ਧਰਤੀ ਹੇਠਲਾ ਬਲ਼ਦ ਕਹਾਣੀਕਾਰ – ਕੁਲਵੰਤ ਸਿੰਘ ਵਿਰਕ
••• ਸਾਰ •••
ਮਾਨ ਸਿੰਘ ਬਰਮਾ ਦੇ ਫਰੰਟ ਤੋਂ ਫ਼ੌਜ ਵਿੱਚੋਂ ਛੁੱਟੀ ਕੱਟਣ ਲਈ ਆਉਂਦਾ ਹੈ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਫ਼ੌਜੀ ਮਿੱਤਰ ਕਰਮ ਸਿੰਘ ਦੀ ਇੱਛਾ ਅਨੁਸਾਰ ਉਸ ਦੇ ਪਰਿਵਾਰ ਨੂੰ ਮਿਲ਼ਣ ਲਈ ਆਪਣੇ ਪਿੰਡ ਚੂਹੜਕਾਣੇ ਤੋਂ ਮਾਝੇ ਵਿੱਚ ਉਸ ਦੇ ਪਿੰਡ ਠੱਠੀਖਾਰੇ ਜਾਂਦਾ ਹੈ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖ਼ਬਰ ਪਰਿਵਾਰ ਕੋਲ਼ ਪਹੁੰਚ ਜਾਂਦੀ ਹੈ। ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪੂ ਅਤੇ ਉਸ ਦਾ ਬਾਕੀ ਪਰਿਵਾਰ ਉਸ ਦੇ ਪਹੁੰਚਣ ’ਤੇ ਖ਼ੁਸ਼ ਨਾ ਜਾਪਿਆ। ਕਰਮ ਸਿੰਘ ਦੀ ਮਾਂ ਮਾਨ ਸਿੰਘ ਲਈ ਚਾਹ ਲੈ ਕੇ ਆਈ, ਤਾਂ ਉਸ ਨੇ ਵੀ ਮਾਨ ਸਿੰਘ ਨਾਲ਼ ਗੱਲਬਾਤ ਕਰਨ ਲਈ ਕੋਈ ਦਿਲਚਸਪੀ ਜ਼ਾਹਰ ਨਾ ਕੀਤੀ। ਜਦੋਂ ਮਾਨ ਸਿੰਘ ਕਰਮ ਸਿੰਘ ਦੀਆਂ ਫ਼ੌਜ ਵਿੱਚ ਪ੍ਰਾਪਤੀਆਂ ਬਾਰੇ ਉਸ ਦੇ ਛੋਟੇ ਭਰਾ ਜਸਵੰਤ ਸਿੰਘ ਨਾਲ਼ ਗੱਲਾਂ ਕਰਨ ਲੱਗਾ, ਤਾਂ ਉਸ ਨੇ ਵੀ ਬਹੁਤੀ ਖੁਸ਼ੀ ਜ਼ਾਹਰ ਨਹੀਂ ਕੀਤੀ। ਮਾਨ ਸਿੰਘ ਨਾਲ਼ ਤਰਨਤਾਰਨ ਗਿਆ ਜਸਵੰਤ ਸਿੰਘ ਵੀ ਘੁੱਟਿਆ–ਘੁੱਟਿਆ ਰਿਹਾ।
ਤਰਨਤਾਰਨ ਤੋਂ ਵਾਪਸ ਆ ਕੇ ਮਾਨ ਸਿੰਘ ਕਰਮ ਸਿੰਘ ਦੇ ਪਰਿਵਾਰ ਦੇ ਨਾਖੁਸ਼ ਜਿਹੇ ਵਰਤਾਓ ਕਾਰਨ ਵਾਪਸ ਜਾਣ ਦੀਆਂ ਸਲਾਹਾਂ ਹੀ ਕਰ ਰਿਹਾ ਸੀ ਕਿ ਡਾਕੀਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ, ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਜਾਂਦਾ ਹੈ। ਕਰਮ ਸਿੰਘ ਦਾ ਬਾਪੂ ਵੀ ਡਾਕੀਏ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਹੁਣ ਗੱਲ ਛੁਪਾਉਣ ਦਾ ਕੋਈ ਲਾਭ ਨਹੀਂ ਹੈ। ਉਹ ਇਸ ਬਾਰੇ ਮਾਨ ਸਿੰਘ ਨੂੰ ਦੱਸਦਾ ਹੈ ਕਿ ਉਹ ਉਸ ਦੀ ਛੁੱਟੀ ਨਹੀਂ ਖ਼ਰਾਬ ਕਰਨਾ ਚਾਹੁੰਦੇ ਸਨ, ਕਿਉਂਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ, ਇਸ ਲਈ ਉਹਨਾਂ ਨੇ ਕਰਮ ਸਿੰਘ ਦੀ ਮੌਤ ਦੀ ਖ਼ਬਰ ਉਸ ਤੋਂ ਛੁਪਾਈ ਸੀ। ਜਦੋਂ ਮਾਨ ਸਿੰਘ ਵਾਪਸ ਜਾਂਦਿਆਂ ਕਿਲ੍ਹਿਆਂ ਵਰਗੇ ਮਾਝੇ ਦੇ ਪਿੰਡ ਤੇ ਧਾੜਵੀਆਂ ਦਾ ਟਾਕਰਾ ਕਰਨ ਵਾਲੇ ਸ਼ਹੀਦਾਂ ਦੀਆਂ ਮੜ੍ਹੀਆਂ ਤੇ ਸਮਾਧਾਂ ਦੇਖਦਾ ਹੈ, ਤਾਂ ਉਹ ਸਮਝ ਜਾਂਦਾ ਹੈ ਕਿ ਕਰਮ ਸਿੰਘ ਦੇ ਬਾਪ ਵਿੱਚ ਇੰਨੀ ਸਹਿਣ-ਸ਼ਕਤੀ ਕਿਉਂ ਹੈ। ਉਹ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲ਼ਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ ਕਰਦਾ ਹੈ। ਇਸ ਤਰ੍ਹਾਂ ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪ ‘ਧਰਤੀ ਹੇਠਲਾ ਬਲ਼ਦ’ ਪ੍ਰਤੀਤ ਹੋਇਆ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਕਰਮ ਸਿੰਘ ਦਾ ਸੁਭਾਅ ਕਿਹੋ–ਜਿਹਾ ਸੀ?
ਉੱਤਰ – ਕਰਮ ਸਿੰਘ ਬਰਮਾ ਵਿੱਚ ਜਪਾਨੀਆਂ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ। ਉਹ ਜ਼ੁਬਾਨ ਦਾ ਬਹੁਤ ਮਿੱਠਾ ਸੀ। ਉਹ ਬਹੁਤ ਹੀ ਪੱਕਾ ਨਿਸ਼ਾਨਚੀ, ਫੁਰਤੀਲਾ ਤੇ ਚੁਸਤ ਸਰੀਰ ਵਾਲ਼ਾ ਸੀ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ਼ ਮੋਹ ਪਿਆਰ ਰੱਖਣ ਵਾਲ਼ਾ ਸੀ। ਉਹ ਸਵੇਰ ਵੇਲ਼ੇ ਦੇਰ ਨਾਲ਼ ਉੱਠਦਾ ਸੀ।
ਪ੍ਰਸ਼ਨ 2. ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ, ਉਸ ਨਾਲ਼ ਕਿਹੋ-ਜਿਹਾ ਵਿਹਾਰ ਕੀਤਾ?
ਉੱਤਰ – ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ ਕਰਮ ਸਿੰਘ ਦੀ ਮੌਤ ਦੀ ਖ਼ਬਰ ਨੂੰ ਉਸ ਤੋਂ ਛੁਪਾ ਕੇ ਰੱਖਿਆ, ਤਾਂ ਕਿ ਉਸ ਦੀ ਛੁੱਟੀ ਖ਼ਰਾਬ ਨਾ ਹੋਵੇ। ਮਾਨ ਸਿੰਘ ਜਦੋਂ ਕਰਮ ਸਿੰਘ ਦੀ ਬਹਾਦਰੀ ਬਾਰੇ ਉਹਨਾਂ ਨਾਲ਼ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਹ ਕਰਮ ਸਿੰਘ ਦੀ ਮੌਤ ਕਾਰਨ ਆਪਣੇ ਅੰਦਰਲੇ ਛੁਪੇ ਦੁੱਖ ਕਰਕੇ ਉਸ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਾ ਦਿਖਾ ਪਾਉਂਦੇ। ਮਾਨ ਸਿੰਘ ਨੂੰ ਇੱਕ ਵਾਰ ਤਾਂ ਇੰਝ ਲੱਗਾ ਕਿ ਉਹ ਉਸ ਦੇ ਆਉਣ ’ਤੇ ਖ਼ੁਸ਼ ਨਹੀਂ ਸਨ।
ਪ੍ਰਸ਼ਨ 3. ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ ’ਤੇ ਕਿਉਂ?
ਉੱਤਰ – ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖ਼ਬਰ ਛੁਪਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਫ਼ੌਜੀ ਨੂੰ ਬਹੁਤ ਮੁਸ਼ਕਿਲ ਨਾਲ਼ ਛੁੱਟੀ ਮਿਲ਼ਦੀ ਹੈ, ਇਸ ਲਈ ਫ਼ੌਜੀ ਲਈ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਉਹ ਇਸ ਦੁੱਖ ਭਰੀ ਖ਼ਬਰ ਨੂੰ ਦੱਸ ਕੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ।
ਪ੍ਰਸ਼ਨ 4. ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਕਰਨੀਆਂ ਕਿਉਂ ਚਾਹੁੰਦਾ ਸੀ?
ਉੱਤਰ – ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਇਸ ਲਈ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਹ ਪੱਕੇ ਮਿੱਤਰ ਸਨ ਅਤੇ ਉਸ ਨੂੰ ਆਪਣੇ ਮਿੱਤਰ ਦੀਆਂ ਪ੍ਰਾਪਤੀਆਂ ’ਤੇ ਮਾਣ ਸੀ। ਉਹ ਉਸ ਦੇ ਮਿੱਠੇਪਣ, ਪੱਕੇ ਨਿਸ਼ਾਨੇ ਅਤੇ ਫ਼ੌਜ ਵਿੱਚ ਪ੍ਰਾਪਤੀਆਂ ਬਾਰੇ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ।
ਪ੍ਰਸ਼ਨ 5. “ਆਹ ਫੜ ਲੈ ਮੁੰਡੇ ਨੂੰ ਓਧਰ ਰੱਖ, ਰੋਟੀ ਤਾਂ ਖਾ ਲੈਣ ਦਿਆ ਕਰੋ, ਅਰਾਮ ਨਾਲ਼।” ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਕਿਉਂ ਕਹੇ?
ਉੱਤਰ – ਜਦੋਂ ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਦੇ ਕੋਲ ਬੈਠ ਕੇ ਰੋਟੀ ਖਾਂਦਿਆਂ ਉਹਨਾਂ ਕੋਲ਼ ਆਏ ਕਰਮ ਸਿੰਘ ਦੇ ਪੁੱਤਰ ਨੂੰ ਗੋਦੀ ਚੁੱਕ ਕੇ ਉਸ ਨੂੰ ਆਪਣੇ ਪਿਤਾ ਕੋਲ਼ ਜਾਣ ਬਾਰੇ ਕਿਹਾ, ਤਾਂ ਕਰਮ ਸਿੰਘ ਦੇ ਬਾਪੂ ਨੂੰ ਇਹ ਗੱਲ ਸੂਲ ਵਾਂਗ ਚੁੱਭੀ ਕਿਉਂਕਿ ਉਹ ਜਾਣਦਾ ਸੀ ਕਿ ਕਰਮ ਸਿੰਘ ਇਸ ਦੁਨੀਆਂ ਤੇ ਨਹੀਂ ਰਿਹਾ, ਪਰ ਇਹ ਗੱਲ ਮਾਨ ਸਿੰਘ ਨੂੰ ਨਹੀਂ ਪਤਾ ਸੀ। ਇਸ ਲਈ ਉਸ ਨੇ ਗੱਲ ਦਾ ਰੁੱਖ਼ ਦੂਜੇ ਪਾਸੇ ਮੋੜਨ ਲਈ ਗੁੱਸੇ ਵਿੱਚ ਉਪਰੋਕਤ ਸ਼ਬਦ ਕਰਮ ਸਿੰਘ ਦੀ ਮਾਂ ਨੂੰ ਕਹੇ ਸਨ।
ਪ੍ਰਸ਼ਨ 6. ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ ?
ਉੱਤਰ – ਡਾਕੀਏ ਨੂੰ ਮਾਨ ਸਿੰਘ ਕੋਲ਼ ਬੈਠੇ ਦੇਖ ਕੇ ਕਰਮ ਸਿੰਘ ਦੇ ਬਾਪੂ ਨੂੰ ਸਮਝ ਆ ਗਿਆ ਕਿ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਗਿਆ ਹੋਵੇਗਾ। ਇਸ ਕਰਕੇ ਹੁਣ ਇਸ ਭੇਦ ਨੂੰ ਛੁਪਾ ਕੇ ਰੱਖਣ ਦਾ ਅਤੇ ਦੁੱਖ ਦਾ ਬੋਝ ਹੋਰ ਚੁੱਕੀ ਰੱਖਣ ਦਾ ਕੋਈ ਫ਼ਾਇਦਾ ਨਹੀਂ। ਇਸ ਲਈ ਮਾਨ ਸਿੰਘ ਕੋਲ਼ ਆਉਂਦਿਆਂ ਹੀ ਉਸ ਦੇ ਅੱਥਰੂ ਵਹਿ ਤੁਰੇ।
ਪ੍ਰਸ਼ਨ 7. ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ‘ਧਰਤੀ ਹੇਠਲਾ ਬਲ਼ਦ‘ ਕਿਉਂ ਕਿਹਾ?
ਉੱਤਰ – ਕਰਮ ਸਿੰਘ ਦੇ ਬਾਪੂ ਨੇ ਕਰਮ ਸਿੰਘ ਦੀ ਮੌਤ ਦੀ ਖ਼ਬਰ ਨੂੰ ਮਾਨ ਸਿੰਘ ਕੋਲ਼ੋਂ ਇਸ ਲਈ ਛੁਪਾਈ ਰੱਖਿਆ ਸੀ ਕਿ ਮਾਨ ਸਿੰਘ ਇਸ ਦੁੱਖ ਦੀ ਖ਼ਬਰ ਨੂੰ ਸੁਣ ਕੇ ਆਪਣੀ ਛੁੱਟੀ ਖ਼ਰਾਬ ਨਾ ਕਰੇ। ਕਿਉਂਕਿ ਉਹ ਦੋਵੇਂ ਗੂੜ੍ਹੇ ਮਿੱਤਰ ਸਨ। ਜਦੋਂ ਮਾਨ ਸਿੰਘ ਨੂੰ ਇਸ ਭੇਦ ਬਾਰੇ ਪਤਾ ਲੱਗਾ, ਤਾਂ ਉਸ ਨੂੰ ਕਰਮ ਸਿੰਘ ਦਾ ਬਾਪ ‘ਧਰਤੀ ਹੇਠਲਾ ਬਲ਼ਦ’ ਪ੍ਰਤੀਤ ਹੋਇਆਂ, ਜੋ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲ਼ਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ ਕਰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਧਰਤੀ ਹੇਠਲਾ ਬਲ਼ਦ‘ ਕਹਾਣੀ ਕਿਸ ਦੀ ਰਚਨਾ ਹੈ?
ਉੱਤਰ – ਕੁਲਵੰਤ ਸਿੰਘ ਵਿਰਕ।
ਪ੍ਰਸ਼ਨ 2. ਮਾਨ ਸਿੰਘ ਦਾ ਫ਼ੌਜ ਵਿੱਚ ਕੀ ਅਹੁਦਾ ਸੀ?
ਉੱਤਰ – ਨਾਇਕ।
ਪ੍ਰਸ਼ਨ 3. ‘ਧਰਤੀ ਹੇਠਲਾ ਬਲ਼ਦ’ ਕਹਾਣੀ ਦੇ ਕਿਸ ਪਾਤਰ ਦੀ ਜੀਭ ਵਿੱਚ ਬਹੁਤ ਰਸ ਸੀ?
ਉੱਤਰ – ਕਰਮ ਸਿੰਘ ਦੀ।
ਪ੍ਰਸ਼ਨ 4. ‘ਧਰਤੀ ਹੇਠਲਾ ਬਲ਼ਦ‘ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ – ਮਾਨ ਸਿੰਘ ਤੇ ਜਸਵੰਤ ਸਿੰਘ।
ਪ੍ਰਸ਼ਨ 5. ਕਿਸ ਦੀ ਗੋਲੀ ਦਾ ਨਿਸ਼ਾਨਾ ਪੱਕਾ ਸੀ?
ਉੱਤਰ – ਕਰਮ ਸਿੰਘ ਦੀ।
ਪ੍ਰਸ਼ਨ 6. ‘ਧਰਤੀ ਹੇਠਲਾ ਬਲ਼ਦ‘ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਮਾਨ ਸਿੰਘ।
ਪ੍ਰਸ਼ਨ 7. ਕਰਮ ਸਿੰਘ ਦੇ ਛੋਟੇ ਭਰਾ ਦਾ ਨਾਂ ਕੀ ਸੀ?
ਉੱਤਰ – ਜਸਵੰਤ ਸਿੰਘ।
ਪ੍ਰਸ਼ਨ 8. ਡਾਕੀਆ ਕਿਸ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆਇਆ ਸੀ?
ਉੱਤਰ – ਕਰਮ ਸਿੰਘ ਦੀ।
ਪ੍ਰਸ਼ਨ 9. ਮਾਨ ਸਿੰਘ ਦਾ ਪਿੰਡ ਕਿਹੜਾ ਸੀ?
ਉੱਤਰ – ਚੂਹੜਕਾਣਾ।
ਪ੍ਰਸ਼ਨ 10. ਕਰਮ ਸਿੰਘ ਦਾ ਪਿੰਡ ਕਿਹੜਾ ਸੀ?
ਉੱਤਰ – ਠੱਠੀਖਾਰਾ।
ਪ੍ਰਸ਼ਨ 11. ਕਰਮ ਸਿੰਘ ਦੀ ਮੌਤ ਬਾਰੇ ਮਾਨ ਸਿੰਘ ਨੂੰ ਕਿਵੇਂ ਪਤਾ ਲੱਗਾ?
ਉੱਤਰ – ਡਾਕੀਏ ਤੋਂ।
ਪ੍ਰਸ਼ਨ 12. ਠੱਠੀਖਾਰਾ ਪਿੰਡ ਕਿੱਥੇ ਹੈ?
ਉੱਤਰ – ਅੰਮ੍ਰਿਤਸਰ ਕੋਲ।
ਪ੍ਰਸ਼ਨ 13. ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪ ਕੀ ਪ੍ਰਤੀਤ ਹੋਇਆ?
ਉੱਤਰ – ਧਰਤੀ ਹੇਠਲਾ ਬਲ਼ਦ।
ਪ੍ਰਸ਼ਨ 14. ਕਰਮ ਸਿੰਘ ਫ਼ੌਜ ਵਿੱਚ ਕੀ ਸੀ?
ਉੱਤਰ – ਹੌਲਦਾਰ।
ਪ੍ਰਸ਼ਨ 15. ਮਾਨ ਸਿੰਘ ਤੇ ਕਰਮ ਸਿੰਘ ਕਿੱਥੇ ਇਕੱਠੇ ਲੜ ਰਹੇ ਸਨ?
ਉੱਤਰ – ਬਰਮਾ ਦੇ ਫਰੰਟ ’ਤੇ।
ਪ੍ਰਸ਼ਨ 16. ਮਾਨ ਸਿੰਘ ਨੇ ਕੁੱਛੜ ਕਿਸ ਨੂੰ ਚੁੱਕਿਆ ਸੀ?
ਉੱਤਰ – ਕਰਮ ਸਿੰਘ ਦੇ ਮੁੰਡੇ ਨੂੰ।
ਪ੍ਰਸ਼ਨ 17. ਮਾਨ ਸਿੰਘ ਜਸਵੰਤ ਸਿੰਘ ਨਾਲ਼ ਕਿੱਥੇ ਗਿਆ?
ਉੱਤਰ – ਤਰਨਤਾਰਨ।
ਪ੍ਰਸ਼ਨ 18. ਮਾਨ ਸਿੰਘ ਦਾ ਦੋਸਤ ਕੌਣ ਸੀ?
ਉੱਤਰ – ਕਰਮ ਸਿੰਘ।
ਪ੍ਰਸ਼ਨ 19. ਮਾਝੇ ਦੇ ਪਿੰਡਾਂ ਦੁਆਲ਼ੇ ਕਿਲ੍ਹੇ-ਕੋਟ ਕਿਉਂ ਉਸਾਰੇ ਹੋਏ ਸਨ?
ਉੱਤਰ – ਧਾੜਵੀਆਂ ਤੋਂ ਬਚਾਓ ਲਈ।
ਪ੍ਰਸ਼ਨ 20. ਮਾਝੇ ਦੇ ਪਿੰਡਾਂ ਵਿੱਚ ਧਾੜਵੀਆਂ ਨਾਲ਼ ਲੜ ਕੇ ਮਰਨ ਵਾਲ਼ਿਆਂ ਦੀਆਂ ਕੀ ਬਣੀਆਂ ਹੋਈਆਂ ਸਨ?
ਉੱਤਰ – ਮੜ੍ਹੀਆਂ ਤੇ ਸਮਾਧਾਂ।