ਪਾਠ: 2 ਕੇਂਦਰੀ ਸਰਕਾਰ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾ ਵਿੱਚ ਦਿਉ: –
ਪ੍ਰਸ਼ਨ 1 (ੳ) ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ -5 ਸਾਲ
(ਅ) ਲੋਕ ਸਭਾ ਦੇ ਕੁੱਲ ਕਿੰਨ੍ਹੇ ਮੈਂਬਰ ਹੁੰਦੇ ਹਨ?
ਉੱਤਰ-550 ਮੈਂਬਰ
(ੲ) ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
ਉੱਤਰ-ਲੋਕ ਸਭਾ ਦੇ ਮੈਂਬਰ ਆਪਣੇ ਹੀ ਮੈਂਬਰਾਂ ਵਿੱਚ ਸਪੀਕਰ ਦੀ ਚੋਣ ਕਰਦੇ ਹਨ।
(ਸ) ਅਵਿਸ਼ਵਾਸ ਪ੍ਰਸਤਾਵ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਜੇਕਰ ਲੋਕ ਸਭਾ ਦੁਆਰਾ ਅਵਿਸ਼ਵਾਸ ਦਾ ਮਤਾ ਪਾਸ ਕਰ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਤੇ ਮੰਤਰੀ ਪ੍ਰੀਸ਼ਦ ਨੂੰ ਆਪਣੇ ਅਹੁਦੇ
ਤੋਂ ਤਿਆਗ ਪੱਤਰ ਦੇਣਾ ਪੈਂਦਾ ਹੈ।
(ਹ) ਲੋਕ ਸਭਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨ੍ਹੀ ਹੋਈ ਚਾਹੀਦੀ ਹੈ?
ਉੱਤਰ-ਘੱਟ ਤੋਂ ਘੱਟ 25 ਸਾਲ
(ਕ) ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੂੰ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ?
ਉੱਤਰ-ਰਾਸ਼ਟਰਪਤੀ ਲੋਕ ਸਭਾ ਵਿੱਚ ਦੋ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਸੀ। ਹੁਣ 2020 ਵਿੱਚ ਸੰਵਿਧਾਨ ਵਿੱਚ ਸੋਧ ਕਰਨ ਉਪਰੰਤ ਇਹ ਪ੍ਰਥਾ ਖਤਮ ਕਰ ਦਿੱਤੀ ਗਈ ਹੈ।
ਪ੍ਰਸ਼ਨ 2.ਰਾਜ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ-
(ੳ) ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹੋ ਸਕਦੇ ਹਨ?
ਉੱਤਰ-ਵੱਧ ਤੋਂ ਵੱਧ 250 ਮੈਂਬਰ
(ਅ)ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨ੍ਹੇ ਮੈਂਬਰ ਤੇ ਕਿਹੜੇ ਖੇਤਰਾਂ ਵਿਚ ਨਾਮਜ਼ਦ ਕਰਦਾ ਹੈ?
ਉੱਤਰ-ਰਾਸ਼ਟਰਪਤੀ ਰਾਜ ਸਭਾ ਵਿੱਚ ਉਹ 12 ਮੈਂਬਰ ਨਾਮਜ਼ਦ ਕਰਦਾ ਹੈ ਜਿਨ੍ਹਾਂ ਨੇ ਸਾਹਿਤ, ਕਲਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ।
(ੲ) ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ?
ਉੱਤਰ-ਭਾਰਤ ਦਾ ਉਪ-ਰਾਸ਼ਟਰਪਤੀ।
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਈ ਚਾਹੀਦੀ ਹੈ?
ਉੱਤਰ-ਘੱਟੋ ਘੱਟ 30 ਸਾਲ
(ਹ) ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੈ?
ਉੱਤਰ-6 ਸਾਲ
(ਕ) ਰਾਜ ਸਭਾ ਦੇ ਮੈਂਬਰ ਕਿਵੇਂ ਅਤੇ ਕੋਝ ਚੁਣਦਾ ਹੈ?
ਉੱਤਰ-ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ
ਜਾਂਦੀ ਹੈ।
ਪ੍ਰਸ਼ਨ 3 ਹੇਠ ਲਿਖਿਆ ਦੀ ਵਿਆਖਿਆ ਕਰੋ-
(ੳ) ਮਹਾਂਦੋਸ਼ ਦਾ ਮੁਕੱਦਮਾ: – ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਦੋਸ਼ ਸਾਬਤ ਹੋਣ ‘ਤੇ ਰਾਸ਼ਟਰਪਤੀ ਨੂੰ ਮਿਆਦ ਤੋਂ ਪਹਿਲਾ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ:- ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ ਤੋਂ ਭਾਵ ਹੈ ਕਿ ਹਰੇਕ ਮੰਤਰੀ ਆਪਣੇ ਵਿਭਾਗ ਦੇ ਪ੍ਰਤੀ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਹੈ।
(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ- ਰਾਸ਼ਟਰਪਤੀ ਦੇਸ਼ ਦਾ ਨਾਂ–ਮਾਤਰ ਮੁਖੀ ਹੁੰਦਾ ਹੈ ਜਦਕਿ ਅਸਲੀ ਕਾਰਜਪਾਲਿਕਾ ਸ਼ਕਤੀਆਂ ਪ੍ਰਧਾਨ ਮੰਤਰੀ ਅਤੇ ਉਸਦੀ ਮੰਤਰੀ ਪ੍ਰੀਸ਼ਦ ਕੋਲ ਹੁੰਦੀਆਂ ਹਨ।
ਪ੍ਰਸ਼ਨ 4 ਹੇਠ ਲਿਖੀਆਂ ਦਾ ਉੱਤਰ ਦਿਓ-
(ੳ) ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
ਉੱਤਰ:-ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਰਾਸ਼ਟਰਪਤੀ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਹੜਾ ਲੋਕ ਸਭਾ ਵਿੱਚ ਬਹੁਮੱਤ ਦਲ ਦਾ ਨੇਤਾ ਹੋਵੇ ਜਾਂ ਜਿਸ ਨੂੰ ਲੋਕ ਸਭਾ ਦਾ ਬਹੁਮੱਤ ਪ੍ਰਾਪਤ ਹੋਵੇ।
(ਅ) ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਹਨ?
ਉੱਤਰ:-ਭਾਰਤ ਦੇ ਸੰਵਿਧਾਨ ਦੁਆਰਾ ਰਾਸ਼ਟਰਪਤੀ ਨੂੰ ਤਿੰਨ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਸੌਂਪੀਆਂ ਗਈਆਂ ਹਨ:
1. ਰਾਸ਼ਟਰੀ ਸੰਕਟ
2. ਰਾਜ ਦਾ ਸੰਵਿਧਾਨਿਕ ਸੰਕਟ
3. ਵਿੱਤੀ ਸੰਕਟ
(ੲ) ਸਰਵਉੱਚ ਅਦਾਲਤ (ਸੁਪਰੀਮ ਕੋਰਟ) ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
ਉੱਤਰ:-ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ।
(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ?
ਉੱਤਰ:-ਸੁਪਰੀਮ ਕੋਰਟ ਦੇ ਜੱਜ ਆਪਣੇ ਅਹੁਦੇ ਤੇ 65 ਸਾਲ ਦੀ ਉਮਰ ਤਕ ਕੰਮ ਕਰ ਸਕਦੇ ਹਨ।
ਪ੍ਰਸ਼ਨ 5.ਹੇਠ ਲਿਖਿਆ ਦੀ ਵਿਆਖਿਆ ਕਰੋ-
(ੳ) ਸੁਤੰਤਰ ਨਿਆਂਪਾਲਿਕਾ: -ਨਿਆਂਪਾਲਿਕਾ ਦੀ ਸੁਤੰਤਰਤਾ ਲਈ ਮੂਲ ਸਿਧਾਂਤ ਹੈ ਕਿ ਨਿਆਪਾਲਿਕਾ ਨੂੰ, ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਤੋਂ ਸੁਤੰਤਰ ਰੱਖਿਆ ਜਾਵੇ ਤਾਂ ਜੋ ਨਿਆਂਪਾਲਿਕਾ ਸੁਤੰਤਰ ਅਤੇ ਨਿਰਪੱਖ ਹੋ ਕੇ ਕੰਮ ਕਰ ਸਕੇ।
(ਅ) ਸਲਾਹਕਾਰੀ ਅਧਿਕਾਰ ਖੇਤਰ:- ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਕਾਨੂੰਨੀ ਜਾਂ ਸੰਵਿਧਾਨਿਕ ਮਾਮਲੇ ਸੰਬੰਧੀ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੈ। 5 ਜੱਜਾਂ ਦੀ ਬੈਂਚ ਹੀ ਅਜਿਹੀ ਸਲਾਹ ਦੇ ਸਕਦੀ ਹੈ। ਇਸ ਸਲਾਹ ਨੂੰ ਮੰਨਣਾ ਰਾਸ਼ਟਪਤੀ ਦੀ ਇੱਛਾ ‘ਤੇ ਨਿਰਭਰ ਕਰਦਾ ਹੈ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾ ਵਿੱਚ ਦਿਉ-
ਪ੍ਰਸ਼ਨ 1. ਸੰਸਦ ਵਿੱਚ ਇਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ?
ਉੱਤਰ: ਸੰਸਦ ਵਿੱਚ ਇੱਕ ਬਿੱਲ ਨੂੰ ਕਾਨੂੰਨ ਬਣਨ ਲਈ ਕਈ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ:-
1 ਜਦੋਂ ਸਦਨ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਦੇ ਉਦੇਸ਼ ਅਤੇ ਇਸ ਨੂੰ ਪੇਸ਼ ਕਰਨ ਦੇ ਕਾਰਨ ਦੱਸੇ ਜਾਂਦੇ ਹਨ। ਬਿੱਲ ਦੇ ਇਸ ਪੜਾਅ ‘ਤੇ ਬਹਿਸ ਨਹੀਂ ਹੁੰਦੀ। ਇਸ ਪ੍ਰਕਿਰਿਆ ਨੂੰ ਬਿੱਲ ਦੀ ਪਹਿਲੀ ਪੜ੍ਹਤ ਕਿਹਾ ਜਾਂਦਾ ਹੈ।
2.ਬਿੱਲ ਦੀ ਦੂਜੀ ਪੜ੍ਹਤ ਦੌਰਾਨ ਇਸ ‘ਤੇ ਬਹਿਸ ਹੁੰਦੀ ਹੈ। ਬਿੱਲ ਦੇ ਹਰੇਕ ਅਨੁਛੇਦ ਜਾਂ ਧਾਰਾ ਤੇ ਵਿਸਥਾਰ ਨਾਲ ਬਹਿਸ ਕੀਤੀ ਜਾਂਦੀ ਹੈ ਅਤੇ ਬਿੱਲ ਵਿੱਚ ਕੁਝ ਪਰਿਵਰਤਨ ਵੀ ਕੀਤੇ ਜਾਂਦੇ ਹਨ। ਕਈ ਵਾਰੀ ਬਿੱਲ ਵਿਸ਼ੇਸ਼ ਜਾਂ ਕਿਸੇ ਛੋਟੀ ਕਮੇਟੀ ਪਾਸ ਭੇਜ ਦਿੱਤਾ ਜਾਂਦਾ ਹੈ।
3. ਬਿੱਲ ਦੇ ਤੀਜੇ ਪੜਾਅ ‘ਤੇ ਸਮੁੱਚੇ ਤੌਰ ਤੇ ਬਿੱਲ ਉੱਤੇ ਵੋਟਾਂ ਪਾਈਆਂ ਜਾਂਦੀਆਂ ਹਨ। ਜੇਕਰ ਸਦਨ ਦਾ ਬਹੁਮੱਤ ਬਿੱਲ ਪਾਸ ਕਰ ਦੇਵੇ ਤਾਂ ਇਹ ਬਿਲ ਸਦਨ ਵੱਲੋਂ ਪਾਸ ਹੋ ਜਾਂਦਾ ਹੈ।
4.ਇਕ ਸਦਨ ਵਿੱਚੋਂ ਪਾਸ ਹੋਣ ਉਪਰੰਤ ਬਿੱਲ ਦੂਜੇ ਸਦਨ ਵਿੱਚ ਵਿਚਾਰ ਲਈ ਭੇਜਿਆ ਜਾਂਦਾ ਹੈ। ਦੂਜੇ ਸਦਨ ਵਿੱਚ ਬਿੱਲ ਨੂੰ ਉਨ੍ਹਾਂ ਹੀ ਪੜ੍ਹਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਗਰ ਇਹ ਸਦਨ ਵੀ ਬਿੱਲ ਪਾਸ ਕਰ ਦਿੰਦਾ ਹੈ ਤਾਂ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ ਹੈ।
5.ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ।
ਪ੍ਰਸ਼ਨ 2.ਸੰਸਦ ਦੀਆਂ ਕਿਸੇ ਚਾਰ ਸ਼ਕਤੀਆਂ ਦਾ ਵਰਣਨ ਕਰੋ?
ਉੱਤਰ:-1.ਸੰਵਿਧਾਨਕ ਸ਼ਕਤੀਆਂ:- ਸੰਵਿਧਾਨਿਕ ਸ਼ਕਤੀਆਂ ਅਨੁਸਾਰ ਸੰਸਦ ਦੇਸ਼ ਲਈ ਨਵੇਂ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ। ਸੰਸਦ ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰ ਸਕਦੀ ਹੈ ਜਾਂ ਉਨ੍ਹਾਂ ਨੂੰ ਸਮਾਪਤ ਵੀ ਕਰ ਸਕਦੀ ਹੈ।
2.ਕਾਰਜਕਾਰੀ ਸ਼ਕਤੀਆਂ: –ਭਾਰਤੀ ਸੰਸਦ ਨੂੰ ਸੰਵਿਧਾਨ ਦੁਆਰਾ ਬਹੁਤ ਸਾਰੀਆਂ ਸ਼ਕਤੀਆਂ ਕਾਰਜਪਾਲਿਕਾ ਨੂੰ ਨਿਯੰਤਰਣ ਵਿੱਚ ਰੱਖਣ ਲਈ ਸੌਂਪੀਆਂ ਗਈਆਂ ਹਨ। ਸੰਸਦ ਮੰਤਰੀ ਪ੍ਰੀਸ਼ਦ ਨੂੰ ਕਈ ਤਰੀਕਿਆਂ ਨਾਲ ਨਿਯੰਤਰਨ ਵਿਚ ਰੱਖ ਸਕਦੀ ਹੈ ਜਿਵੇਂ ਅਵਿਸ਼ਵਾਸ ਜਾਂ ਵਿਸ਼ਵਾਸ ਪ੍ਰਸਤਾਵਾਂ ਰਾਹੀਂ, ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਕੇ, ਧਿਆਨ ਦਿਵਾਊ ਮਤੇ ਰਾਹੀਂ ਅਤੇ ਨਿੰਦਾ ਅਤੇ ਦੁਆਰਾ ਆਦਿ।
3. ਵਿੱਤੀ ਸਕਤੀਆਂ: ਸੰਸਦ ਦਾ ਰਾਸ਼ਟਰੀ ਧਨ ‘ਤੇ ਪੂਰਾ ਨਿਯੰਤਰਣ ਹੁੰਦਾ ਹੈ। ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਧਨ ਕਢਾ ਸਕਦੀ ਹੈ ਤੇ ਨਾ ਹੀ ਉਸ ਵਿੱਚ ਧਨ ਪਾ ਸਕਦੀ ਹੈ।
4.ਨਿਆਂਇਕ ਸਕਤੀਆਂ: -ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਮਹਾਦੇਸ਼ ਦਾ ਮੁਕੱਦਮਾ ਚਲਾ ਕੇ ਉਸ ਨੂੰ ਅਹੁਦੇ ਤੋਂ ਹਟਾਇਆ ਜਾ
ਸਕਦਾ ਹੈ। ਸੰਸਦ ਜੱਜਾਂ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾ ਸਕਦੀ ਹੈ।
ਪ੍ਰਸ਼ਨ 3. ਲੋਕ ਸਭਾ ਦੇ ਸਪੀਕਰ ਦੀ ਲੋਕ ਸਭਾ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਨੋਟ ਲਿਖੋ।
ਉੱਤਰ:-ਨਵੀਂ ਲੋਕ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦੀ ਹੈ। ਸਪੀਕਰ ਲੋਕ ਸਭਾ ਦੀਆਂ ਬੈਠਕਾ ਦੀ ਪ੍ਰਧਾਨਗੀ ਕਰਦਾ ਹੈ ਅਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ। ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ।ਸਦਨ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਦੇ ਫੈਸਲਿਆਂ ਅਨੁਸਾਰ ਹੀ ਕੀਤਾ ਜਾਂਦਾ ਹੈ। ਸਪੀਕਰ ਦੀ ਗੈਰ ਹਾਜ਼ਰੀ ਵਿੱਚ ਡਿਪਟੀ-ਸਪੀਕਰ ਉਸ ਦੇ ਸਾਰੇ ਕਾਰਜ ਕਰਦਾ ਹੈ।
ਪ੍ਰਸ਼ਨ 4 ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਕਿੰਨ੍ਹੇ ਪ੍ਰਕਾਰ ਦੇ ਮੰਤਰੀ ਹੁੰਦੇ ਹਨ?
ਉੱਤਰ:-ਕੇਂਦਰੀ ਮੰਤਰੀ ਪ੍ਰੀਸ਼ਦ ਵਿਚ ਚਾਰ ਤਰ੍ਹਾਂ ਦੇ ਮੰਤਰੀ ਨਿਯੁਕਤ ਕੀਤੇ ਜਾਂਦੇ ਹਨ-
1. ਕੈਬਨਿਟ ਮੰਤਰੀ:-ਕੈਬਨਿਟ ਮੰਤਰੀ ਸਭ ਤੋਂ ਉੱਚੇ ਪੱਧਰ ਦੇ ਮੰਤਰੀ ਹੁੰਦੇ ਹਨ। ਇਹ ਪ੍ਰਸ਼ਾਸਨਿਕ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ
ਹਨ। ਸਰਕਾਰ ਦੀ ਹਰੇਕ ਤਰ੍ਹਾਂ ਦੇ ਨੀਤੀ ਨਿਰਮਾਣ ਦੇ ਕੰਮ ਇਹ ਮੰਤਰੀ ਕਰਦੇ ਹਨ।
2.ਰਾਜ ਮੰਤਰੀ:- ਰਾਜ ਮੰਤਰੀ ਕੈਬਨਿਟ ਮੰਤਰੀ ਤੋਂ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ। ਆਮ ਤੌਰ ‘ਤੇ ਰਾਜ ਮੰਤਰੀ ਕੈਬਨਿਟ ਮੰਤਰੀ ਦੀ ਸਹਾਇਤਾ ਲਈ ਲਗਾਏ ਜਾਂਦੇ ਹਨ।
3.ਉਪ ਮੰਤਰੀ:- ਉਪ ਮੰਤਰੀ, ਕੈਬਨਿਟ ਮੰਤਰੀ ਜਾਂ ਰਾਜ ਮੰਤਰੀਆਂ ਵੱਲੋਂ ਸੌਂਪੇ ਗਏ ਕੰਮਾਂ ਦੀ ਦੇਖ-ਭਾਲ ਕਰਦੇ ਹਨ।
4.ਸੰਸਦੀ ਸਕੱਤਰ:- ਸੰਸਦੀ ਸਕੱਤਰਾਂ ਨੂੰ ਸੰਵਿਧਾਨਿਕ ਤੌਰ ‘ਤੇ ਕੋਈ ਪ੍ਰਸ਼ਾਸਕੀ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ। ਇਨ੍ਹਾਂ ਦਾ ਮੁੱਖ ਕੰਮ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਦੀ ਸੰਸਦ ਵਿਚ ਸਹਾਇਤਾ ਕਰਨਾ ਹੁੰਦਾ ਹੈ।
ਪ੍ਰਸ਼ਨ 5.ਪ੍ਰਧਾਨ ਮੰਤਰੀ ਦੇ ਕੋਈ ਤਿੰਨ ਮਹੱਤਵਪੂਰਨ ਕੰਮਾਂ ਦਾ ਵੇਰਵਾ ਦਿਉ।
ਉੱਤਰ:-1.ਮੰਤਰੀ ਪ੍ਰੀਸ਼ਦ ਦਾ ਨਿਰਮਾਣ:- ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦੇ ਨਿਰਮਾਣ ਲਈ ਆਪਣੇ ਸਾਥੀ ਮੰਤਰੀਆਂ ਦੀ ਸੂਚੀ ਰਾਸ਼ਟਰਪਤੀ ਨੂੰ ਪੇਸ਼ ਕਰਦਾ ਹੈ। ਰਾਸ਼ਟਰਪਤੀ ਇਸੇ ਸੂਚੀ ਦੇ ਆਧਾਰ ‘ਤੇ ਮੰਤਰੀ ਨਿਯੁਕਤੀ ਕਰਦਾ ਹੈ।
2.ਵਿਭਾਗਾਂ ਦੀ ਵੰਡ:- ਪ੍ਰਧਾਨ ਮੰਤਰੀ ਕੋਲ, ਮੰਤਰੀਆਂ ਵਿਚਕਾਰ ਵਿਭਾਗਾਂ ਦੀ ਵੰਡ ਕਰਨ ਦੀ ਮਹੱਤਵਪੂਰਨ ਸ਼ਕਤੀ ਹੁੰਦੀ ਹੈ।
3.ਮੰਤਰੀ ਮੰਡਲ ਦਾ ਮੁਖੀ:-ਪ੍ਰਧਾਨ ਮੰਤਰੀ, ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ। ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਕਾਰਜ ਸੂਚੀ ਤਿਆਰ ਕਰਦਾ ਹੈ।
ਪ੍ਰਸ਼ਨ 6.ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਸੰਖੇਪ ਵੇਰਵਾ ਦਿਉ।
ਉੱਤਰ:-ਉਪ-ਰਾਸ਼ਟਰਪਤੀ ਰਾਜ ਸਭਾ ਦਾ ਪ੍ਰਧਾਨ ਸਭਾਪਤੀ ਹੁੰਦਾ ਹੈ। ਰਾਸ਼ਟਰਪਤੀ ਦੀ ਗੈਰ-ਹਾਜ਼ਰੀ ਦੀ ਅਵਸਥਾ ਵਿਚ ਉਪ- ਰਾਸ਼ਟਰਪਤੀ ਉਸ ਦੇ ਅਹੁਦੇ ਨੂੰ ਸੰਭਾਲਦਾ ਹੈ ਅਤੇ ਸਦਨ ਦੀ ਕਾਰਵਾਈ ਨੂੰ ਨਿਯਮਾਂ ਅਨੁਸਾਰ ਚਲਾਉਂਦਾ ਹੈ। ਜਦੋਂ ਰਾਸ਼ਟਰਪਤੀ ਅਸਤੀਫ਼ਾ ਦੇ ਦਿੰਦਾ ਹੈ ਤਾਂ ਉਪ-ਰਾਸ਼ਟਰਪਤੀ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਰਾਸ਼ਟਰਪਤੀ ਦੇ ਅਹੁਦੇ ਦਾ ਸਾਰਾ ਕਾਰਜ ਭਾਰ ਸੰਭਾਲਦਾ ਹੈ। ਉਪ-ਰਾਸ਼ਟਰਪਤੀ ਦੀ ਚੋਣ, ਚੋਣ ਮੰਡਲ ਦੁਆਰਾ ਪੰਜ ਸਾਲ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 7.ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆ ਦਾ ਸੰਖੇਪ ਵੇਰਵਾ ਦਿਉ।
ਉੱਤਰ:-ਭਾਰਤੀ ਸੰਵਿਧਾਨ ਦੁਆਰਾ ਰਾਸ਼ਟਰਪਤੀ ਨੂੰ ਤਿੰਨ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਸੌਂਪੀਆਂ ਗਈਆਂ ਹਨ:-
1.ਰਾਸ਼ਟਰੀ ਸੰਕਟ:- ਜਦੋਂ ਰਾਸ਼ਟਰਪਤੀ ਦੇ ਵਿਚਾਰ ਅਨੁਸਾਰ ਦੇਸ਼ ਤੇ ਹਮਲੇ ਜਾਂ ਹਥਿਆਰਬੰਦ ਵਿਦਰੋਹ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ ਹੋਵੇ ਤਾਂ ਉਹ ਸਾਰੇ ਦੇਸ਼ ਵਿੱਚ ਜਾਂ ਦੇਸ਼ ਦੇ ਕਿਸੇ ਇੱਕ ਹਿੱਸੇ ਵਿੱਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ।
2.ਰਾਜ ਦਾ ਸੰਵਿਧਾਨਿਕ ਸੰਕਟ:-ਜੇਕਰ ਰਾਸ਼ਟਰਪਤੀ ਨੂੰ ਰਾਜਪਾਲ ਦੁਆਰਾ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਤੋਂ ਸੂਚਨਾ ਮਿਲੇ ਕਿ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਫੇਲ੍ਹ ਹੋ ਗਈ ਹੈ, ਜਦੋਂ ਰਾਜ ਦੇ ਸ਼ਾਸਨ ਨੂੰ ਸੰਵਿਧਾਨ ਅਨੁਸਾਰ ਨਾ ਚਲਾਇਆ ਜਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ।
3.ਵਿੱਤੀ ਸੰਕਟ:-ਜੇਕਰ ਦੇਸ਼ ਦੀ ਆਰਥਿਕ ਸਥਿਤੀ ਅਜਿਹੀ ਹੋਵੇ ਜਿਸ ਨਾਲ ਆਰਥਿਕ ਸਥਿਰਤਾ ਲਈ ਖਤਰਾ ਪੈਦਾ ਹੋ ਸਕਦਾ ਹੋਵੇ ਤਾਂ ਰਾਸ਼ਟਰਪਤੀ ਅਜਿਹੇ ਸਮੇਂ ਵਿੱਤੀ ਸੰਕਟ ਦੀ ਘੋਸ਼ਣਾ ਕਰ ਸਕਦਾ ਹੈ।
ਤਿਆਰ ਕਰਤਾ: ਬਲਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਮਗਰਮੂਦੀਆਂ, ਗੁਰਦਾਸਪੁਰ
ਪੜਚੋਲ ਕਰਤਾ: ਰਣਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਤਿੱਬੜ, ਜ਼ਿਲ੍ਹਾ ਗੁਰਦਾਸਪੁਰ