ਪਾਠ 8 ਪੰਜਾਬ ਦੀਆਂ ਮੁੱਖ ਸਬਜ਼ੀਆਂ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਹਰ ਵਿਅਕਤੀ ਨੂੰ ਪ੍ਰਤੀ ਦਿਨ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-300 ਗ੍ਰਾਮ।
ਪ੍ਰਸ਼ਨ 2. ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ—ਲਗਪਗ ਦੋ ਲੱਖ ਹੈਕਟੇਅਰ ਰਕਬਾ।
ਪ੍ਰਸ਼ਨ 3 . ਦੋ ਗਰਮ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਦੱਸੋ
ਉੱਤਰ—ਭਿੰਡੀ, ਮਿਰਚ।
ਪ੍ਰਸ਼ਨ 4 . ਇੱਕ ਏਕੜ ਆਲੂ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ-8-12 ਕੁਇੰਟਲ ਪ੍ਰਤੀ ਏਕੜ।
ਪ੍ਰਸ਼ਨ 5 . ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ
ਉੱਤਰ–ਪੰਜਾਬ ਤੇਜ਼ ਅਤੇ ਪੰਜਾਬ ਸੁਰਖ
ਪ੍ਰਸ਼ਨ 6 . ਟਮਾਟਰ ਦੀ ਬੀਜਾਈ ਕਿਹੜੇ ਮਹੀਨੇ ਵਿੱਚ ਹੁੰਦੀ ਹੈ ?
ਉੱਤਰ-ਨਵੰਬਰ ਦੇ ਮਹੀਨੇ।
ਪ੍ਰਸ਼ਨ 7. ਭਿੰਡੀ ਦਾ ਔਸਤ ਝਾੜ ਪ੍ਰਤੀ ਏਕੜ ਲਿਖੋ।
ਉੱਤਰ— ਪ੍ਰਤੀ ਏਕੜ 50 ਕੁਇੰਟਲ
ਪ੍ਰਸ਼ਨ 8 . ਕੱਦੂ ਜਾਤੀ ਦੀਆਂ ਦੋ ਸਬਜ਼ੀਆਂ ਦੇ ਨਾਂ ਲਿਖੋ।
ਉੱਤਰ—ਖ਼ਰਬੂਜਾ, ਤਰਬੂਜ਼।
ਪ੍ਰਸ਼ਨ 9. ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ—ਮੂਲੀ, ਗਾਜਰ
ਪ੍ਰਸ਼ਨ 10. ਮਿਰਚ ਦੀ ਫ਼ਸਲ ਲਈ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ। ਉੱਤਰ-200 ਗ੍ਰਾਮ (ਇਕ ਏਕੜ ਦੀ ਪਨੀਰੀ ਲਈ)।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਸਬਜ਼ੀਆਂ ਨੂੰ ਸੁਰੱਖਿਅਤ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ-ਸਬਜ਼ੀਆਂ ਮਨੁੱਖੀ ਭੋਜਨ ਦਾ ਇੱਕ ਅਨਿਖੜਵਾਂ ਅੰਗ ਹਨ। ਸਬਜ਼ੀਆਂ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਆਦਿ ਹੋਣ ਕਰਕੇ ਇਹਨਾਂ ਨੂੰ ਸੁਰੱਖਿਅਤ ਭੋਜਨ ਵਜੋਂ ਵੀ ਜਾਣਿਆ ਜਾਂਦਾ ਹੈ।
ਪ੍ਰਸ਼ਨ 2. ਸਬਜ਼ੀਆਂ ਨੂੰ ਉਦਾਹਰਨਾਂ ਦੇ ਕੇ ਮੌਸਮ ਅਨੁਸਾਰ ਵੰਡੋ।
ਉੱਤਰ—ਮੌਸਮ ਅਨੁਸਾਰ ਸਬਜ਼ੀਆਂ ਨੂੰ ਮੁੱਢਲੇ ਤੌਰ ਤੇ ਹੇਠ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ :
1. ਗਰਮ ਰੁੱਤ ਵਾਲੀਆਂ ਸਬਜ਼ੀਆਂ—ਉਹ ਸਬਜ਼ੀਆਂ ਜਿਨ੍ਹਾਂ ਨੂੰ ਵੱਧਣ ਫੁੱਲਣ ਲਈ ਵਧੇਰੇ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ, ਮਿਰਚ, ਟਮਾਟਰ, ਬੈਂਗਣ ਆਦਿ।
2. ਸਰਦ ਰੁੱਤ ਵਾਲੀਆਂ ਸਬਜ਼ੀਆਂ—ਉਹ ਸਬਜ਼ੀਆਂ ਜਿਨ੍ਹਾਂ ਨੂੰ ਵੱਧਣ-ਫੁੱਲਣ ਲਈ ਵਧੇਰੇ ਠੰਡੇ ਮੌਸਮ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਮਟਰ, ਗੋਭੀ, ਪਾਲਕ, ਮੇਥਾ, ਮੇਥੀ, ਮੂਲੀ, ਗਾਜਰ ਆਦਿ।
ਪ੍ਰਸ਼ਨ 3 . ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-ਕਾਰਬੋਹਾਈਡਰੇਟ, ਪ੍ਰੋਟੀਨ, ਚਿਕਨਾਈ, ਖਣਿਜਾਂ ਅਤੇ ਪ੍ਰੋਟੀਨਾਂ ਨਾਲ ਭਰਪੂਰ ਖੁਰਾਕ ਨੂੰ ਸੰਤੁਲਿਤ ਖੁਰਾਕ ਕਹਿੰਦੇ ਹਨ।
ਪ੍ਰਸ਼ਨ 4 . ਸਬਜ਼ੀਆਂ ਵਿੱਚ ਮਿਲਣ ਵਾਲੇ ਖੁਰਾਕੀ ਤੱਤ ਦੱਸੋ।
ਉੱਤਰ-ਸਬਜ਼ੀਆਂ ਵਿੱਚ ਵਿਟਾਮਿਨ ਅਤੇ ਖਣਿਜ, ਖੁਰਾਕੀ ਤੱਤ ਮਿਲਦੇ ਹਨ।
ਪ੍ਰਸ਼ਨ 5 . ਚਾਰ ਗਰਮ ਰੁੱਤ ਅਤੇ ਚਾਰ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਲਿਖੋ |
ਉੱਤਰ—ਟਮਾਟਰ, ਬੈਂਗਣ, ਭਿੰਡੀ ਤੇ ਮਿਰਚ ਗਰਮ ਰੁੱਤ ਦੀਆਂ ਸਬਜ਼ੀਆਂ ਹਨ ਅਤੇ ਮਟਰ, ਪਾਲਕ ਮੇਥੀ ਤੇ ਮੂਲੀ ਸਰਦ ਰੁਤੱ ਦੀਆਂ ਸਬਜ਼ੀਆਂ ਹਨ।
ਪ੍ਰਸ਼ਨ 6 . ਆਲੂ ਦੀਆਂ ਪ੍ਰਮੁੱਖ ਕਿਸਮਾਂ ਦੇ ਨਾਂ ਦੱਸੋ।
ਉੱਤਰ—ਕੁਫਰੀ ਪੁਖਰਾਜ, ਕੁਫਰੀ ਜੋਤੀ, ਕੁਫਰੀ ਸੰਧੂਰੀ ਤੇ ਕੁਫਰੀ ਬਾਦਸ਼ਾਹ ਆਲੂ ਦੀਆਂ ਪ੍ਰਮੁੱਖ ਕਿਸਮਾਂ ਹਨ।
ਪ੍ਰਸ਼ਨ 7 . ਪੱਤੇਦਾਰ ਸਬਜ਼ੀਆਂ ਕਿਹੜੀਆਂ ਹਨ ਅਤੇ ਇਹ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-ਧਨੀਆ, ਪਾਲਕ, ਮੇਥੇ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਬਹੁਤ ਹੀ ਗੁਣਕਾਰੀ ਹਨ ਅਤੇ ਮਨੁੱਖੀ ਸਰੀਰ ਲਈ ਲੋੜੀਂਦੇ ਤੱਤਾਂ ਦਾ ਸੋਮਾ ਵੀ ਹਨ। ਇਹਨਾਂ ਸਬਜ਼ੀਆਂ ਦੀ ਕਾਸ਼ਤ ਸਰਦ ਰੁੱਤ ਵਿੱਚ ਕੀਤੀ ਜਾਂਦੀ ਹੈ ਜੋ ਕਿ ਜ਼ਿਆਦਾਤਰ ਲੋਕ ਘਰੇਲੂ ਪੱਧਰ ਤੇ ਆਪਣੀ ਘਰ ਬਗੀਚੀ ਵਿੱਚ ਤਾਜ਼ੀਆਂ ਸਬਜ਼ੀਆਂ ਖਾਣ ਲਈ ਉਗਾਉਂਦੇ ਹਨ।
ਪ੍ਰਸ਼ਨ 8 . ਮਿਰਚ ਦੀ ਪਨੀਰੀ ਲਈ ਬੀਜਾਈ ਦੀ ਸਿਫਾਰਸ਼ ਕਦੋਂ ਕੀਤੀ ਜਾਂਦੀ ਹੈ ?
ਉੱਤਰ—ਮਿਰਚ ਦੀ ਪਨੀਰੀ ਲਈ ਬੀਜਾਈ ਅਖੀਰ ਅਕਤੂਬਰ ਤੋਂ ਅੱਧ ਨਵੰਬਰ ਅਤੇ ਖੇਤ ਵਿੱਚ ਪਨੀਰੀ ਫ਼ਰਵਰੀ-ਮਾਰਚ ਮਹੀਨੇ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਪ੍ਰਸ਼ਨ 9. ਮਟਰ ਜ਼ਮੀਨ ਦੀ ਉਪਜਾਊ ਸ਼ਕਤੀ ਕਿਵੇਂ ਵਧਾਉਂਦੇ ਹਨ ?
ਉੱਤਰ—ਮਟਰ ਇੱਕ ਫ਼ਲੀਦਾਰ ਫ਼ਸਲ ਹੈ। ਮਟਰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ, ਕਿਉਂਕਿ ਇਹਨਾਂ ਦੀ ਜੜ੍ਹਾਂ ਵਿੱਚ ਲਾਹੇਵੰਦ ਜੀਵਾਣੂੰ ਹੁੰਦੇ ਹਨ ਜੋ ਕਿ ਜ਼ਮੀਨ ਵਿੱਚ ਨਾਈਟ੍ਰੋਜ਼ਨ ਦੀ ਮਾਤਰਾ ਵਧਾਉਂਦੇ ਹਨ।
ਪ੍ਰਸ਼ਨ 10. ਸਰਦ ਰੁੱਤ ਦੀਆਂ ਸਬਜ਼ੀਆਂ ਬਾਰੇ ਦੱਸੋ।
ਉੱਤਰ— ਸਰਦ ਰੁੱਤ ਵਾਲੀਆਂ ਸਬਜ਼ੀਆਂ—ਉਹ ਸਬਜ਼ੀਆਂ ਜਿਨ੍ਹਾਂ ਨੂੰ ਵੱਧਣ-ਫੁੱਲਣ ਲਈ ਵਧੇਰੇ ਠੰਡੇ ਮੌਸਮ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਮਟਰ, ਗੋਭੀ, ਪਾਲਕ, ਮੇਥਾ, ਮੇਥੀ, ਮੂਲੀ, ਗਾਜਰ ਆਦਿ।
(ਅ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ: –
ਪ੍ਰਸ਼ਨ 1 . ਹੇਠ ਲਿਖੀਆਂ ਸਬਜ਼ੀਆਂ ਬਾਰੇ ਸੰਖੇਪ ਵਿੱਚ ਦੱਸੋ :
1ਮਿਰਚ, 2. ਪਿਆਜ਼, 3. ਆਲ, 4. ਭਿੰਡੀ
ਉੱਤਰ—1. ਮਿਰਚ—ਮਿਰਚ ਦੀ ਵਰਤੋਂ ਹਰ ਘਰ ਦੀ ਰਸੋਈ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਮਿਰਚ ਦੀ ਕਾਸ਼ਤ 7.67 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਸੀ ਐੱਚ-1, ਸੀ ਐੱਚ-3, ਪੰਜਾਬ ਤੇਜ ਅਤੇ, ਪੰਜਾਬ ਸੁਰਖ ਸੀ ਮਿਰਚ ਦੀਆਂ ਪ੍ਰਮੁੱਖ ਕਿਸਮਾਂ ਹਨ। ਇਹ ਫ਼ਸਲ ਗਰਮ ਅਤੇ ਸਿੱਲ੍ਹੇ ਮੌਸਮ ਵਿੱਚ ਚੰਗੀ ਹੁੰਦੀ ਹੈ। ਇੱਕ ਏਕੜ ਲਈ 200 ਗ੍ਰਾਮ ਬੀਜ ਇੱਕ ਮਰਲੇ ਵਿੱਚ ਬੀਜ ਕੇ ਇੱਕ ਏਕੜ ਦੀ ਪਨੀਰੀ ਤਿਆਰ ਹੋ ਜਾਂਦੀ ਹੈ।
2. ਪਿਆਜ਼-ਪਿਆਜ਼ ਸਰਦੀਆਂ ਦੀ ਇੱਕ ਮਹੱਤਵਪੂਰਨ ਫ਼ਸਲ ਹੈ ਕਿਉਂਕਿ ਇਸ ਦੀ ਵਰਤੋਂ ਲਗਪਗ ਹਰ ਸਬਜ਼ੀ ਬਣਾਉਣ ਵਿੱਚ ਹੁੰਦੀ ਹੈ ਇਸ ਦੀ ਵਰਤੋਂ ਚਟਨੀ ਅਤੇ ਪੇਸਟ ਬਣਾਉਣ ਵਿੱਚ ਵੀ ਹੁੰਦੀ ਹੈ। ਪੰਜਾਬ ਵ੍ਹਾਈਟ, ਪੰਜਾਬ ਨਰੋਆ ਅਤੇ ਪੀ ਆਰ ੳ-6 ਪਿਆਜ਼ ਦੀਆਂ ਪ੍ਰਮੁੱਖ ਕਿਸਮਾਂ ਹਨ। ਪਿਆਜ਼ ਲਈ ਪਨੀਰੀ ਅਕਤੂਬਰ-ਨਵੰਬਰ ਵਿੱਚ ਬੀਜੀ ਜਾਂਦੀ ਹੈ ਤੇ ਫੇਰ ਦਸੰਬਰ ਜਾਂ ਜਨਵਰੀ ਵਿੱਚ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਦੀ ਜ਼ਰੂਰਤ ਪੈਂਦੀ ਹੈ।
3. ਆਲੂ-ਪੰਜਾਬ ਵਿੱਚ ਸਬਜ਼ੀਆਂ ਹੇਠ ਸਭ ਤੋਂ ਵੱਧ ਰਕਬਾ ਆਲੂ ਦੀ ਫ਼ਸਲ ਹੇਠ ਹੈ। ਆਲੂ ਠੰਡੇ ਮੌਸਮ ਦੀ ਮਹੱਤਵਪੂਰਨ ਸਬਜ਼ੀ ਹੈ। ਇਹ ਕਈ ਕਿਸਮ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਕੁਫਰੀ ਪੁਖਰਾਜ, ਕੁਫਰੀ ਜੋਤੀ, ਕੁਫਰੀ ਸੰਧੂਰੀ ਤੇ ਕੁਫਰੀ ਬਾਦਸ਼ਾਹ ਆਲੂ ਦੀਆਂ ਪ੍ਰਮੁੱਖ ਕਿਸਮਾਂ ਹਨ। ਇੱਕ ਏਕੜ ਆਲੂ ਦੀ ਬੀਜਾਈ ਲਈ 8-12 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ। ਬੀਜਾਈ ਲਈ ਢੁਕਵਾਂ ਸਮਾਂ ਸਤੰਬਰ-ਅਕਤੂਬਰ ਹੈ। ਆਲੂ ਹੱਥ ਨਾਲ ਜਾਂ ਟ੍ਰਾਂਸਪਲਾਂਟਰ ਮਸ਼ੀਨ ਨਾਲ ਬੀਜੇ ਜਾਂਦੇ ਹਨ। ਆਲੂ ਦਾ ਝਾੜ ਕਿਸਮ ਅਨੁਸਾਰ 100 ਕੁਇੰਟਲ ਤੋਂ 140 ਕੁਇੰਟਲ ਤੱਕ ਹੋ ਸਕਦਾ ਹੈ।
4. ਭਿੰਡੀ-ਪੰਜਾਬ-7 ਅਤੇ ਪੰਜਾਬ-8 ਭਿੰਡੀ ਦੀਆਂ ਉੱਨਤ ਕਿਸਮਾਂ ਹਨ। ਭਿੰਡੀ ਦੀ ਬੀਜਾਈ ਆਮ ਤੌਰ ਤੇ ਫਰਵਰੀ-ਮਾਰਚ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਬਰਸਾਤ ਰੁੱਤ (ਜੂਨ-ਜੁਲਾਈ) ਵਿੱਚ ਵੀ ਕੀਤੀ ਜਾ ਸਕਦੀ ਹੈ। ਭਿੰਡੀ ਦਾ ਪ੍ਰਤੀ ਏਕੜ 50 ਕੁਇੰਟਲ ਝਾੜ ਹੋ ਜਾਂਦਾ ਹੈ
ਪ੍ਰਸ਼ਨ 2. ਸਬਜ਼ੀਆਂ ਮਨੁੱਖੀ ਭੋਜਨ ਦਾ ਅਨਿੱਖੜਵਾਂ ਅੰਗ ਕਿਉਂ ਹਨ ?
ਉੱਤਰ-ਸਬਜ਼ੀਆਂ ਸਾਡੇ ਭੋਜਨ ਦਾ ਅਨਿੱਖੜ੍ਹਵਾ ਅੰਗ ਹਨ। ਵਿਟਾਮਿਨ ਅਤੇ ਖਣਿਜ ਸਬਜ਼ੀਆਂ ਵਿੱਚੋਂ ਹੀ ਮਿਲਦੇ ਹਨ। ਸੰਤੁਲਿਤ ਖੁਰਾਕ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਚਿਕਨਾਈ, ਖਣਿਜ ਅਤੇ ਵਿਟਾਮਿਨ ਹੁੰਦੇ ਹਨ। ਅਨਾਜ ਵਿੱਚ ਜ਼ਿਆਦਾਤਰ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਹੀ ਹੁੰਦੇ ਹਨ। ਇਸ ਲਈ ਖਣਿਜ ਤੱਤਾਂ ਅਤੇ ਵਿਸ਼ੇਸ਼ ਤੌਰ ‘ਤੇ ਵਿਟਾਮਿਨਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਵਰਤੋਂ ਜ਼ਰੂਰੀ ਹੈ। ਇੱਕ ਅਨੁਮਾਨ ਦੇ ਅਨੁਸਾਰ ਸ਼ਾਕਾਹਾਰੀ ਭੋਜਨ ਵਿੱਚ ਇੱਕ ਦਿਨ ਵਿੱਚ 300 ਗ੍ਰਾਮ ਸਬਜ਼ੀਆਂ ਦੀ ਵਰਤੋਂ ਜ਼ਰੂਰੀ ਹੈ। ਇਹਨਾਂ ਵਿੱਚੋਂ ਇੱਕ-ਤਿਹਾਈ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ।
ਪ੍ਰਸ਼ਨ 3 . ਮਟਰਾਂ ਵਿਚ ਕਿਹੜਾ ਟੀਕਾ ਲਗਦਾ ਹੈ ਤੇ ਕਿਉਂ ?
ਉੱਤਰ—ਮਟਰਾਂ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜੋਬੀਅਮ (Rhizobium) ਦੇ ਟੀਕੇ ਨਾਲ ਸੋਧਣਾ ਬਹੁਤ ਲਾਹੇਵੰਦ ਹੁੰਦਾ ਹੈ। ਇਸ ਨਾਲ ਫ਼ਲੀਆਂ ਦਾ ਝਾੜ ਤੇ ਫ਼ਲੀਆਂ ਵਿਚ ਦਾਣਿਆਂ ਦੀ ਮਾਤਰਾ ਵਧਦੀ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 4. ਵੱਖ-ਵੱਖ ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਲਿਖ ਕੇ ਉਨ੍ਹਾਂ ਦੀਆਂ ਉੱਨਤ ਕਿਸਮਾਂ ਅਤੇ ਬੀਜਾਈ ਦੇ ਸਮੇਂ ਬਾਰੇ ਲਿਖੋ।
ਉੱਤਰ—ਜੜ੍ਹਾਂ ਵਾਲੀਆਂ ਸਬਜ਼ੀਆਂ—ਜੜ੍ਹਾਂ ਵਾਲੀਆਂ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਮੂਲੀ, ਗਾਜਰ ਅਤੇ ਸ਼ਲਗਮ ਆਉਂਦੇ ਹਨ। ਪੀ.ਸੀ-34 ਅਤੇ ਪੰਜਾਬ ਬਲੈਕ ਬਿਊਟੀ ਗਾਜਰ ਦੀਆਂ; ਪੰਜਾਬ ਪਸੰਦ ਅਤੇ ਪੂਸਾ ਚੇਤਕੀ ਮੂਲੀ ਦੀਆਂ ਅਤੇ ਐੱਲ-1 ਸ਼ਲਗਮ ਦੀਆਂ ਪ੍ਰਮੁੱਖ ਕਿਸਮਾਂ ਹਨ। ਇਹਨਾਂ ਸਬਜ਼ੀਆਂ ਦੀ ਬੀਜਾਈ ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ। ਮੂਲੀ ਅਤੇ ਗਾਜਰ ਲਈ 4-5 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ, ਜਦੋਂ ਕਿ ਸ਼ਲਗਮ ਲਈ ਪ੍ਰਤੀ ਏਕੜ 2-3 ਕਿਲੋ ਬੀਜ ਦੀ ਲੋੜ ਪੈਂਦੀ ਹੈ।
ਪ੍ਰਸ਼ਨ 5. ਕੱਦੂ ਜਾਤੀ ਦੀਆਂ ਸਬਜ਼ੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਕੱਦੂ ਜਾਤੀ ਦੀਆਂ ਸਬਜ਼ੀਆਂ-ਘੀਆ-ਕੱਦੂ, ਚੱਪਣ-ਕੱਦੂ, ਟੀਂਡਾ, ਕਰੇਲਾ, ਘੀਆ ਤੋਰੀ, ਕਾਲੀ ਤੋਰੀ, ਖਰਬੂਜ਼ਾ, ਤਰਬੂਜ਼, ਤਰ, ਖੀਰਾ, ਪੇਠਾ ਆਦਿ ਕੱਦੂ ਜਾਤੀ ਦੀਆਂ ਪ੍ਰਮੁੱਖ ਸਬਜ਼ੀਆਂ ਹਨ। ਇਹ ਆਮ ਤੌਰ ਤੇ ਫਰਵਰੀ ਤੋਂ ਮਾਰਚ ਦੇ ਮਹੀਨੇ ਵਿੱਚ ਬੀਜੀਆਂ ਜਾਂਦੀਆਂ ਹਨ। ਕੱਦੂ ਜਾਤੀ ਦੀਆਂ ਜ਼ਿਆਦਾਤਰ ਸਬਜ਼ੀਆਂ ਦੀ ਬੀਜਾਈ ਲਈ ਪ੍ਰਤੀ ਏਕੜ ਲਗਪਗ 2 ਕਿੱਲੋ ਬੀਜ ਦੀ ਜ਼ਰੂਰਤ ਪੈਂਦੀ ਹੈ। ਪੇਠਾ 4-5 ਮਹੀਨੇ ਲੈਂਦਾ ਹੈ ਜਦਕਿ ਕੱਦੂ ਜਾਤੀ ਦੀਆਂ ਬਾਕੀ ਸਬਜ਼ੀਆਂ 2-3 ਮਹੀਨੇ ਵਿੱਚ ਤਿਆਰ ਹੋ ਜਾਂਦੀਆਂ ਹਨ।