ਬੱਸ ਅੱਡੇ ਦਾ ਦ੍ਰਿਸ਼
ਬੱਸ ਅੱਡੇ ਦਾ ਦ੍ਰਿਸ਼ ਬਹੁਤ ਹੀ ਰੌਚਿਕ ਅਤੇ ਮਨੋਰੰਜਨ ਭਰਪੂਰ ਹੁੰਦਾ ਹੈ। ਇੱਥੇ ਹਮੇਸ਼ਾ ਹੀ ਚਹਿਲ-ਪਹਿਲ ਦਿਖਾਈ ਦਿੰਦੀ ਹੈ। ਇਹ ਉਹ ਥਾਂ ਹੁੰਦੀ ਹੈ ਜਿੱਥੇ ਸਵੇਰ ਤੋਂ ਦੇਰ ਰਾਤ ਤੱਕ ਹਮੇਸ਼ਾਂ ਹੀ ਰੌਣਕ ਰਹਿੰਦੀ ਹੈ। ਇੱਥੇ ਹਰ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲ ਜਾਂਦੇ ਹਨ ਗਰੀਬ-ਅਮੀਰ, ਬੱਚੇ-ਬਜ਼ੁਰਗ, ਮਰਦ- ਇਸਤਰੀਆਂ ਆਦਿ।
ਕੱਲ੍ਹ ਮੈਨੂੰ ਆਪਣੇ ਨਾਨਾ ਜੀ ਨੂੰ ਲੈਣ ਲਈ ਬੱਸ ਅੱਡੇ ਜਾਣਾ ਪਿਆ। ਉਹ ਪਟਿਆਲੇ ਤੋਂ ਆ ਰਹੇ ਸਨ। ਉਹਨਾਂ ਨੇ ਸਵੇਰੇ ਦਸ ਵਜੇ ਬੱਸ ਅੱਡੇ ਪਹੁੰਚਣਾ ਸੀ। ਮੈਂ ਬੱਸ ਅੱਡੇ ਤੇ ਲਗਭਗ ਸਾਢੇ ਨੌਂ ਵਜੇ ਪਹੁੰਚ ਗਿਆ। ਮੈਂ ਜਿਵੇਂ ਬੱਸ ਅੱਡੇ ਪਹੁੰਚਿਆਂ ਮੈਨੂੰ ਹਰ ਕੋਈ ਤੇਜ਼ੀ ਨਾਲ਼ ਇੱਧਰ-ਉੱਧਰ ਜਾਂਦਾ ਦਿਖਾਈ ਦਿੱਤਾ। ਬੱਸ ਅੱਡੇ ਵਿੱਚ ਬੱਸਾਂ ਲਗਾਤਾਰ ਆ-ਜਾ ਰਹੀਆਂ ਸਨ। ਬਹੁਤ ਸਾਰੀਆਂ ਬੱਸਾਂ, ਜਿਨ੍ਹਾਂ ਦੇ ਜਾਣ ਦਾ ਅਜੇ ਸਮਾਂ ਨਹੀਂ ਹੋਇਆ ਸੀ, ਆਪਣੇ-ਆਪਣੇ ਕਾਊਂਟਰਾਂ ਤੇ ਖੜ੍ਹੀਆਂ ਸਨ। ਸਵਾਰੀਆਂ ਬੈਚਾਂ ਤੇ ਬੈਠ ਕੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ। ਬੱਸ ਅੱਡੇ ਦੇ ਅੰਦਰ ਖਾਣ-ਪੀਣ ਵਾਲੀਆਂ ਚੀਜ਼ਾਂ, ਚਾਹ-ਪਾਣੀ, ਕਿਤਾਬਾਂ, ਅਖਬਾਰ, ਰਸਾਲੇ, ਪਾਪ-ਕੌਰਨ, ਖਿਡੌਣੇ, ਫਲ-ਫਰੂਟ, ਜੂਸ ਆਦਿ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ। ਕੁਝ ਲੋਕ ਚਾਹ ਪੀ ਰਹੇ ਸਨ, ਕੁਝ ਜੂਸ, ਕੁਝ ਖਾਣਾ ਖਾ ਰਹੇ ਸਨ, ਕੋਈ ਆਪਣੇ ਬੱਚਿਆਂ ਲਈ ਖਿਡੌਣੇ ਖਰੀਦ ਰਿਹਾ ਸੀ। ਬੱਸ ਅੱਡੇ ਤੇ ਮੈਨੂੰ ਹਰ ਕੋਈ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਹੋਇਆ ਜਾਪਿਆ। ਮੈਂ ਉੱਥੇ ਬਹੁਤ ਸਾਰੇ ਵਿਦਿਆਰਥੀ ਵੀ ਦੇਖੇ। ਉਹ ਵੀ ਆਪਣੀ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ। ਬੱਸਾਂ ਦੇ ਡਰਾਈਵਰ ਲਗਾਤਾਰ ਹਾਰਨ ਵਜਾ ਰਹੇ ਸਨ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਉਹ ਸਵਾਰੀਆਂ ਨੂੰ ਆਪਣੇ ਵੱਲ ਬੁਲਾਉਂਦੇ ਹੋਣ।
ਬੱਸ ਅੱਡੇ ਦੇ ਬਾਹਰ ਆਟੋ-ਰਿਕਸ਼ੇ ਵਾਲੇ, ਰਿਕਸ਼ੇ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਸੀ। ਉੱਥੇ ਸਵਾਰੀਆਂ ਦੀ ਉਡੀਕ ਕਰਨ ਲਈ ਮੁਸਾਫ਼ਿਰ-ਖ਼ਾਨਾ ਵੀ ਬਣਿਆ ਹੋਇਆ ਸੀ। ਕੰਡਕਟਰ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਸਵਾਰੀਆਂ ਨੂੰ ਆਪਣੇ ਵੱਲ ਬੁਲਾ ਰਹੇ ਸਨ । ਹੁਣ ਮੇਰੇ ਨਾਨਾ ਜੀ ਦੀ ਬੱਸ ਵੀ ਅੱਡੇ ਤੇ ਪਹੁੰਚ ਚੁੱਕੀ ਸੀ। ਮੈਂ ਉਨ੍ਹਾਂ ਨੂੰ ਆਪਣੇ ਨਾਲ ਲਿਆ ਅਤੇ ਅਸੀਂ ਦੋਵੇਂ ਘਰ ਵੱਲ ਚੱਲ ਪਏ।