ਪੰਦਰਾਂ ਅਗਸਤ
ਕੋਈ ਵਿਅਕਤੀ ਉਦੋਂ ਹੀ ਸੁਤੰਤਰਤਾ ਦਾ ਆਨੰਦ ਮਾਣ ਸਕਦਾ ਹੈ ਜਦੋਂ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ। ਭਾਰਤ ਬਹੁਤ ਲੰਮਾ ਸਮਾਂ ਵਿਦੇਸ਼ੀਆਂ ਦਾ ਗ਼ੁਲਾਮ ਰਿਹਾ ਹੈ। ਜਦੋਂ ਪਠਾਣਾਂ ਤੇ ਮੁਗ਼ਲਾਂ ਨੇ ਭਾਰਤ ਤੇ ਕਬਜ਼ਾ ਕੀਤਾ ਤਾਂ ਰਾਣਾ ਪ੍ਰਤਾਪ, ਸ਼ਿਵਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ। ਫਿਰ ਅੰਗਰੇਜ਼ਾਂ ਨੇ ਭਾਰਤ ਨੂੰ ਗ਼ੁਲਾਮ ਬਣਾ ਲਿਆ। ਅੰਗਰੇਜ਼ਾਂ ਵਿਰੁੱਧ ਅਜ਼ਾਦੀ ਲਈ ਕਰਤਾਰ ਸਿੰਘ ਸਰਾਭਾ, ਸ. ਅਜੀਤ ਸਿੰਘ, ਗੰਗਾਧਰ ਤਿਲਕ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਦੇਸ ਭਗਤ ਅੱਗੇ ਹੋ ਕੇ ਲੜੇ। ਅੰਤ ਦੇਸ-ਭਗਤਾਂ ਦੀਆਂ ਕੁਰਬਾਨੀਆਂ ਕਾਰਨ 15 ਅਗਸਤ, 1947 ਈ. ਨੂੰ ਭਾਰਤ ਅਜ਼ਾਦ ਹੋ ਗਿਆ।
15 ਅਗਸਤ ਦਾ ਦਿਨ ਸਮੁੱਚੇ ਭਾਰਤ-ਵਾਸੀਆਂ ਲਈ ਗੌਰਵ ਭਰਿਆ ਦਿਨ ਹੈ। ਹਰ ਸਾਲ ਭਾਰਤ-ਵਾਸੀ ਇਸ ਦਿਨ ਨੂੰ ਇਕ ਤਿਉਹਾਰ ਵਾਂਗ ਮਨਾਉਂਦੇ ਹਨ। ਇਸ ਦਿਨ ਸਵੇਰੇ ਦੇਸ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਉੱਪਰ ਤਿਰੰਗਾ ਝੰਡਾ ਝੁਲਾਉਂਦੇ ਹਨ। ਉਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕੌਮ ਦੇ ਨਾਂ ਸੰਦੇਸ਼ ਪੜ੍ਹਦੇ ਹਨ। ਦੇਸ਼ ਦੀਆਂ ਸੈਨਾਵਾਂ ਪਰੇਡ ਕਰਦੀਆਂ ਹਨ ਤੇ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਕੂਲੀ ਬੱਚੇ ਵੀ ਪਰੇਡ ਕਰਦੇ ਤੇ ਝਾਕੀਆਂ ਕੱਢਦੇ ਹਨ। ਰਾਸ਼ਟਰੀ ਗਾਣ ਗਾਇਆ ਜਾਂਦਾ ਹੈ।। ਸਾਰੇ ਦੇਸ ਵਾਸੀ ਟੈਲੀਵੀਜ਼ਨ ਉੱਪਰ ਇਸ ਪ੍ਰੋਗਰਾਮ ਨੂੰ ਦੇਖਦੇ ਹਨ। ਦੇਸ ਦੀ ਰਾਜਧਾਨੀ ਤੋਂ ਇਲਾਵਾ ਦੇਸ ਭਰ ਵਿਚ ਭਿੰਨ-ਭਿੰਨ ਥਾਵਾਂ ਉੱਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਭਾਰਤੀਆਂ ਨੂੰ ਇਹ ਦਿਨ ਸੈਂਕੜੇ ਕੁਰਬਾਨੀਆਂ ਤੇ ਸ਼ਹੀਦੀਆਂ ਪਿੱਛੋਂ ਪ੍ਰਾਪਤ ਹੋਇਆ ਹੈ। ਸਾਡਾ ਕਰਤੱਵ ਹੈ ਕਿ ਅਸੀਂ ਭਾਰਤ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ ਤੇ ਧਨ ਕੁਰਬਾਨ ਕਰਨ ਲਈ ਤਿਆਰ ਰਹੀਏ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ, ਪੰਜਾਬੀ ਮਾਸਟਰ, 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com