ਦੁਸਹਿਰਾ
ਦੁਸਹਿਰਾ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ। ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਦੁਸਹਿਰੇ ਦਾ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ। ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿਚ ਰਾਤ ਨੂੰ ਸ਼ਹਿਰਾਂ ਵਿਚ ਥਾਂ – ਥਾਂ ਰਾਮ – ਲੀਲ੍ਹਾ ਹੁੰਦੀ ਹੈ। ਲੋਕ ਬੜੇ ਉਮਾਹ ਤੇ ਸ਼ਰਧਾ ਨਾਲ ਰਾਮ – ਲੀਲਾ ਵੇਖਣ ਜਾਂਦੇ ਹਨ। ਦਿਨ ਸਮੇਂ ਬਜ਼ਾਰਾਂ ਵਿਚ ਰਾਮ – ਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ।
ਦਸਵੀਂ ਵਾਲੇ ਦਿਨ ਕਿਸੇ ਖੁੱਲ੍ਹੇ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਕਾਗ਼ਜ਼ਾਂ ਤੇ ਬਾਂਸਾਂ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ। ਦੂਰ – ਨੇੜੇ ਦੇ ਲੋਕ ਰਾਵਣ ਦੇ ਸਾੜਨ ਦਾ ਦਿਸ਼ ਦੇਖਣ ਲਈ ਟੁੱਟ ਪੈਂਦੇ ਹਨ। ਲੋਕ ਪੰਡਾਲ ਵਿਚ ਚਲ ਰਹੀ ਆਤਸ਼ਬਾਜ਼ੀ ਤੇ ਠਾਹ ਠਾਹ ਚਲਦੇ ਪਟਾਕਿਆਂ ਦਾ ਆਨੰਦ ਲੈਂਦੇ ਹਨ। ਰਾਮ – ਲੀਲਾ ਦੀ ਅੰਤਮ ਝਾਕੀ ਪੇਸ਼ ਕੀਤੀ ਜਾਂਦੀ ਹੈ ਤੇ ਰਾਵਣ, ਸ੍ਰੀ ਰਾਮਚੰਦਰ ਹੱਥੋਂ ਮਾਰਿਆ ਜਾਂਦਾ ਹੈ। ਇਸ ਸਮੇਂ ਸੂਰਜ ਛਿਪਣ ਵਾਲਾ ਹੁੰਦਾ ਹੈ।
ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਸਮੇਂ ਲੋਕਾਂ ਵਿਚ ਹਫ਼ੜਾ – ਦਫੜੀ ਮਚ ਜਾਂਦੀ ਹੈ ਤੇ ਉਹ ਘਰਾਂ ਵਲ ਚਲ ਪੈਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧ – ਜਲੇ. ਬਾਂਸ ਵੀ ਚੁੱਕ ਕੇ ਨਾਲ ਲੈ ਜਾਂਦੇ ਹਨ। ਵਾਪਸੀ ’ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ ਤੇ ਮਨ – ਭਾਉਂਦੀਆਂ ਮਠਿਆਈਆਂ ਖ਼ਰੀਦ ਕੇ ਘਰਾਂ ਨੂੰ ਜਾਂਦੇ ਹਨ। ਫਿਰ ਰਾਤੀਂ ਖਾ – ਪੀ ਕੇ ਸੌਂਦੇ ਹਨ।
ਇਸ ਪ੍ਰਕਾਰ ਦੁਸਹਿਰਾ ਮਨ – ਪਰਚਾਵੇ ਦਾ ਇਕ ਤਿਉਹਾਰ ਹੈ। ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ।