ਪਾਠ: 4 ਭਾਰਤੀ ਲੋਕਤੰਤਰ ਦਾ ਸਰੂਪ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿੱਚ ਲਿਖੋ:-
ਪ੍ਰਸ਼ਨ 1 ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ:-ਲੋਕਤੰਤਰ ਦਾ ਅਰਥ ਹੈ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਾਸ਼ਨ।
ਪ੍ਰਸ਼ਨ 2 ਭਾਰਤੀ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਦੱਸੋ।
ਉੱਤਰ-:ਲੋਕਤੰਤਰੀ ਸੰਵਿਧਾਨ ਜਾਂ ਬਾਲਗ ਮੱਤ ਅਧਿਕਾਰ।
ਪ੍ਰਸ਼ਨ 3 ਚੋਣ ਵਿਧੀਆਂ ਦੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ?
ਉੱਤਰ:ਚੋਣ ਵਿਧੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ :-
1.ਪ੍ਰਤੱਖ ਚੋਣ ਪ੍ਰਣਾਲੀ
2.ਅਪ੍ਰਤੱਖ ਚੋਣ ਪ੍ਰਣਾਲੀ
ਪ੍ਰਸ਼ਨ 4.ਲੋਕ ਮੱਤ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:ਲੋਕ ਮੱਤ ਤੋਂ ਭਾਵ ਆਮ ਜਨਤਾ ਦੀ ਰਾਇ ਜਾਂ ਮੱਤ ਤੋਂ ਹੈ।
ਪ੍ਰਸ਼ਨ 5.ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਅਤੇ ਕਿਸ ਦੀ ਅਗਵਾਈ ਹੇਠ ਹੋਇਆ?
ਉੱਤਰ:ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ 28 ਦਸੰਬਰ 1885 ਵਿੱਚ ਬ੍ਰਿਟਿਸ਼ ਅਧਿਕਾਰੀ ਸਰ ਏ.ਓ.ਹਿਊਮ ਦੀ ਅਗਵਾਈ ਹੇਠ ਹੋਇਆ।
ਹੇਠ ਲਿਖਿਆਂ ਉੱਤੇ 50-60 ਸ਼ਬਦਾਂ ਵਿੱਚ ਲਿਖੋ :
ੳ) ਭਾਰਤ ਵਿੱਚ ਧਰਮ ਨਿਰਪੱਖਤਾ ।
ਉੱਤਰ- ਲੋਕਤੰਤਰੀ ਰਾਜ, ਨਾਗਰਿਕ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦਿੰਦਾ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਨਸਲਾਂ ਦੇ ਲੋਕ ਵਸਦੇ ਹਨ। ਭਾਰਤੀ ਸੰਵਿਧਾਨ ਨੇ ਭਾਰਤ ਨੂੰ ਧਰਮ ਨਿਰਪੱਖ ਰਾਜ ਬਣਾਇਆ ਹੈ ਕਿਉਂਕਿ ਭਾਰਤ ਵਿੱਚ ਕਿਸੇ ਧਰਮ ਨੂੰ ਵੀ ਰਾਜ ਧਰਮ ਦਾ ਰੁੱਤਬਾ ਨਹੀਂ ਦਿੱਤਾ ਗਿਆ ਭਾਵ ਕਿਸੇ ਵੀ ਧਰਮ ਨੂੰ ਸਰਕਾਰ ਦੀ ਸਰਪ੍ਰਸਤੀ ਪ੍ਰਦਾਨ ਨਹੀਂ ਕੀਤੀ ਗਈ।
ਅ) ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਵਿਚਾਰਧਾਰਾ।
ਉੱਤਰ-1. ਵੱਖ-ਵੱਖ ਕੌਮਾਂ ਅਤੇ ਫਿਰਕਿਆਂ ਵਿੱਚ ਸ਼ਾਂਤੀ, ਆਪਸੀ ਪ੍ਰੇਮ ਭਾਵ, ਭਾਈਚਾਰਕ ਸਾਂਝ, ਮਿੱਤਰਤਾ ਅਤੇ ਸਰਬੱਤ ਦੇ ਭਲੇ ਵਿੱਚ ਵਿਸ਼ਵਾਸ।
2. ਪੰਜਾਬ ਦੇ ਹਿੱਤਾਂ ਦੀ ਸੁਰੱਖਿਆ ਕਰਨੀ ਅਤੇ ਇਸਦੇ ਸੱਭਿਆਚਾਰਕ ਵਿਰਸੇ ਦੀ ਸਾਂਭ ਸੰਭਾਲ।
3. ਵੱਖ-ਵੱਖ ਕੌਮਾਂ ਅਤੇ ਫਿਰਕਿਆਂ ਵਿੱਚ ਸਦਭਾਵਨਾ ਤੇ ਸ਼ਾਂਤੀ ਸਥਾਪਿਤ ਕਰਨਾ।
4. ਦੇਸ਼ ਵਿੱਚ ਨਵੇਂ ਸਮਾਜਿਕ, ਆਰਥਿਕ ਤੇ ਪ੍ਰਸ਼ਾਸਨਿਕ ਵਿਵਸਥਾ ਦੀ ਸਥਾਪਨਾ ਕਰਨਾ।
ੲ) ਭਾਰਤ ਦੇ ਕਿਸੇ ਇੱਕ ਰਾਸ਼ਟਰੀ ਦਲ ‘ਤੇ ਨੋਟ ਲਿਖੋ ।
ਉੱਤਰ- ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਭਾਰਤੀ ਰਾਸ਼ਟਰਵਾਦ ਦੇ ਵਿਕਾਸ ਦੌਰਾਨ 28 ਦਸੰਬਰ, 1885 ਵਿੱਚ ਬ੍ਰਿਟਿਸ਼ ਅਧਿਕਾਰੀ ਸਰ ਏ. ਓ. ਹਿਊਮ ਤੇ ਹੋਰ ਦੇਸ਼ ਭਗਤ ਨੇਤਾਵਾਂ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਦੀ ਅਗਵਾਈ ਹੇਠ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਲੜਾਈ ਲੜੀ, ਜਿੱਤੀ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ। 1968 ਅਤੇ 1978 ਵਿੱਚ ਦੋ ਵਾਰ ਇਹ ਪਾਰਟੀ ਵੰਡੀ ਗਈ। ਕਾਂਗਰਸ ਪਾਰਟੀ ਦੀ ਅਗਵਾਈ ਸਦਾ ਮੱਧ ਅਤੇ ਉੱਚ ਮੱਧ ਵਰਗ ਦੇ ਹੱਥਾਂ ਵਿੱਚ ਰਹੀ ਹੈ। ਇਸ ਨੂੰ ਗ਼ਰੀਬ ਅਤੇ ਅਨਪੜ੍ਹ ਲੋਕਾਂ, ਮਜ਼ਦੂਰਾਂ, ਪੱਛੜੀਆਂ ਜਾਤਾਂ, ਧਾਰਮਿਕ ਘੱਟ ਗਿਣਤੀਆਂ ਤੇ ਇਸਤਰੀਆਂ ਦਾ ਸਹਿਯੋਗ ਮਿਲਦਾ ਰਿਹਾ ਹੈ। ਅੱਜਕੱਲ੍ਹ ਇਸ ਦਾ ਚੋਣ ਨਿਸ਼ਾਨ ਹੱਥ ਹੈ
ਸ) ਭਾਰਤੀ ਰਾਸ਼ਟਰੀ ਕਾਂਗਰਸ ਵਿਚਾਰਧਾਰਾ।
ਉੱਤਰ-1. ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿੱਚ ਸੁਧਾਰ ਕਰਨਾ।
2. ਖੇਤੀ ਦਾ ਆਧੁਨਿਕੀਕਰਨ ਕਰਨਾ, ਛੋਟੇ ਕਿਸਾਨਾਂ ਨੂੰ ਅਸਾਨ ਕਿਸ਼ਤਾਂ ਅਤੇ ਘੱਟ ਵਿਆਜ ‘ਤੇ ਕਰਜ਼ਾ ਦੇਣਾ ।
3. ਫਸਲਾਂ ਅਤੇ ਪਸ਼ੂਆਂ ਦਾ ਬੀਮਾ ਕਰਾਉਣਾ।
4. ਘਰੇਲੂ ਉਦਯੋਗਾਂ ਨੂੰ ਸਹਾਇਤਾ ਤੇ ਸੁਰੱਖਿਆ ਦੇਣੀ।
ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ।
ਉੱਤਰ- ਭਾਰਤੀ ਜਨਤਾ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ, ਲੋਕਤੰਤਰੀ ਸੰਸਥਾਵਾਂ ਦਾ ਵਿਕਾਸ ਅਤੇ ਫਾਸਸਿਸਟ ਪ੍ਰਵਿਰਤੀ ਦੇ ਵਿਰੁੱਧ ਨਿਰੰਤਰ ਸੰਘਰਸ਼ ਕਰਨਾ, ਧਰਮ ਨਿਰਪੱਖਤਾ, ਗਾਂਧੀਵਾਦ ਅਤੇ ਸਮਾਜਵਾਦ ਵਿੱਚ ਅਤੁੱਟ ਵਿਸ਼ਵਾਸ ਕਰਦੀ ਹੈ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ:-
1. ਲੋਕਤੰਤਰ ਦੀ ਚੋਣ ਵਿਧੀ ਪ੍ਰਕਿਰਿਆ ਦਾ ਸੰਖੇਪ ਵਰਨਣ ਕਰੋ ।
ਉੱਤਰ- 1. ਚੋਣ ਖੇਤਰ ਨਿਰਧਾਰਤ ਕਰਨਾ-ਵਿਧਾਨ ਸਭਾ ਦੀ ਚੋਣ ਲਈ ਸਾਰੇ ਰਾਜ ਨੂੰ ਬਰਾਬਰ ਖੇਤਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਇਸ ਕੰਮ ਦੀ ਯੋਜਨਾਬੰਦੀ ਚੋਣ ਆਯੋਗ ਦੁਆਰਾ ਕੀਤਾ ਜਾਂਦਾ ਹੈ।
2. ਮੱਤਦਾਤਾ ਸੂਚੀ- ਚੋਣਾਂ ਕਰਵਾਉਣ ਲਈ ਹਰੇਕ ਚੋਣ ਖੇਤਰ ਦੀ ਮੱਤਦਾਤਾ ਸੂਚੀ ਤਿਆਰ ਕੀਤੀ ਜਾਂਦੀ ਹੈ। ਉਹ ਹੀ ਮੱਤਦਾਤਾ ਵੋਟ ਪਾ ਸਕਦਾ ਹੈ ਜਿਸਦਾ ਨਾਂ ਚੋਣ ਖੇਤਰ ਦੀ ਵੋਟਰ ਸੂਚੀ ਵਿੱਚ ਦਰਜ ਹੈ।
3. ਚੋਣ ਮਿਤੀ ਦਾ ਐਲਾਨ- ਚੋਣ ਆਯੋਗ ਚੋਣਾਂ ਦਾ ਐਲਾਨ ਕਰਨ ਉਪਰੰਤ ਚੋਣਾਂ ਦਾ ਪੂਰਾ ਪ੍ਰੋਗਰਾਮ ਉਲੀਕਦਾ ਹੈ-ਨਾਮਜ਼ਦਗੀ ਫਾਰਮ ਭਰਨ ਦੀ ਮਿਤੀ, ਨਾਮਜ਼ਦਗੀ ਵਾਪਸ ਲੈਣ ਦੀ ਮਿਤੀ ਅਤੇ ਛਾਣ-ਬੀਣ ਕਰਨ ਦੀ ਮਿਤੀ ਨਿਸ਼ਚਤ ਕਰਦਾ ਹੈ। ਫਿਰ ਚੋਣਾਂ ਦਾ ਦਿਨ, ਸਮਾਂ ਅਤੇ ਵੋਟਾਂ ਦੀ ਗਿਣਤੀ ਕਰਨ ਅਤੇ ਨਤੀਜਿਆਂ ਦਾ ਐਲਾਨ ਕਰਨ ਦੀ ਮਿਤੀ ਨਿਰਧਾਰਤ ਕਰਦਾ ਹੈ।
4. ਨਾਮਜ਼ਦਗੀ ਫਾਰਮ ਭਰਨਾ- ਚੋਣ ਆਯੋਗ ਇੱਕ ਮਿਤੀ ਨਿਸ਼ਚਤ ਕਰਦਾ ਹੈ। ਜੋ ਉਮੀਦਵਾਰ ਚੋਣ ਲੜਨਾ ਚਾਹੁੰਦੇ ਹਨ ਉਹ ਆਪਣਾ ਨਾਮਜ਼ਦਗੀ ਫਾਰਮ ਉਸ ਮਿਤੀ ਤੱਕ ਭਰ ਦੇਣ। ਨਾਮਜ਼ਦਗੀ ਫਾਰਮ ਰਿਟਰਨਿੰਗ ਅਫ਼ਸਰ ਨੂੰ ਨਿਸ਼ਚਤ ਮਿਤੀ ਅਤੇ ਸਮੇਂ ਤੱਕ ਪੇਸ਼ ਕਰਨੇ ਜ਼ਰੂਰੀ ਹਨ।
5. ਨਾਮ ਵਾਪਸੀ- ਸਾਰੇ ਉਮੀਦਵਾਰਾਂ ਦੀ ਨਾਮਜ਼ਦਗੀ ਦੇ ਫਾਰਮਾਂ ਦੀ ਜਾਂਚ ਪੜਤਾਲ ਕਰਨ ਉਪਰੰਤ ਇੱਕ ਨਿਸ਼ਚਤ ਮਿਤੀ ਤੱਕ ਆਪਣੇ ਨਾਮ ਵਾਪਸ ਲੈਣ ਦਾ ਅਧਿਕਾਰ ਹੁੰਦਾ ਹੈ। ਜੇਕਰ ਕੋਈ ਉਮੀਦਵਾਰ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਉਸ ਦੀ ਜਮ੍ਹਾ- ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ।
6. ਚੋਣ ਨਿਸ਼ਾਨ- ਚੋਣਾਂ ਵਿੱਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਚੋਣ ਆਯੋਗ ਵੱਲੋਂ ਅਲਾਟ ਕੀਤੇ ਜਾਂਦੇ ਹਨ। ਰਾਜਨੀਤਕ ਦਲਾਂ ਨੂੰ ਵਿਸ਼ੇਸ਼ ਅਤੇ ਪ੍ਰਸਿੱਧ ਚਿੰਨ ਅਲਾਟ ਕੀਤੇ ਜਾਂਦੇ ਹਨ।
7. ਚੋਣ ਮੁਹਿੰਮ- ਚੋਣ ਪ੍ਰਕਿਰਿਆ ਦਾ ਅਗਲਾ ਪੜਾਅ ਚੋਣ ਮੁਹਿੰਮ ਹੈ। ਚੋਣ ਮੁਹਿੰਮ ਦੇ ਆਰੰਭ ਅਤੇ ਸਮਾਪਤ ਕਰਨ ਦੀਆਂ ਮਿਤੀਆਂ ਚੋਣ ਆਯੋਗ ਵਲੋਂ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀਆਂ ਜਾਂਦੀਆਂ ਹਨ। ਹਰੇਕ ਰਾਜਨੀਤਿਕ ਦਲ ਮੱਤਦਾਤਿਆਂ ਨਾਲ ਸੰਪਰਕ ਕਾਇਮ ਕਰਦੇ ਹਨ। ਚੋਣ ਮੁਹਿੰਮ ਭਿੰਨ-ਭਿੰਨ ਸਾਧਨਾਂ ਦੁਆਰਾ ਚਲਾਈ ਜਾਂਦੀ ਹੈ। ਇਸ ਕਾਰਵਾਈ ਵਿੱਚ ਇਸ਼ਤਿਹਾਰ ਲਗਾਉਣੇ, ਗਲੀ-ਮੁਹੱਲਾ ਮੀਟਿੰਗਾਂ ਕਰਨੀਆਂ, ਭਾਸ਼ਣ ਦੇਣਾ, ਜਲਸੇ ਕਰਨੇ ਤੇ ਜਲੂਸ ਕੱਢਣੇ ਅਤੇ ਘਰ-ਘਰ ਵਿੱਚ ਸਮਰਥਕਾਂ ਵੱਲੋਂ ਪ੍ਰਚਾਰ ਕਰਨਾ ਸ਼ਾਮਲ ਹੈ। ਚੋਣ ਮੁਹਿੰਮ ਅਸਲੀ ਮਤਦਾਨ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਸਮਾਪਤ ਹੋ ਜਾਂਦੀ ਹੈ।
8. ਪੋਲਿੰਗ ਸਟੇਸ਼ਨ ਤੇ ਵੋਟਾਂ– ਚੋਣ ਆਯੋਗ ਵੱਲੋਂ ਹਰੇਕ ਖੇਤਰ ਵਿੱਚ ਮੱਤਦਾਤਿਆਂ ਦੀ ਸਹੂਲਤ ਲਈ ਅਨੇਕਾਂ ਮੱਤਦਾਨ ਕੇਂਦਰ ਸਥਾਪਤ ਕੀਤੇ ਜਾਂਦੇ ਹਨ ਜਿੱਥੇ ਜਾ ਕੇ ਮੱਤਦਾਤਾ ਆਪਣੀ ਵੋਟ ਪਾਉਂਦੇ ਹਨ।
9. ਵੋਟਾਂ ਦੀ ਗਿਣਤੀ ਤੇ ਨਤੀਜੇ- ਵੋਟਾਂ ਪਾਉਣ ਦਾ ਸਮਾਂ ਸਮਾਪਤ ਹੋਣ ‘ਤੇ ਰਿਟਰਨਿੰਗ ਅਫ਼ਸਰ ਤੇ ਉਸਦੇ ਸਾਥੀ ਕਰਮਚਾਰੀ ਮੱਤ ਪੇਟੀਆਂ ਨੂੰ ਸੀਲ ਕਰਕੇ ਰਿਟਰਨਿੰਗ ਅਫ਼ਸਰ ਦੇ ਦਫਤਰ ਵਿੱਚ ਜਮਾ ਕਰਵਾ ਦਿੰਦੇ ਹਨ । ਨਿਸਚਿਤ ਮਿਤੀ ਵਾਲੇ ਦਿਨ ਉਮੀਦਵਾਰਾਂ ਜਾਂ ਉਹਨਾਂ ਦੇ ਪ੍ਰਤੀਨਿਧਾਂ ਸਾਹਮਣੇ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਉਮੀਦਵਾਰ ਦੀਆਂ ਸਭ ਤੋਂ ਵੱਧ ਵੋਟਾਂ ਹੁੰਦੀਆਂ ਹਨ ਉਸ ਨੂੰ ਰਿਟਰਨਿੰਗ ਅਫ਼ਸਰ ਜੇਤੂ ਘੋਸ਼ਿਤ ਕਰਦਾ ਹੈ।
2. ਲੋਕਮਤ ਦੀ ਭੂਮਿਕਾ ਦੱਸੋ।
ਉੱਤਰ-1.ਲੋਕਮਤ ਕਲਿਆਣਕਾਰੀ ਰਾਜ ਦੀ ਆਤਮਾ ਹੁੰਦੀ ਹੈ।
2. ਲੋਕਤੰਤਰੀ ਸਰਕਾਰ ਵਿੱਚ ਸਰਕਾਰ ਨੂੰ ਸਿੱਧੇ ਰਾਹ ‘ਤੇ ਚਲਾਉਣ ਲਈ ਜਾਗਰਤ ਜਨਮੱਤ ਦੀ ਬਹੁਤ ਲੋੜ ਹੁੰਦੀ ਹੈ।
3. ਲੋਕਮੱਤ ਲੋਕਤੰਤਰੀ ਸਰਕਾਰ ਤੇ ਇੱਕ ਲਟਕਦੀ ਹੋਈ ਤਲਵਾਰ ਦਾ ਵੀ ਕੰਮ ਕਰਦੀ ਹੈ ਜੋ ਸ਼ਾਸਕਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰਦੀ ਹੈ।
4. ਲੋਕਮਤ ਸ਼ਾਸਕਾਂ ਨੂੰ ਮਨਮਰਜ਼ੀ ਕਰਨ ਤੋਂ ਰੋਕਦੀ ਹੈ।
5. ਕਾਨੂੰਨ ਬਣਾਉਣ ਸਮੇਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਸਮੇਂ ਲੋਕਤੰਤਰੀ ਸਰਕਾਰ ਹਮੇਸ਼ਾ ਹੀ ਜਨਤਕ ਰਾਏ ਨੂੰ ਮੁੱਖ ਰੱਖਦੀ ਹੈ।
6. ਲੋਕਮਤ ਲੋਕਤੰਤਰੀ ਸ਼ਾਸਨ ਦਾ ਮਾਰਗਦਰਸ਼ਨ ਕਰਦਾ ਹੈ।
ਸ) ਹੇਠ ਲਿਖਿਆਂ ਦੇ ਬਾਰੇ 50-60 ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰੋ :-
ੳ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ
ਉੱਤਰ-1. ਗੁਰਮਤ ਤੇ ਰਹਿਤ ਮਰਿਆਦਾ ਦਾ ਪ੍ਰਚਾਰ।
2. ਗੁਰਦਵਾਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ਸੇਵਾ ਸੰਭਾਲ ਲਈ ਉੱਦਮ ਕਰਨਾ I
3. ਸਿੰਘਾਂ ਵਿੱਚ ਵੱਖਰੀ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ।
4. ਕੰਗਾਲੀ, ਥੁੜ ਤੇ ਭੁੱਖ-ਨੰਗ ਨੂੰ ਦੂਰ ਕਰਨਾ।
5. ਅਮੀਰ ਤੇ ਗਰੀਬ ਦੇ ਅੰਤਰ ਨੂੰ ਦੂਰ ਕਰਨਾ।
6. ਅਨਪੜ੍ਹਤਾ, ਛੂਤ-ਛਾਤ ਤੇ ਜਾਤ-ਪਾਤ ਦੇ ਵਿੱਤਕਰੇ ਨੂੰ ਹਟਾਉਣਾ।
7. ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਅ।
8. ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਾਉਣਾ।
ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ‘ਤੇ ਨੋਟ ਲਿਖੋ ।
ਉੱਤਰ- 21 ਅਕਤੂਬਰ 1951 ਨੂੰ ਦਿੱਲੀ ਵਿਖੇ ਹੋਏ ਇੱਕ ਸੰਮੇਲਨ ਵਿੱਚੋਂ ਜਨਸੰਘ ਹੋਂਦ ਵਿੱਚ ਆਇਆ। ਕਿਹਾ ਜਾਂਦਾ ਹੈ ਕਿ ਜਨਸੰਘ ਦਾ ਜਨਮ ਰਾਸ਼ਟਰੀ ਸਵੈ-ਸੇਵਕ ਸੰਘ ਵਿੱਚੋਂ ਹੋਇਆ। ਰਾਸ਼ਟਰੀ ਸਵੈ-ਸੇਵਕ ਸੰਘ, ਜਨਸੰਘ ਲਈ ਸਿੱਖਿਅਤ ਨੇਤਾ ਤਿਆਰ ਕਰਦੀ ਸੀ। 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਨਾਂ ਦਾ ਵੱਖਰਾ ਰਾਜਨੀਤਕ ਦਲ ਹੋਂਦ ਵਿੱਚ ਆਇਆ ਅਤੇ ਸ੍ਰੀ ਅੱਟਲ ਬਿਹਾਰੀ ਵਾਜਪਾਈ ਨੂੰ ਸਰਵਸੰਮਤੀ ਨਾਲ ਇਸ ਦਲ ਦਾ ਪ੍ਰਧਾਨ ਚੁਣਿਆ ਗਿਆ। ਭਾਰਤੀ ਜਨਤਾ ਪਾਰਟੀ ਦਾ ਝੰਡਾ ਹਰੇ ਅਤੇ ਕੇਸਰੀ ਰੰਗਾਂ ਵਿੱਚ 1:2 ਦੀ ਅਨੁਪਾਤ ਨਾਲ ਹੈ ਅਤੇ ਝੰਡੇ ਦੇ ਉੱਪਰਲੇ ਹਿੱਸੇ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਨੀਲੇ ਰੰਗ ਵਿਚ ਅੰਕਿਤ ਹੈ ।
ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਨੋਟ ਲਿਖੋ।
ਉੱਤਰ- ਕਾਂਗਰਸ ਪਾਰਟੀ ਦੀ ਵਿਦੇਸ਼ ਨੀਤੀ ਗੁੱਟ ਨਿਰਲੇਪਤਾ ‘ਤੇ ਅਧਾਰਿਤ ਹੈ। ਗੁੱਟ-ਨਿਰਲੇਪ ਲਹਿਰ ਨੂੰ ਪ੍ਰਭਾਵਸ਼ਾਲੀ ਬਣਾਉਣ, ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (SAARC) ਨੂੰ ਹਰ ਸੰਭਵ ਯਤਨ ਨਾਲ ਮਜ਼ਬੂਤ ਕਰਨਾ, ਸੰਯੁਕਤ ਰਾਜ ਅਮਰੀਕਾ ਨਾਲ ਸਹਿਯੋਗ ਦੇ ਯਤਨ ਕਰਨੇ। ਜਾਪਾਨ, ਕੈਨੇਡਾ, ਆਸਟਰੇਲੀਆ, ਜਰਮਨੀ ਵਰਗੇ ਅਰਥਵਿਵਸਥਾ ਵਿੱਚ ਸਫ਼ਲ ਰਾਸ਼ਟਰਾਂ ਨਾਲ ਗੂੜ੍ਹੇ ਸਬੰਧ ਕਾਇਮ ਕਰਨੇ, ਵਿਸ਼ਵ ਸ਼ਾਂਤੀ ਤੇ ਵਿਵਸਥਾ ਸਥਾਪਿਤ ਕਰਨ ਵਿੱਚ ਸਹਿਯੋਗ ਦੇਣਾ ਆਦਿ ਕਾਂਗਰਸ ਪਾਰਟੀ ਨੇ ਵਿਦੇਸ਼ ਨੀਤੀ
ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ।
ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ‘ਤੇ ਨੋਟ ਲਿਖੋ ।
ਉੱਤਰ- ਵੀਹਵੀਂ ਸਦੀ ਦੇ ਆਰੰਭ ਤੋਂ ਹੀ ਭਾਰਤੀ ਰਾਸ਼ਟਰੀ ਕਾਂਗਰਸ ਵਿਚ ਇਕ ਨੌਜਵਾਨ ਧੜਾ ਇਸ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਸੀ ਕਿਉਂਕਿ ਕਾਂਗਰਸ ਸੰਪੂਰਨ ਸੁਤੰਤਰਤਾ ਦੀ ਥਾਂ ਪ੍ਰਤੀਨਿਧ ਸੰਸਥਾਵਾਂ ਦੀ ਸਥਾਪਨਾ ਕਰਵਾਉਣ ਲਈ ਯਤਨਸ਼ੀਲ ਸੀ। 1917 ਵਿੱਚ ਲੈਨਿਨ ਦੀ ਅਗਵਾਈ ਹੇਠ ਰੂਸੀ ਕ੍ਰਾਂਤੀ ਨੇ ਭਾਰਤ ਦੇ ਯੁਵਕਾਂ ਨੂੰ ਬ੍ਰਿਟਿਸ਼ ਮਿੰਨਤ-ਮੁਥਾਜੀ ਦੀ ਥਾਂ ਕ੍ਰਾਂਤੀਕਾਰੀ ਸਾਧਨਾਂ ਦੁਆਰਾ ਰਾਸ਼ਟਰੀ ਆਜ਼ਾਦੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਭਾਰਤੀ ਯੁਵਕਾਂ ਨੇ ਮਾਰਕਸਵਾਦੀ ਜਥੇਬੰਦੀਆਂ ਸਥਾਪਤ ਕੀਤੀਆਂ। 1924 ਵਿੱਚ ਇਨ੍ਹਾਂ ਜਥੇਬੰਦੀਆਂ ਨੇ ਕਾਨਪੁਰ ਵਿਖੇ ਇਕ ਸੰਮੇਲਨ ਕੀਤਾ ਅਤੇ ਸ੍ਰੀ ਮਨਵਿੰਦਰ ਨਾਥ ਰਾਏ ਦੀ ਅਗਵਾਈ ਹੇਠ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ ਗਈ।
ਹ) ਵਿਰੋਧੀ ਦਲ ਦੀ ਭੂਮਿਕਾ
ਉੱਤਰ- 1. ਵਿਰੋਧੀ ਦਲ ਦਾ ਮੁੱਖ ਕੰਮ ਸਰਕਾਰ ਦੀਆਂ ਗਲਤ ਨੀਤੀਆਂ ‘ਤੇ ਕਾਰਜਾਂ ਦੀ ਆਲੋਚਨਾ ਕਰਨਾ ਹੈ, ਜਿਨ੍ਹਾਂ ਨੂੰ ਇਹ ਲੋਕਾਂ
ਹਿੱਤਾਂ ਦੇ ਵਿਰੁੱਧ ਸਮਝਦੀ ਹੈ।
2. ਸੱਤਾਧਾਰੀ ਦਲ ਨੂੰ ਸ਼ਾਸਨ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਰੋਧੀ ਦਲਾਂ ਵੱਲੋਂ ਸੁਝਾਅ ਦਿੱਤੇ ਜਾਂਦੇ ਹਨ।
3. ਵਿਰੋਧੀ ਦਲ ਸਰਕਾਰ ਨੂੰ ਸੱਤਾ ਦਾ ਦੁਰ-ਉਪਯੋਗ ਕਰਨ ਤੋਂ ਰੋਕਦੇ ਹਨ।
4. ਵਿਰੋਧੀ ਦਲ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ।
5. ਵਿਰੋਧੀ ਦਲ ਦੇ ਮੈਂਬਰ, ਕਿਸੇ ਕਾਨੂੰਨ ਦੀ ਲੋੜ ਅਤੇ ਉਚਿੱਤਤਾ ਸਬੰਧੀ ਸ਼ਾਸਕ ਦਲ ਨੂੰ ਸੁਚੇਤ ਕਰਦੇ ਹਨ।
6. ਵਿਰੋਧੀ ਦਲ ਰਾਜਨੀਤਕ ਸੰਕਟ ਆਉਣ ਜਾਂ ਸ਼ਾਸਕ ਦਲ ਦੁਆਰਾ ਤਿਆਗ ਪੱਤਰ ਦੇਣ ਕਾਰਨ ਬਦਲਵੀਂ ਸਰਕਾਰ ਦਾ ਨਿਰਮਾਣ ਕਰਨ ਦੀ ਭੂਮਿਕਾ ਨਿਭਾਉਂਦਾ ਹੈ।
ਕ) ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ
ਉੱਤਰ-1. ਲੋਕਤੰਤਰ ਦੀ ਸਫ਼ਲਤਾ ਲਈ ਉੱਚ ਕੋਟੀ ਦੇ ਨੇਤਾ, ਉਨ੍ਹਾਂ ਦੀ ਉੱਚੀ ਸੋਚ ਤੇ ਸੁੱਚਾ ਵਿਵਹਾਰ ਅਤੇ ਚੇਤੰਨ ਤੇ ਸੁਲਝੇ ਹੋਏ ਨਾਗਰਿਕ ਹੋਣੇ ਜ਼ਰੂਰੀ ਹਨ।
2. ਲੋਕਤੰਤਰ ਦੀ ਸਫ਼ਲਤਾ ਲਈ ਹਰੇਕ ਨਾਗਰਿਕ ਚੰਗੇ ਆਚਰਣ ਵਾਲਾ, ਚੇਤੰਨ, ਪੜ੍ਹਿਆ-ਲਿਖਿਆ, ਵਿਵੇਕਸ਼ੀਲ ਤੇ ਸਮਝਦਾਰ, ਜ਼ਿੰਮੇਵਾਰ ਅਤੇ ਜਨਤਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲਾ ਹੋਣਾ ਚਾਹੀਦਾ ਹੈ।
3. ਸਮਾਜ ਵਿੱਚ ਚੰਗੇ ਤੇ ਯੋਗ ਨੇਤਾ, ਸਮਾਜਿਕ ਅਤੇ ਆਰਥਿਕ ਸਮਾਨਤਾ, ਸੁਤੰਤਰ ਤੇ ਨਿਰਪੱਖ ਪ੍ਰੈੱਸ ਅਤੇ ਨਿਆਂਪਾਲਕਾ, ਚੰਗੇ ਰਾਜਨੀਤਿਕ ਸੰਗਠਿਤ ਦਲ ਅਤੇ ਨਾਗਰਿਕਾਂ ਵਿੱਚ ਸਹਿਣਸ਼ੀਲਤਾ ਅਤੇ ਸਹਿਯੋਗ ਦਾ ਹੋਣਾ ਲੋਕਤੰਤਰ ਦੀ ਸਫ਼ਲਤਾ ਲਈ ਜ਼ਰੂਰੀ ਸ਼ਰਤਾਂ ਹਨ।
4.ਲੋਕਤੰਤਰ ਦੀ ਰੱਖਿਆ ਲਈ ਸਦਾ ਯਤਨਸ਼ੀਲ ਰਹਿਣਾ ਅਤੇ ਨਾਗਰਿਕਾਂ ਵਿੱਚ ਅਧਿਕਾਰਾਂ ਦੀ ਰੱਖਿਆ ਅਤੇ ਕਰਤੱਵਾਂ ਦਾ ਪਾਲਣ ਕਰਨ ਦੀ ਇੱਛਾ ਬੇਹੱਦ ਜ਼ਰੂਰੀ ਹਨ।
ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ
ਉੱਤਰ-1. ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਲੋਕਾਂ ਨੂੰ ਸਮਾਜਿਕ, ਨਾਗਰਿਕਾਂ ਨੂੰ ਰੁਤਬੇ ਅਤੇ ਅਵਸਰ ਦੀ ਸਮਾਨਤਾ, ਮਨੁੱਖੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਆਦਿ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
2. ਨਾਗਰਿਕਾਂ ਨੂੰ ਉਹ ਸਾਰੀਆਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਜੋ ਉਦਾਰਵਾਦੀ ਲੋਕਤੰਤਰ ਲਈ ਜ਼ਰੂਰੀ ਹਨ।
3. ਦੇਸ਼ ਵਿਚ ਵੱਸਦੇ ਸਾਰੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਦਾ ਸੰਚਾਰ ਕਰਨਾ।
4. ਲੋਕਤੰਤਰ ਦਾ ਬਾਲਗ ਵੋਟ ਦੇ ਆਧਾਰ ਤੇ ਪ੍ਰਤੱਖ ਚੋਣਾਂ ਮੂਲ ਸਿਧਾਂਤ ਹੈ।
5. ਭਾਰਤੀ ਸੰਵਿਧਾਨ ਅਨੁਸਾਰ ਸਾਡੇ ਦੇਸ਼ ਦੀ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਦੀ ਵਿਵਸਥਾ ਕੀਤੀ ਹੈ।
6. ਇੱਥੇ ਸਰਵਉੱਚ ਸ਼ਕਤੀ ਕਿਸੇ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਕੋਲ ਨਹੀਂ, ਸਗੋਂ ਸਮੁੱਚੀ ਜਨਤਾ ਕੋਲ ਹੈ। ਸਰਕਾਰ ਲੋਕਾਂ ਪ੍ਰਤੀ ਜ਼ਿੰਮੇਵਾਰ ਹੈ।