪਲੇਟਫਾਰਮ ਦੇ ਨੇੜੇ ਡਿੱਗ ਪੈਂਦੇ ਹਨ। ਅਲੱਗ ਹੋਈ ਤੂੜੀ ਨੂੰ ਪਸ਼ੂਆਂ ਦੇ ਚਾਰੇ ਸਮੇਤ ਕਈ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਸ ਵਿਧੀ ਨਾਲ ਭੰਡਾਰਿਤ ਕੀਤੇ ਦਾਣਿਆਂ ਤੋਂ ਤੂੜੀ ਅਤੇ ਫੱਕ ਵੀ ਵੱਖ ਕੀਤੀ ਜਾਂਦੀ ਹੈ।
(iii) ਛਾਣਨ —ਛਾਣਨ ਨਿਖੇੜਨ ਦੀ ਉਹ ਵਿਧੀ ਹੈ ਜਿਸ ਵਿੱਚ ਕਿਸੇ ਮਿਸ਼ਰਨ ਦੇ ਵੱਡੇ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸਦੀ ਵਿਆਖਿਆ ਕਰਨ ਲਈ, ਇੱਕ ਛਾਣਨੀ ਵਿੱਚ ਕੁਝ ਆਟਾ ਪਾਓ। ਇੱਕ ਪਲੇਟ ਦੇ ਉੱਪਰ ਛਾਣਨੀ ਨੂੰ ਹੌਲੀ-ਹੌਲੀ ਹਿਲਾਓ। ਤੁਸੀਂ ਦੇਖੋਗੇ ਕਿ ਆਟੇ ਦੇ ਛੋਟੇ ਕਣ ਛਾਣਨੀ ਦੇ ਛੇਕਾਂ ਵਿੱਚੋਂ ਨਿਕਲ ਕੇ ਪਲੇਟ ਵਿੱਚ ਇਕੱਠੇ ਹੋ ਜਾਂਦੇ ਹਨ ਜਦ ਕਿ ਆਟੇ ਵਿੱਚ ਮੌਜੂਦ ਛਾਣ-ਬੂਰਾ ਅਤੇ ਹੋਰ ਅਸ਼ੁੱਧੀਆਂ ਛਾਣਨੀ ਵਿੱਚ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਛਾਣ-ਬੂਰਾ ਆਟੇ ਤੋਂ ਅਲੱਗ ਹੋ ਜਾਂਦਾ ਹੈ।
ਪ੍ਰਸ਼ਨ 2. ਨਿਖੇੜਨ ਕੀ ਹੈ ? ਸਾਨੂੰ ਮਿਸ਼ਰਨ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ?
ਉੱਤਰ—ਨਿਖੇੜਨ (Separation)—ਕਿਸੇ ਮਿਸ਼ਰਨ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਨੂੰ ਨਿਖੇੜਨ ਕਹਿੰਦੇ ਹਨ।
ਕਿਸੇ ਮਿਸ਼ਰਨ ਦੇ ਅੰਸ਼ਾਂ ਨੂੰ ਨਿਖੇੜਨ ਦੀ ਜ਼ਰੂਰਤ ਨਿਮਨਲਿਖਤ ਕਾਰਨਾਂ ਕਰਕੇ ਹੁੰਦੀ ਹੈ : (i) ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ—ਉਦਾਹਰਨ ਦੇ ਤੌਰ ’ਤੇ ਅਸੀਂ ਚਾਵਲ, ਦਾਣੇ ਅਤੇ ਦਾਲਾਂ ਵਿੱਚੋਂ ਪੱਥਰ ਦੇ ਟੁਕੜੇ ਵੱਖ ਕਰਦੇ ਹਾਂ। ਨਦੀਆਂ ਅਤੇ ਝੀਲਾਂ ਦੇ ਪਾਣੀ ਵਿੱਚ ਅਸ਼ੁੱਧੀਆਂ ਅਤੇ ਕੀਟਾਣੂ ਹੁੰਦੇ ਹਨ। ਇਹ ਪਾਣੀ ਪੀਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ। ਇਸ ਲਈ ਇਹਨਾਂ ਅਸ਼ੁੱਧੀਆਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ।
(ii) ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ—ਕਿਸੇ ਮਿਸ਼ਰਨ ਵਿੱਚ ਕੁਝ ਪਦਾਰਥ ਦੂਜੇ ਪਦਾਰਥਾਂ ਨਾਲੋਂ ਜ਼ਿਆਦਾ ਉਪਯੋਗੀ ਹੁੰਦੇ ਹਨ। ਇਹਨਾਂ ਉਪਯੋਗੀ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਨ ਦੀ ਲੋੜ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਮੱਖਣ ਅਤੇ ਲੱਸੀ ਪ੍ਰਾਪਤ ਕਰਨ ਲਈ ਦਹੀ ਰਿੜਕਣਾ, ਪੈਟਰੋਲੀਅਮ ਵਿੱਚੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪੈਰਾਫਿਨ ਮੋਮ ਆਦਿ ਨੂੰ ਵੱਖ ਕਰਨਾ।