ਪਾਠ: 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ
ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿੱਚ ਦਿਓ:-
ਪ੍ਰਸ਼ਨ 1. ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ- ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ ਹੁੰਦਾ ਹੈ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਦਾ ਸੰਚਾਲਨ ਕੀਤਾ ਜਾਂਦਾ ਹੈ।
ਪ੍ਰਸ਼ਨ 2.ਪ੍ਰਸਤਾਵਨਾ ਦਾ ਆਰੰਭ ਕਿਨ੍ਹਾਂ ਸ਼ਬਦਾਂ ਨਾਲ ਹੁੰਦਾ ਹੈ?
ਉੱਤਰ: ਪ੍ਰਸਤਾਵਨਾ ਦੇ ਮੁੱਢਲੇ ਸ਼ਬਦ ਹਨ: “ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ- ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।
ਪ੍ਰਸ਼ਨ 3. ਭਾਰਤੀ ਸੰਵਿਧਾਨ ਦੀਆਂ ਇਕ ਪ੍ਰਮੁੱਖ ਵਿਸ਼ੇਸ਼ਤਾ ਦੱਸੋ।
ਉੱਤਰ- ਲੰਬਾ ਅਤੇ ਵਿਸਤ੍ਰਿਤ ਸੰਵਿਧਾਨ।
ਪ੍ਰਸ਼ਨ 4. ਸੰਘਾਤਮਕ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ।
ਉੱਤਰ-ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ
ਪ੍ਰਸ਼ਨ 5 ਭਾਰਤੀ ਨਾਗਰਿਕਾਂ ਦਾ ਕੋਈ ਇਕ ਮੌਲਿਕ ਅਧਿਕਾਰ ਲਿਖੋ।
ਉੱਤਰ- ਸਮਾਨਤਾ ਦਾ ਅਧਿਕਾਰ
ਪ੍ਰਸ਼ਨ 6. ਭਾਰਤੀ ਨਾਗਰਿਕਾਂ ਦਾ ਕੋਈ ਇਕ ਮੌਲਿਕ ਫਰਜ਼ ਦੱਸੋ।
ਉੱਤਰ- ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1, ਭਾਰਤ ਇਕ ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ। ਵਿਆਖਿਆ ਕਰੋ।
ਉੱਤਰ:-ਸੰਵਿਧਾਨ ਅਨੁਸਾਰ ਭਾਰਤ ਨੂੰ ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਧਰਮ ਨਿਰਪੱਖ ਰਾਜ ਤੋਂ ਭਾਵ ਹੈ ਕਿ ਭਾਰਤ ਰਾਜ ਕਿਸੇ ਧਰਮ ਦੀ ਸਰਪ੍ਰਸਤੀ ਨਹੀਂ ਕਰਦਾ ਅਤੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਦਾ ਹੈ। ਧਰਮ ਦੇ ਆਧਾਰ ‘ਤੇ ਨਾਗਰਿਕਾ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਹਰੇਕ ਨਾਗਰਿਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਹੈ।
ਲੋਕਤੰਤਰੀ ਰਾਜ ਤੋਂ ਭਾਵ ਹੈ ਕਿ ਭਾਰਤ ਵਿੱਚ ਸ਼ਾਸਨ ਦੀ ਸਰਵਉੱਚ ਸ਼ਕਤੀ ਕਿਸੇ ਖਾਸ ਵਰਗ, ਸ਼੍ਰੇਣੀ ਜਾਂ ਦਲ ਕੋਲ ਨਹੀਂ ਬਲਕਿ ਸਮੁੱਚੀ ਜਨਤਾ ਕੋਲ ਹੈ। ਭਾਰਤ ਦੇ ਗਣਰਾਜ ਹੋਣ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਰਾਸ਼ਟਰਪਤੀ ਹੋਵੇਗਾ, ਜਨਤਾ ਦੇ ਪ੍ਰਤੀਨਿਧੀਆਂ ਦੁਆਰਾ ਚੁਣਿਆ ਜਾਵੇਗਾ।
ਪ੍ਰਸ਼ਨ 2. ਪ੍ਰਸਤਾਵਨਾ ਵਿੱਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ।
ਉੱਤਰ:-1. ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਹੋਵੇਗਾ।
2. ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੇਣਾ।
3. ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਦੀ ਸੁਤੰਤਰਤਾ ਦੇਣਾ।
4. ਸਾਰੇ ਨਾਗਰਿਕਾਂ ਵਿੱਚ ਭਾਈਚਾਰੇ ਦੀ ਭਾਵਨਾ ਦਾ ਵਿਸਥਾਰ ਕਰਨਾ।
5. ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਦ੍ਰਿੜ੍ਹ ਸੰਕਲਪ ਹੋਣਾ।
ਪ੍ਰਸ਼ਨ 3.ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ-
ੳ) ਸਮਾਨਤਾ ਦਾ ਅਧਿਕਾਰ:-1. ਸਾਰੇ ਭਾਰਤੀ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਹਨ।
2. ਕਿਸੇ ਨਾਗਰਿਕ ਨਾਲ ਧਰਮ, ਜਾਤ, ਨਸਲ ਅਤੇ ਲਿੰਗ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।
3. ਰਾਜ ਅਧੀਨ ਰੁਜ਼ਗਾਰ ਜਾਂ ਪਦਵੀਆਂ ਤੇ ਨਿਯੁਕਤੀਆਂ ਲਈ ਸਾਰੇ ਨਾਗਰਿਕਾਂ ਨੂੰ ਸਮਾਨ ਮੌਕੇ ਦਿੱਤੇ ਜਾਣਗੇ।
4. ਸਦੀਆਂ ਤੋਂ ਚਲੀ ਆ ਰਹੀ ਛੂਤ-ਛਾਤ ਦੀ ਬਿਮਾਰੀ ਨੂੰ ਸਮਾਪਤ ਕਰ ਦਿੱਤਾ ਗਿਆ ਹੈ।
ਅ) ਸੁਤੰਤਰਤਾ ਦਾ ਅਧਿਕਾਰ:-
1.ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ
2.ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਤਰ ਹੋਣ ਦੀ ਆਜ਼ਾਦੀ
3.ਸਮੂਹ ਜਾਂ ਸੰਘ ਸਥਾਪਿਤ ਕਰਨ ਦੀ ਸੁਤੰਤਰਤਾ
4. ਸਮੁੱਚੇ ਭਾਰਤ ਵਿੱਚ ਫਿਰਨ ਤੁਰਨ ਦੀ ਸੁਤੰਤਰਤਾ।
5.ਦੇਸ਼ ਦੇ ਕਿਸੇ ਵੀ ਭਾਗ ਵਿੱਚ ਰਹਿਣ ਦੀ ‘ਤੇ ਨਿਵਾਸ ਅਸਥਾਨ ਬਣਾਉਣ ਦੀ ਸੁਤੰਤਰਤਾ।
ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ:-ਭਾਰਤੀ ਸੰਵਿਧਾਨ ਵਿੱਚ ਮਨੁੱਖ ਦਾ ਵਪਾਰ ਕਰਨ ਅਤੇ ਬਿਨਾਂ ਵੇਤਨ ਜ਼ਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਇਸਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ ‘ਤੇ ਨਹੀਂ ਲਗਾਇਆ ਜਾ ਸਕਦਾ ਜਿੱਥੇ ਉਨ੍ਹਾਂ ਦਾ ਵਿਕਾਸ ਰੁਕ ਜਾਵੇ।
ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ:-ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਅਧਿਕਾਰ ਪ੍ਰਦਾਨ ਕਰਨੇ ਹੀ ਕਾਫ਼ੀ ਨਹੀਂ ਹਨ। ਇਨ੍ਹਾਂ ਅਧਿਕਾਰਾਂ ਦਾ ਸਤਿਕਾਰ ਕਰਨਾ ‘ਤੇ ਲਾਗੂ ਕਰਵਾਉਣਾ ਜ਼ਿਆਦਾ ਮਹੱਤਵਪੂਰਨ ਹੈ। ਜੇਕਰ ਸਮੇਂ ਦੀ ਸਰਕਾਰ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕਾਂ ਕੋਲ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਉਪਾਅ ਹੋਣੇ ਚਾਹੀਦੇ ਹਨ।ਭਾਰਤੀ ਸੰਵਿਧਾਨ ਅਧੀਨ ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਕੀਤੇ ਰਾਜ ਦੇ ਕਾਰਜਾਂ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।ਭਾਰਤੀ ਨਾਗਰਿਕਾ ਦੇ ਇਸ ਅਧਿਕਾਰ ਨੂੰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਕਿਹਾ ਗਿਆ ਹੈ।
ਪ੍ਰਸ਼ਨ 4.ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ-
ੳ) ਸਮਾਜਵਾਦੀ:-1.ਸਮਾਜਵਾਦੀ ਸਿਧਾਂਤ ਅਨੁਸਾਰ ਰਾਜ ਦਾ ਉਦੇਸ਼ ਜਨਤਕ ਭਲਾਈ ਹੋਵੇ ਅਤੇ ਕੌਮੀ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਮਿਲੇ।
2.ਸਮਾਜ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਰੋਜ਼ੀ ਕਮਾਉਣ ਦਾ ਅਧਿਕਾਰ ਪ੍ਰਾਪਤ ਹੋਵੇ।
3. ਬਿਮਾਰੀ, ਬੇਕਾਰੀ, ਬੁਢਾਪਾ ਤੇ ਅੰਗਹੀਣ ਹੋਣ ਦੀ ਅਵਸਥਾ ਵਿੱਚ ਰਾਜ ਆਪਣੀ ਸ਼ਕਤੀ ਅਨੁਸਾਰ ਨਾਗਰਿਕਾਂ ਦੀ ਸਹਾਇਤਾ ਕਰੋ।
4.6-14 ਸਾਲ ਦੇ ਬੱਚਿਆਂ ਲਈ ਲਾਜ਼ਮੀ ਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰੇ।
5.ਇਸਤਰੀਆਂ ਅਤੇ ਪੁਰਸ਼ਾ ਲਈ ਇਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖਾਹ ਮਿਲੇ।
ਅ) ਗਾਂਧੀਵਾਦੀ:-1. ਪਿੰਡਾਂ ਵਿਚ ਪੰਚਾਇਤਾ ਸਥਾਪਿਤ ਕਰਕੇ ਉਨ੍ਹਾਂ ਨੂੰ ਅਜਿਹੀਆਂ ਸ਼ਕਤੀਆਂ ਦੇਵੇ, ਜਿਸ ਨਾਲ ਉਹ ਇੱਕ ਸਵਰਾਜ ਦੀ ਇਕਾਈ ਦੇ ਰੂਪ ਵਿੱਚ ਕੰਮ ਕਰ ਸਕਣ
2.ਰਾਜ ਪਿੰਡਾਂ ਵਿੱਚ ਨਿੱਜੀ ਸਹਿਕਾਰੀ ਘਰੇਲੂ ਉਦਯੋਗਾਂ ਨੂੰ ਉਤਸ਼ਾਹ ਦੇਵੇ ।
3.ਰਾਜ ਕਮਜ਼ੋਰ ਵਰਗਾਂ ਨੂੰ ਵਿੱਦਿਅਕ ਸਹੂਲਤਾਂ ਪ੍ਰਦਾਨ ਕਰੇ।
4.ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਕਬੀਲਿਆਂ ਨੂੰ ਸਮਾਜਿਕ ਅਨਿਆਂ ਅਤੇ ਹਰ ਪ੍ਰਕਾਰ ਦੀ ਲੁੱਟ-ਖਸੁੱਟ ਤੋਂ ਬਚਾਵੇ ।
5.ਰਾਜ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਿਹਤ ਸੁਧਾਰਨ ਨੂੰ ਆਪਣਾ ਕਰਤੱਵ ਸਮਝੇ।
ੲ) ਉਦਾਰਵਾਦੀ:-1.ਰਾਜ ਸਮੁੱਚੇ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਹਾਰ ਨਿਯਮ (Uniform Civil Code) ਲਾਗੂ ਕਰਨ ਦਾ ਯਤਨ ਕਰੇ।
2. ਰਾਜ ਨਿਆਂਪਾਲਿਕਾ ਤੇ ਕਾਰਜਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ।
3.ਰਾਜ ਆਧੁਨਿਕ ਵਿਗਿਆਨਕ ਆਧਾਰ ‘ਤੇ ਖੇਤੀਬਾੜੀ ਦਾ ਪ੍ਰਬੰਧ ਕਰੇ। 4. ਰਾਜ ਪਸ਼ੂ ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ।
5. ਰਾਜ ਵਾਤਾਵਰਨ ਦੀ ਰੱਖਿਆ ਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਯਤਨ ਕਰੇ।
ਪ੍ਰਸ਼ਨ 5 ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ।
ਉੱਤਰ:-ਸੰਵਿਧਾਨ ਦੇ ਤੀਜੇ ਅਤੇ ਚੌਥੇ ਅਧਿਆਇ ਵਿੱਚ ਨਾਗਰਿਕਾਂ ਦੇ ਮਹੱਤਵਪੂਰਨ ਮੌਲਿਕ ਅਧਿਕਾਰ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅੰਕਿਤ ਕੀਤੇ ਗਏ ਹਨ। ਇਨ੍ਹਾਂ ਦੋਹਾਂ ਵਿਚ ਕੁਝ ਮੂਲ ਅੰਤਰ ਹੇਠ ਲਿਖੇ ਅਨੁਸਾਰ ਹੈ:-
1.ਮੌਲਿਕ ਅਧਿਕਾਰ ਨਿਆਂ ਯੋਗ ਹਨ ਪਰ ਨਿਰਦੇਸ਼ਕ ਸਿਧਾਂਤ ਨਿਆਯੋਗ ਨਹੀਂ ਹਨ।
2. ਮੌਲਿਕ ਅਧਿਕਾਰ ਨਿਖੇਧਾਤਮਕ ਅਤੇ ਨਿਰਦੇਸ਼ਕ ਸਿਧਾਂਤ ਨਿਸਚਾਤਮਕ ਸਰੂਪ ਦੇ ਹਨ।
3.ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਤੋਂ ਉੱਤਮ ਹਨ।
4.ਮੌਲਿਕ ਅਧਿਕਾਰਾਂ ਦਾ ਮੰਤਵ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ ਜਦ ਕਿ ਨਿਰਦੇਸ਼ਕ ਸਿਧਾਂਤਾਂ ਦਾ ਨਿਸ਼ਾਨਾ
ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ।
ਪ੍ਰਸ਼ਨ 6 ਭਾਰਤੀ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਕਿਵੇਂ ਤੇ ਕਦੋਂ ਸੰਵਿਧਾਨ ਵੀ ਸ਼ਾਮਿਲ ਕੀਤਾ ਗਿਆ?
ਉੱਤਰ:-ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਅਧਿਕਾਰ ਅਤੇ ਕਰਤੱਵ ਨਾਲ-ਨਾਲ ਹੀ ਚਲਦੇ ਹਨ। ਅਧਿਕਾਰਾਂ ਦੀ ਹੋਂਦ ਲਈ ਕਰਤੱਵ ਜ਼ਰੂਰੀ ਹਨ।ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿੱਚ ਉਨ੍ਹਾਂ ਦੇ ਮੂਲ ਕਰਤੱਵ ਵੀ ਅੰਕਿਤ ਕੀਤੇ ਹੋਏ ਹਨ।ਭਾਰਤ ਦੇ ਮੌਲਿਕ ਸੰਵਿਧਾਨ ਵਿੱਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਪਰ 1976 ਵਿੱਚ 42ਵੀਂ ਸੰਵਿਧਾਨਕ ਸੋਧ ਦੁਆਰਾ ਨਵਾਂ ਭਾਗ IV- A ਜੋੜ ਕੇ ਨਾਗਰਿਕਾਂ ਦੇ ਕਰਤੱਵਾਂ ਨੂੰ ਸੰਵਿਧਾਨ ਵਿੱਚ ਅੰਕਿਤ ਕੀਤਾ ਗਿਆ।
ਪ੍ਰਸ਼ਨ 7.ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਸੰਖੇਪ ਵਰਣਨ ਕਰੋ।
ਉੱਤਰ:-1.ਭਾਰਤੀ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਥਾਰ ਪੂਰਨ ਸੰਵਿਧਾਨ ਹੈ। 2.ਇਸ ਵਿੱਚ 395 ਅਨੁਛੇਦ ਅਤੇ 12 ਅਨੁਸੂਚੀਆਂ ਹਨ ਜੋ ਭਾਰਤ ਦੇ ਸੰਵਿਧਾਨ ਦਾ ਆਕਾਰ ਵੱਡਾ ਹੋਣ ਦੇ ਮੁੱਖ ਕਾਰਨ ਹਨ। 3.ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ।
ਪ੍ਰਸ਼ਨ 8.ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਾ ਕੀ ਮਹੱਤਵ ਹੈ?
ਉੱਤਰ :-ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਕੁਝ ਆਲੋਚਕਾਂ ਦੁਆਰਾ ਵਿਅਰਥ ਦੱਸਿਆ ਗਿਆ ਹੈ, ਪਰ ਇਨ੍ਹਾਂ ਸਿਧਾਂਤਾਂ ਨੂੰ ਵਿਅਰਥ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਹਨ ਜੋ ਅਦਾਲਤਾਂ ਲਈ ਰਾਹ ਦੱਸਦੇ ਹਨ। ਇਹ ਸਿਧਾਂਤ ਸਰਕਾਰ ਲਈ ਕਲਿਆਣਕਾਰੀ ਰਾਜ ਦੀ ਸਥਾਪਨਾ ਲਈ ਚਾਨਣ-ਮੁਨਾਰਾ ਬਣ ਕੇ ਅਗਵਾਈ ਕਰਦੇ ਹਨ। ਲੋਕਾਂ ਲਈ ਇਹ ਸਿਧਾਂਤ ਸਰਕਾਰ ਦੀ ਕਾਰਗੁਜ਼ਾਰੀ ਜਾਂ ਪ੍ਰਾਪਤੀਆਂ ਨੂੰ ਪਰਖਣ ਦੀ ਕਸਵੱਟੀ ਦਾ ਕੰਮ ਕਰਦੇ ਹਨ।ਜਿਹੜੀ ਸਰਕਾਰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੀ, ਲੋਕ ਚੋਣਾਂ ਸਮੇਂ ਅਜਿਹੀ ਸਰਕਾਰ ਨੂੰ ਬਦਲ ਦਿੰਦੇ ਹਨ।
ਪ੍ਰਸ਼ਨ 9 ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ।
ਉੱਤਰ:-ਭਾਰਤੀ ਸੰਵਿਧਾਨ ਵਿੱਚ ਮਨੁੱਖ ਦਾ ਵਪਾਰ ਅਤੇ ਬਿਨਾਂ ਵੇਤਨ ਜਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਇਸਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ ‘ਤੇ ਨਹੀਂ ਲਗਾਇਆ ਜਾ ਸਕਦਾ ਜਿੱਥੇ ਉਨ੍ਹਾਂ ਦਾ ਵਿਕਾਸ ਰੁਕ ਜਾਵੇ।