ਬਾਗ਼ੀ ਦੀ ਧੀ – ਕਹਾਣੀ
ਕਹਾਣੀਕਾਰ – ਗੁਰਮੁਖ ਸਿੰਘ ਮੁਸਾਫ਼ਿਰ
••• ਸਾਰ •••
ਦੇਸ਼ ਵਿੱਚ ਚੱਲ ਰਹੀ ਅਜ਼ਾਦੀ ਦੀ ਲੜਾਈ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਆਈ, ਤਾਂ ਉਸ ਸਮੇਂ ਉਸ ਦੀ ਧੀ ਲਾਜ ਦੀ ਉਮਰ 12 ਕੁ ਸਾਲ ਦੀ ਸੀ ਅਤੇ ਲਾਜ ਨੂੰ 102° ਬੁਖ਼ਾਰ ਸੀ। ਕਿਸ਼ਨ ਸਿੰਘ ਦੀ ਪਤਨੀ ਅਤੇ ਲਾਜ ਦੀ ਮਾਂ ਸ਼ਰਨ ਕੌਰ ਵੀ ਘਰ ਨਹੀਂ ਸੀ, ਉਹ ਔਰਤਾਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਜੇਲ੍ਹ ਜਾਣ ਦਾ ਡਰ ਨਹੀਂ ਸੀ, ਪਰ ਲਾਜ ਦੀ ਬਿਮਾਰੀ ਕਾਰਨ ਉਹ ਫ਼ਿਕਰਮੰਦ ਸੀ। ਲਾਜ ਨੇ ਉਸ ਨੂੰ ਬੇਫ਼ਿਕਰ ਹੋ ਕੇ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਵੀਰਾਂ ਵਾਲੀ ਦੇ ਆਸਰੇ ਛੱਡ ਕੇ ਆਪ ਪੁਲਿਸ ਵਾਲ਼ਿਆਂ ਨਾਲ਼ ਚਲਾ ਗਿਆ।
ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਔਰਤਾਂ ਦੇ ਜਲੂਸ ਦੀ ਅਗਵਾਈ ਕਰ ਰਹੀ ਸ਼ਰਨ ਕੌਰ ਨੇ ਵੀ ਗ੍ਰਿਫ਼ਤਾਰੀ ਦੇ ਦਿੱਤੀ। ਉੱਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀ ਨਾਲ਼ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਤੇ ਫਿਰ ਦੋਵੇਂ ਪਤੀ-ਪਤਨੀ ਵੱਖਰੇ-ਵੱਖਰੇ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ। ਲਾਜ ਦਾ ਬੁਖ਼ਾਰ ਠੀਕ ਹੋਣ ਮਗਰੋਂ ਵੀਰਾਂਵਾਲੀ ਉਸ ਨੂੰ ਆਪਣੇ ਘਰ ਲੈ ਗਈ। ਜਦੋਂ ਵੀਰਾਂਵਾਲੀ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਆਇਆ ਤਾਂ ਉਹ ਲਾਜ ਨੂੰ ਦੇਖ ਕੇ ਗੁੱਸੇ ਨਾਲ਼ ਭਰ ਗਿਆ। ਕਿਉਂਕਿ ਉਸ ਨੂੰ ਆਸ ਸੀ ਕਿ ਉਸ ਨੂੰ ਸੂਬੇਦਾਰ ਮੇਜਰ ਬਣਾ ਦਿੱਤਾ ਜਾਵੇਗਾ, ਪਰ ਬਾਗ਼ੀਆਂ ਦੀ ਧੀ ਘਰ ਵਿੱਚ ਰੱਖਣ ਕਰਕੇ ਉਸ ਦੀ ਤਰੱਕੀ ਰੁਕ ਸਕਦੀ ਹੈ। ਉਸ ਨੇ ਵੀਰਾਂਵਾਲੀ ਨੂੰ ਕਿਹਾ ਕਿ ਬਾਗ਼ੀਆਂ ਦੀ ਧੀ ਨੂੰ ਘਰ ਵਿੱਚ ਰੱਖ ਕੇ ਉਸ ਨੇ ਉਸ ਦੀ ਤਰੱਕੀ ਦੇ ਰਾਹ ਵਿੱਚ ਰੋਕ ਪਾਈ ਹੈ। ਛੁੱਟੀ ਖ਼ਤਮ ਹੋਣ ’ਤੇ ਹੁਸ਼ਨਾਕ ਸਿੰਘ ਵੀਰਾਂਵਾਲੀ ਨੂੰ ਟਾਂਗੇ ਵਿੱਚ ਬੈਠਾ ਕੇ ਆਪਣੇ ਨਾਲ਼ ਲੈ ਗਿਆ ਤੇ ਲਾਜ ਬੂਹੇ ਵਿੱਚ ਕੁੜੀਆਂ ਨਾਲ਼ ਖੇਡਦੀ ਪਿੱਛੇ ਰਹਿ ਗਈ।
ਵੀਰਾਂਵਾਲੀ ਆਪਣੇ ਭਰਾ ਨਾਲ਼ ਅਮਾਨਤ ਵਿੱਚ ਖ਼ਿਆਨਤ ਕਰਨ ਦੇ ਸਦਮੇ ਨੂੰ ਨਾ ਸਹਾਰ ਸਕੀ ਅਤੇ ਮਰ ਗਈ। ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿੱਚ ਦਾਖ਼ਲ ਸੀ। ਰਿਹਾਈ ਤੋਂ ਬਾਅਦ ਸ਼ਰਨ ਕੌਰ ਹਸਪਤਾਲ ਪਹੁੰਚ ਗਈ। ਉੱਥੇ ਉਸ ਨੂੰ ਪਤਾ ਲੱਗਾ ਕਿ ਲਾਜ ਦੇ ਅਸਲੀ ਨਾਂ ਤੋਂ ਹਸਪਤਾਲ ਵਿੱਚ ਕੋਈ ਨਹੀਂ ਜਾਣਦਾ ਸੀ, ਸਗੋਂ ਉਸ ਦਾ ਨਾਂ ‘ਬਾਗ਼ੀ ਦੀ ਧੀ’ ਹੀ ਪ੍ਰਸਿੱਧ ਹੋ ਚੁੱਕਾ ਸੀ। ਇੱਕ ਸਫ਼ਾਈ ਸੇਵਿਕਾ ਤੋਂ ਪਤਾ ਕਰ ਕੇ ਜਦੋਂ ਉਹ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਲਾਜ ਮਰ ਚੁੱਕੀ ਸੀ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. “ਮੇਰੇ ਲਈ ਇੱਕੋ ਗੱਲ ਹੈ। ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪੱਸਲੀਆਂ ਘਸਾਈਆਂ ਹਨ।” ਕਿਸ਼ਨ ਸਿੰਘ ਨੇ ਇਹ ਸ਼ਬਦ ਕਿਉਂ ਕਹੇ?
ਉੱਤਰ – ਇਹ ਸ਼ਬਦ ਕਿਸ਼ਨ ਸਿੰਘ ਨੇ ਗ੍ਰਿਫ਼ਤਾਰ ਕਰਨ ਆਏ ਥਾਣੇਦਾਰ ਨੂੰ ਉਸ ਸਮੇਂ ਕਹੇ ਜਦੋਂ ਉਹ ਦੇਰ ਕਰਨ ਕਰਕੇ ਕਿਸ਼ਨ ਸਿੰਘ ਨੂੰ ਹਵਾਲਾਤ ਵਿੱਚ ਰਾਤ ਗੁਜ਼ਾਰਨ ਦਾ ਡਰ ਦੇ ਰਿਹਾ ਸੀ। ਜਿੱਥੇ ਕੈਦੀ ਨੂੰ ਜੇਲ੍ਹ ਵਾਲ਼ੀ ਕੋਈ ਸਹੂਲਤ ਨਹੀਂ ਮਿਲ਼ਦੀ। ਇਨ੍ਹਾਂ ਸ਼ਬਦਾਂ ਦੁਆਰਾ ਕਿਸ਼ਨ ਸਿੰਘ ਨੇ ਥਾਣੇਦਾਰ ਨੂੰ ਕਿਹਾ ਕਿ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਜੇਲ੍ਹਾਂ ਵੀ ਕੱਟੀਆਂ ਹਨ ਤੇ ਹਵਾਲਾਤਾਂ ਦੇ ਦੁੱਖ ਵੀ ਸਹੇ ਹਨ, ਇਸ ਲਈ ਦੋਹਾਂ ਥਾਵਾਂ ਵਿੱਚ ਉਸ ਲਈ ਕੋਈ ਫ਼ਰਕ ਨਹੀਂ।
ਪ੍ਰਸ਼ਨ 2. ਪੁਲਿਸ ਇੰਸਪੈੱਕਟਰ ਨਾਲ਼ ਜਾਣ ਸਮੇਂ ਕਿਸ਼ਨ ਸਿੰਘ ਦਾ ਧਿਆਨ ਕਿਸ ਵੱਲ ਸੀ ਤੇ ਕਿਉਂ?
ਉੱਤਰ – ਉਸ ਸਮੇਂ ਕਿਸ਼ਨ ਸਿੰਘ ਦਾ ਧਿਆਨ ਆਪਣੀ ਬਿਮਾਰ ਪਈ ਧੀ ਵੱਲ ਸੀ। ਉਸ ਦੀ ਪਤਨੀ ਸ਼ਰਨ ਕੌਰ ਵੀ ਘਰ ਨਹੀਂ ਸੀ। ਉਸ ਦੀ ਬੇਟੀ ਲਾਜ ਨੂੰ ਤਪਦਿਕ ਦਾ 102° ਬੁਖ਼ਾਰ ਸੀ। ਇਸ ਕਰਕੇ ਹੀ ਉਹ ਪ੍ਰੇਸ਼ਾਨ ਸੀ।
ਪ੍ਰਸ਼ਨ 3. ਪਿਤਾ ਦੇ ਜੇਲ੍ਹ ਜਾਣ ‘ਤੇ ਲਾਜ ਨੇ ਆਪਣੀ ਭੂਆ ਵੀਰਾਂ ਵਾਲੀ ਨੂੰ ਕੀ ਕਿਹਾ?
ਉੱਤਰ – ਪਿਤਾ ਦੇ ਜੇਲ੍ਹ ਜਾਣ ਸਮੇਂ ਲਾਜ ਨੇ ਆਪਣੀ ਭੂਆ ਨੂੰ ਕਿਹਾ ਕਿ ਰਾਜ਼ੀ ਹੋ ਕੇ ਉਹ ਵੀ ਆਪਣੇ ਪਿਤਾ ਕੋਲ਼ ਜੇਲ੍ਹ ਚਲੀ ਜਾਵੇਗੀ। ਉਸ ਨੇ ਕਿਹਾ ਕਿ ਆਪਣੇ ਮੁਲਕ ਲਈ ਜੇਲ੍ਹ ਜਾਣਾ ਕੋਈ ਮਾੜੀ ਗੱਲ ਨਹੀਂ। ਭੂਆ ਦੇ ਉਸ ਨੂੰ ਬਹੁਤ ਛੋਟੀ ਉਮਰ ਦੀ ਕਹਿਣ ’ਤੇ ਉਸ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਭੂਆ ਜੀ ਨੂੰ ਦੱਸਣ ਕਿ ਸ਼ਹੀਦ ਹੋਣ ਸਮੇਂ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ। ਉਹ ਛੋਟੀ ਉਮਰ ਵਿੱਚ ਸ਼ਹੀਦ ਹੋ ਗਏ ਸਨ, ਕੀ ਉਹ ਜੇਲ੍ਹ ਵੀ ਨਹੀਂ ਜਾ ਸਕਦੀ।
ਪ੍ਰਸ਼ਨ 4. ਵੀਰਾਂ ਵਾਲੀ ਦੀ ਮੌਤ ਦਾ ਕੀ ਕਾਰਨ ਸੀ?
ਉੱਤਰ – ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੀ ਭਤੀਜੀ ਲਾਜ ਦੀ ਦੇਖਭਾਲ ਦੀ ਜ਼ੁੰਮੇਵਾਰੀ ਨਹੀਂ ਨਿਭਾ ਸਕੀ। ਆਪਣੇ ਪਤੀ ਹੁਸ਼ਨਾਕ ਸਿੰਘ ਦੇ ਸਖ਼ਤ ਵਿਹਾਰ ਕਾਰਨ ਉਹ ਭਤੀਜੀ ਨੂੰ ਇਕੱਲਿਆਂ ਛੱਡ ਕੇ ਉਸ ਨਾਲ ਰਿਕਸ਼ੇ ਵਿੱਚ ਬੈਠ ਕੇ ਚਲੀ ਗਈ। ਭਰਾ ਦੇ ਲਾਜ ਬਾਰੇ ਪੁੱਛਣ ’ਤੇ ਉਸ ਨੂੰ ਡੂੰਘੀ ਸੱਟ ਵੱਜੀ। ਭਰਾ ਦੀ ਅਮਾਨਤ ਵਿੱਚ ਖ਼ਿਆਨਤ ਦਾ ਸਦਮਾ ਉਹ ਸਹਾਰ ਨਹੀਂ ਸਕੀ ਅਤੇ ਉਸ ਦੀ ਮੌਤ ਹੋ ਗਈ।
ਪ੍ਰਸ਼ਨ 5. ਹੁਸ਼ਨਾਕ ਸਿੰਘ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਵਿੱਚ ਕਿਉਂ ਨਹੀਂ ਸੀ ਰੱਖਣਾ ਚਾਹੁੰਦਾ?
ਉੱਤਰ – ਹੁਸ਼ਨਾਕ ਸਿੰਘ ਅੰਗਰੇਜ਼ੀ ਸੈਨਾ ਵਿੱਚ ਇੱਕ ਫ਼ੌਜੀ ਸੀ ਅਤੇ ਜਲਦ ਹੀ ਉਸ ਨੂੰ ਆਪਣੀ ਤਰੱਕੀ ਹੋ ਕੇ ਸੂਬੇਦਾਰ ਮੇਜਰ ਬਣਨ ਦੀ ਆਸ ਸੀ। ਉਸ ਨੂੰ ਡਰ ਸੀ ਕਿ ਜੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਉਸ ਦੇ ਰਿਸ਼ਤੇਦਾਰ ਬਾਗ਼ੀ ਹਨ ਅਤੇ ਉਹਨਾਂ ਦੀ ਧੀ ਉਸ ਦੇ ਘਰ ਰਹਿ ਰਹੀ ਹੈ ਤਾਂ ਉਸ ਦੀ ਤਰੱਕੀ ਰੁੱਕ ਜਾਵੇਗੀ। ਇਸ ਲਈ ਉਹ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ।
ਪ੍ਰਸ਼ਨ 6. ਕਿਸ਼ਨ ਸਿੰਘ ਨੇ ਬੀਬੀਆਂ ਨੂੰ ਜੇਲ੍ਹ ਅੰਦਰ ਝੰਡਾ ਨਾ ਲਹਿਰਾਉਣ ਬਾਰੇ ਕਿਵੇਂ ਸਮਝਾਇਆ?
ਉੱਤਰ – ਜੇਲ੍ਹ ਦੀ ਬੈਰਕ ਉੱਪਰ ਝੰਡਾ ਲਾਉਣ ਦੀ ਜਿੱਦ ਕਰੀਂ ਬੈਠੀਆਂ ਬੀਬੀਆਂ ਨੂੰ ਕਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਝੰਡੇ ਪ੍ਰਤੀ ਆਪਣਾ ਕਾਫ਼ੀ ਵਿਸ਼ਵਾਸ ਪ੍ਰਗਟ ਕਰ ਲਿਆ ਹੈ। ਖੁੱਲ ਦੀ ਹਾਲਤ ਵਿੱਚ ਉਹਨਾਂ ਉਸ ਦੀ ਬੇਅਦਬੀ ਨਹੀਂ ਹੋਣ ਦਿੱਤੀ, ਪਰ ਹੁਣ ਉਹ ਕੈਦ ਵਿੱਚ ਹਨ। ਜੇਕਰ ਉਹਨਾਂ ਬੈਰਕ ਵਿੱਚ ਝੰਡਾ ਲਾ ਵੀ ਦਿੱਤਾ ਤਾਂ ਕਰਮਚਾਰੀ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਝੰਡੇ ਦਾ ਅਪਮਾਨ ਕਰਨਗੇ ਅਤੇ ਪਾੜ ਦੇਣਗੇ। ਇਸ ਲਈ ਉਹ ਇਹ ਝਗੜਾ ਛੱਡ ਕੇ ਝੰਡਾ ਅਦਬ ਨਾਲ਼ ਕਾਂਗਰਸ ਦੇ ਦਫ਼ਤਰ ਪਹੁੰਚਾ ਦੇਣ।
ਪ੍ਰਸ਼ਨ 7. ਆਪਣੇ ਪਿਤਾ ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਬਿਮਾਰ ਪਈ ਲਾਜ ਨੇ ਕੀ ਸ਼ਬਦ ਕਹੇ ?
ਉੱਤਰ – ਪਿਤਾ ਦੇ ਜੇਲ੍ਹ ਜਾਣ ਸਮੇਂ ਲਾਜ ਨੇ ਆਪਣੇ ਪਿਤਾ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਫ਼ਿਕਰ ਦੇਖਦਿਆਂ ਹੋਇਆਂ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਦਾ ਫ਼ਿਕਰ ਨਾ ਕਰਨ । ਉਸ ਨੇ ਕਿਹਾ ਕਿ ਜੇਕਰ ਉਹ ਬਿਮਾਰ ਨਾ ਹੁੰਦੀ ਤਾਂ ਉਹ ਵੀ ਜ਼ਰੂਰ ਜੇਲ੍ਹ ਚਲੀ ਜਾਂਦੀ। ਲਾਜ ਆਪਣੇ-ਆਪ ਨੂੰ ਕੋਸਦੀ ਹੈ ਕਿ ਉਹ ਆਪਣੇ ਪਿਤਾ ਦੇ ਜੇਲ੍ਹ ਜਾਣ ਵਿੱਚ ਰੁਕਾਵਟ ਬਣੀ ਹੋਈ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬਾਗ਼ੀ ਦੀ ਧੀ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਗੁਰਮੁਖ ਸਿੰਘ ਮੁਸਾਫ਼ਿਰ।
ਪ੍ਰਸ਼ਨ 2. ‘ਬਾਗ਼ੀ ਦੀ ਧੀ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਕਿਸ਼ਨ ਸਿੰਘ।
ਪ੍ਰਸ਼ਨ 3. ਹੁਸ਼ਨਾਕ ਸਿੰਘ ਕੌਣ ਸੀ?
ਉੱਤਰ – ਵੀਰਾਂ ਵਾਲੀ ਦਾ ਪਤੀ ਹੈ।
ਪ੍ਰਸ਼ਨ 4. ਬਾਗ਼ੀ ਦੀ ਧੀ ਕੌਣ ਸੀ?
ਉੱਤਰ – ਲਾਜ।
ਪ੍ਰਸ਼ਨ 5. ਲਾਜ ਨੂੰ ਕਿਹੜੀ ਬਿਮਾਰੀ ਸੀ?
ਉੱਤਰ – ਤਪਦਿਕ
ਪ੍ਰਸ਼ਨ 6. ਖੱਦਰਪੋਸ਼ ਬੀਬੀ ਕੌਣ ਸੀ?
ਉੱਤਰ – ਸ਼ਰਨ ਕੌਰ।
ਪ੍ਰਸ਼ਨ 7. ਅੰਤ ਸਮੇਂ ਲਾਜ ਕਿੱਥੇ ਤਪਦਿਕ ਹਸਪਤਾਲ ਵਿੱਚ ਦਾਖ਼ਲ ਸੀ?
ਉੱਤਰ – ਲਾਹੌਰ।
ਪ੍ਰਸ਼ਨ 8. ਵੀਰਾਂ ਵਾਲੀ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ?
ਉੱਤਰ – ਭੈਣ।
ਪ੍ਰਸ਼ਨ 9. ਕਿਸ਼ਨ ਸਿੰਘ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ – ਸ਼ਰਨ ਕੌਰ।
ਪ੍ਰਸ਼ਨ 9. ‘ਬਾਗ਼ੀ ਦੀ ਧੀ’ ਕਹਾਣੀ ਵਿੱਚ ਦੁਸ਼ਟ ਪਾਤਰ ਕੌਣ ਹੈ?
ਉੱਤਰ – ਹੁਸ਼ਨਾਕ ਸਿੰਘ
ਪ੍ਰਸ਼ਨ 10. ਲਾਜ ਕਿਸ ਦੀ ਬੇਟੀ ਸੀ?
ਉੱਤਰ – ਕਿਸ਼ਨ ਸਿੰਘ ਅਤੇ ਸ਼ਰਨ ਕੌਰ ਦੀ।
ਪ੍ਰਸ਼ਨ 11. ਲਾਜ ਦੀ ਭੂਆ ਕੌਣ ਸੀ?
ਉੱਤਰ – ਵੀਰਾਂ ਵਾਲੀ
ਪ੍ਰਸ਼ਨ 12. ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਲਾਜ ਨੂੰ ਕਿੰਨਾ ਬੁਖ਼ਾਰ ਸੀ?
ਉੱਤਰ – 102°
ਪ੍ਰਸ਼ਨ 13. ਕੌਮੀ ਝੰਡਾ ਕਿਸ ਦੇ ਹੱਥ ਵਿੱਚ ਫੜਿਆ ਹੋਇਆ ਸੀ?
ਉੱਤਰ – ਸ਼ਰਨ ਕੌਰ ਦੇ।
ਪ੍ਰਸ਼ਨ 14. ਕਿਸ਼ਨ ਸਿੰਘ ਨੂੰ ਕੈਦ ਕਿੰਨੀ ਹੋਈ ਸੀ?
ਉੱਤਰ – ਤਿੰਨ ਸਾਲ।
ਪ੍ਰਸ਼ਨ 15. ਹੁਸ਼ਨਾਕ ਸਿੰਘ ਨੂੰ ਫ਼ੌਜ ਵਿਚ ਕੀ ਬਣਨ ਦੀ ਆਸ ਸੀ?
ਉੱਤਰ – ਸੂਬੇਦਾਰ ਮੇਜਰ।