3. ਅੰਗ–ਸੰਗ – ਕਹਾਣੀ
ਲੇਖਕ – ਵਰਿਆਮ ਸਿੰਘ ਸੰਧੂ
••• ਸਾਰ •••
ਕਰਤਾਰ ਸਿੰਘ ਦਾ ਬਾਪ ਜ਼ਮੀਨ ਗਹਿਣੇ ਪੈਣ ਕਰਕੇ ਅਤੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਸਿੰਘਾਪੁਰ ਚਲਾ ਗਿਆ। ਉੱਥੇ ਜਾ ਕੇ ਉਸ ਨੇ ਕਮਾਈ ਕਰਕੇ ਸਾਰਾ ਕਰਜ਼ਾ ਉਤਾਰ ਦਿੱਤਾ ਅਤੇ ਆਪਣੀ ਗਹਿਣੇ ਪਈ ਜ਼ਮੀਨ ਵੀ ਛੁਡਾ ਲਈ, ਪਰੰਤੂ ਉਸ ਦਾ ਪੁੱਤਰ ਕਰਤਾਰ ਸਿੰਘ ਬਾਹਰੋਂ ਆਉਂਦੇ ਪੈਸੇ ਤੇ ਐਸ਼ ਕਰਨ ਲੱਗ ਪਿਆ। ਉਸ ਨੇ ਜ਼ਮੀਨ ਠੇਕੇ ਉੱਤੇ ਦੇ ਕੇ ਆਪ ਸ਼ਾਨ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਸਾਰਾ ਦਿਨ ਵਿਹਲੇ ਢਾਣੀਆਂ ਵਿੱਚ ਫਿਰਨਾ, ਸ਼ਰਾਬ ਪੀਣਾ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਸਨ। ਉਹ ਆਪਣੀ ਮਾਂ ਅਤੇ ਪਤਨੀ ਦੇ ਸਮਝਾਏ ਦੀ ਵੀ ਪਰਵਾਹ ਨਾ ਕਰਦਾ। ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਬਾਹਰੋਂ ਆਉਂਦਾ ਪੈਸਾ ਬੰਦ ਹੋ ਗਿਆ, ਪਰ ਉਸ ਨੇ ਫੈਲ–ਸੂਫ਼ੀਆਂ ਨਾ ਬੰਦ ਕੀਤੀਆਂ। ਇਕ ਵਾਰੀ ਉਸ ਨੇ ਆਪਣੀ ਭੈਣ ਦੀਆਂ ਦੋ ਕੁੜੀਆਂ ਦੇ ਇਕੱਠੇ ਵਿਆਹਾਂ ਉੱਤੇ ਭੈਣ ਦੀ ਇੱਛਾ ਅਨੁਸਾਰ ਉੱਥੇ ਬਣ–ਠਣ ਕੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਆਪਣੀ ਪਤਨੀ ਤੋਂ ਟੂੰਮਾਂ ਮੰਗੀਆਂ, ਪਰ ਉਸ ਦੁਆਰਾ ਟੂੰਮਾਂ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਆਪਣੀ ਪਤਨੀ ਨੂੰ ਥਾਪੀ ਨਾਲ਼ ਕੁੱਟਿਆ। ਉਸ ਨੇ ਹਰ ਰੋਜ਼ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਰੋਜ਼ਾਨਾ ਸ਼ਰਾਬ ਨਾਲ਼ ਰੱਜਿਆ ਘਰ ਆਉਂਦਾ, ਜਿਸ ਕਾਰਨ ਘਰ ਵਿੱਚ ਤਣਾਓ ਅਤੇ ਕਲੇਸ਼ ਬਣਿਆ ਰਹਿੰਦਾ।
ਉਸ ਦਾ ਪੁੱਤਰ ਅਮਰੀਕ ਸਿੰਘ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ। ਉਹ ਆਪਣੇ ਪਿਤਾ ਦੀਆ ਆਦਤਾਂ ਨੂੰ ਪਸੰਦ ਨਹੀਂ ਕਰਦਾ ਸੀ। ਨਸ਼ਿਆਂ ਵਿੱਚ ਪੈਣ ਕਰਕੇ ਕਰਤਾਰ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਆਦ ਹੀ ਅਮਰੀਕ ਨੂੰ ਆਪਣੇ ਪਿਤਾ ਦੀਆਂ ਬਹੁਤ ਸਾਰੀਆਂ ਮਾੜੀਆਂ ਆਦਤਾਂ ਦੇ ਨਾਲ਼–ਨਾਲ਼ ਜ਼ਮੀਨ ਗਹਿਣੇ ਪੈ ਜਾਣ ਅਤੇ ਪਰਿਵਾਰ ਦੇ ਕਰਜ਼ੇ ਵਿੱਚ ਡੁੱਬ ਜਾਣ ਦਾ ਪਤਾ ਲੱਗਾ। ਸੁਸਾਇਟੀ ਦੇ ਇੰਸਪੈਕਟਰ ਨੇ ਘਰ ਆ ਕੇ ਕਰਜ਼ੇ ਦੇ ਸਾਢੇ ਸੋਲਾਂ ਸੌ ਰੁਪਏ ਦੱਸੇ ਅਤੇ ਮੁਲਾਜ਼ਮ ਭਰਾ ਹੋਣ ਕਰਕੇ ਕਿਸਤਾਂ ਵਿੱਚ ਵਾਪਸ ਕਰਵਾਉਣ ਲਈ ਮੰਨ ਲਿਆ। ਅਮਰੀਕ ਨੂੰ ਛੋਟੇ ਭਰਾ ਮਹਿੰਦਰ ਤੋਂ ਪਤਾ ਲੱਗਾ ਕਿ ਪੰਜ ਸੌ ਰੁਪਏ ਉਸ ਨੇ ਮੱਖਣ ਸਿੰਘ ਦੇ ਦੇਣੇ ਸਨ। ਅਮਰੀਕ ਸਿੰਘ ਨੂੰ ਆਪਣੀ ਮਾਂ ਜਾਗੀਰ ਕੌਰ ਤੋਂ ਪਤਾ ਲੱਗਾ ਕਿ , ਜਿਸ ਜ਼ਮੀਨ ਨੂੰ ਉਹ ਬਚੀ ਹੋਈ ਸਮਝਦਾ ਸੀ, ਉਹ ਪੌਣਾ ਕਿੱਲਾ ਵੀ ਗਹਿਣੇ ਪਈ ਹੋਈ ਸੀ। ਇਹ ਸਭ ਕੁਝ ਦਾ ਅਚਾਨਕ ਪਤਾ ਲੱਗਣ ਕਰਕੇ ਅਮਰੀਕ ਨੂੰ ਬਹੁਤ ਦੁੱਖ ਹੋਇਆ ਅਤੇ ਘਰ ਵਾਲ਼ਿਆਂ ’ਤੇ ਗੁੱਸਾ ਵੀ ਆਇਆ, ਕਿਉਂਕਿ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਸ ਤੋਂ ਲੁਕਾਈਆਂ ਸਨ। ਫਿਰ ਉਸਨੂੰ ਪਤਾ ਲੱਗਾ ਕਿ ਕਰਤਾਰ ਸਿੰਘ ਇਕ ਵਾਰੀ ਘਰੋਂ ਪਤੀਲਾ ਚੁੱਕ ਕੇ ਵੇਚ ਆਇਆ ਸੀ ਅਤੇ ਉਹ ਅਫ਼ੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਖਾਂਦਾ, ਨਸਵਾਰ ਤੇ ਬੀੜਾ ਜਿਹਾ ਵੀ ਲੈਂਦਾ ਸੀ। ਅਮਰੀਕ ਨੇ ਦੁਖੀ ਹੋ ਕੇ ਕਿਹਾ ਕਿ ਇਸ ਤਰ੍ਹਾਂ ਜੇਕਰ ਉਹ ਹੋਰ ਜਿਉਂਦਾ ਰਹਿੰਦਾ, ਤਾਂ ਰਹਿੰਦੀ ਦੋ ਕਿੱਲੇ ਜ਼ਮੀਨ ਵੀ ਗਹਿਣੇ ਪੈ ਜਾਣੀ ਸੀ ਤੇ ਮਹਿੰਦਰ ਦੇ ਕਹਿਣ ਅਨੁਸਾਰ ਪਿੱਛੇ ਰਹਿ ਜਾਣਾ ਸੀ, “ਠੁਣ–ਠੁਣ ਗੋਪਾਲ।” ਇਹ ਸੁਣ ਕੇ ਸਾਰੇ ਪਰਿਵਾਰ ਦੇ ਚਿਹਰਿਆਂ ਤੇ ਹਲਕੀ ਜਿਹੀ ਮੁਸਕਾਨ ਆਈ, ਜਿਵੇਂ ਸਾਰਿਆਂ ਨੇ ਇਸ ਗੱਲ ਨੂੰ ਸਰਬ–ਸੰਮਤੀ ਨਾਲ਼ ਪਰਵਾਨ ਕਰ ਲਿਆ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ‘ਅੰਗ–ਸੰਗ’ ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ?
ਉੱਤਰ – ਕਹਾਣੀ ਵਿੱਚ ਘਰ ਦੇ ਮੁਖੀ ਕਰਤਾਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਕਰਕੇ ਘਰ ਵਿੱਚ ਹਨੇਰੇ ਵਰਗੀ ਚੁੱਪ ਛਾਈ ਹੋਈ ਸੀ। ਇਸ ਚੁੱਪ ਦਾ ਕਾਰਨ ਇਹ ਵੀ ਸੀ ਕਿ ਕਰਤਾਰ ਸਿੰਘ ਦੇ ਵੈਲਾਂ ਕਾਰਨ ਘਰ ਉੱਜੜ ਚੁੱਕਿਆ ਸੀ। ਜ਼ਮੀਨ ਗਹਿਣੇ ਪੈ ਚੁੱਕੀ ਸੀ ਅਤੇ ਸਾਰਾ ਪਰਿਵਾਰ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ ਸੀ।
ਪ੍ਰਸ਼ਨ 2. ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਤੇ ਕਿਉਂ?
ਉੱਤਰ – ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਨੂੰ ਸੁਸਾਇਟੀ ਦਾ ਖਾਦ ਦਾ ਸਾਢੇ ਸੋਲਾਂ ਸੌ ਰੁਪਏ ਕਰਜ਼ਾ ਮੋੜਨ ਲਈ ਰਿਆਇਤ ਦਿੱਤੀ ਕਿ ਉਹ ਇਸ ਨੂੰ ਦੋ ਕਿਸ਼ਤਾਂ ਵਿੱਚ ਮੋੜ ਸਕਦਾ ਹੈ ਅਤੇ ਪਹਿਲੀ ਕਿਸ਼ਤ ਲਈ ਪੰਦਰਾਂ ਦਿਨਾਂ ਦੀ ਮੋਹਲਤ ਹੋਰ ਦੇ ਦਿੱਤੀ। ਇੰਸਪੈਕਟਰ ਨੇ ਅਜਿਹਾ ਮੁਲਾਜ਼ਮ ਭਰਾ ਹੋਣ ਕਰਕੇ ਕੀਤਾ। ਉਹ ਅਮਰੀਕ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੀ ਸਮਝਦਾ ਸੀ।
ਪ੍ਰਸ਼ਨ 3. ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕੀ ਕਾਰਨ ਸਨ?
ਉੱਤਰ – ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕਾਰਨ ਉਸ ਦੇ ਕਈ ਪ੍ਰਕਾਰ ਦੇ ਵੈਲ ਸਨ। ਉਹ ਸ਼ਰਾਬ ਪੀਂਦਾ , ਅਫ਼ੀਮ ਖਾਂਦਾ ਅਤੇ ਨਸ਼ੇ ਦੀਆਂ ਗੋਲੀਆਂ ਵੀ ਖਾਣ ਲੱਗ ਪਿਆ ਸੀ। ਉਹ ਨਸਵਾਰ ਤੇ ਬੀੜਾ ਵੀ ਲੈਂਦਾ ਸੀ।
ਪ੍ਰਸ਼ਨ 4. ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਤੇ ਕਿਉਂ?
ਉੱਤਰ – ਬਚਪਨ ਵਿੱਚ ਅਮਰੀਕਾ ਚਾਹੁੰਦਾ ਹੈ ਕਿ ਉਸ ਦਾ ਬਾਪ ਧੌਲੀ ਦਾੜ੍ਹੀ ਵਾਲ਼ਾ ਹੋਵੇ ਕਿਉਂਕਿ ਨਵੇਂ ਆਏ ਅਧਿਆਪਕ ਅਤੇ ਅਣਜਾਣ ਲੋਕ ਉਸਦੇ ਪਿਓ ਕਰਤਾਰ ਸਿੰਘ ਨੂੰ ਉਸ ਦਾ ਵੱਡਾ ਭਰਾ ਹੀ ਸਮਝ ਲੈਂਦੇ ਸਨ। ਇਹ ਉਸ ਨੂੰ ਚੰਗਾ ਨਹੀਂ ਲੱਗਦਾ ਸੀ।
ਪ੍ਰਸ਼ਨ 5. ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਨੂੰ ਕਿਵੇਂ ਛੁਡਾਇਆ?
ਉੱਤਰ – ਅਮਰੀਕਾ ਦਾ ਦਾਦਾ ਕਰਜ਼ੇ ਹੇਠ ਦੱਬੇ ਜਾਣ ਪਿੱਛੋਂ ਜ਼ਮੀਨ ਦੇ ਗਹਿਣੇ ਪੈਣ ਕਰਕੇ ਸਿੰਘਾਪੁਰ ਚਲਾ ਗਿਆ ਤੇ ਉੱਥੇ ਜਾ ਕੇ ਕਮਾਈ ਕਰ ਕੇ ਉਸ ਨੇ ਹੌਲ਼ੀ-ਹੌਲ਼ੀ ਆਪਣੀ ਗਹਿਣੇ ਪਈ ਜ਼ਮੀਨ ਨੂੰ ਛੁਡਵਾ ਲਿਆ।
ਪ੍ਰਸ਼ਨ 6. ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ ਤੇ ਕਿਉਂ ਖਿਝਿਆ–ਖਿਝਿਆ ਰਹਿੰਦਾ ਸੀ?
ਉੱਤਰ – ਦੋਹਾਂ ਕੁੜੀਆਂ ਦੇ ਇਕੱਠੇ ਵਿਆਹ ਉੱਤੇ ਇਕੱਲੇ ਭਰਾ ਨੂੰ ਬਣ–ਠਣ ਕੇ ਆਉਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਕੁੜੀਆਂ ਰੋਜ਼–ਰੋਜ਼ ਨਹੀਂ ਵਿਆਹੁਣੀਆਂ, ਪਰ ਕਰਤਾਰ ਸਿੰਘ ਨੂੰ ਵਿਆਹ ਉਪਰ ਖ਼ਰਚ ਲਈ ਕਿਤੋਂ ਵੀ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ। ਉਸ ਨੇ ਜਗੀਰ ਕੌਰ ਤੋਂ ਟੂੰਮਾਂ ਵੀ ਮੰਗੀਆਂ, ਪਰ ਉਹ ਦੇਣ ਲਈ ਤਿਆਰ ਨਹੀਂ ਸੀ। ਜਿਸ ਕਰਕੇ ਉਹ ਖਿਝਿਆ–ਖਿਝਿਆ ਰਹਿੰਦਾ ਸੀ।
ਪ੍ਰਸ਼ਨ 7. “ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ।” ਜਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ?
ਉੱਤਰ – ਜਦੋਂ ਅਮਰੀਕ ਸਿੰਘ ਨੇ ਪੌਣੇ ਕਿਲ੍ਹੇ ਨੂੰ ਆਪਣਾ ਸਮਝ ਕੇ ਛੋਟੇ ਮਹਿੰਦਰ ਸਿੰਘ ਨੂੰ ਉਸ ਵਿੱਚ ਪੱਠੇ ਬੀਜਣ ਲਈ ਕਿਹਾ, ਤਾਂ ਜਗੀਰ ਕੌਰ ਨੇ ਭੇਤ ਖੋਲ੍ਹਦਿਆਂ ਉਸ ਨੂੰ ਦੱਸਿਆ ਕਿ ਉਸ ਜ਼ਮੀਨ ਉੱਤੇ ਤਾਂ ਕਰਜ਼ਾ ਲੈ ਕੇ ਉਸ ਦੀ ਭੈਣ ਦੀ ਸੱਸ ਦੇ ਇਕੱਠ ਉੱਤੇ ਗਏ ਸਨ।
ਪ੍ਰਸ਼ਨ 8. ਅਮਰੀਕ ਸਿੰਘ ਨੂੰ ਘਰਦਿਆਂ ਨਾਲ਼ ਕਿਸ ਗੱਲ ਦਾ ਇਤਰਾਜ਼ ਸੀ?
ਉੱਤਰ – ਅਮਰੀਕ ਸਿੰਘ ਨੂੰ ਘਰਦਿਆਂ ਨਾਲ਼ ਇਸ ਗੱਲ ਦਾ ਇਤਰਾਜ਼ ਸੀ ਕਿ ਉਨ੍ਹਾਂ ਉਸ ਤੋਂ ਆਪਣੇ ਪਿਓ ਦੁਆਰਾ ਕੀਤੇ ਵੈਲ ਅਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਲੁਕਾ ਕੇ ਰੱਖੀਆਂ ਸਨ।
ਪ੍ਰਸ਼ਨ 9. ਕਰਤਾਰ ਸਿੰਘ ਦਾ ਚਰਿੱਤਰ ਚਿਤਰਨ ਕਰੋ।
ਉੱਤਰ – ਕਰਤਾਰ ਸਿੰਘ ‘ਅੰਗ–ਸੰਗ’ ਕਹਾਣੀ ਦਾ ਮੁੱਖ ਪਾਤਰ ਹੈ। ਉਹ ਕਈ ਪ੍ਰਕਾਰ ਦੇ ਨਸ਼ੇ ਕਰਦਾ ਹੈ ਅਤੇ ਸ਼ਿਕਾਰ ਖੇਡਦਾ ਹੈ। ਆਪਣੇ ਨਸ਼ਿਆਂ ਲਈ ਉਸ ਨੇ ਬਹੁਤ ਸਾਰੀ ਜ਼ਮੀਨ ਵੀ ਗਹਿਣੇ ਕਰ ਦਿੱਤੀ ਸੀ। ਉਹ ਇੱਕ ਗੈਰ ਜ਼ਿੰਮੇਵਾਰ ਵਿਅਕਤੀ ਹੈ। ਉਸ ਨੇ ਜਿਉਂਦੇ ਜੀਅ ਰਹਿ ਕੇ ਆਪਣੇ ਪਰਿਵਾਰ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਜਿਸ ਕਾਰਨ ਉਸ ਦੇ ਮਰਨ ਤੋਂ ਮਗਰੋਂ ਉਸ ਦਾ ਪਰਿਵਾਰ ਸੰਤੁਸ਼ਟੀ ਅਨੁਭਵ ਕਰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਅੰਗ–ਸੰਗ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਵਰਿਆਮ ਸਿੰਘ ਸੰਧੂ।
ਪ੍ਰਸ਼ਨ 2. ਕਰਤਾਰ ਸਿੰਘ ਦੇ ਕੁੱਲ ਕਿੰਨੇ ਬੱਚੇ ਸਨ?
ਉੱਤਰ – ਪੰਜ।
ਪ੍ਰਸ਼ਨ 3. ਕਹਾਣੀ ਵਿੱਚਲੇ ਪਰਿਵਾਰ ਵਿੱਚ ਸਭ ਤੋਂ ਵੱਡੇ ਮੁੰਡੇ ਦਾ ਕੀ ਨਾਂ ਹੈ?
ਉੱਤਰ – ਅਮਰੀਕ ਸਿੰਘ।
ਪ੍ਰਸ਼ਨ 4. ਕਿਸ ਦੀ ਮੌਤ ਹੋ ਗਈ ਸੀ?
ਉੱਤਰ – ਕਰਤਾਰ ਸਿੰਘ ਦੀ।
ਪ੍ਰਸ਼ਨ 5. ਕਹਾਣੀ ਦੀਆਂ ਘਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਹਨ?
ਉੱਤਰ – ਹਨੇਰੀ ਰਾਤ ਵਿੱਚ।
ਪ੍ਰਸ਼ਨ 6. ਕਹਾਣੀ ਦੇ ਸਿਰਲੇਖ ਦੀ ਸੁਰ ਕੇਹੋ ਜਿਹੀ ਹੈ?
ਉੱਤਰ – ਵਿਅੰਗਾਤਮਿਕ।
ਪ੍ਰਸ਼ਨ 7. ਮਹਿੰਦਰ ਤੋਂ ਛੋਟੀ ਕੁੜੀ ਕਿਹੜੀ ਜਮਾਤ ਵਿੱਚ ਪੜ੍ਹਦੀ ਸੀ?
ਉੱਤਰ – ਸੱਤਵੀਂ ਵਿੱਚ।
ਪ੍ਰਸ਼ਨ 8. ਕਰਤਾਰ ਸਿੰਘ ਦਾ ਪਿਓ ਕਿੱਥੇ ਕੰਮ ਕਰਦਾ ਸੀ?
ਉੱਤਰ – ਸਿੰਘਾਪੁਰ।
ਪ੍ਰਸ਼ਨ 9. ਕਰਤਾਰ ਸਿੰਘ ਕਿਹੋ ਜਿਹਾ ਆਦਮੀ ਸੀ?
ਉੱਤਰ – ਵੈਲੀ ਤੇ ਗੈਰ ਜ਼ਿੰਮੇਵਾਰ।
ਪ੍ਰਸ਼ਨ 10. ਅਮਰੀਕ ਗੁਆਂਢੀਆਂ ਦੀ ਕਿਸ ਕੁੜੀ ਤੋਂ ਬਾਤਾਂ ਸੁਣ ਰਿਹਾ ਸੀ?
ਉੱਤਰ – ਬੀਰੋ ਤੋਂ।
ਪ੍ਰਸ਼ਨ 11. ਜਾਗੀਰ ਕੌਰ ਕਿੱਥੇ ਡੁੱਬ ਕੇ ਮਰ ਜਾਣਾ ਚਾਹੁੰਦੀ ਸੀ?
ਉੱਤਰ – ਹਰੀਕੇ।
ਪ੍ਰਸ਼ਨ 12. ਕਰਤਾਰ ਸਿੰਘ ਕੋਲ ਕੁੱਲ ਕਿੰਨੀ ਜ਼ਮੀਨ ਸੀ?
ਉੱਤਰ – ਦਸ ਕਿੱਲੇ।
ਪ੍ਰਸ਼ਨ 13. ਅਮਰੀਕ ਦੇ ਅਧਿਆਪਕ ਦਾ ਕੀ ਨਾਂ ਹੈ?
ਉੱਤਰ – ਮੁਲਖ ਰਾਜ।
ਪ੍ਰਸ਼ਨ 14. ਕਰਤਾਰ ਸਿੰਘ ਨੇ ਘਰੋਂ ਪਤੀਲਾ ਚੁੱਕ ਕੇ ਕਿੱਥੇ ਵੇਚ ਦਿੱਤਾ ਸੀ?
ਉੱਤਰ – ਚੈਂਚਲ ਕਲੀ ਵਾਲ਼ੇ ਕੋਲ਼।
ਪ੍ਰਸ਼ਨ 15. ਮੱਖਣ ਸੁੰਹ ਤੋਂ ਕਰਤਾਰ ਸਿੰਘ ਨੇ ਕਿੰਨਾ ਕਰਜ਼ਾ ਲਿਆ ਸੀ?
ਉੱਤਰ – ਪੰਜ ਸੌ ਰੁਪਏ।
ਪ੍ਰਸ਼ਨ 16. ਮੌਤ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ?
ਉੱਤਰ – 45 ਸਾਲ।
ਪ੍ਰਸ਼ਨ 17. ਨਿਆਈਆਂ ਵਾਲ਼ੇ ਖੂਹ ਵਿੱਚ ਕੌਣ ਡੁੱਬ ਕੇ ਮਰਿਆ ਸੀ?
ਉੱਤਰ – ਮਾਈ ਗਾਬੋ।