ਪਾਠ 9: ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ
ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ। ਇੱਕ ਵਾਕ (1-15 ਸ਼ਬਦਾਂ) ਵਿੱਚ ਦਿਓ:-
1. 1857 ਈ. ਦੀ ਆਜ਼ਾਦੀ ਦੀ ਜੰਗ ਸਮੇਂ ਪੰਜਾਬ ਦੀਆਂ ਕਿਹੜੀਆਂ- ਕਿਹੜੀਆਂ ਛਾਉਣੀਆਂ ਵਿੱਚ ਬਗਾਵਤ ਹੋਈ?
ਉੱਤਰ- 1857 ਈ. ਦੀ ਜੰਗ ਸਮੇਂ ਪੰਜਾਬ ਦੀਆਂ ਲਾਹੌਰ, ਫਿਰੋਜ਼ਪੁਰ, ਪਿਸ਼ਾਵਰ ਅਤੇ ਮੀਆਂਵਾਲੀ ਆਦਿ ਛਾਉਣੀਆਂ ਵਿੱਚ ਬਗ਼ਾਵਤ ਹੋਈ।
2. ਸਰਦਾਰ ਅਹਿਮਦ ਖਾਂ ਖਰਲ ਨੇ ਆਜ਼ਾਦੀ ਦੀ ਜੰਗ ਵਿਚ ਕੀ ਹਿੱਸਾ ਪਾਇਆ?
ਉੱਤਰ: ਸਰਦਾਰ ਅਹਿਮਦ ਖਾਂ ਖਰਲ ਨੇ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਟੱਕਰ ਲਈ ਅਤੇ ਅੰਤ ਵਿੱਚ ਉਹ ਪਾਕਪਟਨ ਦੇ ਨੇੜੇ ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋ ਗਿਆ।
3. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਣ ਦੀ ਭਾਵਨਾ ਕਿਵੇਂ ਦਿਖਾਈ?
ਉੱਤਰ: ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਵਿਦੇਸ਼ੀ ਸਰਕਾਰ, ਵਿਦੇਸ਼ੀ ਸੰਸਥਾਵਾਂ ਅਤੇ ਵਿਦੇਸ਼ੀ ਮਾਲ ਦਾ ਵਿਰੋਧ ਕਰਕੇ ਨਾ-ਮਿਲਵਰਤਨ ਦੀ ਭਾਵਨਾ ਦਿਖਾਈ।
4. ਕਿੰਨ੍ਹਾਂ ਕਾਰਨਾਂ ਕਰਕੇ ਗ਼ਦਰ ਲਹਿਰ ਹੋਂਦ ਵਿੱਚ ਆਈ?
ਉੱਤਰ: ਗਦਰ ਲਹਿਰ ਹਥਿਆਰਬੰਦ ਬਗਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹੋਂਦ ਵਿੱਚ ਆਈ। ।
5. ਅਕਾਲੀ ਲਹਿਰ ਦੇ ਹੋਂਦ ਵਿੱਚ ਆਉਣ ਦੇ ਦੋ ਕਾਰਨ ਦੱਸੋ ।
ਉੱਤਰ:- 1 ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣਾ।
2. ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣਾ।
6. ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ?
ਉੱਤਰ: ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ।
7. ਗੁਰੂ ਕਾ ਬਾਗ ਮੋਰਚਾ ਦੇ ਕਾਰਨ ਦੱਸੋ?
ਉੱਤਰ: ਸਿੱਖਾਂ ਨੇ ਗੁਰੂ ਕਾ ਬਾਗ ਨੂੰ ਮਹੰਤ ਸੁੰਦਰ ਦਾਸ ਦੇ ਅਧਿਕਾਰ ਤੋਂ ਮੁਕਤ ਕਰਵਾਉਣ ਲਈ ਗੁਰੂ ਕਾ ਬਾਗ ਮੋਰਚਾ ਲਗਾਇਆ।
8. ਸਾਇਮਨ ਕਮਿਸ਼ਨ ਭਾਰਤ ਕਦੋਂ ਆਇਆ ਅਤੇ ਇਸ ਦਾ ਬਾਈਕਾਟ ਕਿਉਂ ਕੀਤਾ ਗਿਆ?
ਉੱਤਰ: ਸਾਈਮਨ ਕਮਿਸ਼ਨ 1928 ਵਿੱਚ ਭਾਰਤ ਆਇਆ। ਇਸ ਵਿਚ ਇਕ ਵੀ ਭਾਰਤੀ ਮੈਂਬਰ ਸ਼ਾਮਲ ਨਹੀਂ ਸੀ, ਇਸ ਕਰਕੇ ਭਾਰਤ ਵਿੱਚ ਇਸਦਾ ਵਿਰੋਧ ਕੀਤਾ ਗਿਆ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ-
1. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਕਿਹੜੀਆਂ ਗਤੀਵਿਧਿਆਂ ਤੋਂ ਅੰਗਰੇਜ਼ਾਂ ਨੂੰ ਡਰ ਲੱਗਦਾ ਸੀ?
ਉੱਤਰ:- 1 ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿੱਥੇ ਵੀ ਜਾਂਦੇ, ਘੋੜ ਸਵਾਰਾਂ ਦੀ ਟੋਲੀ ਉਹਨਾਂ ਦੇ ਨਾਲ ਜਾਂਦੀ। ਇਸ ਤੇ ਅੰਗਰੇਜ਼ ਸਰਕਾਰ ਨੂੰ ਹੌਲੀ-ਹੌਲੀ ਸਮਝ ਆਉਣ ਲੱਗੀ ਕਿ ਨਾਮਧਾਰੀ ਕਿਸੇ ਬਗਾਵਤ ਦੀ ਤਿਆਰੀ ਕਰ ਰਹੇ ਹਨ।
2. ਉਹਨਾਂ ਦੇ ਡਾਕ ਪ੍ਰਬੰਧ ਤੋਂ ਵੀ ਅੰਗਰੇਜ਼ਾਂ ਨੂੰ ਸ਼ੱਕ ਸੀ।
3. ਨਾਮਧਾਰੀਆਂ ਨੇ ਆਪਣੇ ਸੰਬੰਧ ਕਸ਼ਮੀਰ ਆਦਿ ਦੇ ਹਾਕਮਾਂ ਨਾਲ ਜੋੜੇ। ਉਨ੍ਹਾਂ ਨੇ ਕੂਕਿਆਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।
ਇਸ ਤਰਾਂ ਅੰਗਰੇਜ਼ਾਂ ਨੂੰ ਯਕੀਨ ਹੋ ਗਿਆ ਕਿ ਨਾਮਧਾਰੀ ਉਹਨਾਂ ਦੇ ਖਿਲਾਫ ਅੰਦੋਲਨ ਦੀ ਤਿਆਰੀ ਕਰ ਰਹੇ ਹਨ। 2. ਨਾਮਧਾਰੀਆਂ ਅਤੇ ਅੰਗਰੇਜ਼ਾਂ ਵਿਚਕਾਰ ਮਲੇਰਕੋਟਲਾ ਵਿਖੇ ਹੋਈ ਦੁਰਘਟਨਾ ਦਾ ਹਾਲ ਲਿਖੋ।
ਉੱਤਰ: ਨਾਮਧਾਰੀ ਸਿੱਖਾਂ ਨੇ ਗਊ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਗਊ ਰੱਖਿਆ ਵੀ ਕਰਦੇ ਅਤੇ ਬੁੱਚੜਾਂ ਨੂੰ ਵੀ ਮਾਰ ਦਿੰਦੇ। 1871 ਈ. ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਰਾਏਕੋਟ ਦੇ ਬੁੱਚੜਖਾਨੇ ਉਤੇ ਹਮਲਾ ਕਰਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ। ਜਨਵਰੀ 1872 ਈ. ਨੂੰ 150 ਕੂਕਿਆਂ ਦਾ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਲਈ ਮਲੇਰਕੋਟਲੇ ਪੁੱਜਾ। 15 ਜਨਵਰੀ ਨੂੰ ਕੂਕਿਆਂ ਅਤੇ ਮਲੇਰਕੋਟਲੇ ਦੀ ਸੈਨਾ ਵਿਚਕਾਰ ਘਮਸਾਨ ਦੀ ਲੜਾਈ ਹੋਈ। ਅੰਗਰੇਜ਼ ਸਰਕਾਰ ਨੇ ਕੂਕਿਆਂ ਵਿਰੁੱਧ ਕਾਰਵਾਈ ਕਰਨ ਲਈ ਸੈਨਾ ਮਲੇਰਕੋਟਲੇ ਭੇਜੀ। 65 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ, ਜਿਨ੍ਹਾਂ ਵਿੱਚੋਂ 49 ਕੂਕਿਆਂ ਨੂੰ 17 ਜਨਵਰੀ ਅਤੇ 16 ਕੂਕਿਆਂ ਨੂੰ 18 ਜਨਵਰੀ ਨੂੰ ਤੋਪਾਂ ਨਾਲ ਉਡਾ ਦਿੱਤਾ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ।
ਪ੍ਰਸ਼ਨ 3. ਆਰੀਆ ਸਮਾਜ ਦੇ ਪੰਜਾਬ ਵਿਚਲੇ ਕਾਰਜਾਂ ਦਾ ਵਰਨਣ ਕਰੋ।
ਉੱਤਰ- 1 ਇਸ ਨੇ ਪੰਜਾਬ ਵਿਚ ਸਵਦੇਸ਼ੀ ਲਹਿਰ ਨੂੰ ਉਤਸ਼ਾਹਿਤ ਕੀਤਾ।
2. ਇਸ ਨੇ ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ, ਭਾਈ ਪਰਮਾਨੰਦ, ਲਾਲਾ ਹਰਦਿਆਲ ਆਦਿ ਜਿਹੇ ਮਹਾਨ ਦੇਸ਼ ਭਗਤਾਂ ਨੂੰ ਉਭਾਰਿਆ।
3. ਇਸ ਨੇ ਪੰਜਾਬ ਵਿੱਚ ਸਿੱਖਿਆ ਦਾ ਵਿਸਥਾਰ ਕੀਤਾ।
4. ਇਸ ਨੇ ਪੰਜਾਬੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕੀਤਾ।
ਪ੍ਰਸ਼ਨ 4. ਗ਼ਦਰ ਪਾਰਟੀ ਨੇ ਪੰਜਾਬ ਵਿੱਚ ਆਜ਼ਾਦੀ ਲਈ ਕੀ-ਕੀ ਯਤਨ ਕੀਤੇ?
ਉੱਤਰ: ਰਾਸ ਬਿਹਾਰੀ ਬੋਸ ਨੇ ਲਾਹੌਰ, ਫਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪਿਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿੱਚ ਆਪਣੇ ਪ੍ਰਚਾਰਕ ਭੇਜੇ। ਇਨ੍ਹਾਂ ਪ੍ਰਚਾਰਕਾਂ ਨੇ ਸੈਨਿਕਾਂ ਨੂੰ ਬਗਾਵਤ ਲਈ ਤਿਆਰ ਕੀਤਾ।
2. ਕਰਤਾਰ ਸਿੰਘ ਸਰਾਭਾ ਨੇ ਕਪੂਰਥਲਾ ਦੇ ਲਾਲਾ ਰਾਮਸਰਨ ਦਾਸ ਨਾਲ਼ ਮਿਲ ਕੇ ‘ਗ਼ਦਰ’ ਕੱਢਣ ਲਈ ਪ੍ਰੈਸ ਚਾਲੂ ਕਰਨੀ ਚਾਹੀ ਪਰ ਅਸਫਲ ਰਿਹਾ। ਫਿਰ ਵੀ ਉਹ ਗ਼ਦਰ ਗੂੰਜ ਕੱਢਦਾ ਰਿਹਾ।
3. ਕਰਤਾਰ ਸਿੰਘ ਸਰਾਭਾ ਨੇ ਫਰਵਰੀ, 1915 ਵਿੱਚ ਫਿਰੋਜ਼ਪੁਰ ਵਿੱਚ ਹਥਿਆਰਬੰਦ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਰਪਾਲ ਸਿੰਘ ਨਾਂ ਦੇ ਇਕ ਸਿਪਾਹੀ ਦੀ ਧੋਖੇਬਾਜ਼ੀ ਦੇ ਕਾਰਨ ਉਸ ਦਾ ਭੇਤ ਖੁੱਲ੍ਹ ਗਿਆ।
ਪ੍ਰਸ਼ਨ 5. ਬਾਬਾ ਗੁਰਦਿੱਤ ਸਿੰਘ ਨੇ ਕੈਨੇਡਾ ਜਾਣ ਵਾਲੇ ਲੋਕਾਂ ਲਈ ਕੀ-ਕੀ ਕੰਮ ਕੀਤੇ?
ਉੱਤਰ: ਪੰਜਾਬੀ ਲੋਕ ਰੋਜ਼ੀ ਰੋਟੀ । ਭਾਲ ਵਿੱਚ ਕਨੈਡਾ ਪੁੱਜ ਰਹੇ ਸਨ। ਪਰ ਕਨੈਡਾ ਸਰਕਾਰ ਨੇ ਕਾਨੂੰਨ ਪਾਸ ਕਰਕੇ ਰੋਕ ਲਗਾ ਦਿੱਤੀ। 1913 ਵਿੱਚ ਬਾਬਾ ਗੁਰਦਿੱਤ ਸਿੰਘ ਨੇ ‘ਗੁਰੂ ਨਾਨਕ ਨੈਵੀਗੇਸ਼ਨਾ ਨਾਮ ਦੀ ਕੰਪਨੀ ਕਾਇਮ ਕੀਤੀ। 24 ਮਾਰਚ, 1914 ਨੂੰ ਉਸਨੇ ਕਾਮਾਗਾਟਾਮਾਰੂ ਨਾਂ ਦਾ ਇੱਕ ਜਹਾਜ਼ ਕਿਰਾਏ ‘ਤੇ ਲਿਆ ਅਤੇ ਇਸ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ। ਇਸ ਜਹਾਜ਼ ਵਿਚ ਉਸ ਨੇ ਕੈਨੇਡਾ ਜਾਣ ਦੇ ਇੱਛੁਕ ਲੋਕਾਂ ਨੂੰ ਕੈਨੇਡਾ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਰੰਤੂ ਉੱਥੇ ਪਹੁੰਚਦੇ ਹੀ ਇਸ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ।
ਪ੍ਰਸ਼ਨ 6. ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਦੇ ਕੀ ਕਾਰਨ ਸਨ?
ਉੱਤਰ: 1 ਅੰਗਰੇਜ਼ ਸਰਕਾਰ ਨੇ 1919 ਈ ਵਿੱਚ ਰੌਲਟ ਬਿੱਲ ਪਾਸ ਕੀਤਾ। ਇਸ ਬਿੱਲ ਰਾਹੀਂ ਪੁਲਿਸ ਨੂੰ ਸਾਜਸ਼ ਆਦਿ ਨੂੰ ਦਬਾਉਣ ਲਈ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਸਨ।ਇਸ ਲਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
2. ਲੋਕਾਂ ਨੇ ਵਿਰੋਧ ਵਿੱਚ ਹੜਤਾਲ ਸ਼ੁਰੂ ਕਰ ਦਿੱਤੀ। ਕੁਝ ਸ਼ਹਿਰਾਂ ਵਿਚ ਦੰਗੇ ਵੀ ਹੋਏ। ਇਸ ਲਈ ਸਰਕਾਰ ਨੇ ਪੰਜਾਬ ਦੇ ਦੋ ਲੋਕਪ੍ਰਿਆ ਨੇਤਾਵਾਂ ਡਾ. ਸਤਪਾਲ ਅਤੇ ਡਾ. ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਨਾਲ ਜਨਤਾ ਹੋਰ ਵੀ ਭੜਕ ਉੱਠੀ।
3. ਭੜਕੇ ਹੋਏ ਲੋਕਾਂ ਉੱਤੇ ਅੰਮ੍ਰਿਤਸਰ ਵਿੱਚ ਗੋਲੀ ਚਲਾਈ ਗਈ। ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ। ਇਹਨਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਇੱਕ ਸਭਾ ਹੋਈ ਜਿੱਥੇ ਭਿਆਨਕ ਕਤਲਕਾਂਡ ਹੋਇਆ।
ਪ੍ਰਸ਼ਨ 7. ਸਰਦਾਰ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਕਿਵੇਂ ਲਿਆ?
ਉੱਤਰ ਸਰਦਾਰ ਊਧਮ ਸਿੰਘ ਭਾਰਤ ਦੇ ਮਹਾਨ ਦੇਸ਼ ਭਗਤ ਸਨ, ਜਿਨ੍ਹਾਂ ਨੇ ਮਾਤ-ਭੂਮੀ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। 1940 ਈ: ਵਿੱਚ ਉਸਨੇ ਇੰਗਲੈਂਡ ਵਿੱਚ ਮਾਈਕਲ- ਓ -ਡਾਇਰ ਨੂੰ ਮਾਰ ਦਿੱਤਾ, ਜੋ ਜਲ੍ਹਿਆਂਵਾਲਾ ਬਾਗ ਦੇ ਸਾਕੇ ਵੇਲੇ ਪੰਜਾਬ ਦਾ ਗਵਰਨਰ ਸੀ। ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਜੂਨ 1940 ਈ. ਵਿਚ ਫਾਂਸੀ ਦੇ ਦਿੱਤੀ ਗਈ।
ਪ੍ਰਸ਼ਨ 8. ਖ਼ਿਲਾਫ਼ਤ ਲਹਿਰ ‘ਤੇ ਇੱਕ ਨੋਟ ਲਿਖੋ।
ਉੱਤਰ: ਪਹਿਲੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਵਿਰੁੱਧ ਮੁਸਲਮਾਨਾਂ ਦੁਆਰਾ ਖਿਲਾਫ਼ਤ ਲਹਿਰ ਸ਼ੁਰੂ ਕੀਤੀ ਗਈ ਸੀ। ਪਹਿਲੇ ਵਿਸ਼ਵ ਯੁੱਧ ਵਿੱਚ ਤੁਰਕੀ ਦੀ ਹਾਰ ਹੋਈ ਸੀ ਅਤੇ ਜੇਤੂ ਰਾਸ਼ਟਰ ਤੁਰਕੀ ਸਾਮਰਾਜ ਨੂੰ ਤੋੜਨਾ ਚਾਹੁੰਦੇ ਸਨ। ਭਾਰਤੀ ਮੁਸਲਮਾਨ ਬਹੁਤ ਨਿਰਾਸ਼ ਸਨ ਅਤੇ ਤੁਰਕੀ ਪ੍ਰਤੀ ਹਮਦਰਦੀ ਰੱਖਦੇ ਸਨ। ਉਹ ਤੁਰਕੀ ਦੇ ਖਲੀਫਾ ਨੂੰ ਆਪਣਾ ਧਾਰਮਿਕ ਆਗੂ ਮੰਨਦੇ ਸਨ। ਇਸੇ ਲਈ ਮੁਸਲਮਾਨਾਂ ਨੇ ਖਿਲਾਫ਼ਤ ਅੰਦੋਲਨ ਸ਼ੁਰੂ ਕਰ ਦਿੱਤਾ।
ਪ੍ਰਸ਼ਨ 9. ਬੱਬਰਾਂ ਦੀਆਂ ਗਤੀਵਿਧੀਆਂ ਨੂੰ ਸੰਖੇਪ ਵਿੱਚ ਬਿਆਨ ਕਰੋ।
ਉੱਤਰ ਬੱਬਰ ਅਕਾਲੀਆਂ ਦਾ ਉਦੇਸ਼ ਆਪਣੇ ਧਰਮ ਦੇ ਦੁਸ਼ਮਣਾਂ ਅਤੇ ਅੰਗਰੇਜ਼ੀ ਰਾਜ ਦੇ ਸਮਰਥਕਾਂ ਨੂੰ ਮਾਰਨਾ ਸੀ। ਉਹ ਇਸ ਨੂੰ ‘ਸੁਧਾਰ ਕਰਨਾ’ ਕਹਿੰਦੇ ਹਨ। ਉਨ੍ਹਾਂ ਨੂੰ ਹਥਿਆਰਾਂ ਦੀ ਸਖ਼ਤ ਲੋੜ ਸੀ। ਉਹ ਹਥਿਆਰ ਖਰੀਦਣ ਲਈ ਪੈਸੇ ਚਾਹੁੰਦੇ ਸਨ। ਉਹਨਾਂ ਨੇ ਪੰਜਾਬੀ ਸੈਨਿਕਾਂ ਨੂੰ ਹਥਿਆਰਾਂ ਦੇ ਬਲਬੂਤੇ ਅਜ਼ਾਦੀ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ‘ਬੱਬਰ ਅਕਾਲੀ ਦੁਆਬਾ’ ਨਾਮ ਦਾ ਅਖਬਾਰ ਵੀ ਕੱਢਿਆ। ਉਨ੍ਹਾਂ ਨੇ ਸਰਕਾਰ ਦੇ ਕਈ ਸਮਰਥਕਾਂ ਨੂੰ ਮਾਰ ਦਿੱਤਾ। ਉਨ੍ਹਾਂ ਪੰਜਾਬੀਆਂ ਨੂੰ ਕੁਰਬਾਨੀ ਦਾ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਆਪਣੀ ਜਾਨ ਉੱਤੇ ਖੇਡ ਜਾਣ ਦਾ ਪਾਠ ਪੜ੍ਹਾਇਆ।
ਪ੍ਰਸ਼ਨ 10. ਨੌਜਵਾਨ ਭਾਰਤ ਸਭਾ ਉੱਤੇ ਨੋਟ ਲਿਖੋ।
ਉੱਤਰ ਸਰਦਾਰ ਭਗਤ ਸਿੰਘ ਨੇ 1925-26 ਵਿਚ ਨੌਜ਼ਵਾਨ ਸਭਾ ਬਣਾਈ। ਇਸ ਸਭਾ ਦਾ ਮੁੱਖ ਉਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦੀ
ਭਾਵਨਾ ਪੈਦਾ ਕਰਨਾ ਸੀ। ਸਰਦਾਰ ਭਗਤ ਸਿੰਘ ਇਸ ਸਭਾ ਦੇ ਜਨਰਲ ਸਕੱਤਰ ਸਨ। ਇਸ ਨੂੰ ਕਾਂਗਰਸ ਦੇ ਕੱਟੜਪੰਥੀ ਸਮੂਹ ਦਾ ਸਮਰਥਨ ਪ੍ਰਾਪਤ ਸੀ। ਛੇਤੀ ਹੀ ਇਹ ਇਨਕਲਾਬੀਆਂ ਦਾ ਮੁੱਖ ਕੇਂਦਰ ਬਣ ਗਿਆ। ਲੈਨਿਨ ਅਤੇ ਕਾਰਲ ਮਾਰਕਸ ਦੀ ਵਿਚਾਰਧਾਰਾ ‘ਤੇ ਚਰਚਾ ਕਰਨ ਲਈ ਸਮੇਂ-ਸਮੇਂ ‘ਤੇ ਲਾਹੌਰ ਵਿਖੇ ਇਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਇਸ ਵਿਚ ਦੂਜੇ ਦੇਸ਼ਾਂ ਵਿਚ ਵਾਪਰੀਆਂ ਕ੍ਰਾਂਤੀਕਾਰੀ ਘਟਨਾਵਾਂ ਬਾਰੇ ਵੀ ਚਰਚਾ ਕੀਤੀ ਗਈ।
ਪ੍ਰਸ਼ਨ 11. ਸਾਈਮਨ ਕਮਿਸ਼ਨ ਉੱਤੇ ਨੋਟ ਲਿਖੋ।
ਉੱਤਰ 1927 ਵਿੱਚ, ਬ੍ਰਿਟਿਸ਼ ਸਰਕਾਰ ਨੇ ਇੱਕ ਕਮਿਸ਼ਨ ਨਿਯੁਕਤ ਕੀਤਾ। ਇਸ ਦੇ ਚੇਅਰਮੈਨ ਸਰ ਜਾਨ ਸਾਈਮਨ ਸਨ। ਇਸ ਲਈ ਇਸ ਕਮਿਸ਼ਨ ਨੂੰ ਸਾਈਮਨ ਕਮਿਸ਼ਨ ਵੀ ਕਿਹਾ ਜਾਂਦਾ ਹੈ। ਇਹ ਕਮਿਸ਼ਨ 1928 ਵਿੱਚ ਭਾਰਤ ਪਹੁੰਚਿਆ। ਇਸ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਇਸ ਲਈ ਇਹ ਕਮਿਸ਼ਨ ਜਿੱਥੇ ਵੀ ਗਿਆ, ਕਾਲੇ ਝੰਡਿਆਂ ਨਾਲ ਇਸ ਦਾ ਸਵਾਗਤ ਕੀਤਾ ਗਿਆ। ਕਈ ਥਾਵਾਂ ‘ਤੇ ‘ਸਾਈਮਨ ਕਮਿਸ਼ਨ ਵਾਪਸ ਮੁੜ ਜਾਓ, ਦੇ ਨਾਅਰੇ ਲਗਾਏ ਗਏ। ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਸਰਕਾਰ ਨੇ ਬੇਰਹਿਮੀ ਨਾਲ ਦਬਾ ਦਿੱਤਾ। ਲਾਲਾ ਲਾਜਪਤ ਰਾਏ ਨੂੰ ਲਾਹੌਰ ਵਿਖੇ ਲਾਠੀਆਂ ਨਾਲ ਕੁੱਟਿਆ ਗਿਆ। ਕੁਝ ਦਿਨਾਂ ਬਾਅਦ ਲਾਠੀਆਂ ਦੀਆਂ ਭਿਆਨਕ ਸੱਟਾਂ ਕਾਰਨ ਲਾਲਾ ਲਾਜਪਤ ਰਾਏ ਜੀ ਸ਼ਹੀਦ ਹੋ ਗਏ। ਸਾਰੀਆਂ ਸਿਆਸੀ ਪਾਰਟੀਆਂ ਨੇ ਸਰਕਾਰ ਦੀ ਇਸ ਨੀਤੀ
ਦੀ ਨਿਖੇਧੀ ਕੀਤੀ।
ਪ੍ਰਸ਼ਨ 12. ਪਰਜਾ ਮੰਡਲ ਦੇ ਕੰਮਾਂ ਦਾ ਵਰਣਨ ਕਰੋ।
ਉੱਤਰ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਪੰਜਾਬ ਪਰਜਾ ਮੰਡਲ ਅਤੇ ਰਿਆਸਤੀ ਪਰਜਾ ਮੰਡਲ ਦੀਆਂ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:
1. ਪਰਜਾ ਮੰਡਲ ਨੇ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਆਪਣੀਆਂ ਮੀਟਿੰਗਾਂ ਕੀਤੀਆਂ।
2. ਇਸਨੇ ਰਿਆਸਤ ਪਟਿਆਲਾ ਵਿੱਚ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ।
3. ਇਸ ਨੇ ਬਾਬਾ ਹੀਰਾ ਸਿੰਘ ਭੱਠਲ, ਤੇਜਾ ਸਿੰਘ ਸੁਤੰਤਰ, ਬਾਬਾ ਸੁੰਦਰ ਸਿੰਘ ਆਦਿ ਦੀ ਮਦਦ ਨਾਲ ਅੰਗਰੇਜ਼ੀ ਰਾਜ ਦਾ ਵਿਰੋਧ ਕੀਤਾ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 100-120 ਸ਼ਬਦਾਂ ਵਿੱਚ ਲਿਖੋ:- ਦੇ
ਪ੍ਰਸ਼ਨ 1. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਕੀ-ਕੀ ਯਤਨ ਕੀਤੇ?
ਉੱਤਰ:1. ਸ੍ਰੀ ਸਤਿਗੁਰ ਸਿੰਘ ਜੀ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਨਵੀਂ ਜਥੇਬੰਦੀ ਦੀ ਨੀਂਹ ਰੱਖੀ। ਇਨ੍ਹਾਂ ਦਾ ਉਦੇਸ਼ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਆਜ਼ਾਦੀ ਪ੍ਰਾਪਤ ਕਰਨਾ ਸੀ।
2.ਉਹਨਾਂ ਨੇ ਅੰਗਰੇਜ਼ਾਂ ਪ੍ਰਤੀ ਅਸਹਿਯੋਗ ਦੀ ਨੀਤੀ ਅਪਣਾਈ।
3. ਸਰਕਾਰੀ ਡਾਕ ਸਹੂਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਅਦਾਲਤਾਂ, ਸਕੂਲਾਂ ਅਤੇ ਕਾਲਜਾਂ ਦਾ ਬਾਈਕਾਟ ਕੀਤਾ।
4.ਉਹਨਾਂ ਨੇ ਕੂਕਿਆਂ ਨੂੰ ਫੌਜੀ ਸਿਖਲਾਈ ਦਿੱਤੀ।
5. ਪ੍ਰਚਾਰ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ੍ਰੀ ਸਤਿਗੁਰ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ।
ਨਾਮਧਾਰੀਆਂ ਦੀ ਇਹ ਕਾਰਵਾਈ ਵੀ ਅੰਗਰੇਜ਼ਾਂ ਨੂੰ ਡਰਾ ਰਹੀ ਸੀ। 6.ਅੰਗਰੇਜ਼ਾਂ ਨੇ ਥਾਂ-ਥਾਂ ਤੇ ਬੁੱਚੜਖਾਨੇ ਖੋਲ੍ਹ ਦਿੱਤੇ, ਪਰ ਨਾਮਧਾਰੀ ਸਿੱਖ ਗਊ ਰੱਖਿਆ ਕਰਦੇ ਅਤੇ ਬੁੱਚੜਾਂ ਨੂੰ ਮਾਰ ਦਿੰਦੇ।
7. ਸ੍ਰੀ ਸਤਿਗੁਰੂ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹਰ ਤਰ੍ਹਾਂ ਦੇ ਤਸੀਹੇ ਅੰਗਰੇਜ਼ ਸਰਕਾਰ ਨੇ ਦਿੱਤੇ ਪਰ ਕੂਕਾ ਲਹਿਰ ਤਦ ਤੱਕ ਚੱਲਦੀ ਰਹੀ ਜਦੋਂ ਤਕ ਦੇਸ਼ ਆਜ਼ਾਦ ਨਹੀਂ ਹੋ ਗਿਆ।
ਪ੍ਰਸ਼ਨ 2.ਆਰੀਆ ਸਮਾਜ ਨੇ ਪੰਜਾਬ ਵਿਖੇ ਆਜ਼ਾਦੀ ਦੀ ਜੰਗ ਵਿੱਚ ਕੀ ਹਿੱਸਾ ਪਾਇਆ?
ਉੱਤਰ: ਸਵਾਮੀ ਦਯਾਨੰਦ ਸਰਸਵਤੀ ਆਰੀਆ ਸਮਾਜ ਦੇ ਬਾਨੀ ਸਨ। ਉਨ੍ਹਾਂ ਨੇ 1875 ਈ: ਵਿੱਚ ਆਰੀਆ ਸਮਾਜ ਕਾਇਮ ਕੀਤਾ। ਆਰੀਆ ਸਮਾਜ ਨੇ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਨਾਲ-ਨਾਲ ਅਜਾਦੀ ਦੀ ਲਹਿਰ ਵਿੱਚ ਵੀ ਵੱਡਮੁੱਲਾ ਹਿੱਸਾ ਪਾਇਆ:
1. ਆਰੀਆ ਸਮਾਜ ਨੇ ਅੰਗਰੇਜ਼ਾਂ ਵਿਰੁੱਧ ਨਾ-ਮਿਲਵਰਤਨ ਲਹਿਰ ਨੂੰ ਬਲ ਦਿੱਤਾ ਅਤੇ ਸਕੂਲ- ਕਾਲਜ ਖੋਲ੍ਹ ਕੇ ਸਵਦੇਸ਼ੀ ਲਹਿਰ ਨੂੰ ਜਨਮ ਦਿੱਤਾ।
2. ਸਵਾਮੀ ਦਯਾਨੰਦ ਸਰਸਵਤੀ ਨੇ ਪੰਜਾਬ ਵਿੱਚ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਜਗਾਇਆ।
3. ਸਵਾਮੀ ਦਯਾਨੰਦ ਸਰਸਵਤੀ ਨੇ ਭਾਰਤੀਆਂ ਨੂੰ ਆਪਣੇ ਦੇਸ਼ ਤੇ ਸੱਭਿਅਤਾ ਉੱਤੇ ਮਾਣ ਕਰਨ ਦੀ ਸਿੱਖਿਆ ਦਿੱਤੀ। ਇਸਦਾ ਅਸਰ ਵੀ ਪੰਜਾਬੀਆਂ ਉੱਤੇ ਪਿਆ। ਲਾਲਾ ਲਾਜਪਤ ਰਾਏ, ਸ.ਅਜੀਤ ਸਿੰਘ ਅਤੇ ਸ਼ਰਧਾ ਨੰਦ ਵਰਗੇ ਦੇਸ਼ ਭਗਤ ਆਰੀਆ ਸਮਾਜ ਦੀ ਹੀ ਦੇਣ ਹਨ।
4. ਆਰੀਆ ਸਮਾਜੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਅੰਗਰੇਜ਼ ਸਰਕਾਰ ਪੰਜਾਬ ਵਿੱਚ ਆਰੀਆ ਸਮਾਜੀਆਂ ਉੱਤੇ ਨਜ਼ਰ ਰੱਖਣ ਲੱਗੀ।
5. ਉਹਨਾਂ ਨੂੰ ਸਰਕਾਰੀ ਨੌਕਰੀਆ ਵਿੱਚ ਬਣਦੀ ਤਰੱਕੀ ਵੀ ਨਾ ਦਿੱਤੀ ਜਾਂਦੀ, ਪਰ ਫੇਰ ਵੀ ਆਰੀਆ ਸਮਾਜੀ ਪਿੱਛੇ ਨਾ ਹਟੇ।
6. ਆਰੀਆ ਸਮਾਜੀਆਂ ਦੇ ਅਖ਼ਬਾਰ ਵੀ ਪੰਜਾਬ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ।
ਪ੍ਰਸ਼ਨ 3. ਗ਼ਦਰ ਪਾਰਟੀ ਨੇ ਆਜ਼ਾਦੀ ਦੀ ਜੰਗ ਲਈ ਕੀ-ਕੀ ਯਤਨ ਕੀਤੇ?
ਉੱਤਰ: ਗ਼ਦਰ ਪਾਰਟੀ ਦਾ ਜਨਮ 1913 ਈ: ਵਿੱਚ ਸਨਫਰਾਂਸਿਸਕੋ ਵਿਚ ਹੋਇਆ। ਇਸਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਇਸ ਸੰਸਥਾ ਨੇ ਸਨਫਰਾਂਸਿਸਕੋ ਤੋਂ ਉਰਦੂ ਵਿੱਚ ਇੱਕ ਸਪਤਾਹਿਕ ਪੱਤਰ ‘ਗ਼ਦਰ’ ਛਾਪਣਾ ਸ਼ੁਰੂ ਕੀਤਾ। ਸੰਪਾਦਨਾ ਦਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੌਂਪਿਆ ਗਿਆ। ਇਸ ਅਖ਼ਬਾਰ ਦੇ ਕਾਰਨ ਇਸ ਸੰਸਥਾ ਦਾ ਨਾਂ ‘ਗ਼ਦਰ ਪਾਰਟੀ’ ਰੱਖਿਆ ਗਿਆ। ਇਸ ਸੰਸਥਾ ਦਾ ਉਦੇਸ਼ ਹਥਿਆਰਬੰਦ ਬਗਾਵਤ ਰਾਹੀ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ।ਇਸ ਲਈ ਇਸ ਪਾਰਟੀ ਨੇ ਹੇਠ ਲਿਖੀਆਂ ਕਾਰਵਾਈਆਂ ਕਰਨ ਦੇ ਸੁਝਾਅ ਰੱਖੇ:
1. ਸੈਨਾ ਵਿੱਚ ਬਗਾਵਤ ਦਾ ਪ੍ਰਚਾਰ।2. ਅੰਗਰੇਜ਼ਾਂ ਦੇ ਪਿੱਠੂਆਂ ਦੀ ਹੱਤਿਆ ਕਰਨਾ।
3. ਜੇਲਾਂ ਤੋੜ੍ਹਨੀਆਂ।
4. ਸਰਕਾਰੀ ਖਜ਼ਾਨੇ ਅਤੇ ਥਾਏ ਲੁੱਟਏ।
5. ਕ੍ਰਾਂਤੀਕਾਰੀ ਸਾਹਿਤ ਛਾਪਣਾ ਅਤੇ ਵੰਡਣਾ।
6. ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਕਰਨੀ।
7. ਹਥਿਆਰ ਇਕੱਠੇ ਕਰਨੇ।
8. ਬੰਬ ਬਣਾਉਣੇ।
9. ਰੇਲਵੇ, ਡਾਕ ਤੇ ਤਾਰ ਨੂੰ ਨੁਕਸਾਨ ਪਹੁੰਚਾਉਣਾ ਤੇ ਭੰਨਤੋੜ ਕਰਨੀ।
10. ਕ੍ਰਾਂਤੀਕਾਰੀਆਂ ਦਾ ਝੰਡਾ ਲਹਿਰਾਉਣਾ।
11. ਕ੍ਰਾਂਤੀਕਾਰੀ ਨੌਜਵਾਨਾਂ ਦੀ ਸੂਚੀ ਤਿਆਰ ਕਰਨਾ।
ਗ਼ਦਰ ਪਾਰਟੀ ਦੀ ਅਗਵਾਈ ਰਾਸ ਬਿਹਾਰੀ ਬੋਸ ਨੇ ਕੀਤੀ। ਰਾਸ ਬਿਹਾਰੀ ਬੋਸ ਨੇ ਥਾਂ -ਥਾਂ ਤੇ ਪ੍ਰਚਾਰਕ ਭੇਜ ਕੇ ਫੌਜੀਆਂ ਨੂੰ ਬਗਾਵਤ ਲਈ ਤਿਆਰ ਕੀਤਾ। ਕਰਤਾਰ ਸਿੰਘ ਸਰਾਭਾ ਨੇ ‘ਗ਼ਦਰ’ ਕੱਢਣ ਲਈ ਪ੍ਰੈੱਸ ਚਾਲੂ ਕਰਨੀ ਚਾਹੀ ਪਰ ਅਸਫ਼ਲ ਰਿਹਾ। ਫਿਰ ਵੀ ਉਹ ‘ਗ਼ਦਰ ਗੂੰਜ’ ਕੱਢਦਾ ਰਿਹਾ।ਆਜ਼ਾਦ ਭਾਰਤ ਲਈ ਇੱਕ ਝੰਡਾ ਤਿਆਰ ਕੀਤਾ ਗਿਆ ਜਿਸ ਨੂੰ ਸਭ ਥਾਵਾਂ ਤੇ ਕਰਤਾਰ ਸਿੰਘ ਸਰਾਭਾ ਨੇ ਹੀ ਵੰਡਿਆ। 46 ਕ੍ਰਾਂਤੀਕਾਰੀਆਂ ਨੂੰ ਫਾਂਸੀ ਹੋਈ।ਕਈ ਕ੍ਰਾਂਤੀਕਾਰੀਆਂ ਨੂੰ ਉਮਰ ਕੈਦ ਦਿੱਤੀ ਗਈ। ਪਰ ਅੰਤ ਵਿੱਚ ਇਹ ਲਹਿਰ ਨਾਕਾਮਯਾਬ ਰਹੀ।
ਪ੍ਰਸ਼ਨ 4.ਕਾਮਾਗਾਟਾ ਮਾਰੂ ਜਹਾਜ਼ ਦੀ ਦੁਰਘਟਨਾ ਦਾ ਵਰਣਨ ਕਰੋ।
ਉੱਤਰ: ਅੰਗਰੇਜ਼ ਸਰਕਾਰ ਦੇ ਆਰਥਿਕ ਕਾਨੂੰਨਾਂ ਨੇ ਪੰਜਾਬੀ ਲੋਕਾਂ ਨੂੰ ਕਮਜ਼ੋਰ ਕਰ ਦਿੱਤਾ ਸੀ। ਸਿੱਟੇ ਵਜੋਂ ਪੰਜਾਬੀ ਲੋਕ ਰੋਟੀ ਰੋਜ਼ੀ ਦੀ
ਭਾਲ ਵਿੱਚ ਵਿਦੇਸ਼ ਜਾਣ ਲੱਗੇ।ਪੰਜਾਬੀ ਲੋਕ ਕੈਨੇਡਾ ਵੀ ਪੁੱਜ ਰਹੇ ਸਨ। ਪਰ ਕੈਨੇਡਾ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਅੱਗੇ ਤੋਂ ਉਹੀ ਭਾਰਤੀ ਲੋਕ ਕੈਨੇਡਾ ਪੁੱਜ ਸਕਣਗੇ ਜਿਹੜੇ ਆਪਣੇ ਦੇਸ਼ ਦੀ ਕਿਸੇ ਬੰਦਰਗਾਹ ਤੋਂ ਬੈਠ ਕੇ ਕੈਨੇਡਾ ਆਉਣਗੇ। 24 ਜਨਵਰੀ 1913 ਈ: ਨੂੰ ਕੈਨੇਡਾ ਦੀ ਹਾਈ ਕੋਰਟ ਨੇ ਭਾਰਤੀਆਂ ਉਤੇ ਲੱਗੀਆਂ ਪਾਬੰਦੀਆ ਨੂੰ ਰੱਦ ਕਰ ਦਿੱਤਾ। ਪਰ ਕੋਈ ਵੀ ਜਹਾਜ਼ ਕੰਪਨੀ ਕੈਨੇਡਾ ਦੇ ਵਤੀਰੇ ਤੋਂ ਡਰਦੀ ਹੋਈ ਪੰਜਾਬੀ ਮੁਸਾਫ਼ਰਾਂ ਨੂੰ ਕੈਨੇਡਾ ਉਤਾਰਨ ਦੀ ਜ਼ਿੰਮੇਵਾਰੀ ਨਹੀਂ ਸੀ ਲੈ ਰਹੀ। ਉਸ ਸਮੇਂ ਪਿੰਡ ਸਰਹਾਲੀ ਦੇ ਬਾਬਾ ਗੁਰਦਿੱਤ ਸਿੰਘ ਨੇ ਜਾਪਾਨ ਤੋਂ ਕਾਮਾਗਾਟਾਮਾਰੂ ਜਹਾਜ਼ ਕਿਰਾਏ ‘ਤੇ ਲੈ ਲਿਆ। ਭਾਰਤੀ ਮੁਸਾਫਰਾਂ ਨੂੰ ਲੈਂਦਾ ਹੋਇਆ ਕਾਮਾਗਾਟਾਮਾਰੂ ਜਹਾਜ਼ 23 ਮਈ, 1914 ਈ: ਨੂੰ ਵੈਨਕੂਵਰ ਦੀ ਬੰਦਰਗਾਹ ਉੱਤੇ ਜਾ ਪਹੁੰਚਾ, ਪਰ ਮੁਸਾਫ਼ਰਾਂ ਨੂੰ ਬੰਦਰਗਾਹ ਉੱਤੇ ਨਾ ਉਤਰਨ ਦਿੱਤਾ ਗਿਆ। ਅੰਤ ਨੂੰ ਭਾਰਤੀਆਂ ਨੇ ਵਾਪਸ ਜਾਣਾ ਮੰਨ ਲਿਆ। 23 ਜੁਲਾਈ,1914 ਈ: ਨੂੰ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਤੋਂ ਭਾਰਤ ਵੱਲ ਵਾਪਸ ਚੱਲ ਪਿਆ। ਜਦੋਂ ਜਹਾਜ਼ ਹੁਗਲੀ ਦਰਿਆ ਵਿੱਚ ਪੁੱਜਾ ਤਾਂ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਉੱਥੇ ਪੁੱਜ ਗਿਆ। ਯਾਤਰੀਆਂ ਦੀ ਤਲਾਸ਼ੀ ਲੈਣ ਮਗਰੋਂ ਜਹਾਜ਼ ਨੂੰ ਬਜਬਜਘਾਟ ਤੇ ਖੜ੍ਹਾ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਉਥੋਂ ਰੇਲ ਰਾਹੀਂ ਪੰਜਾਬ ਭੇਜਿਆ ਜਾਏਗਾ। ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ ਗਿਆ। ਸ਼ਾਮ ਸਮੇਂ ਰੇਲਵੇ ਸਟੇਸ਼ਨ ਤੇ ਬੈਠੇ ਪੰਜਾਬੀਆਂ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਸਿੱਟੇ ਵਜੋਂ 40 ਬੰਦੇ ਸ਼ਹੀਦ ਹੋਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ।
ਪ੍ਰਸ਼ਨ 5.ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਦਾ ਵਰਣਨ ਕਰੋ।
ਉੱਤਰ: 13 ਮਾਰਚ, 1919 ਈ: ਨੂੰ ਮਹਾਤਮਾ ਗਾਂਧੀ ਨੇ ਰੌਲਟ ਬਿੱਲ ਨੂੰ ਅਸਫ਼ਲ ਬਣਾਉਣ ਲਈ ਹੜਤਾਲ ਕਰ ਦਿੱਤੀ। ਸਿੱਟੇ ਵਜੋਂ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਫ਼ਸਾਦ ਹੋ ਗਏ। ਵਿਗੜਦੇ ਹਾਲਾਤ ‘ਤੇ ਕਾਬੂ ਪਾਉਣ ਲਈ ਡਿਪਟੀ ਕਮਿਸ਼ਨਰ ਨੇ ਸੂਬੇ ਦੇ ਦੋ ਪ੍ਰਸਿੱਧ ਨੇਤਾਵਾਂ ਡਾ: ਸਤਿਆਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਾ ਤਾਂ ਲੋਕਾਂ ਦਾ ਇੱਕ ਹਜੂਮ ਬੜੀ ਸ਼ਾਂਤੀਪੂਰਵਕ ਢੰਗ ਨਾਲ ਡਿਪਟੀ ਕਮਿਸ਼ਨਰ ਦੀ ਕੋਠੀ ਵੱਲ ਚੱਲ ਪਿਆ। ਪਰ ਉਨ੍ਹਾਂ ਲੋਕਾਂ ਨੂੰ ਹਾਲ ਦਰਵਾਜ਼ੇ ਦੇ ਬਾਹਰ ਰੋਕ ਲਿਆ ਗਿਆ। ਅੰਗਰੇਜ਼ ਸੈਨਿਕਾਂ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀ। ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਅਸ਼ਾਂਤੀ ਅਤੇ ਕ੍ਰੋਧ ਦੇ ਵਾਤਾਵਰਨ ਵਿੱਚ ਅੰਮ੍ਰਿਤਸਰ ਅਤੇ ਪਿੰਡਾਂ ਦੇ ਲਗਪਗ 25,000 ਲੋਕ 13 ਅਪ੍ਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ, ਜਲ੍ਹਿਆਂਵਾਲੇ ਬਾਗ ਵਿੱਚ ਜਲਸਾ ਕਰਨ ਲਈ ਇਕੱਠੇ ਹੋਏ। ਜਨਰਲ ਡਾਇਰ ਨੇ ਅਜਿਹੇ ਜਲਸਿਆਂ ਨੂੰ ਗੈਰ- ਕਾਨੂੰਨੀ ਕਰਾਰ ਦੇ ਦਿੱਤਾ ਸੀ। ਜਲ੍ਹਿਆਂਵਾਲੇ ਬਾਗ ਵਿਚ ਜਦੋਂ ਜਲਸਾ ਹੋ ਰਿਹਾ ਸੀ ਤਾਂ ਜਨਰਲ ਡਾਇਰ ਆਪਣੇ 150 ਸੈਨਿਕਾਂ ਸਮੇਤ ਜਲ੍ਹਿਆਂਵਾਲੇ ਬਾਗ਼ ਦੇ ਦਰਵਾਜ਼ੇ ਅੱਗੇ ਪੁੱਜ ਗਿਆ। ਬਾਗ਼ ਵਿੱਚ ਜਾਣ ਲਈ ਕੇਵਲ ਇੱਕੋ ਤੰਗ ਜਿਹਾ ਰਸਤਾ ਸੀ। ਜਨਰਲ ਡਾਇਰ ਨੇ ਉਸ ਰਸਤੇ ਅੱਗੇ ਖਲੋ ਕੇ ਲੋਕਾਂ ਨੂੰ ਤਿੰਨ ਮਿੰਟਾਂ ਦੇ ਅੰਦਰ-ਅੰਦਰ ਤਿਤਰ-ਬਿਤਰ ਹੋਣ ਦਾ ਹੁਕਮ ਦਿੱਤਾ, ਜੋ ਕਿ ਅਸੰਭਵ ਸੀ। ਜਨਰਲ ਡਾਇਰ ਨੇ ਤਿੰਨ ਮਿੰਟਾਂ ਮਗਰੋਂ ਗੋਲੀ ਦਾ ਹੁਕਮ ਦੇ ਦਿੱਤਾ। ਲਗਪਗ 1,000 ਲੋਕ ਮਾਰੇ ਗਏ ਅਤੇ 3,੦੦੦ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਪ੍ਰਸ਼ਨ 6. ਅਕਾਲੀ ਲਹਿਰ ਨੇ ਆਜ਼ਾਦੀ ਦੀ ਜੰਗ ਵਿੱਚ ਕੀ ਯੋਗਦਾਨ ਪਾਇਆ?
ਉੱਤਰ:1. ਸਿੱਖਾਂ ਦੇ ਯਤਨਾਂ ਨਾਲ 16 ਨਵੰਬਰ, 1920 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ 14 ਦਸੰਬਰ, 1920 ਈ: ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ।
2. ਅਕਾਲੀ ਜਥਿਆਂ ਨੇ ਮਹੰਤਾਂ ਕੋਲੋਂ ਗੁਰਦੁਆਰਿਆਂ ਨੂੰ ਖਾਲੀ ਕਰਵਾਉਣ ਦਾ ਕੰਮ ਆਰੰਭ ਕੀਤਾ।
3. ਦਰਬਾਰ ਸਾਹਿਬ ਅੰਮ੍ਰਿਤਸਰ ਗੁਰਦੁਆਰੇ ਦੀਆਂ ਚਾਬੀਆਂ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ। ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ।
4. ਬਹੁਤ ਸਾਰੇ ਸਿੱਖ ਨੇਤਾਵਾਂ ਨੂੰ ਬੰਦੀ ਬਣਾ ਲਿਆ ਗਿਆ। ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਅੰਤ ਅੰਗਰੇਜ਼ਾਂ ਨੂੰ ਸਿੱਖਾਂ ਅੱਗੇ ਝੁੱਕਣਾ ਪਿਆ ਅਤੇ ਗੁਰਦੁਆਰੇ ਦੀਆਂ ਚਾਬੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਗਈਆਂ।
5. ਅਕਾਲੀ ਦਲ ਵੱਲੋਂ ਗੁਰੂ ਕਾ ਬਾਗ ਮੋਰਚਾ ਵੀ ਸ਼ਾਂਤਮਈ ਢੰਗ ਨਾਲ ਜਿੱਤ ਲਿਆ ਗਿਆ।
6. ਬੱਬਰ ਅਕਾਲੀ ਲਹਿਰ ਦਾ ਜਨਮ ਗੁਰਦੁਆਰੇ ਵਿੱਚ ਬੈਠੇ ਮਹੰਤਾਂ ਅਤੇ ਪੁਲਿਸ ਦਾ ਮੁਕਾਬਲਾ ਕਰਨ ਲਈ ਹੋਇਆ।
7. ਬੱਬਰ ਅਕਾਲੀਆਂ ਦਾ ਮੁੱਖ ਉਦੇਸ਼ ਮੁਖ਼ਬਰਾਂ ਅਤੇ ਸਰਕਾਰੀ ਪਿੱਠੂਆਂ ਦਾ ਅੰਤ ਕਰਨਾ ਸੀ।
8. ਬੱਬਰਾਂ ਨੂੰ ਭਰੋਸਾ ਸੀ ਕਿ ਜੇਕਰ ਸਰਕਾਰ ਦੇ ਮੁਖਬਰਾਂ ਦਾ ਅੰਤ ਕਰ ਦਿੱਤਾ ਜਾਵੇ ਤਾਂ ਅੰਗਰੇਜ਼ੀ ਸਰਕਾਰ ਫੇਲ੍ਹ ਹੋ ਜਾਏਗੀ ਅਤੇ ਭਾਰਤ ਛੱਡ ਕੇ ਵਾਪਸ ਚਲੀ ਜਾਏਗੀ।
9. ਬੱਬਰਾਂ ਨੇ ਪੁਲਿਸ ਨਾਲ ਵੀ ਕਈ ਮੁਕਾਬਲੇ ਕੀਤੇ।
10. ਭਾਵੇਂ ਕਿ ਬੱਬਰ ਲਹਿਰ ਫੇਲ੍ਹ ਹੋ ਗਈ ਪਰ ਇਸ ਲਹਿਰ ਨੇ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨਾ ਸਿਖਾਇਆ।
ਪ੍ਰਸ਼ਨ 7. ਜੈਤੋ ਦਾ ਮੋਰਚਾ ਦਾ ਹਾਲ ਲਿਖੋ।
ਉੱਤਰ: ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਗੁਰਦੁਆਰਾ ਰਕਾਬ ਗੰਜ ਦੇ ਮੋਰਚੇ ਸਮੇਂ ਸਿੱਖ ਕੌਮ ਦਾ ਸਾਥ ਦਿੱਤਾ। ਇਸ ਨਾਲ ਦੇਸ਼
ਅਤੇ ਕੌਮ ਵਿੱਚ ਉਸਦਾ ਸਤਿਕਾਰ ਵਧ ਗਿਆ। ਮਹਾਰਾਜਾ ਦੇ ਮਾਣ ਅਤੇ ਸਤਿਕਾਰ ਵਿੱਚ ਵਾਧਾ ਅੰਗਰੇਜ਼ ਸਰਕਾਰ ਨੂੰ ਚੰਗਾ ਨਾ ਲੱਗਿਆ। ਇਸ ਲਈ ਅੰਗਰੇਜ਼ਾਂ ਨੇ ਮਹਾਰਾਜਾ ਨਾਭਾ ਦੇ ਖ਼ਿਲਾਫ਼ ਕਈ ਮੁਕੱਦਮੇ ਬਣਾ ਦਿੱਤੇ ਅਤੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ। ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਹੁਣ ਤੇ ਸਿੱਖਾਂ ਵਿੱਚ ਬੜਾ ਗੁੱਸਾ ਪੈਦਾ ਹੋਇਆ। ਸਿੱਖਾਂ ਨੇ ਰੋਸ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ। ਜੈਤੋ ਵਿਖੇ ਵੀ ਦੀਵਾਨ ਹੋਇਆ। ਪੁਲਿਸ ਦੁਆਰਾ 13 ਸਤੰਬਰ 1923 ਈ: ਨੂੰ ਜੈਤੋ ਦੇ ਗੁਰਦੁਆਰਾ ਗੰਗਸਰ ਉੱਤੇ ਕਬਜ਼ਾ ਕਰ ਲਿਆ ਗਿਆ। ਉਸ ਸਮੇਂ ਗੁਰਦੁਆਰੇ ਵਿੱਚ ਅਖੰਡ ਪਾਠ ਹੋ ਰਿਹਾ ਸੀ ਅਤੇ ਉਹ ਪਾਠ ਖੰਡਿਤ ਹੋ ਗਿਆ। ਸਿੱਖਾਂ ਨੇ ਅੰਗਰੇਜ਼ਾਂ ਨਾਲ ਟੱਕਰ ਲਈ ਉੱਥੇ ਆਪਣਾ ਮੋਰਚਾ ਲਾ ਦਿੱਤਾ। ਮੋਰਚਾ ਲੰਬਾ ਹੁੰਦਾ ਵੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ- ਪੰਜ ਸੌ ਦੇ ਜਥੇ ਭੇਜਣ ਦਾ ਪ੍ਰੋਗਰਾਮ ਬਣਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਸੌ ਸਿੱਖਾਂ ਦਾ ਪਹਿਲਾ ਜਥਾ ਜਥੇਦਾਰ ਊਧਮ ਸਿੰਘ ਨਾਗੋਕੇ ਦੀ ਅਗਵਾਈ ਵਿੱਚ ਭੇਜਿਆ। ਜਦੋਂ ਜਥਾ ਗੁਰਦੁਆਰਾ ਗੰਗਸਰ ਤੋਂ ਇਕ ਫਰਲਾਂਗ ਦੀ ਦੂਰੀ ਤੇ ਸੀ ਤਾਂ ਅੰਗਰੇਜ਼ ਸਰਕਾਰ ਨੇ ਜਥੇ ਤੇ ਗੋਲੀਆਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ। ਪਰ ਸਿੰਘ ਪਿੱਛੇ ਨਾ ਮੁੜੇ। ਅਨੇਕਾਂ ਸਿੰਘ ਸ਼ਹੀਦ ਹੋ ਗਏ। ਜੈਤੋ ਦਾ ਮੋਰਚਾ ਦੋ ਸਾਲ ਚੱਲਦਾ ਰਿਹਾ। ਅੰਤ 1925 ਈ: ਨੂੰ ਸਰਕਾਰ ਨੂੰ ਗੁਰਦੁਆਰਾ ਐਕਟ ਪਾਸ ਕਰਨਾ ਪਿਆ ਅਤੇ ਅਕਾਲੀਆਂ ਨੇ ਜੈਤੋ ਦਾ ਮੋਰਚਾ ਖਤਮ ਕਰ ਦਿੱਤਾ।
ਪ੍ਰਸ਼ਨ 8.ਆਜ਼ਾਦ ਹਿੰਦ ਫ਼ੌਜ ਤੇ ਵਿਸਥਾਰਪੂਰਵਕ ਨੋਟ ਲਿਖੋ।
ਉੱਤਰ:1. 1943 ਈ: ਨੂੰ ਸੁਭਾਸ਼ ਚੰਦਰ ਬੋਸ ਨੇ ਸਿੰਘਾਪੁਰ ਵਿਖੇ ਭਾਰਤੀਆ ਨੂੰ ਇਕੱਠਾ ਕਰਕੇ ‘ਆਜ਼ਾਦ ਹਿੰਦ ਫ਼ੌਜ’ ਦੀ ਸਥਾਪਨਾ ਕੀਤੀ।
2. ਇਸ ਵਿਚ ਬਹੁਤ ਸਾਰੇ ਪੰਜਾਬੀ ਦੇਸ਼ ਭਗਤ ਸਨ।
3. ਇਸ ਫ਼ੌਜ ਦਾ ਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣਾ ਸੀ।
4. ਇਸੇ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਭਾਰਤੀ ਨੌਜਵਾਨਾਂ ਕੋਲੋਂ ਬਲੀਦਾਨ ਦੀ ਮੰਗ ਕਰਦੇ ਹੋਏ ਕਿਹਾ-‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।’
5. ਜਾਪਾਨ ਨੇ ਆਜ਼ਾਦ ਹਿੰਦ ਫ਼ੌਜ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ।
6. ਪਰ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੀ ਹਾਲਤ ਕਮਜ਼ੋਰ ਹੋ ਗਈ।
7. ਅੰਗਰੇਜ਼ੀ ਸੈਨਾ ਨੇ ਮਈ 1945 ਈ: ਨੂੰ ਰੰਗੂਨ ਉਤੇ ਕਬਜ਼ਾ ਕਰ ਲਿਆ। ਬੇਵੱਸ ਹੋ ਕੇ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਨੂੰ ਸਮਰਪਣ ਕਰਨਾ ਪਿਆ।
8. ਭਾਵੇਂ ਇਹ ਲਹਿਰ ਸਫ਼ਲ ਨਾ ਹੋ ਸਕੀ ਪਰ ਫੇਰ ਵੀ ਇਸ ਲਹਿਰ ਨੇ ਦੇਸ਼ ਦੀ ਆਜ਼ਾਦੀ ਲਈ ਕਾਫੀ ਯੋਗਦਾਨ ਪਾਇਆ।