3. ਧੂੜ ਭਰੇ ਰਾਹ (ਪ੍ਰੋ. ਸਾਹਿਬ ਸਿੰਘ)

3. ਧੂੜ ਭਰੇ ਰਾਹ (ਪ੍ਰੋ. ਸਾਹਿਬ ਸਿੰਘ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ: –

ਪ੍ਰਸ਼ਨ 1. ਆਪ-ਬੀਤੀਆਂ ਪੁਸਤਕ ਵਿੱਚ ਦਰਜ ‘ਧੂੜ ਭਰੇ ਰਾਹ’ ਸ੍ਵੈ-ਜੀਵਨੀ ਅੰਸ਼ ਕਿਸ ਲੇਖਕ ਦੀ ਰਚਨਾ ਹੈ?

ਉੱਤਰ:ਪ੍ਰੋਫ੍ਰਸਰ ਸਾਹਿਬ ਸਿੰਘ ।

ਪ੍ਰਸ਼ਨ 2. ਹਾਸ਼ਮ ਸ਼ਾਹ ਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ: ਮੀਆਂ ਹਯਾਤ ਸ਼ਾਹ।

ਪ੍ਰਸ਼ਨ 3. ‘ਉਕਲੈਦਸ’ ਕਿਹੜੀਆਂ ਸ਼੍ਰੇਣੀਆਂ ਵਿੱਚ ਪੜ੍ਹਾਈ ਜਾਂਦੀ ਸੀ ?

ਉੱਤਰ: ਮਿਡਲ ਦੀਆਂ ਜਮਾਤਾਂ ਵਿੱਚ।

ਪ੍ਰਸ਼ਨ 4. ਪਸਰੂਰ ਸ਼ਹਿਰ ਵਿੱਚ ਬਹੁਤੀ ਵਸੋਂ ਕੱਕੇਜ਼ਈ ਮੁਸਲਮਾਨਾਂ ਦੀ ਸੀ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 5. ਸਾਹਿਬ ਸਿੰਘ ਨੂੰ ਛੇਵੀਂ ਜਮਾਤ ਵਿੱਚ ਬਾਠਾਂ ਵਾਲੇ ਦੇ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। (ਸਹੀ/ਗ਼ਲਤ)

ਉੱਤਰ: ਗ਼ਲਤ।

ਪ੍ਰਸ਼ਨ 6. ਪੰਡਤ ਵਿਤਸਤਾ ਪ੍ਰਸ਼ਾਦ ਨੇ ਕਾਲਜ ਦੀ ਪੜ੍ਹਾਈ ਸਮੇਂ ਸਾਹਿਬ ਸਿੰਘ ਦੀ ਬਹੁਤ ਮੱਦਦ ਕੀਤੀ । (ਸਹੀ/ਗ਼ਲਤ)

ਉੱਤਰ: ਸਹੀ।

(ਖ਼ਾਲੀ ਸਥਾਨ ਭਰੋ)

ਪ੍ਰਸ਼ਨ 7. 1905 ਈਸਵੀ ਵਿੱਚ ਸਾਹਿਬ ਸਿੰਘ ਦਾ ਵਿਆਹ ਹੋਇਆ ਸੀ।

ਪ੍ਰਸ਼ਨ 8. ਹਾਈ ਸਕੂਲ ਪਸਰੂਰ ਆ ਕੇ ਸਾਹਿਬ ਸਿੰਘ ਨੂੰ ਵਰਜ਼ਿਸ਼ ਕਰਨ ਦਾ ਸ਼ੌਕ ਪੈ ਗਿਆ।

ਪ੍ਰਸ਼ਨ 9. ਇਨਸਪੈੱਕਟਰ ਨੇ ਪ੍ਰਿੰ. ਸਾਹਿਬ ਸਿੰਘ ਨੂੰ ਸਾਬਾਸ਼ ਕਿਉਂ ਦਿੱਤੀ ?

(1) ਉਸਦੇ ਗਾਏ ਗੀਤ ਸੁਣ ਕੇ (2) ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ

(3) ਉਸ ਦਾ ਨਾਚ ਵੇਖ ਕੇ (4) ਉਸ ਦੇ ਚੁਟਕਲੇ ਸੁਣ ਕੇ

ਉੱਤਰ: ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ।

ਪ੍ਰਸ਼ਨ 10. ਸਾਡੇ ਦੇਸ ਦਾ ਅਖਾਣ ਹੈ- ਚੋਰੀ, ਯਾਰੀ, ਚਾਕਰੀ……………………

(1) ਬਾਝ ਪੈਸਿਆਂ ਨਾਹੀਂ (2) ਬਾਝ ਵਸੀਲੇ ਨਾਹੀਂ

(3) ਬਾਝ ਮਾਪਿਆਂ ਨਾਹੀ (4) ਬਾਝ ਦੁਸ਼ਮਣਾਂ ਨਾਹੀਂ

ਉੱਤਰ: ਬਾਝ ਵਸੀਲੇ ਨਾਹੀਂ।

 

(ਅ) ਦੱਸੋ: –

ਪ੍ਰਸ਼ਨ 1. ਪ੍ਰਿੰਸੀਪਲ ਸਾਹਿਬ ਸਿੰਘ ਦੇ ਸ੍ਵੈਜੀਵਨੀ-ਅੰਸ਼ ‘ਧੂੜ ਭਰੇ ਰਾਹ’ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਜੋ ਜਾਣਕਾਰੀ ਮਿਲ਼ਦੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਪ੍ਰਿੰਸੀਪਲ ਸਾਹਿਬ ਸਿੰਘ ਦੇ ਸ੍ਵੈਜੀਵਨੀ-ਅੰਸ਼ ‘ਧੂੜ ਭਰੇ ਰਾਹ’ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਭਰਪੂਰ ਸਿੱਖਣਯੋਗ ਜਾਣਕਾਰੀ ਮਿਲਦੀ ਹੈ। ਲੇਖਕ ਦੱਸਦਾ ਹੈ ਉਸ ਸਮੇਂ ਸਕੂਲਾਂ ਦੀ ਗਿਣਤੀ ਬਹੁੱ ਘੱਟ ਹੁੰਦੀ ਸੀ। ਵਿਦਿਆਰਥੀ ਜ਼ਿਆਦਾਤਰ ਪਿੰਡ ਦੇ ਵਿੱਚ ਕਿਸੇ ਉਸਤਾਦ ਮੀਆਂ ਆਦਿ ਦੇ ਕੋਲ਼ ਜਾ ਕੇ ਵਿਦਿਆ ਹਾਸਿਲ ਕਰਦੇ ਸਨ। ਪ੍ਰਿੰਸੀਪਲ ਸਾਹਿਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਦੇ ਪੁੱਤਰ ਮੀਆਂ ਹਯਾਤ ਸ਼ਾਹ ਕੋਲ਼ੋਂ ਉਸ ਸਮੇਂ ਪੜ੍ਹਨਾ ਸ਼ੁਰੂ ਕੀਤਾ ਜਦੋਂ ਉਸਦੀ ਉਮਰ ਚਾਰ-ਕੁ-ਸਾਲ ਦੀ ਸੀ। ਉਸ ਸਮੇਂ ਪ੍ਰਾਇਮਰੀ ਸਕੂਲ ਵੀ ਨਾ-ਮਾਤਰ ਹੀ ਸਨ। ਉਸ ਸਮੇਂ ਸਕੂਲ ਵਿੱਚ ਇਨਸਪੈਕਟਰ ਇਮਤਿਹਾਨ ਲੈਣ ਆਉਂਦੇ ਸਨ। ਅਧਿਆਪਕ ਨੇੜੇ ਸੇ ਸੈਂਟਰ ਸਕੂਲ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕੱਠੇ ਕਰ ਲੈਂਦੇ ਸਨ। ਉਸ ਸਮੇਂ ਸਰਕਾਰੀ ਸਕੂਲ ਜਾਂ ਤਾਂ ਸਰਕਾਰੀ ਸਕੂਲ ਹੁੰਦੇ ਸਨ ਜਾਂ ਈਸਾਈਆ ਦੇ ਸਕੂਲ ਸਨ। ਹਾਈ ਸਕੂਲ ਵਿੱਚ ਦਾਖ਼ਲ ਹੋ ਕੇ, ਪਹਿਲੇ ਦੋ ਸਾਲ, ਸਿਰਫ਼ ਅੰਗਰੇਜ਼ੀ ਹੀ ਪੜ੍ਹਨੀ ਹੁੰਦੀ ਸੀ, ਜੂਨੀਅਰ ਸਪੈਸ਼ਲ ਅਤੇ ਸੀਨੀਅਰ ਸਪੈਸ਼ਲ ਵਿੱਚ। ਮਿਡਲ ਦਾ ਨਤੀਜਾ ਨਿਕਲ਼ਨ ’ਤੇ ਲੇਖਕ ਰਾਵਲਪਿੰਡੀ ਡਿਵੀਜ਼ਨ ਵਿੱਚ ਪਹਿਲੇ ਦਰਜੇ ‘ਤੇ ਆਇਆ ਤੇ ਉਸਨੂੰ ਛੇ ਰੁਪਏ ਮਹੀਨਾ ਵਜੀਫ਼ਾ ਮਿਲਿਆ। ਆਮ ਵਜ਼ੀਫ਼ਾ ਚਾਰ ਰੁਪਏ ਹੁੰਦਾ ਸੀ। 705 ਨੰਬਰਾਂ ਵਿੱਚੋਂ ਉਸਨੇ 613 ਨੰਬਰ ਪ੍ਰਾਪਤ ਕੀਤੇ ਸਨ।

ਪ੍ਰਸ਼ਨ 2. ਪ੍ਰਿੰ. ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ-ਜੀਵਨ ਵਿੱਚ ਕਿਸ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਸੰਖੇਪ ਵਿੱਚ ਦੱਸੋ।

ਉੱਤਰ: ਪ੍ਰਿੰ. ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ-ਜੀਵਨ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਪ੍ਰਿੰ.ਸਾਹਿਬ ਸਿੰਘ ਦੇ ਘਰ ਦੀ ਮਾਲੀ ਹਾਲਤ ਬਹੁਤ ਮਾੜੀ ਸੀ। ਫਿਰ ਵੀ ਉਸਦੇ ਪਿਤਾ ਨੇ ਉਸਦਾ ਦਾਖ਼ਲਾ ਕਰਵਾ ਦਿੱਤਾ। ਇੱਕ ਗੱਲ ਬੇਹੱਦ ਖਾਸ ਸਿ ਕਿ ਸਾਹਿਬ ਸਿੰਘ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਮਿਡਲ ਦਾ ਨਤੀਜਾ ਨਿਕਲ਼ਨ ’ਤੇ ਉਸਨੇ ਰਾਵਲਪਿੰਡੀ ਡਿਵੀਜ਼ਨ ਵਿੱਚ ਪਹਿਲਾ ਦਰਜਾ ਪਰਾਪਤ ਕੀਤਾ ਸੀ ਤੇ ਉਸਨੂੰ ਛੇ ਰੁਪਏ ਮਹੀਨਾ ਵਜੀਫ਼ਾ ਮਿਲਿਆ। ਆਮ ਵਜ਼ੀਫ਼ਾ ਚਾਰ ਰੁਪਏ ਹੁੰਦਾ ਸੀ। ਉਸਨੇ 705 ਨੰਬਰਾਂ ਵਿੱਚੋਂ 613 ਨੰਬਰ ਪ੍ਰਾਪਤ ਕੀਤੇ ਸਨ। ਹਾਈ ਸਕੂਲ ਦਾ ਦਾਖ਼ਲਾ ਉਸਦੀ ਵਿਧਵਾ ਭੂਆ (ਰਾਧੀ) ਨੇ ਆਪਣੀਆਂ ਟੁੰਬਾਂ ਗਹਿਣੇ ਪਾ ਕੇ ਲੈ ਦਿੱਤਾ ਸੀ।

ਇੱਕ ਵਾਰ ਉਸਨੇ ਡਾਕਖ਼ਾਨੇ ਦੇ ਮਹਿਕਮੇ ਵਿੱਚ ਦਰਖ਼ਾਸਤ ਭੇਜੀ। ਇਮਤਿਹਾਨ ਦੇਣ ਜਾਣ ਲਈ ਘਰ ਵਿੱਚ ਕੋਈ ਪੈਸਾ ਨਹੀਂ ਸੀ। ਕਿਸੇ ਨੇ ਪੈਸੇ ਮੰਗਣ ’ਤੇ ਕੋਈ ਮਦਦ ਨਾ ਕੀਤੀ। ਆਖ਼ਰ ਉਸਦੀ ਮਾਂ ਨੇ ਉਸ ਜ਼ਨਾਨੀ ਤੋਂ ਉਧਾਰ ਦੋ ਰੁਪਏ ਦਾ ਤਰਲਾ ਮਾਰਿਆ ਜੋ ਉਹਨਾਂ ਦੇ ਘਰ ਦਾ ਕੂੜਾ ਸੁੱਟਦੀ ਸੀ। ਉਸ ਨੇ ਆਪਣੇ ਘਰੋਂ ਦੋ ਰੁਪਏ ਲਿਆ ਦਿੱਤੇ।

ਲੇਖਕ ਨੂੰ ਆਪਣੀ ਗਰੀਬੀ ਲਈ ਮਖੌਲ ਦਾ ਪਾਤਰ ਵੀ ਬਣਨਾ ਪਿਆ। ਵਧਾਈ ਚੀਮੇ ਦਾ ਇੱਕ ਲੜਕਾ ਹਜ਼ਾਰਾ ਸਿੰਘ, ਲਾਹੌਰ ਗੌਰਮਿੰਟ ਕਾਲਜ ਵਿੱਚ ਪੜ੍ਹਦਾ ਸੀ। ਕਾਲਜ ਦੇ ਖੁੱਲ੍ਹਣ ਵਿੱਚ ਚਾਰ-ਪੰਜ ਦਿਨ ਹੀ ਰਹਿੰਦੇ ਸਨ। ਤਸੀਲੇ ਉਸਨੂੰ ਹਜ਼ਾਰਾ ਸਿੰਘ ਮਿਲ਼ ਗਿਆ, ਉਹ ਚੰਗੇ ਸੌਖੇ ਘਰ ਦਾ ਸੀ। ਹਜ਼ਾਰਾ ਸਿੰਘ ਦੇ ਨਾਲ਼, ਉਸ ਦਾ ਪਿਤਾ ਸੀ ਤੇ ਪਿੰਡ ਦੇ ਤਿੰਨ ਚਾਰ ਆਦਮੀ ਹੋਰ ਸਨ। ਜਦੋਂ ਹਜ਼ਾਰਾ ਸਿੰਘ ਨੂੰ ਪਤਾ ਲੱਗਾ ਕਿ ਲੇਖਕ ਵੀ ਲਾਹੌਰ ਕਾਲਜ ਵਿੱਚ ਦਾਖ਼ਲ ਹੋਇਆ ਹੈ ਤਾਂ ਉਸਨੇ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨਾਲ਼ ਜੱਫੇ ਵਰਗਾ ਭੱਦਾ ਮਜ਼ਾਕ ਕੀਤਾ।

ਅੱਕ ਕੇ ਉਸ ਨੇ ਇੱਕ ਲੰਮੀ ਦਰਦ ਭਰੀ ਪੰਡਤ ਵਿਤਸਤਾ ਪ੍ਰਸਾਦ ਜੀ ਨੂਮ ਲਿਖੀ। ਚਿੱਠੀ ਲਿਖੀ ਉਸ ਨੇ ਆਪਣੇ ਦੋ ਸਾਲਾਂ ਦੇ ਝੱਲੇ ਹੋਏ ਦੁਖੜੇ ਲਿਖੇ, ਤੇ ਨਵੀਂਆਂ ਤਾਂਘਾਂ ਦਾ ਜ਼ਿਕਰ ਵੀ ਕੀਤਾ। ਪੰਡਤ ਜੀ ਬੜੇ ਨਰਮ-ਦਿਲ ਸਨ । ਚੌਥੇ ਦਿਨ ਜਵਾਬ ਆ ਗਿਆ ਕਿ ਉਹ ਉਸਦੀ ਕਾਲਜ ਦੀ ਪੜ੍ਹਾਈ ਦਾ ਪ੍ਰਬੰਧ ਕਰਨਗੇ। ਮੇਰਾ ਲੂੰ-ਲੂੰ ਖਿੜ ਪਿਆ। ਇਸ ਪ੍ਰਕਾਰ ਪ੍ਰਿੰ. ਸਾਹਿਬ ਸਿੰਘ ਨੂੰ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ

ਪ੍ਰਸ਼ਨ 3. ਪ੍ਰਿੰ. ਸਾਹਿਬ ਸਿੰਘ ਨੇ ਡਾਕਖ਼ਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ ਸੀ? ਨੌਕਰੀ ਛੱਡਣ ਉਪਰੰਤ ਉਸ ਨੇ ਕੀ ਕੰਮ ਕੀਤਾ?

ਉੱਤਰ: ਬਣਿਆ-ਬਣਾਇਆ ਰੁਜ਼ਗਾਰ ਛੱਡ ਕੇ ਪ੍ਰਿੰ. ਸਾਹਿਬ ਸਿੰਘ ਠੰਢੇ ਦੁੱਧ ਨੂੰ ਫੂਕਾਂ ਨਹੀਂ ਸੀ ਮਾਰਨ ਲੱਗਾ, ਨਾ ਹੀ ਉਸਨੂੰ ਕਾਲਜ ਦੇ ਰੰਗ-ਤਮਾਸ਼ਿਆਂ ਦੀ ਕੋਈ ਲਿਲ੍ਹ ਸੀ।

ਅਸਲ ਗੱਲ ਇਉਂ ਸੀ। ਘਰ ਰਹਿ ਕੇ ਉਸਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਉਹ ਤਾਂ ਵੱਡੇ ਕਰਜ਼ਾਈ ਹਨ, ਭਾਰੇ ਕਰਜ਼ੇ ਹੇਠ ਨੱਪੇ ਹੋਏ ਹਨ। ਉਸ ਕਰਜ਼ੇ ਦਾ ਮਾਹਵਾਰੀ ਸੂਦ ਇਤਨਾ ਸੀ ਕਿ ਉਸਦੀ ਹਰ ਮਹੀਨੇ ਦੀ ਤਨਖ਼ਾਹ ਸਿਰਫ਼ ਸੂਦ ਵਾਸਤੇ ਵੀ ਪੂਰੀ ਨਹੀਂ ਹੁੰਦੀ ਸੀ। ਉਸਨੇ ਦਸੰਬਰ, 1908 ਵਿੱਚ ਦਸਵੀਂ ਜਮਾਤ ਦਾ ਦਾਖ਼ਲਾ ਭੇਜਿਆ ਸੀ। ਉਹ ਰੁਪਿਆ ਵੀ ਉਸਦੀ ਵਿਧਵਾ ਭੂਆ (ਰਾਧੀ) ਨੇ ਆਪਣੀਆਂ ਟੁੰਬਾਂ ਗਹਿਣੇ ਪਾ ਕੇ ਲੈ ਦਿੱਤਾ ਸੀ ਤੇ ਅਜੇ ਤੱਕ ਉਸ ਉੱਤੇ ਸੂਦ ਪੈਂਦਾ ਆ ਰਿਹਾ ਸੀ। ਸੰਨ 1905 ਵਿੱਚ ਉਸਦਾ ਵਿਆਹ ਹੋਇਆ ਸੀ। ਤਦੋਂ ਵੀ ਕਰਜ਼ਾ ਹੀ ਚੁੱਕਿਆ ਸੀ ਤੇ ਉਹ ਵੀ ਅਜੇ ਸਿਰ ਉੱਤੇ ਸੀ। ਘਰ ਦੇ ਹੋਰ ਖ਼ਰਚਾਂ ਵਾਸਤੇ ਵੀ ਵੇਲ਼ੇ-ਕੁਵੇਲ਼ੇ ਕਰਜ਼ ਚੁੱਕ ਲੈਂਦੇ ਸਨ। ਉਸਨੂੰ ਤਦ ਤੱਕ ਚਾਰ ਸ਼ਾਹਾਂ ਦਾ ਪਤਾ ਲੱਗ ਚੁੱਕਾ ਸੀ-ਫੱਤੇਵਾਲੀ ਦੇ ਬੁੱਢਾ ਸਿੰਘ ਤੇ ਸੰਤ ਸਿੰਘ, ਗਾਹੜੂਵਾਲ ਦਾ ਮਾਘੀ ਸ਼ਾਹ ਤੇ ਉਸਦੇ ਆਪਣੇ ਹੀ ਪਿੰਡ ਦਾ ਪੰਡਤ ਰਾਮ ਕਿਸ਼ਨ।

ਪ੍ਰਿੰ. ਸਾਹਿਬ ਸਿੰਘ ਨੇ ਵੇਖ ਲਿਆ ਕਿ ਉਸਦੀ ਮਿਹਨਤ ਦੀ ਕਮਾਈ ਤਾਂ ਭੰਗ ਦੇ ਭਾੜੇ ਹੀ ਜਾ ਰਹੀ ਹੈ। ਜੇ ਉਹ ਇਹੀ ਨੌਕਰੀ ਕਰਦਾ ਰਿਹਾ ਤਾਂ ਪਿਛਲਾ ਕਰਜ਼ਾ ਜਿਉਂ ਦਾ ਤਿਉਂ ਉਹਨਾਂ ਦੇ ਸਿਰ ਉੱਤੇ ਖਲੋਤਾ ਰਹਿਣਾ ਹੈ ਤੇ ਅਗਾਂਹ ਜਿਉਂ-ਜਿਉਂ ਟੱਬਰ ਦੇ ਖ਼ਰਚ ਵਧਣੇ ਹਨ, ਕਰਜ਼ਾ ਵੀ ਵਧਦਾ ਜਾਣਾ ਹੈ।

ਦੂਜੇ ਪਾਸੇ, ਜੇ ਉਹ ਬੀ. ਏ. ਪਾਸ ਕਰ ਲੈਂਦਾ ਹੈ, ਤਾਂ ਇਹ ਸਾਰਾ ਕਰਜ਼ਾ ਦੋ-ਚਾਰ ਸਾਲਾਂ ਵਿੱਚ ਸਿਰੋਂ ਲਹਿਣ ਦੀ ਸੰਭਾਵਨਾ ਹੋ ਸਕਦੀ ਹੈ। ਜੂਆ ਹੀ ਸੀ, ਜੇ ਪਾਸਾ ਸਿੱਧਾ ਹੋ ਗਿਆ ਤਾਂ ਪੌਂ ਬਾਰਾਂ ਹੋ ਜਾਣਗੇ, ਪਰ ਜੇ ਪਾਸਾ ਪੁੱਠਾ ਪਿਆ, ਤਾਂ ਉਹ ਕਿਸੇ ਥਾਂ ਜੋਗਾ ਨਹੀਂ ਰਹੇਗਾ। ਇਹ ਸੋਚ ਕੇ ਉਸਨੇ ਡਾਕਖਾਨੇ ਦੀ ਨੌਕਰੀ ਛੱਡ ਦਿੱਤੀ।

ਨੌਕਰੀ ਛੱਡਣ ਉਪਰੰਤ ਉਸਨੇ ਗੌਰਮਿੰਟ ਕਾਲਜ ਵਿੱਚ ਦਾਖ਼ਲਾ ਲੈ ਗਿਆ। ਕਾਲਜ ਵਿੱਚ ਪੜ੍ਹਾਈ ਦੇ ਨਾਲ਼-ਨਾਲ਼ ਉਸਨੇ ਦੌੜਾਂ ਲਾਉਣੀਆਂ ਤੇ ਡੰਡ ਕੱਢਣੇ ਉਸਦਾ ਰੋਜ਼ਾਨਾ ਆਹਰ ਬਣ ਗਿਆ। ਪੈਰੇਲਲ-ਬਾਰ ਉੱਤੇ ਹੁਲਾਰੇ ਨਾਲ਼ ਡੰਡ ਕੱਢਣ ਦਾ ਉਸਨੂੰ ਖ਼ਾਸ ਸ਼ੌਕ ਸੀ। ਉਹ ਹਰ ਰੋਜ਼ ਲੌਢੇ ਪਹਿਰ ਫ਼ੁਟਬਾਲ ਵੀ ਖੇਡਿਆ ਕਰਦਾ ਸੀ।

ਪ੍ਰਸ਼ਨ 4. ਪ੍ਰਿੰ. ਸਾਹਿਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਨਾ ਕਿੱਥੋਂ-ਕਿੱਥੋਂ ਮਿਲਦੀ ਰਹੀ। ਇਸ ਪਾਠ ਦੇ ਆਧਾਰ ‘ਤੇ ਦੱਸੋ।

ਉੱਤਰ: ਪ੍ਰਿੰ. ਸਾਹਿਬ ਸਿੰਘ ਦੇ ਜੀਵਨ ਦੀ ਕਹਾਣੀ ਵਿਦਿਆਰਥੀਆਂ ਲਈ ਬਹੁਤ ਪ੍ਰੇਰਿਤ ਕਰਨ ਵਾਲੀ ਹੈ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਸਿੱਧੇ ਤੌਰ ’ਤੇ ਨਾ ਮਿਲ ਕੇ ਅਸਿੱਧੇ ਤੌਰ ’ਤੇ ਹੀ ਮਿਲੀ ਹੈ। ਕਾਜ਼ੀ ਜਲਾਲ ਦੀਨ ਜੀ ਨਾਰੋਵਾਲ ਦੇ ਰਹਿਣ ਵਾਲ਼ੇ ਸਨ ਕਾਜ਼ੀ ਜੀ ਕਦੇ-ਕਦੇ ਸਾਡੇ ਪਿੰਡ ਵਿੱਚੋਂ ਹੀ ਹੋ ਕੇ ਲੰਘਦੇ, ਮੇਰੇ ਪਿਤਾ ਜੀ ਨੂੰ ਮਿਲ਼ਦੇ ਤੇ ਮੇਰੀ ਬਾਬਤ ਇਹ ਪ੍ਰੇਰਨਾ ਭੀ ਕਰ ਜਾਇਆ ਕਰਦੇ ਸਨ ਕਿ ਇਸ ਬੱਚੇ ਨੂੰ ਪ੍ਰਾਇਮਰੀ ਤੋਂ ਅਗਾਂਹ ਮਿਡਲ ਸਕੂਲ ਵਿੱਚ ਵੀ ਜ਼ਰੂਰ ਦਾਖ਼ਲ ਕਰਾਉਣਾ। ਮੇਰਾ ਪਿਤਾ ਭਾਵੇਂ ਬਹੁਤ ਗ਼ਰੀਬ ਸੀ, ਪਰ ਉਸ ਨੂੰ ਕਾਜ਼ੀ ਦੀ ਨਿੱਤ ਦੀ ਪ੍ਰੇਰਨਾ ਨਾਲ਼ ਹੌਸਲਾ ਬਣਨ ਲੱਗ ਪਿਆ।

ਇਸ ਪਿੱਛੋਂ ਪੰਡਿਤ ਸ਼ਿਵ ਦਿਆਲ ਨੇ ਵੀ ਉਸ ਨੂੰ ਚੰਗੇ ਮੁੰਡਿਆਂ ਦੀਆਂ ਕਾਪੀਆਂ ਦੇ ਕੇ ਉਚਿਤ ਢੰਗ ਨਾਲ਼ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਹਾਈ ਸਕੂਲ ਵਿਚ ਪੜ੍ਹਦਿਆਂ ਉਸ ਦੇ ਮਨ ਵਿਚ ਆਰੀਆ ਸਮਾਜ ਦੇ ਪ੍ਰਚਾਰਕ ਦੇ ਮੂੰਹੋਂ ਸੰਸਕ੍ਰਿਤ ਦੇ ਸਲੋਕ ਸੁਣਨੇ ਬਹੁਤ ਵਧੀਆਂ ਲਗਦੇ ਸਨ ਜਿਸ ਕਰਕੇ ਉਸ ਦੇ ਮਨ ਵਿੱਚ ਸੰਸਕ੍ਰਿਤ ਪੜ੍ਹਨ ਦੀ ਲਗਨ ਪੈਦਾ ਹੋ ਗਈ ਤੇ ਪੰਡਿਤ ਵਿਤਸਤਾ ਪ੍ਰਸਾਦ ਜੀ ਨੇ ਉਸ ਦਾ ਹੌਂਸਲਾ ਵਧਾ ਕੇ ਉਸਦੀ ਸੰਸਕ੍ਰਿਤ ਪੜ੍ਹਨ ਦੀ ਲਗਨ ਨੂੰ ਮੱਠੀ ਨਾ ਪੈਣ ਦਿੱਤਾ। ਇਸ ਤੋਂ ਮਗਰੋਂ ਪੰਡਿਤ ਜੀ ਨੇ ਹੀ ਉਸ ਨੂੰ ਉਚੇਰੀ ਪੜ੍ਹਾਈ ਲਈ ਕਾਲਜ ਵਿੱਚ ਦਾਖ਼ਲ ਕਰਵਾਉਣ ਦਾ ਦਿਲਾਸਾ ਦੇ ਕੇ ਡਾਕਖ਼ਾਨੇ ਦੀ ਨੌਕਰੀ ਛੁਡਵਾ ਕੇ ਲਾਹੌਰ ਕਾਲਜ ਵਿਚ ਦਾਖ਼ਲ ਕਰਵਾਉਣ ਵਿੱਚ ਉਸਦੀ ਬਹੁਤ ਮਦਦ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਨਾ ਵੱਖ-ਵੱਖ ਥਾਂ ਤੋਂ ਮਿਲਦੀ ਰਹੀ ।

ਪ੍ਰਸ਼ਨ 5. ‘ਧੂੜ ਭਰੇ ਰਾਹ‘ ਸ੍ਵੈਜੀਵਨੀ-ਅੰਸ਼ ਵਿੱਚੋਂ ਪ੍ਰਿੰ. ਸਾਹਿਬ ਸਿੰਘ ਦੀ ਨਿਰਮਾਣ ਹੋ ਰਹੀ ਸ਼ਖ਼ਸੀਅਤ ਦੀਆਂ ਜਿਹੜੀਆਂ ਝਲਕਾਂ ਮਿਲਦੀਆਂ ਹਨ, ਉਸ ਬਾਰੇ ਇੱਕ ਨੋਟ ਲਿਖੋ।

ਉੱਤਰ: ਉੱਤਰ-‘ਧੂੜ ਭਰੇ ਰਾ’ ਸ੍ਵੈ-ਜੀਵਨੀ ਅੰਸ਼ ਵਿਚੋਂ ਸਾਨੂੰ ਪ੍ਰਿੰਸੀਪਲ ਸਾਹਿਬ ਸਿੰਘ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਬਚਪਨ ਤੋਂ ਹੀ ਪ੍ਰਿੰਸੀਪਲ ਸਾਹਿਬ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਵੀ ਸੀ ਅਤੇ ਉੱਚ ਵਿਦਿਆ ਲੈਣ ਦਾ ਇਛੁੱਕ ਵੀ ਸੀ। ਉਸ ਨੇ ਅੱਠਵੀਂ ਪਿੰਡੀ ਡਿਵੀਜ਼ਨ ਵਿਚੋਂ ਫ਼ਸਟ ਰਹਿ ਕੇ ਤੇ ਵਜ਼ੀਫ਼ਾ ਪ੍ਰਾਪਤ ਕੀਤਾ। ਉਸਨੇ 705 ਨੰਬਰਾਂ ਵਿੱਚੋਂ 613 ਨੰਬਰ ਪ੍ਰਾਪਤ ਕੀਤੇ ਸਨ। ਦਸਵੀਂ ਪਾਸ ਕਰਨ ਤਕ ਉਸ ਨੂੰ ਉਰਦੂ, ਗੁਰਮੁਖੀ, ਦੇਵਨਾਗਰੀ, ਸੰਸਕ੍ਰਿਤ, ਅੰਗਰੇਜ਼ੀ ਤੇ ਗਣਿਤ ਦਾ ਕਾਫ਼ੀ ਗਿਆਨ ਪ੍ਰਾਪਤ ਸੀ। ਪਰ ਉਹ ਘਰ ਦੀ ਗ਼ਰੀਬੀ ਕਾਰਨ ਬੁਰੀ ਤਰ੍ਹਾਂ ਆਰਥਿਕ ਔਕੜਾਂ ਵਿਚ ਬੁਰੀ ਤਰ੍ਹਾਂ ਘਿਰਿਆ ਹੋਇਆ ਸੀ। ਉਸ ਦਾ ਵਿਆਹ ਵਿਦਿਆਰਥੀ ਜੀਵਨ ਵਿਚ ਹੀ ਹੋ ਗਿਆ ਸੀ। ਹਾਈ ਸਕੂਲ ਵਿਚ ਪੜ੍ਹਦਿਆਂ ਉਸ ਦੇ ਮਨ ਵਿਚ ਆਰੀਆ ਸਮਾਜ ਦੇ ਪ੍ਰਚਾਰਕ ਦੇ ਮੂੰਹੋਂ ਸੰਸਕ੍ਰਿਤ ਦੇ ਸਲੋਕ ਸੁਣਨੇ ਬਹੁਤ ਵਧੀਆ ਲਗਦੇ ਸਨ ਜਿਸ ਕਰਕੇ ਉਸ ਦੇ ਮਨ ਵਿੱਚ ਸੰਸਕ੍ਰਿਤ ਪੜ੍ਹਨ ਦੀ ਲਗਨ ਪੈਦਾ ਹੋ ਗਈ ਉਸ ਨੇ ਨੌਵੀਂ-ਦਸਵੀਂ ਵਿਚ ਸੰਸਕ੍ਰਿਤ ਨੂੰ ਬਹੁਤ ਥੋੜ੍ਹੇ ਸਮੇਂ ਵਿਚ ਹੀ ਸਿੱਖ ਲਿਆ। ਕਾਲਜ ਵਿੱਚ ਪੜ੍ਹਨ ਸਮੇਂ ਉਸਨੂੰ ਵਰਜਿਸ਼ ਕਰਨ ਦੌੜ ਲਗਾਉਣ ਜ਼ਰੀਏ ਆਪਣੀ ਸਿਹਤ ਨੂੰ ਚੰਗੀ ਬਣਾਉਣ ਦਾ ਯਤਨ ਕਰਦਾ ਰਹਿੰਦਾ ਸੀ। ਉਹ ਅਣਖੀਲਾ ਤੇ ਹਾਜ਼ਰ-ਜਵਾਬ ਵੀ ਸੀ। ਉਸ ਦੀ ਸ਼ਖ਼ਸੀਅਤ ਵਿਚ ਨਿਮਰਤਾ ਦਾ ਗੁਣ ਵੀ ਮੌਜੂਦ ਸੀ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

TAGGED:
Share This Article
Leave a Comment

Leave a Reply

Your email address will not be published. Required fields are marked *