ਪਾਠ 3 ਰਾਜ ਸਰਕਾਰ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿੱਚ ਲਿਖੋ:-
ਪ੍ਰ.1. ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ? ਉਹਨਾਂ ਦੇ ਨਾਂ ਦੱਸੋ ।
ਉੱਤਰ- ਰਾਜ ਵਿਧਾਨ ਮੰਡਲ ਦੇ ਦੋ ਸਦਨ ਹੁੰਦੇ ਹਨ- ਵਿਧਾਨ ਸਭਾ ਤੇ ਵਿਧਾਨ ਪਰੀਸ਼ਦ
ਪ੍ਰ.2. ਰਾਜ ਵਿਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-
(ੳ) ਮੈਂਬਰ ਬਣਨ ਲਈ ਕੀ ਯੋਗਤਾਵਾਂ ਹਨ?
ਉੱਤਰ- 1.ਉਹ ਭਾਰਤ ਦਾ ਨਾਗਰਿਕ ਹੋਵੇ।
2. ਉਸਦੀ ਉਮਰ ਘੱਟੋ-ਘੱਟ 25 ਸਾਲ ਦੀ ਹੋਵੇ।
3.ਉਹ ਕੇਂਦਰ ਜਾਂ ਰਾਜ ਸਰਕਾਰ ਅਧੀਨ ਕਿਸੇ ਲਾਭਕਾਰੀ ਅਹੁਦੇ ਤੇ ਕੰਮ ਨਾ ਕਰਦਾ ਹੋਵੇ।
(ਅ) ਇਸ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨ੍ਹੇ ਮੈਂਬਰ ਹੋ ਸਕਦੇ ਹਨ?
ਉੱਤਰ-ਘੱਟ ਤੋਂ ਘੱਟ 60 ਅਤੇ ਵੱਧ ਤੋਂ ਵੱਧ 500 ਮੈਂਬਰ।
(ੲ) ਸਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਕਿੰਨਾਂ ਪ੍ਰਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ?
ਉੱਤਰ- ਪਹਿਲਾ ਪੜਾਅ -ਬਿੱਲ ਪੇਸ਼ ਕਰਨਾ ਤੇ ਪਹਿਲੀ ਪੜ੍ਹਤ
ਦੂਜਾ ਪੜਾਅ – ਬਿੱਲ ਦੀ ਹਰੇਕ ਧਾਰਾ ਉੱਤੇ ਬਹਿਸ
ਤੀਜਾ ਪੜਾਅ -ਬਿਲ ਉੱਤੇ ਸਾਂਝੇ ਰੂਪ ਵਿੱਚ ਮੱਤਦਾਨ।
ਇਸ ਤੋਂ ਬਾਅਦ ਬਿਲ ਦੂਸਰੇ ਸਦਨ ਵਿੱਚ ਭੇਜ ਦਿੱਤਾ ਜਾਂਦਾ ਹੈ।
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੈ?
ਉੱਤਰ- 25 ਸਾਲ
(ਹ) ਸਪੀਕਰ ਕਿਵੇਂ ਚੁਣਿਆ ਜਾਂਦਾ ਹੈ?
ਉੱਤਰ- ਸਪੀਕਰ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ। ਸਪੀਕਰ ਵਿਧਾਨ ਸਭਾ ਦੀ ਪ੍ਰਧਾਨਗੀ ਤੇ ਇਸਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ।
ਪ੍ਰ.3 ਰਾਜ ਦੀ ਵਿਧਾਨ ਪ੍ਰੀਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-
(ੳ) ਵਿਧਾਨ ਪ੍ਰੀਸ਼ਦ ਦੇ ਮੈਂਬਰ ਕਿੰਨ੍ਹੇ ਹੋ ਸਕਦੇ ਹਨ?
ਉੱਤਰ- ਵਿਧਾਨ ਪਰੀਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਸੰਖਿਆ 40 ਨਿਸ਼ਚਤ ਕੀਤੀ ਗਈ ਹੈ। ਇਸਦੇ ਮੈਂਬਰਾਂ ਦੀ ਸੰਖਿਆ ਵਿਧਾਨ ਸਭਾ ਦੇ ਇੱਕ ਤਿਹਾਈ ਤੋਂ ਵੱਧ ਨਹੀਂ ਹੋਣੀ ਚਾਹੀਦੀ।
(ਅ) ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦਾ ਕਾਰਜਕਾਲ ਦੱਸੋ।
ਉੱਤਰ- ਵਿਧਾਨ ਪ੍ਰੀਸ਼ਦ ਇੱਕ ਸਥਾਈ ਸਦਨ ਹੈ। ਇਸਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ। ਇਸਦੇ ਮੈਂਬਰਾਂ
ਦਾ ਕਾਰਜਕਾਲ 6 ਸਾਲ ਹੈ।
ਪ੍ਰ.4 ਰਾਜ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਨਣ ਕਰੋ ।
ਉੱਤਰ- 1.ਰਾਜ ਸੂਚੀ ਅਤੇ ਸਮਵਰਤੀ ਸੂਚੀ ਵਿੱਚ ਦਿੱਤੇ ਗਏ ਵਿਸ਼ਿਆਂ ਤੇ ਇਹ ਕਾਨੂੰਨ ਬਣਾ ਸਕਦੀ ਹੈ।
2.ਰਾਜ ਦੇ ਵਿੱਤੀ ਮਾਮਲਿਆਂ ਤੇ ਪੂਰਾ ਨਿਯੰਤਰਣ।
3.ਟੈਕਸ ਲਗਾਉਣ, ਘਟਾਉਣ ਜਾਂ ਸਮਾਪਤ ਕਰਨ ਦੀ ਸ਼ਕਤੀ ।
4.ਮੰਤਰੀ ਪਰੀਸ਼ਦ ਉੱਤੇ ਨਿਯੰਤਰਣ
ਪ੍ਰ.5 .ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ- ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ।
ਪ੍ਰ.6 .ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
ਉੱਤਰ- ਰਾਜਪਾਲ ਦੁਆਰਾ ਅਜਿਹੇ ਵਿਅਕਤੀ ਨੂੰ ਮੁੱਖ-ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਜਿਸਨੂੰ ਵਿਧਾਨ ਸਭਾ ਦਾ ਬਹੁਮੱਤ ਪ੍ਰਾਪਤ ਹੁੰਦਾ ਹੈ।
ਪ੍ਰ 7.ਸੰਵਿਧਾਨਕ ਸੰਕਟ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ ?
ਉੱਤਰ-ਸੰਵਿਧਾਨਕ ਸੰਕਟ ਸਮੇਂ ਰਾਸ਼ਟਰਪਤੀ, ਰਾਜ ਦੀ ਮੰਤਰੀ ਪਰੀਸ਼ਦ ਨੂੰ ਤੋੜ ਦਿੰਦਾ ਹੈ ਅਤੇ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜਪਾਲ ਰਾਜ ਦਾ ਅਸਲੀ ਮੁਖੀ ਹੋ ਜਾਂਦਾ ਹੈ।
ਪ੍ਰ.8 .ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-ਰਾਜਪਾਲ ਪੰਜ ਸਾਲ ਜਾਂ ਰਾਸ਼ਟਰਪਤੀ ਦੀ ਖੁਸ਼ੀ ਤੱਕ ਅਹੁਦੇ ‘ਤੇ ਰਹਿੰਦਾ ਹੈ।
ਪ੍ਰ 9 :- ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ:-
(ੳ) ਹਾਈਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ?
ਉੱਤਰ- 62 ਸਾਲ
(ਅ) ਹਾਈਕੋਰਟ ਦੇ ਜੱਜ ਬਣਨ ਲਈ ਕੀ ਯੋਗਤਾਵਾਂ ਹਨ?
ਉੱਤਰ-1.ਭਾਰਤ ਦਾ ਨਾਗਰਿਕ ਹੋਵੇ।
2.ਦਸ ਸਾਲ ਤੱਕ ਕਿਸੇ ਅਧੀਨ ਅਦਾਲਤ ਵਿੱਚ ਜੱਜ ਰਿਹਾ ਹੋਵੇ।
3.ਕਿਸੇ ਹਾਈ ਕੋਰਟ ਵਿੱਚ ਦਸ ਸਾਲ ਤੱਕ ਵਕਾਲਤ ਕੀਤੀ ਹੋਵੇ।
(ੲ) ਹਾਈਕੋਰਟ ਦੇ ਵਿੱਚ ਕਿੰਨੇ ਜੱਜ ਹੁੰਦੇ ਹਨ?
ਉੱਤਰ-ਸੰਵਿਧਾਨ ਅਨੁਸਾਰ ਹਾਈਕੋਰਟ ਵਿੱਚ ਇੱਕ ਮੁੱਖ ਜੱਜ ਅਤੇ ਕੁੱਝ ਹੋਰ ਜੱਜ ਹੁੰਦੇ ਹਨ। ਇਹਨਾਂ ਦੀ ਸੰਖਿਆ ਨਿਸ਼ਚਤ ਨਹੀਂ ਹੈ। ਜੱਜਾਂ ਦੀ ਸੰਖਿਆ ਰਾਸ਼ਟਰਪਤੀ ਦੀ ਇੱਛਾ ਤੇ ਛੱਡ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜੱਜਾਂ ਦੀ ਸੰਖਿਆ 48 ਹੈ।
(ਸ) ਲੋਕ ਅਦਾਲਤਾਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ- ਗਰੀਬ, ਸ਼ੋਸ਼ਿਤ ਅਤੇ ਲਤਾੜੇ ਗਏ ਭਾਰਤੀ ਲੋਕਾਂ ਨੂੰ ਛੇਤੀ ਨਿਆਂ ਦਵਾਉਣ ਦੇ ਉਦੇਸ਼ ਲਈ ਸਾਡੇ ਦੇਸ਼ ਵਿੱਚ ਕੁੱਝ ਸਮਾਂ ਪਹਿਲਾਂ
ਲੋਕ ਅਦਾਲਤਾਂ ਹੋਂਦ ਵਿੱਚ ਆਈਆਂ।
(ਹ) ਕੀ ਤੁਹਾਡੇ ਰਾਜ ਵਿੱਚ ਦੋ ਸਦਨੀ ਵਿਧਾਨ ਪਾਲਿਕਾ ਹੈ?
ਉੱਤਰ- ਨਹੀਂ।
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1.ਰਾਜ ਦੇ ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਦਾ ਵੇਰਵਾ ਦਿਉ।
ਉੱਤਰ:1.ਰਾਜ ਦਾ ਸਾਰਾ ਪ੍ਰਬੰਧ ਰਾਜਪਾਲ ਦੇ ਨਾਂ ਤੇ ਚਲਾਇਆ ਜਾਂਦਾ ਹੈ।
2.ਰਾਜ ਵਿੱਚ ਸਾਂਤੀ ਤੇ ਵਿਵਸਥਾ ਬਣਾਈ ਰੱਖਣੀ ਰਾਜਪਾਲ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ।
3.ਮੁੱਖ ਮੰਤਰੀ ਦੀ ਸਲਾਹ ‘ਤੇ ਰਾਜਪਾਲ ਬਾਕੀ ਦੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ।
4. ਰਾਜਪਾਲ ਰਾਜ ਵਿੱਚ ਐਡਵੋਕੇਟ ਜਨਰਲ, ਲੋਕ ਸੇਵਾ ਆਯੋਗ ਦੇ ਚੇਅਰਮੈਨ, ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ
ਦੀ ਨਿਯੁਕਤੀ ਕਰਦਾ ਹੈ।
5.ਹਾਈ ਕੋਰਟ ਵਿੱਚ ਜੱਜ ਨਿਯੁੱਕਤ ਕਰਨ ਸਮੇਂ ਰਾਸ਼ਟਰਪਤੀ ਦੁਆਰਾ ਰਾਜਪਾਲ ਦੀ ਸਲਾਹ ਲਈ ਜਾਂਦੀ ਹੈ।
ਪ੍ਰਸ਼ਨ 2.ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਨਣ ਕਰੋ।
ਉੱਤਰ: ਰਾਜ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਮੁੱਖ ਮੰਤਰੀ ਹੀ ਹੁੰਦਾ ਹੈ । ਸਾਧਾਰਨ ਚੋਣਾਂ ਤੋਂ ਬਾਅਦ ਰਾਜਪਾਲ ਵਿਧਾਨ ਸਭਾ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਜਾਂ ਅਜਿਹੇ ਨੇਤਾ ਨੂੰ ਜਿਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਹੋਵੇ,ਸਰਕਾਰ ਬਣਾਉਣ ਦਾ ਸੱਦਾ ਪੱਤਰ ਦਿੰਦਾ ਹੈ।ਇਸ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਰਾਜਪਾਲ ਵੱਲੋਂ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਮੁੱਖ ਮੰਤਰੀ ਦੀ ਸਿਫਾਰਸ਼ ਤੇ ਰਾਜਪਾਲ ਬਾਕੀ ਦੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ।
ਪ੍ਰਸ਼ਨ 3.ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਨਣ ਕਰੋ।
ਉੱਤਰ:1 ਵਿਧਾਨਕ ਸ਼ਕਤੀਆਂ:-ਵਿਧਾਨ ਮੰਡਲ ਰਾਜ ਸੂਚੀ ਅਤੇ ਸਮਵਰਤੀ ਸੂਚੀ ਵਿੱਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾ ਸਕਦੀ
2.ਵਿੱਤੀ ਸ਼ਕਤੀਆਂ: – ਰਾਜ ਦੇ ਵਿੱਤੀ ਮਾਮਲਿਆਂ ‘ਤੇ ਵਿਧਾਨ ਮੰਡਲ ਦਾ ਪੂਰਾ ਕੰਟਰੋਲ ਹੁੰਦਾ ਹੈ। ਸਰਕਾਰ ਵਲੋਂ ਹਰ ਸਾਲ ਰਾਜ ਦਾ ਬਜਟ ਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।ਇਸ ਬਜਟ ਰਾਹੀ ਵਿਧਾਨ ਸਭਾ ਸਰਕਾਰੀ ਖਜ਼ਾਨੇ ਵਿਚ ਧਨ ਕਢਵਾਉਣ ਅਤੇ ਖ਼ਜ਼ਾਨੇ ਵਿੱਚ ਧਨ ਜਮ੍ਹਾਂ ਕਰਨ ਦੀ ਪ੍ਰਵਾਨਗੀ ਦਿੰਦੀ ਹੈ।
3.ਕਾਰਜਪਾਲਿਕਾ ਤੇ ਕੰਟਰੋਲ: – ਸੰਵਿਧਾਨ ਅਨੁਸਾਰ ਰਾਜ ਮੰਤਰੀ ਪ੍ਰੀਸ਼ਦ ਆਪਣੇ ਕੰਮਾਂ- ਕਾਜਾਂ ਅਤੇ ਨੀਤੀਆਂ ਲਈ ਵਿਧਾਨ ਸਭਾ
ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ।ਵਿਧਾਨ ਸਭਾ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਮੰਤਰੀ ਪ੍ਰੀਸ਼ਦ ਨੂੰ ਅਹੁਦੇ ਤੋਂ ਹਟਾ ਸਕਦੀ ਹੈ।
4.ਹੋਰ ਸ਼ਕਤੀਆਂ: – ਵਿਧਾਨ ਸਭਾ ਆਪਣੇ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕਰਦੀ ਹੈ। ਵਿਧਾਨ ਸਭਾ ਆਪਣੇ ਮੈਂਬਰਾਂ ਦੇ ਵਿਰੁੱਧ ਸਦਨ ਦੀ ਮਰਿਆਦਾ ਭੰਗ ਕਰਨ ਤੇ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ।
ਪ੍ਰਸ਼ਨ 4.ਰਾਜਪਾਲ ਦੀ ਇੱਛੁਕ ਸ਼ਕਤੀਆਂ ਦਾ ਵਰਣਨ ਕਰੋ।
ਉੱਤਰ: -ਰਾਜਪਾਲ ਨੂੰ ਕੁਝ ਇੱਛੁਕ ਸ਼ਕਤੀਆਂ ਪ੍ਰਾਪਤ ਹਨ। ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਰਾਜਪਾਲ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ।ਰਾਜਪਾਲ ਹੇਠ ਲਿਖੇ ਮਾਮਲਿਆਂ ਵਿੱਚ ਆਪਣੀਆਂ ਇੱਛਕ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ:-
1.ਮੁੱਖ ਮੰਤਰੀ ਦੀ ਨਿਯੁਕਤੀ ਸਮੇਂ ਜਦੋਂ ਵਿਧਾਨ ਸਭਾ ਵਿੱਚ ਕਿਸੇ ਵੀ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ।
2.ਇਹ ਫ਼ੈਸਲਾ ਕਰਨ ਸਮੇਂ ਕਿ ਰਾਜ ਸਰਕਾਰ ਸੰਵਿਧਾਨ ਅਨੁਸਾਰ ਚੱਲ ਰਹੀ ਹੈ ਜਾਂ ਨਹੀਂ।
3.ਵੱਖ- ਵੱਖ ਵਿਭਾਗਾਂ ਬਾਰੇ ਜਾਣਕਾਰੀ ਲੈਣ ਸਮੇਂ।
ਪ੍ਰਸ਼ਨ 5.ਮੰਤਰੀ ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ।
ਉੱਤਰ:1.ਮੰਤਰੀ ਪ੍ਰੀਸ਼ਦ ਦਾ ਪ੍ਰਮੁੱਖ ਕੰਮ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣਾ ਹੈ। ਰਾਜ ਦੇ ਪ੍ਰਸ਼ਾਸਨ ਨੂੰ ਚਲਾਉਣ ਅਤੇ ਰਾਜ ਦੇ ਵਿਕਾਸ ਲਈ ਮੰਤਰੀ ਪ੍ਰੀਸ਼ਦ ਨੀਤੀਆਂ ਦਾ ਨਿਰਮਾਣ ਕਰਦੀ ਹੈ।
2.ਮੰਤਰੀ ਮੰਡਲ ਸਰਕਾਰ ਲਈ ਲੋੜੀਂਦੇ ਕਾਨੂੰਨ ਬਣਾਉਣ ਅਤੇ ਵਿਧਾਨਪਾਲਿਕਾ ਤੋਂ ਪਾਸ ਕਰਵਾਉਣ ਦਾ ਕੰਮ ਕਰਦੀ ਹੈ।
3.ਮੰਤਰੀ ਮੰਡਲ ਵਿੱਤ ਮੰਤਰੀ ਤੋਂ ਬਜਟ ਤਿਆਰ ਕਰਵਾ ਕੇ ਵਿਧਾਨ ਸਭਾ ਵਿੱਚ ਪੇਸ਼ ਕਰਵਾਉਂਦੀ ਹੈ ਅਤੇ ਫਿਰ ਇਸ ਨੂੰ ਪਾਸ ਕਰਾਉਂਦੀ
4.ਰਾਜ ਦੀਆਂ ਸਾਰੀਆਂ ਉਚੇਰੀਆਂ ਨਿਯੁੱਕਤੀਆਂ ਰਾਜਪਾਲ ਦੁਆਰਾ ਮੰਤਰੀ ਮੰਡਲ ਦੀ ਸਿਫ਼ਾਰਸ਼ ‘ਤੇ ਕੀਤੀਆਂ ਜਾਂਦੀਆਂ ਹਨ।
ਪ੍ਰਸ਼ਨ 6. ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ਤੇ ਕੀ ਅਸਰ ਪੈਂਦਾ ਹੈ?
ਉੱਤਰ: ਰਾਸ਼ਟਰਪਤੀ ਨੂੰ ਜੇਕਰ ਇਹ ਸੂਚਨਾ ਮਿਲੇ ਕਿ ਰਾਜ ਸਰਕਾਰ ਸੰਵਿਧਾਨਿਕ ਨਿਯਮਾਂ ਦੇ ਅਨੁਸਾਰ ਨਹੀਂ ਚੱਲ ਰਹੀ ਹੈ ਤਾਂ ਉਹ ਰਾਸ਼ਟਰਪਤੀ ਸ਼ਾਸਨ ਦੀ ਘੋਸ਼ਣਾ ਕਰ ਸਕਦਾ ਹੈ।
ਰਾਸ਼ਟਰਪਤੀ, ਰਾਜ ਦੀ ਮੰਤਰੀ ਪ੍ਰੀਸ਼ਦ ਨੂੰ ਤੋੜ ਦਿੰਦਾ ਹੈ ਅਤੇ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ ਜਾਂ ਸਥਗਿਤ ਕਰ ਸਕਦਾਹੈ। ਰਾਸ਼ਟਰੀ ਸ਼ਾਸਨ ਦੇ ਦੌਰਾਨ ਰਾਜਪਾਲ ਰਾਜ ਦਾ ਅਸਲੀ ਕਾਰਜਸਾਧਕ ਮੁਖੀ ਹੁੰਦਾ ਹੈ।ਸੰਵਿਧਾਨਿਕ ਮਸ਼ੀਨਰੀ ਫੇਲ੍ਹ ਹੋਣ ਦੌਰਾਨ ਰਾਜਦੀਆਂ ਸਾਰੀਆਂ ਕਾਰਜਪਾਲਿਕਾ ਸ਼ਕਤੀਆਂ ਰਾਸ਼ਟਰਪਤੀ ਨੂੰ ਪ੍ਰਾਪਤ ਹੁੰਦੀਆਂ ਹਨ ਅਤੇ ਵਿਧਾਨਕ ਸ਼ਕਤੀਆਂ ਸੰਸਦ ਨੂੰ ਮਿਲ ਜਾਂਦੀਆਂ
ਹਨ।
ਪ੍ਰਸ਼ਨ 7 ਲੋਕ ਅਦਾਲਤਾਂ ਦੇ ਕਾਰਜ/ ਸ਼ਕਤੀਆਂ ਦੀ ਵਿਆਖਿਆ ਕਰੋ।
ਉੱਤਰ:-ਸਾਡੇ ਦੇਸ਼ ਵਿੱਚ ਕੁਝ ਸਮਾਂ ਪਹਿਲਾਂ ਗਰੀਬ, ਸ਼ੋਸ਼ਿਤ ਅਤੇ ਲਿਤਾੜੇ ਗਏ ਭਾਰਤੀ ਲੋਕਾਂ ਨੂੰ ਛੇਤੀ ਨਿਆਂ ਦਿਵਾਉਣ ਦੇ ਉਦੇਸ਼ ਨਾਲ ਲੋਕ ਅਦਾਲਤਾਂ ਹੋਂਦ ਵਿੱਚ ਆਈਆਂ ਹਨ। ਮਾਣਯੋਗ ਮੁੱਖ ਨਿਆਂਧੀਸ਼ ਪੀ.ਐਨ.ਭਗਵਤੀ ਲੋਕ ਅਦਾਲਤਾਂ ਦੀ ਧਾਰਨਾ ਦੇ ਬਾਨੀ ਮੰਨੇ ਜਾਂਦੇ ਹਨ। ਲੋਕ ਅਦਾਲਤਾਂ ਵਿੱਚ ਆਪਸੀ ਸਹਿਮਤੀ ਦੁਆਰਾ ਬਹੁਤ ਸਾਰੇ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਪ੍ਰਸ਼ਨ 8 ਕੇਂਦਰ ਅਤੇ ਰਾਜ ਦੇ ਵਿਧਾਨਕ,ਪ੍ਰਬੰਧਕੀ ਤੇ ਵਿੱਤੀ ਸੰਬੰਧਾਂ ਦਾ ਵਰਣਨ ਕਰੋ।
ਉੱਤਰ:ਵਿਧਾਨਕ ਸੰਬੰਧ:-ਸੰਵਿਧਾਨ ਦੀ ਸੱਤਵੀਂ ਅਨੁਸੂਚੀ ਅਨੁਸਾਰ ਵਿਸ਼ਿਆਂ ਨੂੰ ਤਿੰਨ ਸੂਚੀਆਂ ਵਿੱਚ ਵੰਡਿਆ ਗਿਆ ਹੈ-ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ।
1.ਸੰਘ ਸੂਚੀ ਵਿੱਚ 97 ਵਿਸ਼ੇ ਸ਼ਾਮਿਲ ਹਨ। ਇਨ੍ਹਾਂ ‘ਤੇ ਕੇਵਲ ਕੇਂਦਰੀ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ।
2.ਰਾਜ ਸੂਚੀ ਵਿੱਚ 61 ਵਿਸ਼ੇ ਰੱਖੇ ਗਏ ਹਨ। ਇਨ੍ਹਾਂ ਵਿਸ਼ਿਆਂ ‘ਤੇ ਕੇਵਲ ਰਾਜ ਸਰਕਾਰਾਂ ਹੀ ਕਾਨੂੰਨ ਬਣਾ ਸਕਦੀਆਂ ਹਨ। 3.ਤੀਜੀ ਸੂਚੀ ਜਿਸ ਨੂੰ ਸਮਵਰਤੀ ਸੂਚੀ ਕਿਹਾ ਜਾਂਦਾ ਹੈ,ਵਿੱਚ 52 ਵਿਸ਼ੇ ਹਨ ਇਨ੍ਹਾਂ ਵਿਸ਼ਿਆਂ ਤੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੋਵੇਂ ਹੀ ਕਾਨੂੰਨ ਬਣਾ ਸਕਦੀਆਂ ਹਨ
ਪ੍ਰਸ਼ਾਸਨਿਕ ਸੰਬੰਧ:-ਸੰਵਿਧਾਨ ਦੁਆਰਾ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ। ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ, ਰੇਲ ਮਾਰਗਾਂ ਤੇ ਸੰਚਾਰ ਦੇ ਸਾਧਨਾਂ ਦੀ ਸੰਭਾਲ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ ।ਜਿਨ੍ਹਾਂ ਦਾ ਪਾਲਣ ਕਰਨਾ ਰਾਜ ਸਰਕਾਰਾਂ ਲਈ ਜ਼ਰੂਰੀ ਹੁੰਦਾ ਹੈ।
ਵਿੱਤੀ ਸੰਬੰਧ :-ਸੰਵਿਧਾਨ ਨੇ ਕੇਂਦਰੀ ਅਤੇ ਰਾਜ ਸਰਕਾਰਾਂ ਵਿੱਚ ਵਿੱਤੀ ਸੋਮਿਆਂ ਦੀ ਵੰਡ ਕੀਤੀ ਹੈ। ਵਿੱਤੀ ਸੋਮਿਆਂ ਦੀ ਵੰਡ ਕਰਦੇ ਸਮੇਂ ਕੇਂਦਰ ਦੀ ਰਾਜਾਂ ਉੱਤੇ ਵਿੱਤੀ ਮਾਮਲਿਆਂ ਵਿੱਚ ਸ੍ਰੇਸ਼ਠਤਾ ਸਥਾਪਤ ਕੀਤੀ ਹੈ।ਵਰਤਮਾਨ ਸਮੇਂ ਵਿਚ ਭਾਰਤ ਦੇ ਸਾਰੇ ਰਾਜਾਂ ਦਾ ਵਿਕਾਸ ਕੇਂਦਰ ਦੀ ਵਿੱਤੀ ਸਹਾਇਤਾ ਤੇ ਨਿਰਭਰ ਕਰਦਾ ਹੈ।
ਪ੍ਰਸ਼ਨ 9.ਹਾਈ ਕੋਰਟ ਨੂੰ ਅਭਿਲੇਖਾ ਅਦਾਲਤ ਕਿਉਂ ਕਿਹਾ ਜਾਂਦਾ ਹੈ?
ਉੱਤਰ:ਹਾਈ ਕੋਰਟ ਨੂੰ ਅਭਿਲੇਖਾਂ ਅਦਾਲਤ ਮੰਨਿਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਹਾਈ ਕੋਰਟ ਦੇ ਫ਼ੈਸਲੇ ਲਿਖਿਤ ਰੂਪ ਵਿਚ ਰਿਕਾਰਡ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਜਿਹੇ ਫ਼ੈਸਲੇ ਦ੍ਰਿਸ਼ਟਾਂਤ ਹੁੰਦੇ ਹਨ। ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿੱਚ ਵੀ ਫੈਸਲੇ ਕੀਤੇ ਜਾਂਦੇ ਹਨ।
ਪ੍ਰਸ਼ਨ 10.ਹਾਈ ਕੋਰਟ ਦੇ ਅਪੀਲੀ ਅਧਿਕਾਰ ਖੇਤਰ ਦਾ ਵਰਨਣ ਕਰੋ।
ਉੱਤਰ:ਹਾਈ ਕੋਰਟ ਨੂੰ ਆਪਣੇ ਅਧੀਨ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਤਿੰਨ ਪ੍ਰਕਾਰ ਦੀਆਂ ਅਪੀਲਾਂ ਸੁਣਨ ਦਾ ਅਧਿਕਾਰ ਹੈ- ਦੀਵਾਨੀ,
ਫੌਜਦਾਰੀ ਅਤੇ ਸੰਵਿਧਾਨਕ।
1.ਹਾਈਕੋਰਟ ਦੀਵਾਨੀ ਅਪੀਲਾਂ ਉਨ੍ਹਾਂ ਮਾਮਲਿਆਂ ਵਿੱਚ ਸੁਣਦੀ ਹੈ ਜਿਨ੍ਹਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਰਕਮ ਜਾਂ ਸੰਪਤੀ ਦਾ ਪ੍ਰਸ਼ਨ ਹੋਵੇ।
2.ਫ਼ੌਜਦਾਰੀ ਅਪੀਲਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਹੇਠਲੀ ਅਦਾਲਤ ਨੇ ਕਿਸੇ ਦੋਸ਼ੀ ਨੂੰ ਚਾਰ ਸਾਲ ਤੋਂ ਵੱਧ ਦੀ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਹੈ।
3. ਸੰਵਿਧਾਨ ਦੀ ਉਲੰਘਣਾ ਦਾ ਪ੍ਰਸ਼ਨ ਜਾਂ ਵਿਆਖਿਆ ਨਾਲ ਸਬੰਧਿਤ ਮਾਮਲਿਆਂ ਦੀਆਂ ਅਪੀਲਾਂ ਵੀ ਸਿੱਧੀਆਂ ਹਾਈ ਕੋਰਟ ਕੋਲ ਜਾਂਦੀਆਂ ਹਨ।