ਪਾਠ-17 ਝੀਲ, ਪਸ਼ੂ-ਪੰਛੀ ਅਤੇ ਬੱਚੇ (ਲੇਖਕ- ਬੀਬੀ ਸੁਖਵੰਤ ਮਾਨ)
1.ਪ੍ਰਸ਼ਨ/ਉੱਤਰ
ਪ੍ਰਸਨ ੳ. ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ?
ਉੱਤਰ : ਬੱਚੇ ਝੀਲ ਉੱਤੇ ਜਾ ਕੇ ਨਿੱਕੀਆਂ-ਨਿੱਕੀਆਂ ਬੇੜੀਆਂ ਵਿੱਚ ਬੈਠ ਕੇ ਚੱਪੂ ਚਲਾਉਂਦੇ ਤੇ ਪਾਣੀ ਨਾਲ਼ ਅਠਖੇਲੀਆਂ ਕਰਦੇ ਸਨ।
ਪ੍ਰਸਨ ਅ. ਬੱਚਿਆਂ ਨੇ ਝੀਲ ‘ਤੇ ਜਾ ਕੇ ਕੀ ਦੇਖਿਆ ਤੇ ਉਦਾਸ ਹੋ ਕੇ ਝੀਲ ਤੋਂ ਕੀ ਪੁੱਛਿਆ?
ਉੱਤਰ : ਬੱਚਿਆਂ ਨੇ ਦੇਖਿਆ ਕਿ ਪਾਣੀ ਦੀ ਘਾਟ ਕਾਰਨ ਝੀਲ ਮਰ ਰਹੀ ਸੀ। ਹੁਣ ਉੱਥੇ ਨਾ ਪੰਛੀ ਆਉਂਦੇ ਸਨ ਤੇ ਨਾ ਹੀ ਕਿਸ਼ਤੀਆਂ ਚੱਲਦੀਆਂ ਸਨ। ਉਨ੍ਹਾਂ ਉਦਾਸ ਹੋ ਕੇ ਝੀਲ ਤੋਂ ਪੁੱਛਿਆ ਕਿ ਉਸ ਦੇ ਸੋਹਣੇ ਪੰਛੀ ਤੇ ਠੰਢਾ ਪਾਣੀ ਕਿੱਥੇ ਗਿਆ ਹੈ।
ਪ੍ਰਸਨ ੲ. ਝੀਲ ਨੇ ਬੱਚਿਆਂ ਨੂੰ ਕੀ ਜਵਾਬ ਦਿੱਤਾ?
ਉੱਤਰ : ਝੀਲ ਨੇ ਬੱਚਿਆਂ ਨੂੰ ਜਵਾਬ ਦਿੱਤਾ ਕਿ ਮਨੁੱਖ ਦੁਆਰਾ ਰੁੱਖ ਵੱਢਣ ਕਰ ਕੇ ਪਰਬਤ ਰੁੱਸ ਗਏ ਹਨ ਤੇ ਉਸ ਨੂੰ ਪਾਣੀ ਨਹੀਂ ਦਿੰਦੇ। ਉਸ ਦਾ ਪਾਣੀ ਸੁੱਕਣ ਕਰਕੇ ਪੰਛੀ ਉੱਡ ਗਏ।
ਪ੍ਰਸਨ ਸ. ਜਦੋਂ ਬੱਚੇ ਪਰਬਤ ਵੱਲ ਤੁਰੇ, ਤਾਂ ਉਨ੍ਹਾਂ ਨੂੰ ਕਿਹੜੇ-ਕਿਹੜੇ ਪੰਛੀ ਤੇ ਜਾਨਵਰ ਮਿਲ਼ੇ?
ਉੱਤਰ : ਪਰਬਤ ਵੱਲ ਜਾਂਦੇ ਬੱਚਿਆਂ ਨੂੰ ਚਿੜੀਆਂ, ਕਾਂ, ਘੁੱਗੀਆਂ, ਕਬੂਤਰ, ਹਿਰਨ, ਸਾਂਬਰ, ਬਘਿਆੜ ਅਤੇ ਰਿੱਛ ਆਦਿ ਪੰਛੀ ਤੇ ਜਾਨਵਰ ਮਿਲ਼ੇ।
ਪ੍ਰਸਨ ਹ. ਮਨੁੱਖ ਨੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਤੋਂ ਕਿਸ ਗੱਲ ਲਈ ਮਾਫ਼ੀ ਮੰਗੀ ਸੀ?
ਉੱਤਰ : ਮਨੁੱਖ ਨੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਤੋਂ ਰੁੱਖ ਵੱਢਣ ਦੀ ਮਾਫ਼ੀ ਮੰਗੀ ਸੀ।
ਪ੍ਰਸ਼ਨ ਕ. ਪੰਛੀਆਂ ਤੇ ਜਾਨਵਰਾਂ ਨੇ ਮਨੁੱਖ ਦੀ ਮਦਦ ਕਿਸ ਰੂਪ ਵਿਚ ਕੀਤੀ?
ਉੱਤਰ : ਮਨੁੱਖ ਨੇ ਬੂਟੇ ਬੀਜੇ ਤਾਂ ਪੰਛੀਆਂ ਨੇ ਉਨ੍ਹਾਂ ਨੂੰ ਆਪਣੀਆਂ ਚੁੰਝਾਂ ਵਿੱਚ ਪਾਣੀ ਲਿਆ ਕੇ ਪਾਇਆ ਤੇ ਜਾਨਵਰਾਂ ਨੇ ਉਨ੍ਹਾਂ ਦੀ ਰਾਖੀ ਕੀਤੀ।
ਪ੍ਰਸ਼ਨ ਖ. ਧਰਤੀ ਉੱਤੇ ਰੁੱਖ-ਬੂਟੇ, ਬੀਜਣ ਤੋਂ ਬਾਅਦ ਕੀ ਵਾਪਰਿਆ?
ਉੱਤਰ : ਧਰਤੀ ਉੱਤੇ ਰੁੱਖ-ਬੂਟੇ ਬੀਜਣ ਤੋਂ ਬਾਅਦ ਬੱਦਲ਼ ਉਨ੍ਹਾਂ ਨੂੰ ਪਾਣੀ ਦੇਣ ਲਈ ਆ ਗਿਆ। ਝੀਲ ਪਾਣੀ ਨਾਲ਼ ਭਰ ਗਈ। ਬੱਚੇ ਉੱਥੇ ਆ ਕੇ ਹੱਸਦੇ-ਖੇਡਦੇ ਤੇ ਕਿਸ਼ਤੀਆਂ ਚਲਾਉਂਦੇ। ਹਰਿਆਲੀ ਹੋਣ ਨਾਲ਼ ਪੰਛੀਆਂ ਨੇ ਰੁੱਖਾਂ ਉੱਤੇ ਆਲ੍ਹਣੇ ਪਾ ਗੀਤ ਗਾਉਣੇ ਸ਼ੁਰੂ ਕਰ ਦਿੱਤੇ।
2.ਖਾਲੀ ਥਾਂਵਾਂ ਭਰੋ
1) ਇੱਕ ਦਿਨ ਬੱਚਿਆਂ ਨੇ ਦੇਖਿਆ ਕਿ ਝੀਲ ਮਰ ਰਹੀ ਸੀ।
2) ਹੁਣ ਪੰਛੀ ਵੀ ਉੱਥੇ ਨਾ ਆਉਂਦੇ। ਨਾ ਹੀ ਉਸ ਵਿਚ ਕਿਸ਼ਤੀਆਂ ਚੱਲਦੀਆਂ।
3) ਬੱਚੇ ਪਰਬਤ ਵੱਲ ਨੂੰ ਤੁਰ ਪਏ।
4) ਪਹਾੜ, ਪਹਾੜ! ਤੇਰੇ ਰੁੱਖ ਕੀਹਨੇ ਵੱਢ ਲਏ?
5) ਮੈਨੂੰ ਬਖਸ਼ ਦਿਓ। ਗ਼ਲਤੀ ਮੇਰੀ ਹੈ। ਮੈਂ ਸਾਰੇ ਰੁੱਖ ਵੱਢ ਲਏ।
3.ਔਖੇ ਸ਼ਬਦਾਂ ਦੇ ਅਰਥ:
ਅਠਖੇਲੀਆਂ ਮਸਤੀ ਭਰੀ ਚਾਲ,ਮਸਤਾਨੀ ਚਾਲ
ਅਕ੍ਰਿਤਘਣ ਜੋ ਕੀਤਾ ਨਾ ਜਾਣੇ, ਕੀਤੇ ਉਪਕਾਰ ਨੂੰ ਭੁੱਲ ਜਾਣਾ
ਪਹਾੜ ਪਰਬਤ
ਨੀਰ ਪਾਣੀ, ਜਲ
ਗਦ-ਗਦ ਹੋਣਾ ਖ਼ੁਸ਼ ਹੋਣਾ
ਵਿਆਕਰਨ
ਅਗੇਤਰ : ਉਹ ਸ਼ਬਦ ਜੋ ਦੂਜੇ ਸ਼ਬਦਾਂ ਦੇ ਅੱਗੇ ਜੁੜ ਕੇ ਉਹਨਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪਾ ਦਿੰਦੇ ਹਨ, ਅਗੇਤਰ ਕਹਾਉਂਦੇ ਹਨ; ਜਿਵੇਂ :- ਬੇਮੁਖ, ਅਣਥੱਕ, ਪਰਉਪਕਾਰ, ਅਡੋਲ ਆਦਿ।