5. ਦੂਜਾ ਵਿਆਹ
ਇਕਾਂਗੀਕਾਰ – ਸੰਤ ਸਿੰਘ ਸੇਖੋਂ
••• ਮਨਜੀਤ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਮਨਜੀਤ ‘ਦੂਜਾ ਵਿਆਹ’ ਇਕਾਂਗੀ ਦੀ ਮੁੱਖ ਪਾਤਰ ਅਤੇ ਪਾਠਕਾਂ ਦੀ ਸਭ ਤੋਂ ਵਧੇਰੇ ਪਸੰਦੀਦਾ ਪਾਤਰ ਹੈ। ਉਹ ਸੁਖਦੇਵ ਦੀ ਪਤਨੀ ਤੇ ਨਿਹਾਲ ਕੌਰ ਦੀ ਨੂੰਹ ਹੈ। ਉਸ ਦਾ ਵਿਆਹ ਹੋਏ ਨੂੰ ਢਾਈ ਸਾਲ ਹੋ ਗਏ ਹਨ, ਪਰ ਉਸ ਦੇ ਘਰ ਕੋਈ ਬੱਚਾ ਨਹੀਂ ਹੋਇਆ।
• ਹੱਸਮੁੱਖ ਸੁਭਾਅ ਵਾਲ਼ੀ – ਉਹ ਬੜੀ ਸਮਝਦਾਰ ਤੇ ਹੱਸਮੁੱਖ ਸੁਭਾਅ ਵਾਲ਼ੀ ਔਰਤ ਹੈ। ਉਹ ਸੱਸ ਦੀਆਂ ਬੇਬੁਨਿਆਦ ਗੱਲਾਂ ਦਾ ਗੁੱਸਾ ਨਹੀਂ ਕਰਦੀ, ਸਗੋਂ ਉਹ ਹਰ ਗੱਲ ਨੂੰ ਹੱਸ ਕੇ ਟਾਲ ਦਿੰਦੀ ਹੈ।
• ਨਿਰਮਾਣਤਾ ਭਰਪੂਰ – ਉਹ ਨਿਰਮਾਣਤਾ ਦੇ ਭਾਵਾਂ ਨਾਲ਼ ਭਰਪੂਰ ਔਰਤ ਹੈ। ਉਹ ਆਪਣੇ ਆਪ ਨੂੰ ‘ਸਭ ਦੀ ਸੇਵਕ’ ਤੇ ‘ਹੌਲੀ ਮੱਤ ਵਾਲ਼ੀ’ ਆਖਦੀ ਹੈ।
• ਸਭ ਦਾ ਸਤਿਕਾਰ ਕਰਨ ਵਾਲ਼ੀ – ਉਹ ਆਪਣੇ ਪਤੀ, ਸੱਸ ਅਤੇ ਸਹੁਰੇ ਦਾ ਸਤਿਕਾਰ ਕਰਦੀ ਹੈ। ਉਹ ਆਪਣੀ ਸਭਾ ਵਿੱਚ ਸ਼ਾਮਲ ਔਰਤਾਂ ਪ੍ਰਤੀ ਵੀ ਸਤਿਕਾਰ ਭਾਵ ਰੱਖਦੀ ਹੈ। ਉਹ ਆਪਣੀ ਸੱਸ ਨੂੰ ਗੁਆਂਢਣ ਬਾਰੇ ਬੁਰਾ-ਭਲਾ ਬੋਲਣ ਤੋਂ ਰੋਕਦੀ ਹੈ।
• ਦਲੀਲ ਨਾਲ ਗੱਲ ਕਰਨ ਵਾਲ਼ੀ – ਉਹ ਹਰ ਗੱਲ ਦਲੀਲ ਦੇ ਆਧਾਰ ’ਤੇ ਕਰਦੀ ਹੈ। ਭਾਵੇਂ ਉਸ ਦੀ ਸੱਸ ਦਾ ਸੁਭਾਅ ਕੌੜਾ ਤੇ ਈਰਖਾਲੂ ਹੈ, ਪਰ ਉਹ ਉਸ ਦੀ ਹਰ ਗੱਲ ਦਾ ਜਵਾਬ ਬਿਨਾਂ ਕਿਸੇ ਗੁੱਸੇ ਦੇ ਦਲੀਲ ਨਾਲ਼ ਦਿੰਦੀ ਹੈ।
• ਅਗਾਂਹਵਧੂ ਖ਼ਿਆਲਾਂ ਵਾਲ਼ੀ ਔਰਤ – ਉਹ ਨਵੇਂ ਤੇ ਅਗਾਂਹਵਧੂ ਖ਼ਿਆਲਾਂ ਵਾਲੀ ਔਰਤ ਹੈ। ਉਹ ਆਪਣੇ ਸਹੁਰੇ ਤੋਂ ਘੁੰਡ ਨਹੀਂ ਕੱਢਦੀ ਅਤੇ ਇਸਤਰੀਆਂ ਦੀ ਭਲਾਈ ਲਈ ਇਸਤਰੀ ਸਭਾ ਦੀ ਮੈਂਬਰ ਬਣੀ ਹੋਈ ਹੈ। ਉਹ ਪੜ੍ਹਾਈ ਵਿੱਚ ਵੀ ਦਿਲਚਸਪੀ ਰੱਖਦੀ ਹੋਈ ਕੁਝ ਸਮਾਂ ਕੁਝ ਪੜ੍ਹਨ ਵਿੱਚ ਲਾਉਂਦੀ ਹੈ।
• ਘਰੇਲੂ ਕੰਮਾਂ ਵਿੱਚ ਦਿਲਚਸਪੀ ਰੱਖਣ ਵਾਲ਼ੀ – ਮਨਜੀਤ ਘਰ ਦੇ ਸਾਰੇ ਕੰਮਾਂ ਨੂੰ ਬੜੀ ਦਿਲਚਸਪੀ ਨਾਲ਼ ਕਰਦੀ ਹੈ। ਉਹ ਖਾਣਾ ਬਣਾਉਣ ਸਮੇਂ ਸਾਰਿਆਂ ਦੀ ਪਸੰਦ ਦਾ ਵੀ ਖ਼ਿਆਲ ਰੱਖਦੀ ਹੈ।
• ਕਿਸੇ ਦੀ ਨਿੰਦਿਆ ਨਾ ਪਸੰਦ ਕਰਨ ਵਾਲ਼ੀ – ਉਹ ਆਪਣੀ ਸੱਸ ਦੁਆਰਾ ਗੁਆਂਢਣ ਅਤੇ ਸਭਾ ਦੀਆਂ ਹੋਰ ਔਰਤਾਂ ਦੀ ਕੀਤੀ ਜਾਂਦੀ ਨਿੰਦਿਆ ਨੂੰ ਪਸੰਦ ਨਹੀਂ ਕਰਦੀ। ਉਹ ਆਪਣੀ ਸੱਸ ਨੂੰ ਉਹਨਾਂ ਬਾਰੇ ਬੋਲ-ਕਬੋਲ ਬੋਲਣ ਤੋਂ ਰੋਕਦੀ ਹੈ।
• ਹਾਜ਼ਰ-ਜੁਆਬ ਤੇ ਵਿਅੰਗਮਈ ਸੁਭਾਅ ਵਾਲ਼ੀ – ਉਹ ਹਾਜ਼ਰ-ਜੁਆਬ ਅਤੇ ਵਿਅੰਗਮਈ ਸੁਭਾਅ ਵਾਲੀ ਔਰਤ ਹੈ। ਉਹ ਆਪਣੀ ਸੱਸ ਦੀਆਂ ਕੌੜੀਆਂ ਗੱਲਾਂ ਦਾ ਜੁਆਬ ਚੰਗੀ ਦਲੀਲ ਨਾਲ਼ ਅਤੇ ਬਹੁਤ ਵਿਅੰਗਮਈ ਢੰਗ ਨਾਲ਼ ਦਿੰਦੀ ਹੈ। ਉਸ ਦੀਆਂ ਅਜਿਹੀਆਂ ਗੱਲਾਂ ਹੀ ਇਕਾਂਗੀ ਦੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਬਣਾਉਦੀਆਂ ਹਨ।
• ਨਣਾਨ ਨਾਲ ਪਿਆਰ ਰੱਖਣ ਵਾਲ਼ੀ – ਉਹ ਆਪਣੀ ਨਣਾਨ ਨੂੰ ਚਿੱਠੀ-ਪੱਤਰ ਲਿਖਦੀ ਰਹਿੰਦੀ ਹੈ ਤੇ ਉਸ ਦੇ ਦੁੱਖ-ਸੁੱਖ ਦਾ ਖ਼ਿਆਲ ਰੱਖਦੀ ਹੈ। ਉਹ ਆਪਣੀ ਸਭਾ ਰਾਹੀਂ ਔਖੇ ਸਮੇਂ ਆਪਣੀ ਨਣਾਨ ਦੀ ਮਦਦ ਕਰਨ ਦੀ ਗੱਲ ਵੀ ਕਹਿੰਦੀ ਹੈ।
• ਹਾਸ-ਰਸ ਪੈਦਾ ਕਰਨ ਵਾਲ਼ੀ – ਉਸ ਦੀ ਹਾਜ਼ਰ-ਜੁਆਬੀ, ਵਿਅੰਗਮਈ ਗੱਲਾਂ ਤੇ ਕਾਰਜ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦੇ ਹਨ। ਉਹ ਇੱਕ ਸਮਾਜ-ਸੇਵਿਕਾ ਅਤੇ ਇਸਤਰੀ ਸਭਾ ਦੀ ਮੈਂਬਰ ਹੈ, ਜੋ ਸਮਾਜ ਵਿੱਚ ਇਸਤਰੀ ਜਾਤੀ ਨਾਲ਼ ਹੁੰਦੇ ਵਿਤਕਰੇ ਖ਼ਿਲਾਫ਼ ਅਵਾਜ਼ ਚੁੱਕਦੀ ਹੈ।
••• ਨਿਹਾਲ ਕੌਰ ਦਾ ਪਾਤਰ-ਚਿਤਰਨ •••
• ਜਾਣ-ਪਛਾਣ – ਨਿਹਾਲ ਕੌਰ ‘ਦੂਜਾ ਵਿਆਹ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਮਨਜੀਤ ਉਸ ਦੀ ਨੂੰਹ ਹੈ। ਉਸ ਦੇ ਪਤੀ ਦਾ ਨਾਂ ਗੁਰਦਿੱਤ ਸਿੰਘ ਹੈ। ਉਸ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਤੇ ਧੀ ਦਾ ਨਾਂ ਸੁਖਦੇਵ ਕੌਰ ਹੈ। ਇਕਾਂਗੀ ਵਿੱਚ ਉਸ ਦੀ ਭੂਮਿਕਾ ਖ਼ਲਨਾਇਕਾ ਵਾਲ਼ੀ ਹੈ।
• ਦੂਜਿਆਂ ਵਿੱਚ ਨੁਕਸ ਕੱਢਣ ਵਾਲੀ – ਨਿਹਾਲ ਕੌਰ ਬਹੁਤ ਕੌੜੇ ਸੁਭਾਅ ਦੀ ਮਾਲਕਣ ਹੈ। ਉਹ ਨੂੰਹ ਦੀ ਹਰ ਗੱਲ ਵਿੱਚ ਨੁਕਸ ਕੱਢਦੀ ਰਹਿੰਦੀ ਹੈ। ਉਹ ਆਪਣੀ ਨੂੰਹ ਨੂੰ ਉਸ ਦੇ ਢਾਈ ਸਾਲ ਵਿਆਹ ਦੇ ਬਾਅਦ ਵੀ ਕੋਈ ਬੱਚਾ ਨਾ ਹੋਣ ਕਰਕੇ ਤਾਹਨੇ ਦਿੰਦੀ ਹੈ।
• ਝੂਠ ਬੋਲਣ ਵਾਲ਼ੀ – ਉਹ ਮਨਜੀਤ ਉੱਪਰ ਝੂਠੇ ਦੋਸ਼ ਲਾਉਂਦੀ ਹੈ। ਉਹ ਆਪਣੇ ਪੁੱਤਰ ਸੁਖਦੇਵ ਨੂੰ ਵੀ ਉਸ ਦੇ ਵਿਰੁੱਧ ਸਿਖਾਉਂਦੀ ਹੈ। ਉਹ ਆਪਣੀ ਗੁਆਂਢਣ ਖ਼ਿਲਾਫ਼ ਵੀ ਝੂਠੇ ਬੋਲ-ਕਬੋਲ ਬੋਲਦੀ ਰਹਿੰਦੀ ਹੈ।
• ਈਰਖਾਲੂ ਅਤੇ ਤਾਹਨੇ ਮਾਰਨ ਵਾਲ਼ੀ – ਉਹ ਆਪਣੀ ਨੂੰਹ ਤੇ ਪੁੱਤਰ ਦੇ ਆਪਸੀ ਪਿਆਰ ਕਰਕੇ ਵੀ ਈਰਖਾ ਕਰਦੀ ਹੈ। ਉਸ ਦੇ ਅਜਿਹੇ ਈਰਖਾਲੂ ਸੁਭਾਅ ਦਾ ਕਾਰਨ ਇਹ ਵੀ ਹੈ ਕਿ ਉਸਨੇ ਆਪ ਦੂਜੇ ਵਿਆਹ ਵਾਲ਼ੇ ਸੰਤਾਪ ਨੂੰ ਹੰਢਾਇਆ ਸੀ। ਉਸ ਦੇ ਪਤੀ ਨੇ ਉਸ ਦੇ ਹੁੰਦਿਆਂ ਦੂਜਾ ਵਿਆਹ ਕਰਵਾ ਲਿਆ ਸੀ।
• ਬੁਰਾ ਭਲਾ ਬੋਲਣ ਵਾਲ਼ੀ – ਉਹ ਆਪਣੀ ਨੂੰਹ ਨੂੰ ਬੁਰਾ ਬੋਲਣ ਦੇ ਨਾਲ਼-ਨਾਲ਼ ਆਪਣੀ ਗੁਆਂਢਣ ਤੇ ਇਸਤਰੀ ਸਭਾ ਦੀਆਂ ਹੋਰ ਮੈਂਬਰਾਂ ਨੂੰ ਵੀ ‘ਛੁੱਟੜ’ ਆਦਿ ਸ਼ਬਦ ਵਰਤ ਕੇ ਬੋਲ-ਕੁਬੋਲ ਬੋਲਦੀ ਹੈ।
• ਕੰਮ ਵਿੱਚ ਰੁੱਝੀ ਰਹਿਣ ਵਾਲ਼ੀ – ਨਿਹਾਲ ਕੌਰ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ ਹੈ। ਉਹ ਚਰਖਾ ਕੱਤਦੀ ਹੈ ਅਤੇ ਸਵੇਰੇ-ਸਵੇਰੇ ਤਿੰਨ ਗਲੋਟੇ ਲਾਹ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ।
• ਪੁਰਾਣੇ ਵਿਚਾਰਾਂ ਵਾਲ਼ੀ ਔਰਤ – ਉਹ ਪੁਰਾਣੇ ਵਿਚਾਰਾਂ ਵਾਲ਼ੀ ਔਰਤ ਹੈ। ਉਹ ਪਤਨੀ ਦੁਆਰਾ ਪਤੀ ਦਾ ਨਾਂ ਲੈਣ ਅਤੇ ਸਹੁਰੇ ਸਾਹਮਣੇ ਨੂੰਹ ਦੇ ਘੁੰਡ ਨਾ ਕੱਢਣ ਨੂੰ ਚੰਗਾ ਨਹੀਂ ਸਮਝਦੀ।
• ਮਮਤਾ ਨਾਲ਼ ਭਰਪੂਰ – ਉਸ ਨੂੰ ਆਪਣੇ ਪੁੱਤਰ ਤੇ ਧੀ ਨਾਲ਼ ਬਹੁਤ ਪਿਆਰ ਹੈ। ਉਹ ਪੁੱਤਰ ਦੇ ਘਰ ਵਿੱਚ ਬੱਚੇ ਦੇ ਜਨਮ ਦੀ ਇੱਛਾ ਵੀ ਕਰਦੀ ਹੈ। ਉਹ ਧੀ ਦੇ ਪਤੀ ਦੁਆਰਾ ਦੂਜਾ ਵਿਆਹ ਕਰਨ ਦੀ ਗੱਲ ਸੁਣਕੇ ਵੀ ਤੜਫ ਉੱਠਦੀ ਹੈ।
• ਮਨਮਰਜ਼ੀ ਕਰਨ ਵਾਲ਼ੀ – ਉਹ ਆਪਣੀ ਮਨਮਰਜ਼ੀ ਕਰਨ ਵਾਲੀ ਔਰਤ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਨੂੰਹ ਤੇ ਪੁੱਤਰ ਉਸ ਦੇ ਕਹਿਣ ਅਨੁਸਾਰ ਹੀ ਚੱਲਣ।
• ਸ਼ੱਕੀ ਸਭਾਅ ਵਾਲ਼ੀ – ਉਹ ਸ਼ੱਕੀ ਸੁਭਾਅ ਵਾਲ਼ੀ ਔਰਤ ਹੈ। ਉਸ ਨੂੰ ਸ਼ੱਕ ਸੀ ਕਿ ਜਦੋਂ ਉਹ ਪੁਦੀਨਾ ਤੋੜਨ ਗਈ ਸੀ, ਤਾਂ ਉਸ ਦੇ ਨੂੰਹ-ਪੁੱਤਰ ਉਸ ਦੀਆਂ ਚੁਗਲੀਆਂ ਕਰਦੇ ਸਨ।
• ਮਾਨਸਿਕ ਕਲੇਸ਼ ਦੀ ਸ਼ਿਕਾਰ – ਉਹ ਆਪਣੇ ਪਤੀ ਦੇ ਦੂਜਾ ਵਿਆਹ ਕਰਾਉਣ ਕਰਕੇ ਮਾਨਸਿਕ ਕਲੇਸ਼ ਦੀ ਸ਼ਿਕਾਰ ਹੈ। ਇਸ ਕਰਕੇ ਹੀ ਬਦਲੇ ਵਜੋਂ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੇ ਡਰਾਵੇ ਦਿੰਦੀ ਹੈ।
• ਮੌਕੇ ਅਨੁਸਾਰ ਬਦਲ ਜਾਣ ਵਾਲ਼ੀ – ਉਹ ਆਪਣੀ ਧੀ ਦਾ ਦੁੱਖ ਦੇਖ ਕੇ ਮੌਕੇ ਅਨੁਸਾਰ ਬਦਲ ਜਾਂਦੀ ਹੈ। ਜਿਸ ਇਸਤਰੀ ਸਭਾ ਨੂੰ ਉਹ ਬੋਲ-ਕਬੋਲ ਬੋਲਦੀ ਸੀ, ਉਸ ਤੋਂ ਹੀ ਉਹ ਆਪਣੀ ਧੀ ਦੀ ਜ਼ਿੰਦਗੀ ਬਚਾਉਣ ਦੀ ਆਸ ਰੱਖਦੀ ਹੈ ਅਤੇ ਮਨਜੀਤ ਤੋਂ ਆਪਣੀਆਂ ਵਧੀਕੀਆਂ ਦੀ ਮਾਫ਼ੀ ਮੰਗਦੀ ਹੈ।
• ਹਾਸ-ਰਸ ਪੈਦਾ ਕਰਨ ਵਾਲ਼ੀ – ਉਸ ਦੀ ਅਤੇ ਮਨਜੀਤ ਦੀ ਆਪਸੀ ਵਿਅੰਗਮਈ ਗੱਲਬਾਤ ਨਾਲ਼ ਇਕਾਂਗੀ ਵਿੱਚ ਹਾਸ-ਰਸ ਪੈਦਾ ਹੁੰਦਾ ਹੈ।
••• ਸੁਖਦੇਵ ਸਿੰਘ ਦਾ ਪਾਤਰ–ਚਿਤਰਨ •••
• ਜਾਣ-ਪਛਾਣ – ਸੁਖਦੇਵ ਸਿੰਘ ‘ਦੂਜਾ ਵਿਆਹ’ ਇਕਾਂਗੀ ਵਿੱਚ ਇੱਕ ਮਹੱਤਵਪੂਰਨ ਪਾਤਰ ਹੈ। ਉਹ ਮਨਜੀਤ ਦਾ ਪਤੀ ਹੈ। ਉਹ ਗੁਰਦਿੱਤ ਸਿੰਘ ਤੇ ਨਿਹਾਲ ਕੌਰ ਦਾ ਪੁੱਤਰ ਹੈ। ਉਸ ਦਾ ਵਿਆਹ ਹੋਏ ਨੂੰ ਢਾਈ ਸਾਲ ਹੋ ਗਏ ਹਨ, ਪਰ ਉਸ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ।
• ਪੜ੍ਹਿਆ-ਲਿਖਿਆ ਤੇ ਨਵੇਂ ਖ਼ਿਆਲਾਂ ਦਾ ਮਾਲਕ – ਉਹ ਪੜ੍ਹਿਆ-ਲਿਖਿਆ ਤੇ ਨਵੇਂ ਖ਼ਿਆਲਾਂ ਦਾ ਮਾਲਕ ਹੋਣ ਕਰਕੇ ਆਪਣੀ ਪਤਨੀ ਨੂੰ ਆਪਣੇ ਘਰ ਵਿਚ ਬਰਾਬਰੀ ਦਾ ਮੌਕਾ ਦਿੰਦਾ ਹੈ। ਉਹ ਆਪਣੀ ਪਤਨੀ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਦੀ ਖੁੱਲ ਦਿੰਦਾ ਹੈ।
• ਹੱਸਮੁੱਖ ਸੁਭਾਅ ਵਾਲ਼ਾ – ਉਹ ਹੱਸਮੁੱਖ ਤੇ ਮਖੌਲੀਆ ਸੁਭਾਅ ਵਾਲ਼ਾ ਆਦਮੀ ਹੈ। ਉਹ ਆਪਣੀ ਮਾਂ ਨਿਹਾਲ ਕੌਰ ਨੂੰ ਮਖੌਲੀਆ ਲਹਿਜੇ ਵਿੱਚ ਕਹਿੰਦਾ ਹੈ, ‘ਹਾਂ ਬੜੀ ਖ਼ੁਸ਼ੀ ਨਾਲ਼ ਕਰੋ ਪ੍ਰਬੰਧ ਮਾਂ ਜੀ, ਮੇਰੇ ਦੂਜੇ ਵਿਆਹ ਦਾ ਮਨਜੀਤ ਮੇਰੇ ਕੋਲ ਛਾਉਣੀ ਰਿਹਾ ਕਰੂ ਤੇ ਤੁਹਾਡੀ ਦੂਜੀ ਨੂੰਹ ਤੁਹਾਡੀ ਸੇਵਾ ਕਰਿਆ ਕਰੂ।”
• ਦਲੀਲ ਨਾ ਗੱਲ ਕਰਨ ਵਾਲ਼ਾ – ਉਹ ਹਰ ਗੱਲ ਬੜੀ ਦਲੀਲ ਅਤੇ ਸਮਝਦਾਰੀ ਨਾਲ਼ ਕਰਦਾ ਹੈ। ਉਹ ਹਰ ਗੱਲ ਦੀ ਡੂੰਘਾਈ ਨੂੰ ਸਮਝਦਾ ਹੈ।
• ਹਾਜ਼ਰ-ਜੁਆਬ – ਉਹ ਬੜਾ ਹਾਜ਼ਰ-ਜੁਆਬ ਆਦਮੀ ਹੈ। ਉਸ ਦੀ ਹਾਜ਼ਰ-ਜੁਆਬੀ ਇਕਾਂਗੀ ਵਿਚ ਹਾਸ-ਰਸ ਪੈਦਾ ਕਰਦੀ ਹੈ।
• ਭੈਣ ਦੇ ਹੱਕਾਂ ਦੀ ਰਾਖੀ ਕਰਨ ਵਾਲ਼ਾ – ਉਹ ਆਪਣੀ ਭੈਣ ਦੇ ਹੱਕਾਂ ਦੀ ਰਾਖੀ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਦੂਜਾ ਵਿਆਹ ਨਹੀਂ ਕਰਨ ਦੇਵੇਗਾ।
• ਹਾਸ-ਰਸ ਪੈਦਾ ਕਰਨ ਵਾਲ਼ਾ – ਉਹ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਨ ਵਾਲ਼ਾ ਪਾਤਰ ਹੈ। ਇਕਾਂਗੀ ਵਿੱਚ ਉਸ ਦੀ ਦਲੀਲਬਾਜ਼ੀ, ਹਾਜ਼ਰ-ਜੁਆਬੀ ਤੇ ਮਖੌਲ ਹਾਸ-ਰਸ ਪੈਦਾ ਕਰਦੇ ਹਨ।
••• ਵਾਰਤਾਲਾਪ ਅਧਾਰਿਤ ਪ੍ਰਸ਼ਨ •••
(ੳ) “ਮੇਰਾ ਤਾਂ ਕੋਈ ਨਹੀਂ ਕਰਦਾ ਜੀਅ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਨੇ ਓਂ। ਪਰ, ਮਾਂ ਜੀ, ਮੈਂ ਮਗਰੋਂ ਨਹੀਂ ਲਹਿਣ ਵਾਲੀ ਐਡੀ ਸੌਖੀ। ਤੁਸੀਂ ਕਰੋ ਸਈ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ‘ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ।”
ਪ੍ਰਸ਼ਨ – 1. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
2. ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ?
3. ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ?
ਉੱਤਰ – 1. ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ।
2. ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨ ਦਾ ਡਰਾਵਾ ਦਿੰਦੀ ਹੈ।
3. ਮਨਜੀਤ ਆਪਣੀ ਸੱਸ ਦੇ ਦਰ ’ਤੇ ਸ਼ਹੀਦ ਹੋ ਕੇ ਮਰ ਜਾਣ ਦਾ ਕਹਿੰਦੀ ਹੈ।
(ਅ) “ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ, ਮੈਂ ਤੇ ਭੈਣ ਜੀ, ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫ਼ੌਜੀ ਨੁਕਤੇ ਤੋਂ ਐਨੀ ਕੁ ਸੰਤਾਨ ਨੂੰ ਕਾਫ਼ੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ।”
ਪ੍ਰਸ਼ਨ – 1. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
2. ਬਾਪੂ ਜੀ ਦੇ ਸਰਦਾਰ ਬਣਨ ‘ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ?
3. ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ?
ਉੱਤਰ – 1. ਸੁਖਦੇਵ ਨੇ ਆਪਣੀ ਪਤਨੀ ਮਨਜੀਤ ਨੂੰ ਕਹੇ।
2. ਪਰਿਵਾਰ ਵਿੱਚ ਇੱਕ ਮੁੰਡੇ ਅਤੇ ਇੱਕ ਕੁੜੀ ਦਾ ਜਨਮ ਹੋਇਆ।
3. ਫ਼ੌਜੀ ਨੁਕਤੇ ਤੋਂ ਦੋ ਬੱਚਿਆਂ ਨੂੰ ਉਹ ਘੱਟ ਸਮਝਦੇ ਸਨ।
(ੲ) “ਦੁਖੀ ਤਾਂ ਹੈ, ਪਰ ਗੱਲ ਕੀ ਐ? ਦੁਖੀ ਦਾ ਤਾਂ ਮੈਨੂੰ ਪਤਾ ਈ ਐ। ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐਂ?”
ਪ੍ਰਸ਼ਨ – 1. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
2. ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ?
3. ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ?
ਉੱਤਰ – 1. ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ ਕਹੇ।
2. ਇਹ ਕਿ ਉਸ ਦੀ ਧੀ ਸਹੁਰੇ ਘਰ ਸੁਖੀ ਨਹੀਂ ਹੈ।
3. ਆਪਣੀ ਧੀ ਦਾ ਜਗੀਰਦਾਰਾਂ ਦੇ ਘਰ ਵਿਆਹ ਕਰਨਾ।
(ਸ) “ਨੀ ਬਹੂ, ਮੈਨੂੰ ਮਾਫ਼ ਕਰੀਂ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ। ਮੈਂ ਭੁੱਲੀ! ਮੈਂ ਤਾਂ ਆਪ ਏਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਆਂ। ਮੇਰੀ ਧੀ ‘ਤੇ ਇਹ ਹੋਣੀ ਕਿਹੜੇ ਪਾਪ ਦਾ ਫ਼ਲ ਹੋ ਕੇ ਬੀਤਦੀ ਐ? ਜਿਹੜੇ, ਬਹੂ, ਮੈਂ ਤੈਨੂੰ ਬੋਲ-ਕਬੋਲ ਕਹੇ ਨੇ, ਉਹਨਾਂ ਬੋਲਾਂ ਦੀ ਮੈਂ ਤੈਤੋਂ ਤੇ ਵਾਹਗੁਰੂ ਤੋਂ ਮਾਫ਼ੀ ਮੰਗਦੀ ਆਂ।”
ਪ੍ਰਸ਼ਨ – 1. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
2. ਨਿਹਾਲ ਕੌਰ ਆਪਣੀ ਨੂੰਹ ਤੋਂ ਮਾਫ਼ੀ ਕਿਉਂ ਮੰਗਦੀ ਹੈ?
3. ਨਿਹਾਲ ਕੌਰ ਆਪਣੀ ਧੀ ਦੀ ਕਿਹੜੀ ‘ਹੋਣੀ‘ ਦੀ ਗੱਲ ਕਰਦੀ ਹੈ?
ਉੱਤਰ – 1. ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ।
2. ਨਿਹਾਲ ਕੌਰ ਮਨਜੀਤ ਨੂੰ ਬੋਲੇ ਬੋਲ-ਕਬੋਲਾਂ ਲਈ ਮਾਫ਼ੀ ਮੰਗਦੀ ਹੈ।
3. ਨਿਹਾਲ ਕੌਰ ਆਪਣੇ ਜਵਾਈ ਦੁਆਰਾ ਦੂਜਾ ਵਿਆਹ ਕਰਵਾਉਣ ਦੀ ਗੱਲ ਨੂੰ ਧੀ ਲਈ ਹੋਣੀ ਕਹਿੰਦੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਦੂਜਾ ਵਿਆਹ’ ਇਕਾਂਗੀ ਕਿਸ ਦੀ ਰਚਨਾ ਹੈ?
ਉੱਤਰ – ਸੰਤ ਸਿੰਘ ਸੇਖੋਂ।
ਪ੍ਰਸ਼ਨ 2. ਨਿਹਾਲ ਕੌਰ ਤੇ ਮਨਜੀਤ ਦਾ ਕੀ ਰਿਸ਼ਤਾ ਹੈ?
ਉੱਤਰ – ਸੱਸ ਤੇ ਨੂੰਹ ਦਾ।
ਪ੍ਰਸ਼ਨ 3. ਨਿਹਾਲ ਕੌਰ ਦੇ ਪਤੀ ਦਾ ਕੀ ਨਾਂ ਹੈ?
ਉੱਤਰ – ਗੁਰਦਿੱਤ ਸਿੰਘ।
ਪ੍ਰਸ਼ਨ 4. ਸੁਖਦੇਵ ਕੌਰ ਦੇ ਪਤੀ ਦਾ ਨਾਂ ਕੀ ਹੈ?
ਉੱਤਰ – ਬਲਵੰਤ ਸਿੰਘ।
ਪ੍ਰਸ਼ਨ 5. ‘ਦੂਜਾ ਵਿਆਹ’ ਇਕਾਂਗੀ ਦਾ ਵਿਸ਼ਾ ਕਿਹੋ–ਜਿਹਾ ਹੈ?
ਉੱਤਰ – ਸਮਾਜ ਸੁਧਾਰਕ ਤੇ ਵਿਅੰਗਾਤਮਕ।
ਪ੍ਰਸ਼ਨ 6. ‘ਦੂਜਾ ਵਿਆਹ’ ਇਕਾਂਗੀ ਦਾ ਆਰੰਭ ਕਿਸ ਵੇਲ਼ੇ ਹੁੰਦਾ ਹੈ?
ਉੱਤਰ – ਸਵੇਰੇ ਦਸ ਵਜੇ।
ਪ੍ਰਸ਼ਨ 7. ਨਿਹਾਲ ਕੌਰ ਦਾ ਮਨਜੀਤ ਪ੍ਰਤੀ ਰਵੱਈਆ ਕਿਹੋ–ਜਿਹਾ ਸੀ?
ਉੱਤਰ – ਕੌੜਾ ਤੇ ਈਰਖਾ ਭਰਿਆ।
ਪ੍ਰਸ਼ਨ 8. ਮਨਜੀਤ ਦਾ ਨਿਹਾਲ ਕੌਰ ਪ੍ਰਤੀ ਰਵੱਈਆ ਕਿਹੋ–ਜਿਹਾ ਸੀ?
ਉੱਤਰ – ਸਤਿਕਾਰ ਅਤੇ ਨਿਰਮਾਣਤਾ ਭਰਿਆ।
ਪ੍ਰਸ਼ਨ 9. ਚਰਖਾ ਕੱਤਦੀ ਨਿਹਾਲ ਕੌਰ ਨੇ ਸਵੇਰ ਦੇ ਕਿੰਨੇ ਗਲੋਟੇ ਲਾਹੇ ਸਨ?
ਉੱਤਰ – ਤਿੰਨ।
ਪ੍ਰਸ਼ਨ 10. ਮਨਜੀਤ ਨਿਹਾਲ ਕੌਰ ਨੂੰ ਕਿਸ ਨੂੰ ਬੁਰਾ-ਭਲਾ ਕਹਿਣ ਤੋਂ ਰੋਕਦੀ ਹੈ?
ਉੱਤਰ – ਗੁਆਂਢਣ ਨੂੰ।
ਪ੍ਰਸ਼ਨ 11. ਨਿਹਾਲ ਕੌਰ ਅਨੁਸਾਰ ਮਨਜੀਤ ਨੂੰ ਪੁੱਠੀਆਂ ਮੱਤਾਂ ਕੌਣ ਦਿੰਦੀ ਸੀ?
ਉੱਤਰ – ਗੁਆਂਢਣ।
ਪ੍ਰਸ਼ਨ 12. ਨਿਹਾਲ ਕੌਰ ਆਪਣੀ ਨੂੰਹ ਨੂੰ ਕੀ ਡਰਾਵਾ ਦਿੰਦੀ ਹੈ?
ਉੱਤਰ – ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦਾ।
ਪ੍ਰਸ਼ਨ 13. ਸੁਖਰਾਜ ਕੌਣ ਸੀ?
ਉੱਤਰ – ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ।
ਪ੍ਰਸ਼ਨ 14. ਨਿਹਾਲ ਕੌਰ ‘ਛੁੱਟੜਾਂ’ ਸ਼ਬਦ ਦੀ ਵਰਤੋਂ ਕਿਨ੍ਹਾਂ ਲਈ ਕਰਦੀ ਹੈ?
ਉੱਤਰ – ਸਭਾ ਵਿੱਚ ਕੰਮ ਕਰਨ ਵਾਲ਼ੀਆਂ ਇਸਤਰੀਆਂ ਲਈ।
ਪ੍ਰਸ਼ਨ 15. ਨਿਹਾਲ ਕੌਰ ਦੇ ਅਨੁਸਾਰ ਸੁਖਦੇਵ ਨੇ ਕਿਸ ਦਿਨ ਆਉਣਾ ਸੀ?
ਉੱਤਰ – ਪਰਸੋਂ, ਸਤਾਈ ਤਾਰੀਖ਼ ਨੂੰ।
ਪ੍ਰਸ਼ਨ 16. ਸੁਖਦੇਵ ਤੇ ਮਨਜੀਤ ਦਾ ਵਿਆਹ ਹੋਇਆਂ ਨੂੰ ਕਿੰਨਾ ਸਮਾਂ ਹੋ ਗਿਆ ਸੀ?
ਉੱਤਰ – ਢਾਈ ਸਾਲ।
ਪ੍ਰਸ਼ਨ 17. ਨਿਹਾਲ ਕੌਰ ਹਵੇਲੀ ਨੂੰ ਕੀ ਕਰਨ ਜਾਂਦੀ ਹੈ?
ਉੱਤਰ – ਪੁਦੀਨਾ ਤੋੜਨ।
ਪ੍ਰਸ਼ਨ 18. ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ?
ਉੱਤਰ – ਦੋ ਧੀਆਂ।
ਪ੍ਰਸ਼ਨ 19. ਸੁਖਦੇਵ ਕੌਰ ਕਿਨ੍ਹਾਂ ਦੇ ਘਰ ਵਿਆਹੀ ਹੋਈ ਸੀ?
ਉੱਤਰ – ਜਾਗੀਰਦਾਰਾਂ ਦੇ।
ਪ੍ਰਸ਼ਨ 20. ਸੁਖਦੇਵ ਕੌਰ ਦੀ ਵੱਡੀ ਧੀ ਦੀ ਉਮਰ ਕਿੰਨੀ ਸੀ?
ਉੱਤਰ – ਪੰਜ ਸਾਲ।
ਪ੍ਰਸ਼ਨ 21. ਸੁਖਦੇਵ ਕੌਰ ਦੀ ਨਿੱਕੀ ਧੀ ਦੀ ਉਮਰ ਕਿੰਨੀ ਸੀ?
ਉੱਤਰ – ਤਿੰਨ ਸਾਲ।