ਕਿਸੇ ਇਤਿਹਾਸਕ ਸਥਾਨ ਦੀ ਯਾਤਰਾ
ਵਿਦਿਆਰਥੀ ਜੀਵਨ ਵਿੱਚ ਇਤਿਹਾਸਕ ਸਥਾਨ ਦੀ ਯਾਤਰਾ ਕਰਨੀ ਬਹੁਤ ਲਾਭਦਾਇਕ ਹੁੰਦੀ ਹੈ। ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹੱਲ ਵੇਖਣ ਦਾ ਪ੍ਰੋਗਰਾਮ ਬਣਾਇਆ। ਮੈਂ ਕਈ ਦਿਨ ਪਹਿਲਾਂ ਹੀ ਸਫਰ ਲਈ ਜ਼ਰੂਰੀ ਵਸਤੂਆਂ ਤਿਆਰ ਕਰ ਲਈਆਂ। ਅਸੀਂ ਲੁਧਿਆਣਾ ਸਟੇਸ਼ਨ ਤੋਂ ਆਗਰੇ ਲਈ ਗੱਡੀ ਲਈ ਅਤੇ ਦਿੱਲੀ ਪੁੱਜ ਗਏ। ਦਿੱਲੀ ਪੁੱਜ ਕੇ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚ ਰਹੇ ਅਤੇ ਉੱਥੋਂ ਸਵੇਰ ਆਗਰਾ ਜਾਣ ਲਈ ਗੱਡੀ ਲਈ। ਆਗਰਾ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਇੱਕ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਅਤੇ ਫਿਰ ਖਾਣਾ ਖਾਧਾ। ਸ਼ਾਮ ਵੇਲੇ ਅਸੀਂ ਤਾਜ ਮਹੱਲ ਵੇਖਣ ਲਈ ਗਏ।
ਸਭ ਤੋਂ ਪਹਿਲਾਂ ਅਸੀਂ ਇੱਕ ਵੱਡੇ ਸਾਰੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ। ਸਾਨੂੰ ਸਾਹਮਣੇ ਤਾਜ ਮਹੱਲ ਦੀ ਸੁੰਦਰ ਇਮਾਰਤ ਨਜ਼ਰ ਆ ਰਹੀ ਸੀ। ਇਸ ਇਮਾਰਤ ਦਾ ਆਲਾ-ਦੁਆਲਾ ਬਹੁਤ ਖ਼ੂਬਸੂਰਤ ਹੈ। ਇਸ ਦੇ ਆਲੇ-ਦੁਆਲੇ ਇੱਕ ਬਾਗ਼ ਹੈ। ਬਾਗ਼ ਵਿੱਚ ਤਰ੍ਹਾਂ-ਤਰ੍ਹਾਂ ਦੇ ਖ਼ੂਬਸੂਰਤ, ਫੁੱਲਦਾਰ ਤੇ ਫ਼ਲਦਾਰ ਪੌਦੇ ਲੱਗੇ ਹੋਏ ਹਨ। ਇਸ ਬਾਗ ਵਿਚ ਉੱਚੀ ਦੇ ਥਾਂ ‘ਤੇ ਸੰਗਮਰਮਰ ਦਾ ਇੱਕ ਚਬੂਤਰਾ ਬਣਿਆ ਹੈ। ਇਸ ਚਬੂਤਰੇ ’ਤੇ ਤਾਜ ਮਹੱਲ ਖੜ੍ਹਾ ਹੈ। ਚਾਚਾ ਜੀ ਨੇ ਦੱਸਿਆ ਕਿ ਇਹ ਮਕਬਰਾ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਮਹੱਲ ਦੀ ਯਾਦ ਵਿੱਚ ਬਣਵਾਇਆ ਸੀ। ਇਹ ਇਮਾਰਤ ਕੀਮਤੀ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ। ਇਸ ਦੀ ਉਸਾਰੀ ਲਈ 20 ਹਜ਼ਾਰ ਮਜ਼ਦੂਰ ਲਗਾਏ ਗਏ ਸਨ।
ਫਿਰ ਅਸੀਂ ਸ਼ਾਹਜਹਾਨ ਅਤੇ ਮੁਮਤਾਜ਼ ਦੀਆਂ ਕਬਰਾਂ ਵੇਖੀਆਂ। ਤਾਜ ਮਹੱਲ ਦੀਆਂ ਕੰਧਾਂ ਉੱਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। ਇਹ ਇਮਾਰਤ ਸੁੰਦਰਤਾ ਪੱਖੋਂ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਪ੍ਰਸਿੱਧ ਥਾਂ ਹੈ। ਅਗਲੇ ਦਿਨ ਅਸੀਂ ਆਗਰੇ ਦੀਆਂ ਕੁਝ ਹੋਰ ਥਾਵਾਂ ਵੇਖੀਆਂ। ਕਈ ਦਿਨ ਇਸ ਯਾਤਰਾ ਦਾ ਪ੍ਰਭਾਵ ਮਨ ਨੂੰ ਖੁਸ਼ੀ ਦਿੰਦਾ ਰਿਹਾ ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ, ਪੰਜਾਬੀ ਮਾਸਟਰ, 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com