ਪਾਠ 4 ਪਾਣੀ ਦਾ ਖੇਤੀ ਵਿੱਚ ਮਹੱਤਵ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਉ—
ਪ੍ਰਸ਼ਨ 1 . ਪੌਦਿਆਂ ਵਿਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ–90%
ਪ੍ਰਸ਼ਨ 2. ਫ਼ਸਲਾਂ ਨੂੰ ਬਣਾਉਟੀ ਢੰਗ ਨਾਲ ਪਾਣੀ ਦੇਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-ਸਿੰਚਾਈ।
ਪ੍ਰਸ਼ਨ 3 . ਪਾਣੀ ਦੀ ਸਭ ਤੋਂ ਵੱਧ ਬੱਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ ਦੋ ਤਰੀਕੇ ਲਿਖੋ।
ਉੱਤਰ—ਫੁਹਾਰਾ ਸਿੰਚਾਈ ਤੇ ਤੁਪਕਾ ਸਿੰਚਾਈ ਤਰੀਕਾ।
ਪ੍ਰਸ਼ਨ 4 . ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿਚ ਜਜ਼ਬ ਹੁੰਦੇ ਹਨ ?
ਉੱਤਰ—ਖਣਿਜ ਪਦਾਰਥ ਤੇ ਖਾਦ ਤੱਤ।
ਪ੍ਰਸ਼ਨ 5 . ਭਾਰਤ ਵਿਚ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿਚ ਵਰਤਿਆ ਜਾਂਦਾ ਹੈ ?
ਉੱਤਰ-70%
ਪ੍ਰਸ਼ਨ 6 . ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ—ਖੜ੍ਹੇ ਪਾਣੀ ਵਿੱਚ ਖੇਤ ਵਾਹੁਣ ਨੂੰ ਕੱਦੂ ਕਰਨਾ ਆਖਦੇ ਹਨ।
ਪ੍ਰਸ਼ਨ 7. ਕਿਹੜੀ ਫ਼ਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ?
ਉੱਤਰ—ਝੋਨੇ ਦੀ।
ਪ੍ਰਸ਼ਨ 8 . ਪੰਜਾਬ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ—ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ ਤੇ ਨਹਿਰਾਂ
ਪ੍ਰਸ਼ਨ 9. ਫ਼ਸਲ ਨੂੰ ਜ਼ਿਆਦਾ ਲੂਅ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ-ਸਿੰਚਾਈ ਕਰਕੇ
ਪ੍ਰਸ਼ਨ 10. ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ ਲਾਭਦਾਇਕ ਹੈ ?
ਉੱਤਰ-ਤੁਪਕਾ ਸਿੰਚਾਈ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇਕ ਜਾਂ ਦੋ ਲਾਈਨਾਂ ਵਿਚ ਉੱਤਰ ਦਿਉ:
ਪ੍ਰਸ਼ਨ 1. ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ—ਕਈ ਵਾਰ ਜਦੋਂ ਮੀਂਹ ਨਾਲ ਫ਼ਸਲਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਤਾਂ ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਜਿਸਨੂੰ ਸਿੰਚਾਈ ਕਹਿੰਦੇ ਹਨ।
ਪ੍ਰਸ਼ਨ 2. ਫਸਲਾਂ ਵਿੱਚ ਰੌਣੀ ਦਾ ਕੀ ਮਹੱਤਵ ਹੈ ?
ਉੱਤਰ-ਬੀਜਾਈ ਦੇ ਸਮੇਂ ਮਿੱਟੀ ਵਿੱਚ ਠੀਕ ਨਮੀਂ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਖੇਤ ਵਿਚ ਭਰ ਕੇ ਪਾਣੀ ਲਗਾਇਆ ਜਾਂਦਾ ਹੈ, ਜਿਸ ਨੂੰ ਰੌਣੀ ਕਹਿੰਦੇ ਹਨ |
ਪ੍ਰਸ਼ਨ 3. ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ?
ਉੱਤਰ—ਸਿੰਚਾਈ ਦੇ ਵੱਖ-ਵੱਖ ਸਾਧਨ ਹੈ ਜਿਵੇਂ ਕਿ ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ ਅਤੇ ਨਹਿਰਾਂ ਆਦਿ।
ਪ੍ਰਸ਼ਨ 4. ਸਿੰਚਾਈਆਂ ਦੀ ਗਿਣਤੀ ਫ਼ਸਲਾਂ ਤੇ ਕਿਵੇਂ ਨਿਰਭਰ ਕਰਦੀ ਹੈ ?
ਉੱਤਰ—ਕਣਕ, ਤੇਲ ਬੀਜ ਫਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਪੈਂਦੀ ਹੈ ਪਰ ਝੋਨੇ, ਮੱਕੀ, ਗੰਨੇ ਆਦਿ ਨੂੰ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ।
ਪ੍ਰਸ਼ਨ 5 . ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ—ਝੋਨੇ ਦੀ ਫ਼ਸਲ ਵੱਧ ਪਾਣੀ ਮੰਗਦੀ ਹੈ, ਜਿਸ ਕਰਕੇ ਇਸਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ਤਾਂ ਕਿ ਇਸ ਵਿਚ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਕੀਤਾ ਜਾ ਸਕੇ।
ਪ੍ਰਸ਼ਨ 6 . ਮਿੱਟੀ ਵਿਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ—ਬੀਜਾਂ ਦੀ ਉੱਗਣ ਦੀ ਪ੍ਰਕਿਰਿਆ ਸੁੱਕੀ ਮਿੱਟੀ ਵਿੱਚ ਪੂਰੀ ਨਹੀਂ ਹੁੰਦੀ, ਇਸ ਲਈ ਮਿੱਟੀ ਵਿੱਚ ਨਮੀ ਹੋਣਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 7 . ਰੇਤਲੀ ਮਿੱਟੀ ਵਿਚ ਵੱਧ ਤੇ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈਆਂ ਦੀ ਲੋੜ ਪੈਂਦੀ ਹੈ ਕਿਉਂਕਿ ਰੇਤਲੀਆਂ ਹਲਕੀਆਂ ਜ਼ਮੀਨਾਂ ਵਿੱਚੋਂ ਪਾਣੀ ਜਲਦੀ ਜ਼ੀਰ ਜਾਂਦਾ ਹੈ ਜਦਕਿ ਚੀਕਣੀ (ਭਾਰੀਆਂ) ਮਿੱਟੀ ਵਿੱਚੋਂ ਹੌਲੀ-ਹੌਲੀ ਜ਼ੀਰਦਾ ਹੈ।
ਪ੍ਰਸ਼ਨ 8 . ਪੰਜਾਬ ਵਿੱਚ ਸੈਂਟਰੀਫਿਊਗਲ ਪੰਪਾਂ ਦੀ ਜਗ੍ਹਾ ਸਬਮਰਸੀਬਲ ਪੰਪਾਂ ਨੇ ਕਿਉਂ ਲੈ ਲਈ ਹੈ ?
ਉੱਤਰ—ਪਾਣੀ ਦਾ ਪੱਧਰ ਥੱਲੇ ਡਿੱਗਣ ਕਰਕੇ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਪਾਣੀ ਕੱਢਣ ਵਿਚ ਅਸਫ਼ਲ ਹੋ ਰਹੇ ਹਨ ਤੇ ਇਨ੍ਹਾਂ ਦੀ ਜਗ੍ਹਾ ਸਬਮਰਸੀਬਲ ਪੰਪ (ਮੱਛੀ ਮੋਟਰ) ਲੈ ਰਹੇ ਹਨ ਜੋ ਕਿ ਡੂੰਘਾਈ ਤੋਂ ਪਾਣੀ ਖਿਚਦੇ ਹਨ, ਪਰ ਕਾਫ਼ੀ ਮਹਿੰਗੇ ਹੁੰਦੇ ਹਨ।
ਪ੍ਰਸ਼ਨ 9. ਗਰਮੀ ਦੇ ਮੌਸਮ ਵਿਚ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ—ਗਰਮੀਆਂ ਦੀਆਂ ਫ਼ਸਲਾਂ ਨੂੰ ਵੱਧ ਪਾਣੀ ਦੇਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਵੱਧ ਪਾਣੀ ਦੀ ਲੋੜ ਇਸ ਕਰਕੇ ਪੈਂਦੀ ਹੈ ਕਿਉਂਕਿ ਮਿੱਟੀ ਅਤੇ ਪੱਤਿਆਂ ਵਿੱਚੋਂ ਵਾਸ਼ਪੀਕਰਣ (evaporation) ਵੱਧ ਮਾਤਰਾ ਵਿੱਚ ਹੁੰਦਾ ਹੈ।
ਪ੍ਰਸ਼ਨ 10 . ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ
ਉੱਤਰ—ਹੁਣ ਜ਼ਿਆਦਾਤਰ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਡੀਜ਼ਲ, ਬਾਇਓ ਗੈਸ, ਬਿਜਲੀ ਅਤੇ ਸੂਰਜੀ ਊਰਜਾ ਇਨ੍ਹਾਂ ਪੰਪਾਂ ਲਈ ਵਰਤੀ ਜਾ ਸਕਦੀ ਹੈ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ ਵਿਚ ਉੱਤਰ ਦਿਉ:
ਪ੍ਰਸ਼ਨ 1. ਪੌਦਿਆਂ ਦੇ ਜੀਵਨ ਵਿਚ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-ਪੌਦਿਆਂ ਦੇ ਜੀਵਨ ਵਿੱਚ ਪਾਣੀ ਦਾ ਮਹੱਤਵ ਇਸ ਤਰ੍ਹਾਂ ਹੈ :
1. ਪਾਣੀ ਪੌਦਿਆਂ ਦੇ ਵੱਧਣ-ਫੁੱਲਣ ਅਤੇ ਫੁੱਲ, ਫ਼ਲ ਅਤੇ ਬੀਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
2 . ਪਾਣੀ ਪੌਦਿਆਂ ਦੀਆਂ ਜੜ੍ਹਾਂ ਰਾਹੀਂ ਬੂਟਿਆਂ ਵਿੱਚ ਪ੍ਰਵੇਸ਼ ਕਰਦਾ ਹੈ।
3 . ਪੌਦਿਆਂ ਵਿੱਚ ਹੋਰ ਖਣਿਜ ਪਦਾਰਥ ਤੇ ਖਾਦ ਤੱਤ ਵੀ ਪਾਣੀ ਰਾਹੀਂ ਹੀ ਜ਼ਜ਼ਬ ਹੁੰਦੇ ਹਨ। ਪਾਣੀ ਵਿੱਚ ਘੁੱਲ ਕੇ ਤੱਤ ਪੌਦੇ ਦੇ ਹਰ ਭਾਗ ਵਿੱਚ ਚਲੇ ਜਾਂਦੇ ਹਨ।
4. ਪਾਣੀ ਫ਼ਸਲ ਨੂੰ ਕੋਰੇ ਅਤੇ ਲੂ ਦੋਵਾਂ ਤੋਂ ਬਚਾਉਂਦਾ ਹੈ।
5. ਫ਼ਸਲਾਂ ਦੇ ਠੀਕ ਵਿਕਾਸ ਲਈ ਮਿੱਟੀ ਵਿੱਚ ਨਮੀਂ ਨੂੰ ਬਰਕਰਾਰ ਰੱਖਣ ਦੀ ਲੋੜ ਪੈਂਦੀ ਹੈ, ਜਿਸ ਲਈ ਸਿੰਚਾਈ ਦੇਣਾ ਜ਼ਰੂਰੀ ਹੋ ਜਾਂਦਾ ਹੈ।
6. ਪੌਦਿਆਂ ਵਿੱਚ ਲਗਪਗ 90% ਪਾਣੀ ਹੁੰਦਾ ਹੈ।
ਪ੍ਰਸ਼ਨ 2. ਸਿੰਚਾਈਆਂ ਦੀ ਗਿਣਤੀ ਕਿਸ ਉੱਪਰ ਨਿਰਭਰ ਕਰਦੀ ਹੈ?
ਉੱਤਰ—ਸਿੰਚਾਈਆਂ ਦੀ ਗਿਣਤੀ ਫ਼ਸਲ, ਮੌਸਮ ਅਤੇ ਮਿੱਟੀ ਦੀ ਕਿਸਮ ਉੱਪਰ ਨਿਰਭਰ ਕਰਦੀ ਹੈ।
1. ਫ਼ਸਲਾਂ ਦੀ ਕਿਸਮ—ਕਣਕ, ਤੇਲ ਬੀਜ, ਫਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਪੈਂਦੀ ਹੈ ਜਦਕਿ ਝੋਨੇ, ਮੱਕੀ, ਗੰਨੇ ਆਦਿ ਨੂੰ ਵੱਖ ਸਿੰਚਾਈਆਂ ਦੀ ਲੋੜ ਪੈਂਦੀ ਹੈ।
2. ਮੌਸਮ—ਸਰਦੀਆਂ ਦੀਆਂ ਫ਼ਸਲਾਂ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਗਰਮੀਆਂ ਦੀਆਂ ਫ਼ਸਲਾਂ ਨੂੰ ਵੱਧ ਪਾਣੀ ਦੇਣਾ ਪੈਂਦਾ।
3 . ਮਿੱਟੀ ਦੀ ਕਿਸਮ—ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈਆਂ ਦੀ ਲੋੜ ਪੈਂਦੀ ਹੈ।
ਪ੍ਰਸ਼ਨ 3 . ਸਿੰਚਾਈ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ? ਫੁਹਾਰਾ ਸਿੰਚਾਈ ਬਾਰੇ ਵਿਸਥਾਰਪੂਰਵਕ ਦੱਸੋ।
ਉੱਤਰ—ਸਿੰਚਾਈ ਦੇ ਸਾਧਨ—ਸਿੰਚਾਈ ਦੇ ਵੱਖ-ਵੱਖ ਸਾਧਨ ਹਨ ਜਿਵੇਂ ਕਿ ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ, ਨਹਿਰਾਂ ਆਦਿ। ਪੁਰਾਤਨ ਸਮਿਆਂ ਵਿਚ ਖੂਹਾਂ, ਟੋਭਿਆਂ ਆਦਿ ਵਿਚੋਂ ਪਾਣੀ ਕੱਢਣ ਲਈ ਪਸ਼ੂਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਜੋ ਕਿ ਵੱਧ ਸਮਾਂ ਲੈਣ ਵਾਲਾ ਅਤੇ ਘੱਟ ਕਾਰਗਰ ਤਰੀਕਾ ਸੀ।
ਫੁਹਾਰਾ (Sprinkle) ਸਿੰਚਾਈ :—ਪਾਣੀ ਦਾ ਫੁਹਾਰੇ ਰਾਹੀਂ ਫ਼ਸਲ ਜਾ ਜ਼ਮੀਨ ਤੇ ਛਿੜਕਾਅ ਕੀਤਾ ਜਾਂਦਾ ਹੈ।ਇਹ ਪਾਣੀ ਜ਼ਮੀਨ ਦੀ ਜ਼ੀਰਨ ਸ਼ਕਤੀ ਤੋਂ ਹਮੇਸ਼ਾ ਘੱਟ ਹੁੰਦਾ ਹੈ ਤੇ ਬੂਟਿਆਂ ਦੀ ਲੋੜ ਨੂੰ ਹੀ ਪੂਰਾ ਕਰਦਾ ਹੈ।ਉੱਚੇ-ਨੀਵੇਂ ਇਲਾਕਿਆਂ ਵਿੱਚ ਇਹ ਤਕਨੀਕ ਬਹੁਤ ਕਾਰਗਰ ਹੈ। ਫ਼ਸਲ ਨੂੰ ਜ਼ਿਆਦਾ ਲੂ ਤੇ ਘੱਟ ਤਾਪਮਾਨ (ਕੋਰਾ) ਤੋਂ ਬਚਾਉਣ ਲਈ ਵੀ ਇਹ ਤਰੀਕਾ ਵਰਤਿਆ ਜਾਂਦਾ ਹੈ।
ਪ੍ਰਸ਼ਨ 4. ਤੁਪਕਾ ਸਿੰਚਾਈ ਦੁਆਰਾ ਕਿਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ ? ਉੱਤਰ—ਤੁਪਕਾ (Drip) ਸਿੰਚਾਈ :—ਤੁਪਕਾ ਸਿੰਚਾਈ ਦੁਆਰਾ ਬੂਟਿਆਂ ਦੀਆਂ ਜੜ੍ਹਾਂ ਵਿਚ ਤੁਪਕਾ-ਤੁਪਕਾ ਕਰਕੇ ਪਾਣੀ ਪਾਇਆ ਜਾਂਦਾ ਹੈ। ਇਸ ਵਿੱਚ ਬੂਟਿਆਂ ਦੀ ਲੋੜ ਨੂੰ ਹੀ ਪੂਰਾ ਕੀਤਾ ਜਾਂਦਾ ਹੈ ਤੇ ਪਾਣੀ ਬਿਲਕੁਲ ਵੀ ਅਜਾਈਂ ਨਹੀਂ ਗਵਾਇਆ ਜਾਂਦਾ। ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਇਹ ਸਿੰਚਾਈ ਦੀ ਇੱਕ ਬਹੁਤ ਹੀ ਲਾਭਦਾਇਕ ਤਕਨੀਕ ਹੈ।
ਪ੍ਰਸ਼ਨ 5 . ਸਤਹਿ ਸਿੰਚਾਈ ਦੀ ਵਰਤੋਂ ਵੱਖ-ਵੱਖ ਫ਼ਸਲਾਂ ਵਿਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ – 1. ਸਤਹਿ (Surface) ਸਿੰਚਾਈ :—ਇਸ ਤਰੀਕੇ ਵਿੱਚ ਖੇਤ ਦੇ ਕਿਆਰੇ ਬਣਾ ਕੇ ਖਾਲਾਂ ਰਾਹੀਂ ਪਾਣੀ ਲਾਇਆ ਜਾਂਦਾ ਹੈ, ਜਿਵੇਂ : ਕਣਕ, ਦਾਲਾਂ, ਝੋਨਾ ਆਦਿ। ਫ਼ਲਦਾਰ ਬੂਟਿਆਂ ਦੇ ਆਲੇ-ਦੁਆਲੇ ਬੰਨੀ ਬਣਾ ਕੇ ਪਾਣੀ ਭਰਿਆ ਜਾਂਦਾ ਹੈ। ਕਈ ਫ਼ਸਲਾਂ ਨੂੰ ਵੱਟਾਂ ਤੇ ਲਗਾ ਕੇ ਖਾਲੀਆਂ ਰਾਹੀਂ ਪਾਣੀ ਲਗਾਇਆ ਜਾਂਦਾ ਹੈ। ਜਿਵੇਂ ਕਿ ਆਲੂ, ਮੱਕੀ, ਗੰਨਾ ਆਦਿ।
2. ਸਬ-ਸਤਹਿ (Sub-surface) ਸਿੰਚਾਈ :—ਕਈ ਜਗ੍ਹਾ ਤੇ ਪਾਣੀ ਜ਼ਮੀਨ ਦੇ ਨੇੜੇ ਹੋਣ ਕਰਕੇ ਬੂਟੇ ਜ਼ਮੀਨ ਵਿੱਚੋਂ ਪਾਣੀ ਲੈ ਲੈਂਦੇ ਹਨ, ਜਿਵੇਂ ਕਿ ਕਸ਼ਮੀਰ ਵਿੱਚ ਡੱਲ ਝੀਲ ਤੇ ਸਬਜ਼ੀਆਂ ਇਸ ਤਰੀਕੇ ਰਾਹੀਂ ਉਗਾਈਆਂ ਜਾਂਦੀਆਂ ਹਨ।