ਸੋਨੇ ਦਾ ਆਂਡਾ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ
ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀਂ ਕੋਲ਼ ਇੱਕ ਬੜੀ ਅਨੌਖੀ ਮੁਰਗੀ ਸੀ । ਮੁਰਗੀ ਹਰ ਰੋਜ਼ ਇੱਕ ਸੋਨੇ ਦਾ ਆਂਡਾ ਦਿੰਦੀ ਸੀ । ਉਹ ਆਦਮੀ ਉਨ੍ਹਾਂ ਆਂਡਿਆਂ ਨੂੰ ਵੇਚ ਕੇ ਕੁਝ ਹੀ ਦਿਨਾਂ ਵਿਚ ਆਪਣੇ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ । ਉਹ ਬਹੁਤ ਲਾਲਚੀ ਆਦਮੀ ਸੀ । ਹੁਣ ਉਹ ਮੁਰਗੀ ਦੇ ਇੱਕ ਸੋਨੇ ਦੇ ਆਂਡੇ ਨਾਲ਼ ਸੰਤੁਸ਼ਟ ਨਹੀਂ ਹੁੰਦਾ ਸੀ । ਉਹ ਹਰ ਸਮੇਂ ਹੋਰ ਅਮੀਰ ਹੋਣ ਬਾਰੇ ਸੋਚਦਾ ਰਹਿੰਦਾ । ਅਨਪੜ੍ਹ ਤੇ ਮੂਰਖ ਹੋਣ ਕਾਰਨ, ਉਹ ਅਮੀਰ ਹੋਣ ਦੇ ਢੰਗ-ਤਰੀਕਿਆਂ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ।
ਇੱਕ ਦਿਨ ਉਸ ਦੇ ਮਨ ਵਿਚ ਇਕ ਅਜੀਬ ਜਿਹਾ ਵਿਚਾਰ ਆਇਆ । ਉਸ ਨੇ ਸੋਚਿਆ ਕਿ ਕਿਉਂ ਨਾ ਮੁਰਗ਼ੀ ਦੇ ਢਿੱਡ ਵਿੱਚੋਂ ਸਾਰੇ ਆਂਡੇ ਇੱਕੋ ਵਾਰ ਕੱਢ ਲਏ ਜਾਣ । ਇਸ ਤਰ੍ਹਾਂ ਕਰਨ ਨਾਲ਼ ਉਹ ਇਕੋ ਦਿਨ ਵਿੱਚ ਹੀ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣ ਜਾਵੇਗਾ । ਇਸੇ ਕਰਕੇ ਉਸਨੇ ਇਕ ਚਾਕੂ ਲਿਆ ਅਤੇ ਮੁਰਗੀ ਦੇ ਮਗਰ ਦੌੜਿਆ । ਜਲਦੀ ਹੀ ਮੁਰਗੀ ਉਸ ਦੇ ਹੱਥ ਆ ਗਈ । ਉਸ ਨੇ ਚਾਕੂ ਨਾਲ਼ ਇਕਦਮ ਉਸ ਦਾ ਢਿੱਡ ਪਾੜ ਦਿੱਤਾ । ਉਸ ਨੂੰ ਮੁਰਗੀ ਦੇ ਢਿੱਡ ਵਿੱਚੋਂ ਖ਼ੂਨ ਤੋਂ ਬਿਨਾਂ ਹੋਰ ਕੁਝ ਨਾ ਮਿਲਿਆ ਅਤੇ ਨਾਲ਼ ਹੀ ਮੁਰਗੀ ਵੀ ਮਰ ਗਈ । ਇਸ ਤਰ੍ਹਾਂ ਉਹ ਆਪਣੀ ਮੂਰਖਤਾ ਕਰਕੇ ਹਰ ਰੋਜ਼ ਸੋਨੇ ਦਾ ਆਂਡਾ ਦੇਣ ਵਾਲ਼ੀ ਮੁਰਗੀ ਤੋਂ ਸਦਾ ਲਈ ਹੱਥ ਧੋ ਬੈਠਿਆ ।
ਸਿੱਖਿਆ : ਲਾਲਚ ਬੁਰੀ ਬਲਾ ਹੈ ।