1. ਕੁਲਫ਼ੀ
ਕਹਾਣੀਕਾਰ – ਪ੍ਰਿੰ: ਸੁਜਾਨ ਸਿੰਘ
••• ਸਾਰ •••
‘ਕੁਲਫ਼ੀ’ ਕਹਾਣੀ ਵਿੱਚ ਪ੍ਰਿੰ: ਸੁਜਾਨ ਸਿੰਘ ਨੇ ਘੱਟ ਤਨਖ਼ਾਹ ਲੈਣ ਵਾਲ਼ੇ ਮੁਲਾਜ਼ਮ ਦੀ ਆਰਥਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਅਤੇ ਖਾਹਸ਼ਾਂ ਨੂੰ ਦਬਾਅ ਕੇ ਰੱਖਦਾ ਹੈ। ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ। ਗਲ਼ੀ ’ਚੋਂ ਵਾਰੀ-ਵਾਰੀ ਕੁਲਫ਼ੀ ਅਤੇ ਮੁਰਮਰਾ ਵੇਚਣ ਵਾਲ਼ੇ ਦੀ ਅਵਾਜ਼ ਸੁਣਾਈ ਦਿੱਤੀ। ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ, ਪਰ ਮਹੀਨੇ ਦੀ 26 ਤਾਰੀਖ਼ ਹੋਣ ਕਰਕੇ ਜੇਬ ਖ਼ਾਲੀ ਸੀ। ਕਿਉਂਕਿ ਲੇਖਕ ਦੀ ਘੱਟ ਤਨਖ਼ਾਹ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਵਿੱਚ ਹੀ ਖ਼ਰਚ ਹੋ ਜਾਂਦੀ ਹੈ। ਕਹਾਣੀਕਾਰ ਨੇ ਸ਼ਾਮੀ ਬਜ਼ਾਰੋਂ ਕੁਲਫ਼ੀ ਖੁਆਉਣ ਦਾ ਇੱਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੁਡਾਇਆ ਅਤੇ ਆਪ ਘਰੋਂ ਬਾਹਰ ਚਲਾ ਗਿਆ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫ਼ੀ ਦੀ ਮੰਗ ਕੀਤੀ, ਪਰ ਕਹਾਣੀਕਾਰ ਨੇ ਦਬਕਾ ਮਾਰ ਕੇ ਅਤੇ ਅਗਲੇ ਦਿਨ ਦਾ ਇੱਕਰਾਰ ਕਰ ਕੇ ਚੁੱਪ ਕਰਵਾਇਆ।
ਅਗਲੇ ਦਿਨ ਉਸ ਨੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ, ਪਰ ਉਹ ਘਰ ਦੀਆਂ ਲੋੜਾਂ ਖ਼ਾਤਰ ਉਸ ਦੀ ਪਤਨੀ ਨੇ ਲੈ ਲਏ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਜਾਂਦਿਆਂ ਹੀ ਕਾਕੇ ਨੇ ਕੁਲਫ਼ੀ ਮੰਗੀ। ਕਹਾਣੀਕਾਰ ਨੇ ਫਿਰ ਸ਼ਾਮ ਦਾ ਇੱਕਰਾਰ ਕੀਤਾ। ਸ਼ਾਮ ਨੂੰ ਉਹ ਜਾਣ ਬੁੱਝ ਕੇ ਘਰ ਲੇਟ ਆਇਆ। ਕਾਕਾ ਸੌਂ ਚੁੱਕਾ ਸੀ। ਅੱਧੀ ਰਾਤ ਉਹ ਕੁਫ਼ੀ-ਕੁਫ਼ੀ ਬੁੜ-ਬੁੜਾਉਣ ਲੱਗਾ। ਸਵੇਰੇ ਉੱਠ ਕੇ ਉਸ ਨੇ ਕੁਲਫ਼ੀ ਨਾ ਮੰਗੀ। ਪਰ ਦੁਪਹਿਰੇ ਜਦੋਂ ਬਾਹਰੋਂ ਕੁਲਫ਼ੀ ਵਾਲ਼ੇ ਦੀ ਅਵਾਜ਼ ਆਈ, ਤਾਂ ਉਹ ਖੇਡ ਛੱਡ ਕੇ ਉਧਰ ਚਲਾ ਗਿਆ। ਕਹਾਣੀਕਾਰ ਦੱਬੇ ਪੈਰੀਂ ਉਸ ਮਗਰ ਗਿਆ।ਜਦੋਂ ਕੁਲਫ਼ੀ ਵਾਲ਼ਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ, ਤਾਂ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ , ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫ਼ੀ ਖ਼ਿਲਰ ਗਈ। ਜਦੋਂ ਉਹ ਉੱਠਿਆ ਤਾਂ ਕਾਕੇ ਨੇ ਫਿਰ ਢੁੱਡ ਮਾਰੀ ਤੇ ਉਹ ਮੁੜ ਡਿਗ ਪਿਆ। ਜਦੋਂ ਸ਼ਾਹਣੀ ਉਲ੍ਹਾਮਾ ਦੇਣ ਆਈ ਤਾਂ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਰਨ ਲੱਗੀ।ਪਰ ਕਹਾਣੀਕਾਰ ਨੇ ਰੋਕ ਲਿਆ ਅਤੇ ਕਿਹਾ ਕਿ ਕੁੱਝ ਵੰਡ ਸ਼ੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਪੁੱਤ ਜੰਮਿਆ ਹੈ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਕੁਲਫ਼ੀ ਵਾਲ਼ੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ?
ਉੱਤਰ – ਕੁਲਫ਼ੀ ਵਾਲ਼ੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਸਾਹਮਣੇ ਚਿੱਟੀ ਦੁੱਧ ਕੁਲਫ਼ੀ ਨੱਚਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫ਼ੀ ਖ਼ਰੀਦਣ ਤੋਂ ਅਸਮਰਥ ਸੀ। ਉਹ ਸੋਚ ਰਿਹਾ ਸੀ ਕਿ ਉਸ ਦੀ ਤਨਖ਼ਾਹ ਤਾਂ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਵਿੱਚ ਹੀ ਉਡ-ਪੁੱਡ ਜਾਂਦੀ ਹੈ। ਉਹ ਪੈਸੇ ਦੀ ਤੰਗੀ ਨੂੰ ਹਵਾਲ਼ਾਤ ਦੀ ਤੰਗੀ ਤੋਂ ਵੀ ਭੈੜੀ ਅਨੁਭਵ ਕਰ ਰਿਹਾ ਸੀ।
ਪ੍ਰਸ਼ਨ 2. “ਤੁਸੀਂ ਤਕਾ ਦੇ ਦਿਉ, ਮੈਨੂੰ ਨਹੀਂ ਲਗਦੀ ਖੰਘ।” ਕਾਕੇ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਸੀ?
ਉੱਤਰ – ਜਦੋਂ ਕਹਾਣੀਕਾਰ ਵੱਖ-ਵੱਖ ਬਹਾਣੇ ਬਣਾ ਕੇ ਕਾਕੇ ਨੂੰ ਟਕਾ ਦੇਣ ਤੋਂ ਟਾਲ਼-ਮਟੋਲ਼ ਕਰਦਾ ਹੈ, ਤਾਂ ਕਾਕਾ ਇਸ ਨੂੰ ਸਮਝ ਜਾਂਦਾ ਹੈ। ਜਦੋਂ ਲੇਖਕ ਮੁਰਮੁਰੇ ਨਾਲ਼ ਖੰਘ ਹੋਣ ਦਾ ਡਰ ਦਿੰਦਾ ਹੈ, ਤਾਂ ਕਾਕਾ ਉਸ ਦੀ ਗੱਲ ਰੱਦ ਕਰਦਾ ਹੈ ਅਤੇ ਆਖਦਾ ਹੈ ਮੈਨੂੰ ਖੰਘ ਨਹੀਂ ਲੱਗਦੀ। ਤੁਸੀਂ ਮੈਂਨੂੰ ਟਕਾ ਦੇ ਦੇਵੇ।
ਪ੍ਰਸ਼ਨ 3. ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ਼ ਕਿਉਂ ਕਰਦਾ ਹੈ?
ਉੱਤਰ – ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ਼ ਇਹ ਦੱਸਣ ਲਈ ਕਰਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਮਗਰੋਂ ਕਿਸ ਤਰ੍ਹਾਂ ਤੇਜ਼ੀ ਨਾਲ਼ ਮਹਿੰਗਾਈ ਵਧੀ। ਪੜ੍ਹੇ-ਲਿਖੇ ਲੋਕਾਂ ਦੀ ਤਨਖ਼ਾਹ ਪਹਿਲਾਂ ਦੇ ਘੱਟ ਪੜ੍ਹੇ ਲਿਖੇ ਲੋਕਾਂ ਦੀ ਤਨਖ਼ਾਹ ਨਾਲੋਂ ਘੱਟ ਹੈ। ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ । ਇਸ ਦਾ ਕਾਰਨ ਉਹ ਸਮਝਦਾ ਹੈ ਕਿ ਦੇਸ਼ ਦੀ ਆਰਥਿਕਤਾ ਉੱਤੇ ਧਨ-ਕੁਬੇਰਾਂ ਦਾ ਕਬਜ਼ਾ ਹੋ ਗਿਆ ਹੈ।
ਪ੍ਰਸ਼ਨ 4. ਲੇਖਕ ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ?
ਉੱਤਰ – ਲੇਖਕ ਨੂੰ ਡਰ ਸੀ ਕਿ ਜੇ ਉਸ ਨੇ ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਕੀਤੀ, ਤਾਂ ਉਹ ਉਸ ਨੂੰ ਨੌਕਰੀ ਤੋਂ ਹੀ ਨਾ ਕੱਢ ਦੇਵੇ। ਕਿਸੇ ਸਾਥੀ ਨੇ ਵੀ ਲੇਖਕ ਦਾ ਸਾਥ ਨਹੀਂ ਦੇਣਾ। ਜੇਕਰ ਉਹ ਬੇਰੁਜਗਾਰ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ।
ਪ੍ਰਸ਼ਨ 5. ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ‘ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ?
ਉੱਤਰ – ਜਦੋਂ ਸ਼ਾਹਣੀ ਲੇਖਕ ਦੇ ਘਰ ਉਲ੍ਹਾਮਾ ਦੇਣ ਆਈ, ਤਾਂ ਲੇਖਕ ਦੀ ਪਤਨੀ ਕਾਕੇ ਦੇ ਚਪੇੜ ਮਾਰਨ ਲੱਗੀ। ਪਰ ਲੇਖਕ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਕਾਕੇ ਨੂੰ ਮਾਰੇ ਨਾ ਸਗੋਂ ਕੁਝ ਵੰਡੇ ਕਿਉਂਕਿ ਕਾਇਰ ਪਿਉ ਦੇ ਘਰ ਬਹਾਦਰ ਪੁੱਤ ਜੰਮਿਆ ਹੈ।
ਪ੍ਰਸ਼ਨ 6. ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ?
ਉੱਤਰ – ਕਾਕਾ ਸੁਪਨੇ ਵਿੱਚ ਇਸ ਕਰਕੇ ਬੁੜ-ਬੁੜਾ ਰਿਹਾ ਸੀ, ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ ਪਰ ਉਸ ਦਾ ਅਚੇਤ ਮਨ ਜਾਗ ਰਿਹਾ ਸੀ ਅਤੇ ਉਸ ਦੇ ਅਚੇਤ ਮਨ ਉੱਤੇ ਉਸ ਦੀ ਕੁਲਫ਼ੀ ਖਾਣ ਦੀ ਅਪੂਰਤ ਇੱਛਾ ਹੀ ਭਾਰੂ ਸੀ। ਮਨੋਵਿਗਿਆਨ ਅਨੁਸਾਰ ਇਹ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ।
ਪ੍ਰਸ਼ਨ 7. ਲੇਖਕ ‘ਕੁਲਫ਼ੀ’ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?
ਉੱਤਰ – ਕਹਾਣੀਕਾਰ ਇਸ ਕਹਾਣੀ ਵਿੱਚ ਦੱਸਣਾ ਚਾਹੁੰਦਾ ਹੈ ਕਿ ਕਿਰਤੀ ਦੀਆਂ ਆਰਥਿਕ ਮੁਸ਼ਕਲਾਂ ਦਾ ਹੱਲ ਸਰਮਾਏਦਾਰਾਂ ਕੋਲੋਂ ਧਨ ਅਤੇ ਜਾਇਦਾਦ ਖੋਹ ਲੈਣ ਨਾਲ਼ ਹੀ ਹੋ ਸਕਦਾ ਹੈ। ਕਹਾਣੀਕਾਰ ਕੁਲਫ਼ੀ ਖੋਹਣ ਦੀ ਘਟਨਾ ਤੋਂ ਮਾਸੂਮ ਬੱਚੇ ਵਿੱਚ ਵਿਦਰੋਹ ਦੀ ਭਾਵਨਾ ਦਿਖਾ ਕੇ ਭਵਿੱਖ ਵਿੱਚ ਜਾਗ ਰਹੇ ਲੋਕ-ਯੁੱਧ ਦਾ ਦ੍ਰਿਸ਼ ਸਾਕਾਰ ਕਰਦਾ ਹੈ। ਇਸ ਪ੍ਰਕਾਰ ਇਹ ਕਹਾਣੀ ਕ੍ਰਾਂਤੀਕਾਰੀ ਤੇ ਅਗਾਂਹਵਧੂ ਭਾਵਨਾ ਦਾ ਸੰਦੇਸ਼ ਦਿੰਦੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਕੁਲਫੀ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਪ੍ਰਿੰਸੀਪਲ ਸੁਜਾਨ ਸਿੰਘ।
ਪ੍ਰਸ਼ਨ 2. ‘ਕੁਲਫੀ’ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ?
ਉੱਤਰ – ਜੂਨ ਵਿੱਚ।
ਪ੍ਰਸ਼ਨ 3. ਲੇਖਕ ਦੀ ਆਰਥਕ ਹਾਲਤ ਕਿਹੋ ਜਿਹੀ ਹੈ?
ਉੱਤਰ – ਗਰੀਬੀ ਭਰੀ।
ਪ੍ਰਸ਼ਨ 4. ਕਾਕੇ ਨੇ ਲੇਖਕ ਨੂੰ ਜਗਾ ਕੇ ਕੀ ਮੰਗਿਆ?
ਉੱਤਰ – ਟਕਾ।
ਪ੍ਰਸ਼ਨ 5. ‘ਕੁਲਫੀ’ ਕਹਾਣੀ ਦੀ ਘਟਨਾ ਕਿਸ ਤਾਰੀਖ਼ ਨੂੰ ਵਾਪਰਦੀ ਹੈ?
ਉੱਤਰ – 26 ਜੂਨ ਨੂੰ।
ਪ੍ਰਸ਼ਨ 6. ਕੁਲਫੀ ਵੇਚਣ ਵਾਲ਼ੇ ਤੋਂ ਮਗਰੋਂ ਕਿਹੜੀ ਚੀਜ਼ ਵਿਕਣ ਲਈ ਆਈ?
ਉੱਤਰ – ਮੁਰਮੁਰੇ।
ਪ੍ਰਸ਼ਨ 7. ਪਹਿਲੀ ਜੰਗ ਤੋਂ ਮਗਰੋਂ ਕਿੰਨੇ ਦੇ ਛੋਲੇ ਲਏ ਮੁੱਕਦੇ ਨਹੀਂ ਸਨ?
ਉੱਤਰ – ਧੇਲੇ ਦੇ।
ਪ੍ਰਸ਼ਨ 8. ਲੇਖਕ ਕਿਸ ਦੀ ਦੁਕਾਨ ਤੋਂ ਛੋਲੇ ਲੈਂਦਾ ਹੁੰਦਾ ਸੀ?
ਉੱਤਰ – ਮਸੱਦੀ ਰਾਮ ਦੀ।
ਪ੍ਰਸ਼ਨ 9. ਕਾਕਾ ਅਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ?
ਉੱਤਰ – ਰੁਪਏ।
ਪ੍ਰਸ਼ਨ 10. ਲੇਖਕ ਨੇ ਆਪਣੇ ਕਿਸੇ ਸਾਥੀ ਤੋਂ ਕਿੰਨੇ ਰੁਪਏ ਲਏ?
ਉੱਤਰ – ਤਿੰਨ।
ਪ੍ਰਸ਼ਨ 11. ਲੇਖਕ ਦੁਆਰਾ ਸਾਥੀ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ?
ਉੱਤਰ – ਉਸ ਦੀ ਪਤਨੀ ਨੇ।
ਪ੍ਰਸ਼ਨ 12. ਗਲ਼ੀ ਦਾ ਬੁਲੀ ਕੌਣ ਸੀ?
ਉੱਤਰ – ਸ਼ਾਹਾਂ ਦਾ ਮੁੰਡਾ।
ਪ੍ਰਸ਼ਨ 13. ਕਾਕੇ ਦੇ ਧੱਕੇ ਮਾਰਨ ਨਾਲ਼ ਸ਼ਾਹਾਂ ਦਾ ਮੁੰਡਾ ਕਿੱਥੇ ਡਿੱਗਿਆ?
ਉੱਤਰ – ਨਾਲੀ ਵਿੱਚ।
ਪ੍ਰਸ਼ਨ 14. ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀ?
ਉੱਤਰ – ਅੱਠ ਸਾਲ।
ਪ੍ਰਸ਼ਨ 15. ਕਾਕੇ ਦੀ ਉਮਰ ਕਿੰਨੀ ਸੀ?
ਉੱਤਰ – ਸਾਢੇ ਕੁ ਚਾਰ ਸਾਲ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037