ਪਾਠ-7 ਮਹਾਰਾਜਾ ਰਣਜੀਤ ਸਿੰਘ :ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ
ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ। ਇਕ ਵਾਕ (1-15 ਸ਼ਬਦਾਂ) ਵਿੱਚ ਦਿਓ:-
ਪ੍ਰ.1.ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਵਿੱਚ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ।
ਪ੍ਰ.2.ਮਹਿਤਾਬ ਕੌਰ ਕੌਣ ਸੀ ?
ਉੱਤਰ-ਮਹਾਰਾਜਾ ਰਣਜੀਤ ਸਿੰਘ ਦੀ ਪਤਨੀ।
ਪ੍ਰ.3.ਤਿੱਕੜੀ ਦੀ ਸਰਪ੍ਰਸਤੀ’ ਦਾ ਕਾਲ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-1792 ਤੋਂ 1797 ਈਸਵੀ ਤੱਕ ਜਦੋਂ ਮਹਾਰਾਜਾ ਰਣਜੀਤ ਸਿੰਘ ਨਾਬਾਲਗ ਸੀ, ਸ਼ੁੱਕਰਚੱਕੀਆ ਮਿਸਲ ਦਾ ਰਾਜ ਪ੍ਰਬੰਧ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ। ਜਿਸਨੂੰ ‘ਤਿੱਕੜੀ ਦੀ ਸਰਪ੍ਰਸਤੀ’ ਦਾ ਕਾਲ ਕਿਹਾ ਜਾਂਦਾ ਹੈ।
ਪ੍ਰ.4.ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਕਿਉਂ ਸੱਦਾ ਦਿੱਤਾ ?
ਉੱਤਰ-ਭੰਗੀ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆਕੇ ।
ਪ੍ਰ.5.ਭਸੀਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਕਿਹੜੇ-ਕਿਹੜੇ ਸਰਦਾਰ ਸਨ ?
ਉੱਤਰ- ਜੱਸਾ ਸਿੰਘ ਰਾਮਗੜ੍ਹੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ, ਜੋਧ ਸਿੰਘ ਤੇ ਨਿਜ਼ਾਮੂਉਦੀਨ ।
ਪ੍ਰ.6.ਅੰਮ੍ਰਿਤਸਰ ਅਤੇ ਲੋਹਗੜ੍ਹ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਉਂ ਹਮਲਾ ਕੀਤਾ ?
ਉੱਤਰ- ਕਿਉਂਕਿ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਚੁੱਕਾ ਸੀ ਤੇ ਲੋਹਗੜ੍ਹ ਦਾ ਆਪਣਾ ਸੈਨਿਕ ਮਹੱਤਵ ਸੀ।
ਪ੍ਰ.7. ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਨੇਤਾ ਸੀ ?
ਉੱਤਰ- ਡੱਲੇਵਾਲੀਆ ਮਿਸਲ ਦਾ ।
ਅ) ਹੇਠਾਂ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਲਗਭਗ 30-50 ਸ਼ਬਦਾਂ ਵਿੱਚ ਦਿਓ:-
ਪ੍ਰ 1. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਤੇ ਸਿੱਖਿਆ ਬਾਰੇ ਲਿਖੋ ।
ਉੱਤਰ । – ਮਹਾਰਾਜਾ ਰਣਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਉਸ ਨੂੰ ਬਚਪਨ ਵਿੱਚ ਬਹੁਤ ਲਾਡਾਂ ਅਤੇ ਚਾਵਾਂ ਨਾਲ ਪਾਲਿਆ ਗਿਆ । ਜਦੋਂ ਉਹ ਪੰਜਾਂ ਸਾਲਾਂ ਦਾ ਹੋਇਆ ਤਾਂ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁੱਜਰਾਂਵਾਲਾ ਵਿਖੇ ਹੀ ਭਾਈ ਭਾਗੂ ਸਿੰਘ ਦੀ ਧਰਮਸ਼ਾਲਾ ਵਿੱਚ ਭੇਜਿਆ ਗਿਆ। ਪਰ ਉਸ ਨੇ ਬਾਕੀ ਦੇ ਸਰਦਾਰਾਂ ਦੇ ਪੁੱਤਰਾਂ ਵਾਂਗ ਪੜ੍ਹਾਈ ਲਿਖਾਈ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਾ ਲਈ । ਇਸ ਲਈ ਉਹ ਅਨਪੜ੍ਹ ਹੀ ਰਹਿ ਗਿਆ। ਉਹ ਆਪਣਾ ਬਹੁਤਾ ਸਮਾਂ ਸ਼ਿਕਾਰ ਖੇਡਣ, ਘੋੜ ਸਵਾਰੀ ਕਰਨ ਅਤੇ ਤਲਵਾਰ ਬਾਜ਼ੀ ਸਿੱਖਣ ਵਿੱਚ ਹੀ ਬਿਤਾਉਂਦਾ। ਇਸ ਲਈ ਉਹ ਆਪਣੇ ਬਚਪਨ ਵਿੱਚ ਹੀ ਇੱਕ ਚੰਗਾ ਘੋੜ-ਸਵਾਰ ਤਲਵਾਰ-ਬਾਜ਼ ਅਤੇ ਤੀਰ-ਅੰਦਾਜ਼ ਬਣ ਗਿਆ ਸੀ। ਬਚਪਨ ਵਿੱਚ ਹੀ ਰਣਜੀਤ ਸਿੰਘ ਉੱਤੇ ਚੇਚਕ ਦੀ ਬਿਮਾਰੀ ਦਾ ਬੜਾ ਸਖ਼ਤ ਹਮਲਾ ਹੋਇਆ। ਇੱਕ ਵਾਰੀ ਤਾਂ ਉਸ ਦੇ ਬਚਣ ਦੀ ਵੀ ਆਸ ਨਹੀਂ ਸੀ ਰਹੀ। ਚੰਗੇ ਭਾਗਾਂ ਨੂੰ ਰਣਜੀਤ ਸਿੰਘ ਕੁਝ ਦਿਨਾਂ ਮਗਰੋਂ ਠੀਕ ਹੋ ਗਿਆ। ਪਰ ਉਹਨਾਂ ਦੇ ਚਿਹਰੇ ਉੱਤੇ ਚੇਚਕ ਦੇ ਦਾਗ ਰਿਹ ਗਏ। ਚੇਚਕ ਕਰ ਕੇ ਹੀ ਉਹਨਾਂ ਦੀ ਖੱਬੀ ਅੱਖ ਵੀ ਜਾਂਦੀ ਰਹੀ।
ਪ੍ਰ.2.ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀਆਂ ਬਹਾਦਰੀ ਦੀਆਂ ਘਟਨਾਵਾਂ ਦਾ ਹਾਲ ਲਿਖੋ ।
ਉੱਤਰ -ਮਹਾਰਾਜਾ ਰਣਜੀਤ ਸਿੰਘ ਬਾਲ ਅਵਸਥਾ ਵਿੱਚ ਹੀ ਸੂਰਬੀਰ ਯੋਧਾ ਬਣ ਗਏ ਸਨ। ਜਦੋਂ ਉਹ ਦਸਾਂ ਸਾਲ ਦਾ ਹੀ ਸੀ ਉਹਨਾਂ ਨੇ ਸਹੋਦਰਾ ਦੀ ਮੁਹਿੰਮ ਵਿੱਚ ਆਪਣੇ ਪਿਤਾ ਜੀ ਦਾ ਸਾਥ ਦਿੱਤਾ । ਉਹਨਾਂ ਨੇ ਇਸ ਮੁਹਿੰਮ ਵਿੱਚ ਆਪਣੇ ਪਿਤਾ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਉਹਨਾਂ ਦੇ ਬਿਮਾਰ ਪੈ ਜਾਣ ‘ਤੇ ਉਸ ਨੇ ਸ਼ੁਕਰਚੱਕੀਆ ਸੈਨਾ ਦੀ ਅਗਵਾਈ ਵੀ ਕੀਤੀ । ਉਹਨਾਂ ਨੇ ਵੈਰੀ ਦੀ ਫੌਜ ਨੂੰ ਹਰਾਉਣ ਦੇ ਨਾਲ-ਨਾਲ ਉਸ ਦਾ ਗੋਲਾ ਬਾਰੂਦ ਵੀ ਲੁੱਟ ਲਿਆ। ਇੱਕ ਵਾਰੀ ਰਣਜੀਤ ਸਿੰਘ ਸ਼ਿਕਾਰ ਖੇਡਣ ਪਿੱਛੋਂ ਇੱਕਲੇ ਹੀ ਘੋੜੇ ‘ ਤੇ ਵਾਪਸ ਆ ਰਿਹਾ ਸੀ ਕਿ ਚੱਠਾ ਕਬੀਲੇ ਦੇ ਸਰਦਾਰ ਹਸ਼ਮਤ ਖਾਂ ਨੇ ਉਹਨਾਂ ਨੂੰ ਦੇਖ ਲਿਆ। ਹਸ਼ਮਤ ਖਾਂ ਨੂੰ ਕਦੇ ਮਹਾਂ ਸਿੰਘ ਨੇ ਹਰਾਇਆ ਸੀ । ਬਦਲਾ ਲੈਣ ਲਈ ਹਜ਼ਮਤ ਖਾਂ ਰਣਜੀਤ ਸਿੰਘ ਨੂੰ ਮਾਰਨ ਲਈ ਇੱਕ ਝਾੜੀ ਉਹਲੇ ਲੁਕ ਗਿਆ। ਜਦੋਂ ਰਣਜੀਤ ਸਿੰਘ ਉਸ ਝਾੜੀ ਕੋਲੋਂ ਲੰਘਣ ਲੱਗੇ ਤਾਂ ਹਸ਼ਮਤ ਖਾਂ ਨੇ ਉਹਨਾਂ ਉੱਤੇ ਵਾਰ ਕਰ ਦਿੱਤਾ। ਰਣਜੀਤ ਸਿੰਘ ਨੇ ਉਸ ਦੇ ਵਾਰ ਨੂੰ ਰੋਕਦਿਆਂ ਵੈਰੀ ਉੱਤੇ ਐਸਾ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ ।
ਪ੍ਰ.3.ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਦਾ ਹਾਲ ਲਿਖੋ ।
ਉੱਤਰ -ਲਾਹੌਰ ਦੇ ਨਿਵਾਸੀ ਭੰਗੀ ਸਰਦਾਰਾਂ ਦੇ ਕੁਸ਼ਾਸਨ ਤੋਂ ਤੰਗ ਆਏ ਹੋਏ ਸਨ। ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਕਸੂਰ ਦਾ ਹਾਕਮ ਨਿਜ਼ਾਮਉੱਦੀਨ ਵੀ ਲਾਹੌਰ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਇਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਆਪਣੀ ਸੂਰਬੀਰਤਾ ਅਤੇ ਸੁੱਚਜਤਾ ਕਾਰਨ ਕਾਫ਼ੀ ਪ੍ਰਸਿੱਧ ਹੋ ਚੁੱਕੇ ਸਨ । ਇਸ ਲਈ ਲਾਹੌਰ ਦੇ ਪ੍ਰਮੁੱਖ ਸ਼ਹਿਰੀਆਂ ਨੇ ਜਿਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸ਼ਾਮਲ ਸਨ। ਰਣਜੀਤ ਸਿੰਘ ਨੂੰ ਲਾਹੌਰ ਉੱਤੇ ਕਬਜ਼ਾ ਕਰਨ ਲਈ ਸੱਦਾ-ਪੱਤਰ ਭੇਜਿਆ । ਇਸ ਪੱਤਰ ਵਿੱਚ ਭੰਗੀ ਸਰਦਾਰਾਂ ਦੀ ਅਯੋਗਤਾ ਅਤੇ ਉਹਨਾਂ ਰਾਹੀਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ਕੀਤਾ ਗਿਆ ਸੀ । ਉਸ ਪੱਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਲਾਹੌਰ ‘ਤੇ ਕਬਜ਼ਾ ਕਰੇ ਅਤੇ ਉਹਨਾਂ ਨੂੰ ਅੱਤਿਆਚਾਰੀ ਹਾਕਮਾਂ ਤੋਂ ਛੁਟਕਾਰਾ ਦੁਆਵੇ। ਸ਼ਹਿਰੀਆਂ ਨੇ ਉਸ ਨੂੰ ਇਹ ਵਿਸ਼ਵਾਸ ਵੀ ਦੁਆਇਆ ਕਿ ਜਦੋਂ ਉਹ ਲਾਹੌਰ ਉੱਤੇ ਹਮਲਾ ਕਰੇਗਾ ਤਾਂ ਉਹ ਲਾਹੌਰ ਦੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦੇਣਗੇ। ਲਾਹੌਰ ਦੇ ਸ਼ਹਿਰੀਆਂ ਵੱਲੋਂ ਸਾਥ ਦੇਣ ਦਾ ਵਿਸ਼ਵਾਸ ਮਿਲ ਜਾਣ ‘ਤੇ ਰਣਜੀਤ ਸਿੰਘ ਨੇ ਆਪਣੀ ਤਿਆਰੀ ਦੇ ਨਾਲ-ਨਾਲ ਸਦਾ ਕੌਰ ਨੂੰ ਵੀ ਤਿਆਰ ਕਰ ਲਿਆ। ਰਣਜੀਤ ਸਿੰਘ ਅਤੇ ਸਦਾ ਕੌਰ ਦੀਆਂ ਫੌਜਾਂ ਨੇ ਲਾਹੌਰ ਵੱਲ ਕੂਚ ਕੀਤਾ। ਲਾਹੌਰ ਪੁੱਜਦਿਆਂ ਹੀ ਜਦੋਂ ਉਹ ਆਪਣੀਆਂ ਫੌਜਾਂ ਨਾਲ ਲਾਹੌਰ ਦਰਵਾਜ਼ੇ ‘ਤੇ ਪੁੱਜਾ ਤਾਂ ਸ਼ਹਿਰੀਆਂ ਵੱਲੋਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਸ਼ਹਿਰ ਅੰਦਰ ਪੁੱਜ ਜਾਣ ‘ਤੇ ਭੰਗੀ ਸਰਦਾਰ ਭੈ- ਭੀਤ ਹੋ ਗਏ । ਸਾਹਿਬ ਸਿੰਘ ਅਤੇ ਮੋਹਰ ਸਿੰਘ ਸ਼ਹਿਰ ਛੱਡ ਕੇ ਭੱਜ ਗਏ। ਚੇਤ ਸਿੰਘ ਨੇ ਆਪਣੇ-ਆਪ ਨੂੰ ਕਿਲ੍ਹੇ ਵਿੱਚ ਬੰਦ ਕਰ ਲਿਆ। ਕਿਲ੍ਹੇ ਵਿੱਚ ਰਸਦ ਪਾਣੀ ਦਾ ਪ੍ਰਬੰਧ ਪੂਰਾ ਨਾ ਹੋਣ ਕਰਕੇ ਉਹਨਾਂ ਨੇ ਅਗਲੇ ਦਿਨ ਹੀ ਹਥਿਆਰ ਸੁੱਟ ਦਿੱਤੇ।
ਪ੍ਰ.4. ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਲਿਖੋ ।
ਉੱਤਰ -1.ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ । ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਉੱਥੇ ਹੁਣ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਈ ।
2. ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿੱਚ ਵਾਧਾ ਹੋਇਆ। ਲੋਹਗੜ੍ਹ ਦਾ ਕਿਲ੍ਹਾ ਉਹਨਾਂ ਲਈ ਬੜਾ ਵੱਡਮੁੱਲਾ ਸਾਬਤ ਹੋਇਆ।
3.ਉਹਨਾਂ ਨੂੰ ਤਾਂਬੇ ਅਤੇ ਪਿੱਤਲ ਦੀ ਬਈ ਹੋਈ ਬਹੁਤ ਵੱਡੀ ਜਮ- ਜਮਾ ਤੋਪ ਵੀ ਪ੍ਰਾਪਤ ਹੋਈ।
4.ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਦੀ ਪ੍ਰਾਪਤੀ ਹੋਈ।
5. ਨਿਹੰਗਾਂ ਦੀ ਅਸਾਧਾਰਣ ਦਲੇਰੀ ਅਤੇ ਬਹਾਦਰੀ ਕਾਰਨ ਮਹਾਰਾਜਾ ਰਣਜੀਤ ਸਿੰਘਾਂ ਨੇ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।
6. ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰੀ ਦੂਰ – ਦੂਰ ਤੱਕ ਫੈਲ ਗਈ।
7. ਭਾਰਤ ਦੇ ਅੰਗਰੇਜ਼ੀ ਰਾਜ ਵਿੱਚੋਂ ਬਹੁਤ ਸਾਰੇ ਭਾਰਤੀ ਉਹਨਾਂ ਦੇ ਰਾਜ ਵਿੱਚ ਨੌਕਰੀ ਕਰਨ ਲਈ ਆਉਣ ਲੱਗੇ । ਹਿੰਦੁਸਤਾਨੀ, ਮੁਸਲਮਾਨ ਅਤੇ ਯੂਰਪੀਅਨ ਸੈਨਿਕ, ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਛੱਡ ਦਿੱਤਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਆਉਣ ਲੱਗੇ।
ਪ੍ਰ.5.ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰ ਮਿਸਲਾਂ ਤੇ ਕਦੋਂ ਅਤੇ ਕਿਵੇਂ ਅਧਿਕਾਰ ਕੀਤਾ ?
ਉੱਤਰ- ਮਹਾਰਾਜਾ ਰਣਜੀਤ ਸਿੰਘ ਨੇ ਤਾਕਤਵਰ ਮਿਸਲਾਂ ਨਾਲ ਮਿੱਤਰਤਾ ਵਾਲੇ ਸੰਬੰਧ ਬਣਾ ਕੇ ਅਤੇ ਉਹਨਾਂ ਦੀ ਸਹਾਇਤਾ ਨਾਲ ਕਮਜ਼ੋਰ ਮਿਸਲਾਂ ਨੂੰ ਆਪਣੇ ਅਧੀਨ ਕਰ ਲਿਆ।
1.ਕਰੋੜ ਸਿੰਘੀਆ ਮਿਸਲ ‘ਤੇ ਅਧਿਕਾਰ –1809 ਈਸਵੀ ਵਿੱਚ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਚਲਾਣਾ ਕਰ ਗਿਆ। ਉਸ ਦੀ ਮੌਤ ਦਾ ਪਤਾ ਲੱਗਣ ‘ਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਰੋੜਸਿੰਘੀਆ ਮਿਸਲ ਦੇ ਇਲਾਕੇ ਵੱਲ ਆਪਣੀ ਸੈਨਾ ਭੇਜ ਦਿੱਤੀ । ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ (ਰਾਮ ਕੌਰ ਅਤੇ ਰਾਜ ਕੌਰ ) ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਬਹੁਤਾ ਚਿਰ ਟਾਕਰਾ ਨਾ ਕਰ ਸਕੀਆਂ। ਸਿੱਟੇ ਵਜੋਂ ਉਸ ਮਿਸਲ ਦੇ ਨਵਾਂ ਸ਼ਹਿਰ, ਰੁੜਕਾ ਆਦਿ ਪ੍ਰਦੇਸ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਿਲ
ਗਏ।
2.ਨਕੱਈ ਮਿਸਲ ਦੇ ਇਲਾਕਿਆਂ ‘ਤੇ ਜਿੱਤ – 1807 ਈ : ਵਿੱਚ ਮਹਾਰਾਜਾ ਦੀ ਰਾਣੀ ਰਾਜ ਕੌਰ ਦਾ ਭਤੀਜਾ ਕਾਹਨ ਸਿੰਘ ਨਕਈ ਮਿਸਲ ਦਾ ਸਰਦਾਰ ਬਣਿਆ । ਮਹਾਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਰਾਜ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਿਆ। ਪਰ ਉਹ ਸਦਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਹੁਕਮ-ਅਦੂਲੀ ਕਰਦਾ ਰਿਹਾ । ਅੰਤ ਨੂੰ 1810 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਉਸ ਵਿਰੁੱਧ ਸੈਨਾ ਭੇਜੀ । ਮੋਹਕਮ ਚੰਦ ਨੇ ਛੇਤੀ ਹੀ ਉਸ ਮਿਸਲ ਦੇ ਚੂਨੀਆਂ, ਸ਼ਰਕਪੁਰ, ਕੋਟ ਕਮਾਲੀਆ ਆਦਿ ਇਲਾਕਿਆਂ ਉੱਤ ਅਧਿਕਾਰ ਕਰ ਲਿਆ । ਕਾਹਨ ਸਿੰਘ ਨੂੰ ਗੁਜ਼ਾਰੇ ਲਈ 20,000 ਹਜ਼ਾਰ ਰੁਪਏ ਸਲਾਨਾ ਆਮਦਨ ਵਾਲੀ ਜਗੀਰ ਦਿੱਤੀ ਗਈ।
3. ਫੈਜ਼ਲਪੁਰੀਆ ਮਿਸਲ ਦੇ ਇਲਾਕਿਆਂ ਉੱਤੇ ਕਬਜ਼ਾ: – 1811 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰ ਦੇਣ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਆਪਣੀ ਸੈਨਾ ਭੇਜੀ । ਫਤਿਹ ਸਿੰਘ ਆਹਲੂਵਾਲੀਆ ਅਤੇ ਜੋਧ ਸਿੰਘ ਰਾਮਗੜ੍ਹੀਆ ਨੇ ਉਸ ਦਾਸਾਥ ਦਿੱਤਾ। ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਭੱਜ ਕੇ ਜਾਨ ਬਚਾਈ। ਸਿੱਟੇ ਵਜੋਂ ਉਸ ਮਿਸਲ ਦੇ ਜਲੰਧਰ, ਬਹਿਰਾਮਪੁਰ ਅਤੇ ਪੱਟੀ ਆਦਿ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ।
ਪ੍ਰ 6. ਮੁਲਤਾਨ ਦੀ ਜਿੱਤ ਦੇ ਸਿੱਟੇ ਲਿਖੋ ।
ਉੱਤਰ-1. ਮੁਲਤਾਨ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵਧਿਆ।
2. ਇਸ ਨਾਲ ਦੱਖਣੀ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਵੱਡੀ ਸੱਟ ਲੱਗੀ।
3.ਡੇਰਾ ਜਾਤ ਅਤੇ ਬਹਾਵਲਪੁਰ ਦੇ ਦਾਊਦ ਪੁੱਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ।
4.ਆਰਥਿਕ ਤੌਰ ‘ਤੇ ਵੀ ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਲਾਭਦਾਇਕ ਸਿੱਧ ਹੋਈ, ਉਸ ਦੇ ਵਪਾਰ ਵਿੱਚ ਵਾਧਾ ਹੋਇਆ।
5.ਇਸ ਜਿੱਤ ਨਾਲ ਹੋਰ ਇਲਾਕੇ ਜਿੱਤਣ ਲਈ ਹੀ ਮਹਾਰਾਜਾ ਰਣਜੀਤ ਸਿੰਘ ਦਾ ਉਤਸ਼ਾਹ ਵਧਿਆ।
ਪ੍ਰ.7.ਅਟਕ ਦੀ ਲੜਾਈ ਦਾ ਹਾਲ ਲਿਖੋ ।
ਉੱਤਰ – 1813 ਈ : ਵਿੱਚ ਕਾਬੁਲ ਦੇ ਵਜ਼ੀਰ ਫਤਿਹ ਖ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਕਸ਼ਮੀਰ ਉੱਤੇ ਸਾਂਝਾ ਹਮਲਾ ਕਰਨ ਵੇਲੇ ਇੱਕ ਸੰਧੀ ਹੋਈ ਸੀ ਕਿ ਕਸ਼ਮੀਰ ਦੀ ਜਿੱਤ ਪਿੱਛੋਂ ਫਤਿਹ ਖ਼ਾਂ ਮੁਲਤਾਨ ਦੀ ਜਿੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕਰੇਗਾ । ਮਹਾਰਾਜਾ ਰਣਜੀਤ ਸਿੰਘ ਉਸ ਦੇ ਬਦਲੇ ਫਤਿਹ ਖ਼ਾਂ ਨੂੰ ਅਟਕ ਜਿੱਤਣ ਵਿੱਚ ਸਹਿਯੋਗ ਦੇਵੇਗਾ । ਪਰ ਕਸ਼ਮੀਰ ਦੀ ਜਿੱਤ ਤੋਂ ਬਾਅਦ ਫਤਿਹ ਖਾਂ ਨੇ ਸੰਧੀ ਦੀਆਂ ਸ਼ਰਤਾਂ ਨੂੰ ਨਿਭਾਇਆ ਨਹੀਂ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਖ਼ਾਂ ਨੂੰ ਸਬਕ ਸਿਖਾਉਣ ਲਈ ਅਟਕ ਉੱਤੇ ਹਮਲਾ ਕਰਨ ਦਾ ਵਿਚਾਰ ਬਣਾਇਆ। ਉਸ ਤੋਂ ਪਹਿਲਾਂ ਉਸ ਨੇ ਆਪਣੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਨੂੰ ਗੱਲ-ਬਾਤ ਕਰਨ ਲਈ ਅਟਕ ਦੇ ਹਾਕਮ ਜਹਾਂਦਾਰ ਖਾਂ ਕੋਲ ਭੇਜਿਆ। ਜਹਾਂਦਾਰ ਖਾਂ ਅਟਕ ਦਾ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰਨ ਲਈ ਮੰਨ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਉਸ ਦੇ ਬਦਲੇ ਵਿੱਚ ਇੱਕ ਲੱਖ ਰੁਪਏ ਸਾਲਾਨਾ ਆਮਦਨੀ ਦੀ ਜਗੀਰ ਦੇ ਦਿੱਤੀ । ਅਟਕ ਦੇ ਕਿਲ੍ਹੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਨੂੰ ਫਤਿਹ ਖ਼ਾਂ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਵਿਸ਼ਾਲ ਸੈਨਾ ਨਾਲ ਅਟਕ ਵੱਲ ਕੂਚ ਕੀਤਾ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਪੂਰੀ ਤਿਆਰੀ ਕਰ ਕੇ ਜੋਧ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਵਰਗੇ ਸੈਨਾਨਾਇਕ ਅਟਕ ਵੱਲ ਤੋਰ ਦਿੱਤੇ । 26 ਜੂਨ, 1813 ਈ. ਨੂੰ ਹੈਦਰੋ ਦੇ ਸਥਾਨ ‘ਤੇ ਇੱਕ ਘਮਸਾਨ ਦਾ ਯੁੱਧ ਹੋਇਆ। ਇਸ ਨੂੰ ‘ ਛਛ ਦਾ ਯੁੱਧ’ ਵੀ ਕਿਹਾ ਜਾਂਦਾ ਹੈ। ਪਹਿਲਾਂ ਅਫਗਾਨਾਂ ਦਾ ਪੱਲੜਾ ਭਾਰੀ ਸੀ ਪਰ ਅੰਤ ਨੂੰ ਜਿੱਤ ਮਹਾਰਾਜਾ ਦੀ ਫੌਜ ਦੀ ਹੀ ਹੋਈ। ਇਸ ਯੁੱਧ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦਾ ਅਟਕ ਉੱਤੇ ਪੱਕਾ ਅਧਿਕਾਰ ਹੋ ਗਿਆ । ਉਸ ਦੀ ਸ਼ਕਤੀ ਦੀ ਧਾਕ ਵੀ ਜੰਮ ਗਈ । ਇਸ ਜਿੱਤ ਨਾਲ ਮਹਾਰਾਜਾ ਲਈ ਅਫ਼ਗਾਨਾਂ ਦੇ ਬਾਕੀ ਮਹੱਤਵਪੂਰਨ ਪ੍ਰਦੇਸ਼ਾਂ ਨੂੰ ਜਿੱਤਣ ਵਿੱਚ ਸੌਖ ਹੋ ਗਈ।
ਪ੍ਰ.8.ਸਿੰਧ ਦੇ ਪ੍ਰਸ਼ਨ ਬਾਰੇ ਲਿਖੋ ।
ਉੱਤਰ-ਸਿੰਧ ਪੰਜਾਬ ਦੇ ਦੱਖਣ-ਪੱਛਮ ਵਿੱਚ ਸਿੰਧ ਦਰਿਆ ਦੇ ਦੋਵੇਂ ਪਾਸੇ ਸਥਿੱਤ ਅਤਿ ਮਹੱਤਵਪੂਰਨ ਪ੍ਰਦੇਸ਼ ਹੈ । ਸਿੰਧ ਦੇ ਆਲੇ- ਦੁਆਲੇ ਦੇ ਪ੍ਰਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫੈਸਲਾ ਕੀਤਾ । ਪਰ ਭਾਰਤ ਦੇ ਗਵਰਨਰ ਜਨਰਲ ਨੇ ਮਹਾਰਾਜਾ ਰਣਜੀਤ ਸਿੰਘ ‘ਤੇ ਰੋਕ ਲਾਉਣ ਲਈ ਰੋਪੜ ਵਿਖੇ ਉਸ ਨਾਲ ਮੁਲਾਕਾਤ ਰੱਖ ਲਈ, 26 ਅਕਤੂਬਰ, 1831 ਈ : ਵਿੱਚ ਹੋਈ । ਦੂਸਰੇ ਪਾਸੇ ਗਵਰਨਰ-ਜਨਰਲ ਨੇ ਕਰਨਲ ਪੋਂਟਿੰਗਰ ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸੰਧੀ ਕਰਨ ਲਈ ਭੇਜ ਦਿੱਤਾ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸਮਝੌਤਾ ਕਰ ਲਿਆ ਹੈ ਤਾਂ ਉਸ ਨੂੰ ਬੜਾ ਦੁੱਖ ਹੋਇਆ।
ਪ੍ਰ.9.ਸ਼ਿਕਾਰਪੁਰ ਦਾ ਪ੍ਰਸ਼ਨ ਕੀ ਸੀ ?
ਉੱਤਰ -ਸਿੰਧ ਉੱਤੇ ਤਿੰਨ ਅਮੀਰਾਂ ਦਾ ਸਾਂਝਾ ਅਧਿਕਾਰ ਸੀ । 1834 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਿਕਾਰਪੁਰ ਦੇ ਮਜ਼ਾਰੀ ਕਬੀਲੇ ਦੇ ਖਿਲਾਫ਼ ਮੁਹਿੰਮ ਭੇਜੀ, ਕਿਉਂਕਿ ਉਸ ਕਬੀਲੇ ਨੇ ਸਿੱਖ ਇਲਾਕਿਆਂ ਵਿੱਚ ਲੁੱਟ ਮਾਰ ਕੀਤੀ ਸੀ । 1836 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਰਾਜਕੁਮਾਰ ਖੜਕ ਸਿੰਘ ਦੀ ਕਮਾਨ ਹੇਠ ਮਜ਼ਾਰੀ ਕਬੀਲਿਆਂ ਦੇ ਖਿਲਾਫ਼ ਸੈਨਾ ਭੇਜੀ ਕਿਉਂਕਿ ਉਹ ਅਜੇ ਵੀ ਸਿੱਖ ਇਲਾਕਿਆਂ ਵਿੱਚ ਲੁੱਟਾਂ ਮਾਰਾਂ ਕਰਨੋਂ ਨਹੀਂ ਸਨ ਹਟੇ। ਸਿੱਖ ਸੈਨਾ ਨੇ ਮਜ਼ਾਰੀਆ ਦੇ ਪ੍ਰਦੇਸ਼ ਉੱਤੇ ਕਬਜ਼ਾ ਕਰ ਲਿਆ। ਜਦੋਂ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਖੜਕ ਸਿੰਘ ਨੂੰ ਉੱਥੇ ਭੇਜਣਾ ਚਾਹਿਆ ਤਾਂ ਗਵਰਨਰ-ਜਨਰਲ ਆਕਲੈਂਡ ( Lord Auckland ) ਨੇ ਮਹਾਰਾਜਾ ਨੂੰ ਰੋਕ ਦਿੱਤਾ । ਇਸ ਤਰ੍ਹਾਂ ਮਹਾਰਾਜਾ ਨੂੰ ਨਾਂ ਤਾਂ ਸ਼ਿਕਾਰਪੁਰ ਮਿਲ ਸਕਿਆ ਅਤੇ ਨਾ ਹੀ ਵਾਰਸ਼ਕ ਕਰ। ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ।
ਪ੍ਰ.10.ਫਿਰੋਜ਼ਪੁਰ ਦਾ ਪ੍ਰਸ਼ਨ ਕੀ ਸੀ ?
ਉੱਤਰ -ਸਤਲੁਜ ਅਤੇ ਬਿਆਸ ਦੇ ਸੰਗਮ ਦੇ ਨੇੜੇ ਸਥਿੱਤ, ਫਿਰੋਜ਼ਪੁਰ ਇੱਕ ਵਿਸ਼ੇਸ਼ ਮਹੱਤਵਪੂਰਨ ਸ਼ਹਿਰ ਸੀ । ਅੰਗਰੇਜ਼ਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਹ ਉਸ ਉੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਬਜਾ ਨਹੀਂ ਕਰਨ ਦੇਣਗੇ । ਜਦੋਂ ਭਾਰਤ ਵਿੱਚ ਅੰਗਰੇਜ਼ ਸਾਮਰਾਜ ਦਾ ਵਿਸਥਾਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਉਸ ਦੀ ਰੱਖਿਆ ਲਈ ਮਈ, 1835 ਈ : ਵਿੱਚ ਫਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੀ ਇਸ ਕਾਰਵਾਈ ਤੋਂ ਗੁੱਸੇ ਹੋ ਗਏ । ਉਹਨਾਂ ਦੇ ਦਰਬਾਰੀਆਂ ਨੇ ਵੀ ਅੰਗਰੇਜ਼ਾਂ ਦੀ ਇਸ ਕਾਰਵਾਈ ਦਾ ਖੁੱਲ੍ਹੇ ਰੂਪ ਵਿੱਚ ਵਿਰੋਧ ਕੀਤਾ । 1838 ਈ : ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਨੂੰ ਛਾਉਣੀ ਬਣਾ ਕੇ ਉਸ ਵਿੱਚ ਆਪਣੀ ਸੈਨਾ ਦਾ ਉਤਾਰਾ ਵੀ ਕਰਵਾ ਦਿੱਤਾ।
ੲ) ਹੇਠਾਂ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਲਗਭਗ 100-120 ਸ਼ਬਦਾਂ ਵਿੱਚ ਦਿਓ:-
ਪ੍ਰ.1.ਮਹਾਰਾਜਾ ਰਣਜੀਤ ਸਿੰਘ ਨੇ ਕਮਜ਼ੋਰ ਰਿਆਸਤਾਂ ਨੂੰ ਕਿਵੇਂ ਜਿੱਤਿਆ ?
ਉੱਤਰ-ਮਹਾਰਾਜਾ ਰਣਜੀਤ ਸਿੰਘ ਨੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾ ਗੰਢ ਲਈ ਅਤੇ ਉਹਨਾਂ ਦੀ ਸਹਾਇਤਾ ਨਾਲ ਕਮਜ਼ੋਰ ਮਿਸਲਾਂ ਨੂੰ ਆਪਣੇ ਅਧੀਨ ਕਰ ਲਿਆ।
1. ਡੱਲੇਵਾਲੀਆ ਮਿਸਲ ‘ਤੇ ਅਧਿਕਾਰ- ਡੱਲੇਵਾਲੀਆ ਮਿਸਲ ਦਾ ਨੇਤਾ ਤਾਰਾ ਸਿੰਘ ਘੇਬਾ ਸੀ । ਜਦੋਂ ਤੱਕ ਉਹ ਜਿਉਂਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਿਸਲ ‘ਤੇ ਕਬਜ਼ਾ ਨਹੀਂ ਕੀਤਾ । 1807 ਵਿੱਚ ਉਸਦੀ ਮੌਤ ਤੋਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਨੇ ਰਾਹੋਂ ‘ਤੇ ਹਮਲਾ ਕਰ ਦਿੱਤਾ । ਤਾਰਾ ਸਿੰਘ ਘੇਬਾ ਦੀ ਵਿਧਵਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਕੀਤਾ ਪਰ ਹਾਰ ਗਈ । ਮਹਾਰਾਜਾ ਰਣਜੀਤ ਸਿੰਘ ਨੇ ਉਸ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ।
2.ਕਰੋੜ ਸਿੰਘੀਆ ਮਿਸਲ ਤੇ ਕਬਜ਼ਾ –1809 ਈ. ਵਿੱਚ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਚਲਾਣਾ ਕਰ ਗਿਆ। ਉਸ ਦੀ ਮੌਤ ਦਾ ਪਤਾ ਲੱਗਣ ‘ਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੇ ਇਲਾਕੇ ਵੱਲ ਆਪਣੀ ਸੈਨਾਭੇਜ ਦਿੱਤੀ । ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ (ਰਾਮ ਕੌਰ ਅਤੇ ਰਾਜ ਕੌਰ) ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਬਹੁਤਾ ਚਿਰ ਟਾਕਰਾ ਨਾ ਕਰ ਸਕੀਆਂ। ਸਿੱਟੇ ਵਜੋਂ ਉਸ ਮਿਸਲ ਦੇ ਨਵਾਂ ਸ਼ਹਿਰ, ਰੁੜਕਾ ਆਦਿ ਪ੍ਰਦੇਸ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਿਲ ਗਏ।
3.ਨਕੱਈ ਮਿਸਲ ‘ਤੇ ਕਬਜ਼ਾ- 1807 ਈ. ਵਿੱਚ ਮਹਾਰਾਜਾ ਦੀ ਰਾਣੀ ਰਾਜ ਕੌਰ ਦਾ ਭਤੀਜਾ ਕਾਹਨ ਸਿੰਘ ਨਕਈ ਮਿਸਲ ਦਾ ਸਰਦਾਰ ਬਣਿਆ । ਮਹਾਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਰਾਜ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਿਆ। ਪਰ ਉਹ ਸਦਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਹੁਕਮ –ਅਦੂਲੀ ਕਰਦਾ ਰਿਹਾ। ਅੰਤ ਨੂੰ 1810 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਦੀ ਆਗਵਾਈ ਵਿੱਚ ਉਸ ਵਿਰੁੱਧ ਸੈਨਾ ਭੇਜੀ । ਮੋਹਕਮ ਚੰਦ ਨੇ ਛੇਤੀ ਹੀ ਉਸ ਮਿਸਲ ਦੇ ਚੂਨੀਆਂ, ਸ਼ਰਕਪੁਰ, ਕੋਟ ਕਮਾਲੀਆ ਆਦਿ ਇਲਾਕਿਆਂ ਉੱਤ ਅਧਿਕਾਰ ਕਰ ਲਿਆ। ਕਾਹਨ ਸਿੰਘ ਨੂੰ ਗੁਜ਼ਾਰੇ ਲਈ 20,000 ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਦਿੱਤੀ ਗਈ।
4. ਫੈਜ਼ਲਪੁਰੀਆ ਮਿਸਲ ਦੇ ਇਲਾਕਿਆਂ ਉੱਤੇ ਕਬਜ਼ਾ – 1811 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰ ਦੇਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਆਪਣੀ ਸੈਨਾ ਭੇਜੀ । ਫਤਿਹ ਸਿੰਘ ਆਹਲੂਵਾਲੀਆ ਅਤੇ ਜੋਧ ਸਿੰਘ ਰਾਮਗੜ੍ਹੀਆ ਨੇ ਉਸ ਦਾ ਸਾਥ ਦਿੱਤਾ। ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਭੱਜ ਕੇ ਜਾਨ ਬਚਾਈ । ਸਿੱਟੇ ਵਜੋਂ ਉਸ ਮਿਸਲ ਦੇ ਜਲੰਧਰ, ਬਹਿਰਾਮਪੁਰ, ਪੱਟੀ ਆਦਿ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ।
ਪ੍ਰ.2.ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਵਰਣਨ ਕਰੋ ।
ਉੱਤਰ:- ਮੁਲਤਾਨ ਦੀ ਜਿੱਤ, ਜੂਨ 1818 ਈ : ਮੁਲਤਾਨ ਦਾ ਇਲਾਕਾ ਆਰਥਿਕ ਅਤੇ ਸੈਨਿਕ ਦ੍ਰਿਸ਼ਟੀ ਦੇ ਪੱਖੋਂ ਬੜਾ ਹੀ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ 1802 ਈ : ਵਿੱਚ ਮੁਲਤਾਨ ਉੱਤੇ ਪਹਿਲਾ ਹਮਲਾ ਕੀਤਾ । ਉੱਥੋਂ ਦੇ ਹਾਕਮ ਨਵਾਬ ਮੁਜ਼ੱਫਰ ਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਾਨੇ ਵਜੋਂ ਰਕਮ ਦੇ ਕੇ ਵਾਪਸ ਭੇਜ ਦਿੱਤਾ । ਮੁਲਤਾਨ ਦੇ ਨਵਾਬ ਨੇ ਆਪਣੇ ਵਾਅਦੇ ਮੁਤਾਬਕ ਜਦੋਂ ਸਲਾਨਾ ਕਰ ਨਾ ਭੇਜਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ 1805 ਈ : ਨੂੰ ਫਿਰ ਮੁਲਤਾਨ ‘ ਤੇ ਹਮਲਾ ਕਰ ਦਿੱਤਾ। ਪਰ ਮਰਾਠਾ ਸਰਦਾਰ ਜਸਵੰਤ ਰਾਉ ਹੋਲਕਰ ਕੇ ਆਪਣੀ ਸੈਨਾ ਨਾਲ ਪੰਜਾਬ ਵਿੱਚ ਆਉਣ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵਾਪਸ ਜਾਣਾ ਪਿਆ। 1807 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਤੀਸਰਾ ਹਮਲਾ ਕੀਤਾ । ਸਿੱਖ ਸੈਨਾ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਪਰ ਬਹਾਵਲਪੁਰ ਦੇ ਨਵਾਬ ਬਹਾਵਲ ਖਾਂ ਨੇ ਵਿੱਚ ਪੈ ਕੇ ਮਹਾਰਾਜਾ ਰਣਜੀਤ ਸਿੰਘ ਅਤੇ ਨਵਾਬ ਮੁਜ਼ੱਫਰ ਖਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ । 24 ਫਰਵਰੀ 1810 ਈ : ਨੂੰ ਮਹਾਰਾਜਾ ਦੀ ਫ਼ੌਜ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। 25 ਫਰਵਰੀ ਨੂੰ ਸਿੱਖਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਵੀ ਘੇਰੇ ਵਿੱਚ ਲੈ ਲਿਆ। ਪਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸੈਨਿਕਾਂ ਦੇ ਨੁਕਸਾਨ ਹੋਣ ਕਰ ਕੇ ਅਤੇ ਮੋਹਕਮ ਚੰਦ ਦੇ ਬਿਮਾਰ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਲ੍ਹੇ ਦਾ ਘੇਰਾ ਚੁੱਕਣਾ ਪਿਆ। 1816 ਈ . ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੀ ਸੈਨਾ ਸਹਿਤ ਮੁਲਤਾਨ ਅਤੇ ਬਹਾਵਲਪੁਰ ਦੇ ਹਾਕਮਾਂ ਤੋਂ ਕਰ ਵਸੂਲ ਕਰਨ ਲਈ ਭੇਜਿਆ । ਉਸ ਨੇ ਮੁਲਤਾਨ ਦੇ ਬਾਹਰਲੇ ਕੁਝ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ। ਮੁਲਤਾਨ ਦੇ ਨਵਾਬ ਨੇ ਤੁਰੰਤ ਫੂਲਾ ਸਿੰਘ ਨਾਲ ਸਮਝੌਤਾ ਕਰ ਲਿਆ। 1817 ਈ. ਵਿੱਚ ਭਵਾਨੀ ਦਾਸ ਨੇ ਮੁਲਤਾਨ ਉੱਤੇ ਹਮਲਾ ਕੀਤਾ। ਉਸ ਨੂੰ ਕੋਈ ਸਫ਼ਲਤਾ ਨਾ ਮਿਲੀ । ਇਸ ਤੇ ਜਨਵਰੀ 1818 ਈ : ਨੂੰ 20,000 ਸੈਨਿਕਾਂ ਸਹਿਤ ਮਿਸਰ ਦੀਵਾਨ ਚੰਦ ਨੇ ਮੁਲਤਾਨ ਉੱਤੇ ਹਮਲਾ ਕੀਤਾ । ਨਵਾਬ ਮੁਜ਼ਫੱਰ ਖਾਂ 2,000 ਸੈਨਿਕਾਂ ਸਹਿਤ ਕਿਲ੍ਹੇ ਦੇ ਅੰਦਰ ਚਲਾਗਿਆ। ਸਿੱਖ ਸੈਨਿਕਾਂ ਨੇ ਸ਼ਹਿਰ ਨੂੰ ਜਿੱਤਣ ਉਪਰੰਤ ਕਿਲ੍ਹੇ ਨੂੰ ਘੇਰੇ ਵਿੱਚ ਲੈ ਲਿਆ। ਘੇਰਾ ਲੰਮਾ ਸਮਾਂ ਚੱਲਿਆ। ਅੰਤ ਨੂੰ ਸਾਧੂ ਸਿੰਘ ਆਪਣੇ ਸਾਥੀਆਂ ਨਾਲ ਕਿਲ੍ਹੇ ਅੰਦਰ ਚਲਿਆ ਗਿਆ ਅਤੇ 1818 ਈ : ਨੂੰ ਸਿੱਖਾਂ ਨੇ ਮੁਲਤਾਨ ਜਿੱਤ ਲਿਆ । ਮੁਲਤਾਨ ਦਾ ਸਿਵਲ ਪ੍ਰਬੰਧ ਸੁਖਦਿਆਲ ਨੂੰ ਸੌਂਪ ਦਿੱਤਾ। ਸੈਨਿਕ ਪ੍ਰਬੰਧ ਬਾਜ ਸਿੰਘ ਨੂੰ ਸੰਭਾਲਿਆ ਗਿਆ। ਖੁਸ਼ਹਾਲ ਸਿੰਘ ਨੂੰ ਮੁਲਤਾਨ ਦਾ ਪੁਲਿਸ ਪ੍ਰਬੰਧ ਸੰਭਾਲਿਆ। ਦੀਵਾਨ ਸਾਵਨ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਮੁਲਤਾਨ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵਧਿਆ। ਦੂਜੇ ਪਾਸੇ ਦੱਖਣੀ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਵੱਡੀ ਸੱਟ ਲੱਗੀ । ਡੇਰਾ ਜਾਤ ਅਤੇ ਬਹਾਵਲਪੁਰ ਦੇ ਦਾਊਦ ਪੁੱਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ। ਆਰਥਿਕ ਤੌਰ ‘ਤੇ ਵੀ ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਲਾਭਦਾਇਕ ਸਿੱਧ ਹੋਈ, ਉਸ ਦੇ ਵਪਾਰ ਵਿੱਚ ਵਾਧਾ ਹੋਇਆ। ਇਸ ਜਿੱਤ ਨਾਲ ਹੋਰ ਇਲਾਕੇ ਜਿੱਤਣ ਲਈ ਹੀ ਮਹਾਰਾਜਾ ਰਣਜੀਤ ਸਿੰਘ ਦਾ ਉਤਸ਼ਾਹ ਵਧਿਆ।
ਪ੍ਰ.3.ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਦਾ ਵਰਣਨ ਕਰੋ ।
ਉੱਤਰ- ਕਸ਼ਮੀਰ ਦੀ ਜਿੱਤ 5 ਜੁਲਾਈ, 1819 ਈ : ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਕਾਰਨ ‘ਪੂਰਬ ਦਾ ਸਵਰਗ’ ਦੇ ਨਾਂ ਨਾਲ ਪ੍ਰਸਿੱਧ ਸੀ। ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਦੀ ਸੁੰਦਰ ਘਾਟੀ ਨੂੰ ਜਿੱਤਣ ਦਾ ਬੜਾ ਚਾਹਵਾਨ ਸੀ । 1811-12 ਈ . ਵਿੱਚ ਉਸ ਨੇ ਕਸ਼ਮੀਰ ਨੇੜੇ ਸਥਿੱਤ ਭੰਬਰ ਅਤੇ ਰਾਜੌਰੀ ਦੀਆਂ ਰਿਆਸਤਾਂ ਉੱਤੇ ਅਧਿਕਾਰ ਕਰ ਲਿਆ। ਹੁਣ ਮਹਾਰਾਜਾ ਰਣਜੀਤ ਸਿੰਘ ਅੱਗੇ ਵੱਧ ਕੇ ਕਸ਼ਮੀਰ ਘਾਟੀ ‘ਤੇ ਅਧਿਕਾਰ ਕਰਨਾ ਚਾਹੁੰਦਾ ਸੀ । ਉਸ ਹੀ ਸਮੇਂ ਕਾਬਲ ਦੇ ਵਜ਼ੀਰ ਫਤਿਹ ਖਾਂ ਬਕਰਜਾਈ ਨੇ ਵੀ ਕਸ਼ਮੀਰ ਉਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਸ ਤੇ 1813 ਈ . ਵਿੱਚ ਜਿਹਲਮ ਦਰਿਆ ਦੇ ਕੰਢੇ ਰੋਹਤਾਸ ਨਾਮੀ ਸਥਾਨ ‘ਤੇ ਫਤਿਹ ਖ਼ਾਂ ਅਤੇ ਰਣਜੀਤ ਸਿੰਘ ਵਿਚਕਾਰ ਸਮਝੌਤਾ ਹੋ ਗਿਆ ਕਿ ਦੋਹਾਂ ਧਿਰਾਂ ਦੀਆਂ ਫੌਜਾਂ ਇੱਕਠੀਆਂ ਹੀ ਕਸ਼ਮੀਰ ‘ ਤੇ ਹਮਲਾ ਕਰਨਗੀਆਂ । ਕਸ਼ਮੀਰ ਦੀ ਜਿੱਤ ਪਿੱਛੋਂ, ਕਾਬਲ ਦਾ ਵਜ਼ੀਰ ਫਤਿਹ ਖਾਂ ਮੁਲਤਾਨ ਦੀ ਜਿੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕਰੇਗਾ । ਮਹਾਰਾਜਾ ਰਣਜੀਤ ਸਿੰਘ ਅਟਕ ਜਿੱਤਣ ਵਿੱਚ ਫਤਿਹ ਖਾਂ ਦੀ ਸਹਾਇਤਾ ਕਰੇਗਾ । ਜਿੱਤੇ ਹੋਏ ਇਲਕਿਆਂ ਅਤੇ ਲੁੱਟਮਾਰ ਦੇ ਮਾਲ ਵਿੱਚੋਂ ਤੀਜਾ ਹਿੱਸਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੇਗਾ । ਸਮਝੌਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ 12,0੦੦ ਸੈਨਿਕ ਕਸ਼ਮੀਰ ਦੀ ਮੁਹਿੰਮ ਵਿੱਚ ਫਤਿਹ ਖਾਂ ਦਾ ਸਾਥ ਦੇਣ ਲਈ ਭੇਜ ਦਿੱਤੇ । ਪਰ ਫਤਿਹ ਖਾਂ ਚੁਸਤੀ ਨਾਲ ਸਿੱਖ ਸੈਨਾ ਨੂੰ ਪਿੱਛੇ ਹੀ ਛੱਡ ਗਿਆ। ਅੱਗੇ ਵਧ ਕੇ ਕਸ਼ਮੀਰ ਘਾਟੀ ਵਿੱਚ ਜਾ ਦਾਖ਼ਲ ਹੋਇਆ। ਕਸ਼ਮੀਰ ਦੇ ਹਾਕਮ ਅੱਤਾ ਮੁਹੰਮਦ ਨੇ ਸ਼ੇਰਗੜ ਦੇ ਸਥਾਨ ‘ਤੇ ਵੈਰੀ ਦਾ ਟਾਕਰਾ ਕੀਤਾ । ਪਰ ਫਤਿਹ ਖ਼ਾਂ ਨੇ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਹੀ ਉਸ ਨੂੰ ਹਰਾ ਦਿੱਤਾ । ਇਸ ਤਰ੍ਹਾਂ ਫਤਿਹ ਖ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ । ਜੂਨ, 1814 ਈ : ਨੂੰ ਰਾਮ ਦਿਆਲ ਨੇ ਸਿੱਖ ਸੈਨਾ ਦੀ ਕਮਾਨ ਸੰਭਾਲ ਕੇ ਕਸ਼ਮੀਰ ਉੱਤੇ ਚੜ੍ਹਾਈ ਕਰ ਦਿੱਤੀ । ਉਸ ਸਮੇਂ ਕਸ਼ਮੀਰ ਦਾ ਸੂਬੇਦਾਰ ਆਜ਼ਮ ਖ਼ਾ ਸੀ । ਉਹ ਫ਼ਤਹਿ ਖ਼ਾਂ ਦਾ ਭਰਾ ਸੀ । ਉਹ ਇੱਕ ਸੂਰਬੀਰ ਅਤੇ ਯੋਗ ਸੈਨਾਨਾਇਕ ਸੀ । ਜਦੋਂ ਰਾਮ ਦਿਆਲ ਦੀ ਸੈਨਾ ਨੇ ਪੀਰ ਪੰਚਾਲ ਦੇ ਦੱਰੇ ਨੂੰ ਪਾਰ ਕਰ ਕੇ ਕਸ਼ਮੀਰ ਘਾਟੀ ਵਿੱਚ ਪ੍ਰਵੇਸ਼ ਕੀਤਾ ਤਾਂ ਆਜ਼ਿਮ ਖ਼ਾਂ ਨੇ ਥੱਕੀ ਹੋਈ ਸਿੱਖ ਸੈਨਾ ਉੱਤੇ ਧਾਵਾ ਬੋਲ ਦਿੱਤਾ । ਪਰ ਰਾਮ ਦਿਆਲ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ । ਅੰਤ ਨੂੰ ਆਜਿਮ ਅਤੇ ਰਾਮ ਦਿਆਲ ਵਿਚਕਾਰ ਸਮਝੌਤਾ ਹੋ ਗਿਆ ਮਿਸਰ ਦੀਵਾਨ ਚੰਦ 1819 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਢੁਕਵਾਂ ਮੌਕਾ ਮਿਲ ਗਿਆ। ਕਸ਼ਮੀਰ ਦਾ ਸੂਬੇਦਾਰ ਆਜ਼ਮ ਖ਼ਾਂ ਅਫ਼ਗਾਨਿਸਤਾਨ ਦਰਬਾਰ ਦੇ ਲੜਾਈ ਝਗੜਿਆਂ ਵਿੱਚ ਹਿੱਸਾ ਲੈਣ ਲਈ ਕਾਬਲ ਚਲਾ ਗਿਆ। ਉਸ ਨੇ ਜੱਬਰ ਖ਼ਾਂ ਨੂੰ ਕਾਰਜਕਾਰੀ ਸੂਬੇਦਾਰ ਨਿਯੁਕਤ ਕਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਇਸ ਅਵਸਥਾ ਦਾ ਪੂਰਾ ਲਾਭ ਉਠਾਉਣ ਲਈ ਮਿਸਰ ਦੀਵਾਨ ਚੰਦ ਨੂੰ, 12,000 ਸੈਨਿਕਾਂ ਨਾਲ ਕਸ਼ਮੀਰ ਜਿੱਤਣ ਲਈ ਭੇਜਿਆ। ਉਸ ਦੀ ਸਹਾਇਤਾ ਲਈ ਖੜਕ ਸਿੰਘ ਦੀ ਅਗਵਾਈ ਵਿੱਚ ਦੂਸਰਾ ਸੈਨਿਕ ਦਸਤਾ ਭੇਜਿਆ ਗਿਆ। ਮਹਾਰਾਜਾ ਰਣਜੀਤ ਸਿੰਘ ਆਪ ਵੀ ਤੀਜਾ ਦਸਤਾ ਲੈਕੇ ਵਜ਼ੀਰਾਬਾਦ ਚਲਿਆ ਗਿਆ। ਮਈ ਵਿੱਚ ਮਿਸਰ ਦੀਵਾਨ ਚੰਦ ਨੇ ਭੰਬਰ ਪਹੁੰਚ ਕੇ ਰਾਜੌਰੀ, ਪੁੰਛ ਅਤੇ ਪੀਰ ਪੰਚਾਲ ਉੱਤੇ ਕਬਜ਼ਾ ਕਰ ਲਿਆ। ਪੀਰ ਪੰਚਾਲ ਤੋਂ ਦੀਵਾਨ ਚੰਦ ਦੀ ਸੈਨਾ ਕਸ਼ਮੀਰ ਵਿੱਚ ਦਾਖ਼ਲ ਹੋਈ। ਜੱਬਰ ਖ਼ਾਂ ਨੇ ਸ਼ੋਪੀਆਂ ( ਸਪਾਧਨ ) ਨਾਮੀ ਸਥਾਨ ਉੱਤੇ ਸਿੱਖਾਂ ਦਾ ਡੱਟ ਕੇ ਮੁਕਾਬਲਾ ਕੀਤਾ । ਸਿੱਖ ਸੈਨਾ ਨੇ 5 ਜੁਲਾਈ, 1819 ਈ : ਨੂੰ ਸ੍ਰੀ ਨਗਰ, ਸ਼ੇਰਗੜ੍ਹ ਅਤੇ ਆਜ਼ਮਗੜ੍ਹ ਦੇ ਕਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕਰ ਦੇਣ ਦਾ ਐਲਾਨ ਕਰ ਦਿੱਤਾ। ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ । ਕਸ਼ਮੀਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਇਕਬਾਲ ਵਿੱਚ ਵਾਧਾ ਹੋਇਆ। ਇਸ ਜਿੱਤ ਨਾਲ ਮਹਾਰਾਜਾ ਨੂੰ 36 ਲੱਖ ਰੁਪਏ ਦੀ ਸਾਲਾਨਾ ਆਮਦਨ ਹੋਈ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਰਥਿਕ ਲਾਭ ਤਾਂ ਹੋਇਆ ਸੀ, ਪਰ ਅਫ਼ਗਾਨਾਂ ਦੀ ਸ਼ਕਤੀ ਨੂੰ ਵੀ ਕਰਾਰੀ ਸੱਟ ਲੱਗੀ।
ਪ੍ਰ.4.ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਦਾ ਹਾਲ ਲਿਖੋ ।
ਉੱਤਰ-ਪੰਜਾਬ ਦੇ ਉੱਤਰ- ਪੱਛਮ ਵਿੱਚ ਸਿੰਧ ਦਰਿਆ ਦੇ ਪਾਰ ਸਥਿੱਤ, ਪੇਸ਼ਾਵਰ ਆਪਣੀ ਭੂਗੋਲਿਕ ਸਥਿਤੀ ਕਾਰਨ ਅਤੇ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਪ੍ਰਦੇਸ਼ ਸੀ । ਮਹਾਰਾਜਾ ਰਣਜੀਤ ਸਿੰਘ ਪੇਸ਼ਾਵਰ ਦੇ ਮਹੱਤਵ ਨੂੰ ਸਮਝਦੇ ਹੋਏ ਉਸ ਨੂੰ ਜਿੱਤ ਕੇ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ । 1818 ਈ. ਵਿੱਚ ਕਾਬਲ ਦੇ ਦਰਬਾਰ ਵਿੱਚ ਲੜਾਈ – ਝਗੜੇ ਸ਼ੁਰੂ ਹੋ ਜਾਣ ਕਰ ਕੇ ਮਹਾਰਾਜਾ ਨੂੰ ਪਿਸ਼ਵਾਰ ਉੱਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਉਸ ਨੇ 15 ਅਕਤੂਬਰ ਨੂੰ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੂੰ ਲੈ ਕੇ ਲਾਹੌਰ ਤੋਂ ਪਿਸ਼ਾਵਰ ਵੱਲ ਕੂਚ ਕੀਤਾ । ਉਸ ਦੀ ਸੈਨਾ ਦਾ ਖਟਕ ਕਬੀਲੇ ਦੇ ਲੋਕਾਂ ਨੇ ਵਿਰੋਧ ਕੀਤਾ। ਪਰ ਸਿੱਖਾਂ ਨੇ ਉਹਨਾਂ ਨੂੰ ਹਰਾ ਕੇ ਖੈਰਾਬਾਦ ਅਤੇ ਜਹਾਂਗੀਰ ਨਾਮੀ ਕਿਲ੍ਹਿਆਂ ਉੱਤੇ ਅਧਿਕਾਰ ਕਰ ਲਿਆ। ਫਿਰ ਸਿੱਖ ਸੈਨਾ ਪਿਸ਼ਾਵਰ ਵੱਲ ਵੱਧੀ । ਉਸ ਵੇਲੇ ਪਿਸ਼ਾਵਰ ਦਾ ਹਾਕਮ ਯਾਰ ਮੁਹੰਮਦ ਖ਼ਾਂ ਸੀ । ਉਹ ਪਿਸ਼ਾਵਰ ਛੱਡ ਕੇ ਭੱਜ ਗਿਆ। ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ 20 ਨਵੰਬਰ, 1818 ਈ. ਨੂੰ ਮਹਾਰਾਜਾ ਨੇ ਪਿਸ਼ਾਵਰ ‘ਤੇ ਅਧਿਕਾਰ ਕਰ ਲਿਆ। ਪਰ ਮਹਾਰਾਜਾ ਨੇ ਪਿਸ਼ਾਵਰ ਨੂੰ ਅਜੇ ਪੱਕੇ ਤੌਰ ‘ਤੇ ਆਪਣੇ ਅਧੀਨ ਰੱਖਣਾ ਠੀਕ ਨਾ ਸਮਝਿਆ । ਉਸ ਨੇ ਅਟਕ ਦੇ ਪਹਿਲੇ ਹਾਕਮ ਜਹਾਂਦਾਦ ਖ਼ਾਂ ਨੂੰ ਪਿਸ਼ਾਵਰ ਦਾ ਸੂਬੇਦਾਰ ਬਣਾ ਕੇ ਆਪ ਲਾਹੌਰ ਵੱਲ ਚਾਲੇ ਪਾ ਦਿੱਤੇ। ਜਦੋਂ ਸਿੱਖ ਸੈਨਾ ਪਿਸ਼ਾਵਰ ਤੋਂ ਲਾਹੌਰ ਚਲੀ ਗਈ ਤਾਂ ਯਾਰ ਮੁਹੰਮਦ ਫਿਰ ਪਿਸ਼ਾਵਰ ਉੱਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਗਿਆ। ਇਸ ਗੱਲ ਦਾ ਪਤਾ ਲੱਗਣ ‘ਤੇ ਮਹਾਰਾਜਾ ਨੇ ਰਾਜਕੁਮਾਰ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਵਿੱਚ 12,000 ਸੈਨਿਕਾਂ ਦੀ ਵਿਸ਼ਾਲ ਸੈਨਾ ਪਿਸ਼ਾਵਰ ਵੱਲ ਭੇਜੀ । ਯਾਰ ਮੁਹੰਮਦ ਨੇ ਮਹਾਰਾਜਾ ਦੀ ਅਧੀਨਤਾ ਸਵੀਕਾਰ ਕਰ ਲਈ । ਮੁਹੰਮਦ ਆਜ਼ਮ ਖ਼ਾਂ, ਜੋ ਉਸ ਵੇਲੇ ਤੱਕ ਕਾਬੁਲ ਦਾ ਵਜ਼ੀਰ ਬਣ ਚੁੱਕਾ ਸੀ, ਨੇ ਯਾਰ ਮੁਹੰਮਦ ਖ਼ਾਂ ਦੇ ਵਿਰੁੱਧ ਪਿਸ਼ਾਵਰ ਤੇ ਹਮਲਾ ਕਰ ਦਿੱਤਾ । ਆਜ਼ਿਮ ਖਾਂ ਨੇ ਜਨਵਰੀ 1823 ਈ. ਵਿੱਚ ਪਿਸ਼ਾਵਰ ਉੱਤੇ ਅਧਿਕਾਰ ਕਰ ਲਿਆ। ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਸ਼ੇਰ ਸਿੰਘ, ਦੀਵਾਨ ਕਿਰਪਾ ਰਾਮ, ਹਰੀ ਸਿੰਘ ਨਲਵਾ ਅਤੇ ਅਤਰ ਸਿੰਘ ਅਧੀਨ ਵਿਸ਼ਾਲ ਸੈਨਾ ਪਿਸ਼ਾਵਰ ਵੱਲ ਭੇਜੀ । ਆਜ਼ਮ ਖ਼ਾਂ ਨੇ ਸਿੱਖਾਂ ਦੇ ਖਿਲਾਫ ‘ਜਹਾਦ’ ਦਾ ਨਾਅਰਾ ਲਾ ਦਿੱਤਾ। 14 ਮਾਰਚ, 1823 ਈ : ਨੂੰ ਨੌਸ਼ਹਿਰਾ ਨਾਮੀ ਸਥਾਨ ‘ ਤੇ ਸਿੱਖਾਂ ਅਤੇ ਅਫਗਾਨਾਂ ਵਿਚਕਾਰ ਘਮਸਾਨ ਦਾ ਯੁੱਧ ਹੋਇਆ। ਇਸ ਨੂੰ ‘ ਟਿੱਬਾਟੇਹਰੀ ’ ਦਾ ਯੁੱਧ ਵੀ ਕਹਿੰਦੇ ਹਨ। ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ। ਸਿੱਖਾਂ ਦਾ ਹੌਸਲਾ ਵਧਾਉਣ ਲਈ ਮਹਾਰਾਜਾ ਰਣਜੀਤ ਸਿੰਘ ਅੱਗੇ ਵਧਿਆ। ਛੇਤੀ ਹੀ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ । 1827 ਈ : ਤੋਂ 1831 ਈ : ਤੱਕ ਸਯੱਦ ਅਹਿਮਦ ਖਾਂ ਨੇ ਪਿਸ਼ਾਵਰ ਅਤੇ ਉਸ ਦੇ ਆਲੇ – ਦੁਆਲੇ ਦੇ ਪ੍ਰਦੇਸ਼ਾਂ ਵਿੱਚ ਵਿਦਰੋਹ ਕਰ ਦਿੱਤਾ । 1829 ਈ. ਵਿੱਚ ਉਸ ਨੇ ਪਿਸ਼ਾਵਰ ਉੱਤੇ ਹਮਲਾ ਕਰ ਦਿੱਤਾ । ਯਾਰ ਮੁਹੰਮਦ, ਜੋ ਮਹਾਰਾਜਾ ਦੇ ਅਧੀਨ ਸੀ, ਉਸ ਦਾ ਮੁਕਾਬਲਾ ਨਾ ਕਰ ਸਕਿਆ। ਇਸ ਤੇ ਜੂਨ, 1830 ਈ : ਨੂੰ ਹਰੀ ਸਿੰਘ ਨਲਵਾ ਨੇ ਉਸ ਨੂੰ ਸਿੰਧ ਦਰਿਆ ਦੇ ਕੰਢੇ ‘ਤੇ ਹਾਰ ਦਿੱਤੀ । ਸਯੱਦ ਅਹਿਮਦ ਜੋ ਮੁੜ ਕੇ ਉੱਠ ਬੈਠਾ ਸੀ, ਨੂੰ ਮਈ 1831 ਈ. ਵਿੱਚ ਰਾਮਕੁਮਾਰ ਸ਼ੇਰ ਸਿੰਘ ਨੇ ਬਾਲਾਕੋਟ ਦੀ ਲੜਾਈ ਵਿੱਚ ਹਰਾ ਦਿੱਤਾ ਅਤੇ ਉਹ ਮਾਰਿਆ ਵੀ ਗਿਆ। 1831 ਈ : ਪਿੱਛੋਂ ਮਹਾਰਾਜਾ ਰਣਜੀਤ ਸਿੰਘਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ । ਉਸ ਨੇ ਹਰੀ ਸਿੰਘ ਨਲਵਾ ਅਤੇ ਰਾਜਕੁਮਾਰ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ 2,000 ਸੈਨਿਕਾਂ ਦੀ ਫੌਜ ਪਿਸ਼ਾਵਰ ਵੱਲ ਭੇਜੀ । ਸਿੱਟੇ ਵਜੋਂ 6 ਮਈ, 1834 ਈ. ਨੂੰ ਸਿੱਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਵਾਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ । ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਕਾਬਲ ਵਿੱਚ ਦੋਸਤ ਮੁਹੰਮਦ ਖਾਂ ਨੇ 1834 ਈ : ਨੂੰ ਸ਼ਾਹ ਸੁਜਾ ਨੂੰ ਹਰਾ ਕੇ ਸਿੱਖਾਂ ਕੋਲੋਂ ਪਿਸ਼ਾਵਰ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਕਿਉਂਕਿ ਹਰੀ ਸਿੰਘ ਨਲੂਆ ਜਮਰੌਦ ਦੇ ਕਿਲ੍ਹੇ ਦੀ ਉਸਾਰੀ ਕਰਵਾ ਰਿਹਾ ਸੀ, ਇਸ ਲਈ ਯਾਰ ਮੁਹੰਮਦ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਦੀ ਅਗਵਾਈ ਵਿੱਚ 18,000 ਦੀ ਫੌਜ ਸਿੱਖਾਂ ਦੇ ਖਿਲਾਫ਼ ਭੇਜ ਦਿੱਤੀ। ਦੋਹਾਂ ਧਿਰਾਂ ਵਿਚਕਾਰ ਘਮਾਸਾਨ ਦੀ ਲੜਾਈ ਹੋਈ। ਅੰਤ ਨੂੰ ਜਿੱਤ ਸਿੱਖਾਂ ਦੀ ਹੀ ਹੋਈ ।
ਪ੍ਰ.5. ਕਿੰਨਾਂ ਕਿੰਨਾਂ ਮਸਲਿਆਂ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਨਾ ਬਈ ?
ਉੱਤਰ-ਉਂਝ ਭਾਵੇਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧ 1800 ਈ : ਵਿੱਚ ਹੀ ਸ਼ੁਰੂ ਹੋ ਗਏ ਸਨ, ਪਰ ਅਸਲ ਵਿੱਚ ਉਸ ਦੇ ਅੰਗਰੇਜ਼ਾਂ ਨਾਲ ਸੰਬੰਧ 1805-06 ਈ : ਵਿੱਚ ਆਰੰਭ ਹੋਏ । ਅਗਲੇ ਦੋ ਸਾਲਾਂ ਵਿੱਚ ਰਣਜੀਤ ਸਿੰਘ ਨੇ ਸਤਲੁਜ ਪਾਰ ਇਲਾਕਿਆਂ ਉੱਤੇ ਹਮਲੇ ਕੀਤੇ। ਪਰ 1809 ਈ : ਵਿੱਚ ਅੰਗਰੇਜ਼ਾਂ ਤੇ ਮਹਾਰਾਜਾ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋ ਗਈ। ਇਸ ਸੰਧੀ ਨਾਲ ਦਰਿਆ ਸਤਲੁਜ ਨੂੰ ਹੱਦ ਮਿੱਥ ਲਿਆ ਗਿਆ। ਇਸ ਨਾਲ ਮਾਲਵੇ ਦੀਆਂ ਰਿਆਸਤਾਂ ਅੰਗਰੇਜ਼ਾਂ ਦੀ ਰਾਖੀ ਵਿੱਚ ਚਲੀਆਂ ਗਈਆਂ । ਇਸ ਸੰਧੀ ਪਿੱਛੋਂ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਜੋ ਸੰਬੰਧ ਰਹੇ ਉਹਨਾਂ ਦਾ ਵਰਣਨ ਇਸ ਪ੍ਰਕਾਰ ਹੈ :-
*ਬੇਵਸਾਹੀ ਤੇ ਸ਼ੱਕ 1809-1812 ਈ : ਅੰਮ੍ਰਿਤਸਰ ਦੀ ਸੰਧੀ ਰਾਹੀਂ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਵਿਚਕਾਰ ਸਹੀ ਅਰਥਾਂ ਵਿੱਚ ਮਿੱਤਰਤਾ ਸਥਾਪਤ ਨਾ ਹੋ ਸਕੀ। ਲੁਧਿਆਣਾ ਵਿਖੇ ਅੰਗਰੇਜ਼ਾਂ ਨੇ ਸੈਨਿਕ ਚੌਕੀ ਦੀ ਸਥਾਪਨਾ ਕੀਤੀ । ਉਹਨਾਂ ਨੇ ਉੱਥੇ ਪੌਲੀਟੀਕਲ ਏਜੰਸੀ ਵੀ ਸਥਾਪਤ ਕਰ ਲਈ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਅੰਗਰੇਜ਼ਾਂ ਦੇ ਉਦੇਸ਼ ਬਾਰੇ ਬੇਵਸਾਹੀ ਪੈਦਾ ਹੋ ਗਈ। ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਦੇ ਕਿਲ੍ਹੇ ਵਿੱਚ ਮੋਹਕਮ ਚੰਦ ਦੀ ਅਗਵਾਈ ਵਿੱਚ ਵਿਸ਼ਾਲ ਸੈਨਾ ਇੱਕਠੀ ਕਰ ਦਿੱਤੀ। ਇਸ ਨਾਲ ਅੰਗਰੇਜ਼ਾਂ ਨੂੰ ਵੀ ਮਹਾਰਾਜਾ ਦੀ ਮਿੱਤਰਤਾ ਤੋਂ ਵਿਸ਼ਵਾਸ ਨਹੀਂ ਸੀ ਆਉਂਦਾ।
*ਬਧਨੀ ਦਾ ਪ੍ਰਸ਼ਨ – ਸਤਲੁਜ ਦਰਿਆ ਦੇ ਦੱਖਣ ਵਿੱਚ ਬਧਨੀ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਸਦਾ ਕੌਰ ਦਾ ਅਧਿਕਾਰ ਸੀ । 1821 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਕੈਦ ਕਰ ਲਿਆ ਅਤੇ ਉਸ ਦੇ ਇਲਾਕੇ ਨੂੰ ਆਪਣੇ ਅਧਿਕਾਰ ਹੇਠ ਕਰ ਲਿਆ ਕਿਉਂਕਿ ਬਧਨੀ ਸਤਲੁਜ ਦੇ ਦੱਖਣ ਵਿੱਚ ਸੀ ਅਤੇ ਉਹ ਅੰਗਰੇਜ਼ਾਂ ਦੀ ਰਾਖੀ ਵਿੱਚ ਸੀ, ਇਸ ਲਈ ਅੰਗਰੇਜ਼ਾਂ ਨੇ ਆਪਣੀ ਸੈਨਾ ਭੇਜ ਕੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨੂੰ ਵੀ ਉੱਥੋਂ ਕੱਢ ਦਿੱਤਾ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਨੂੰ ਗਲਤ ਦੱਸਿਆ।
* ਆਹਲੂਵਾਲੀਆ ਪ੍ਰਦੇਸ਼ ਦੀ ਸਮੱਸਿਆ –1825 ਈ. ਵਿੱਚ ਫਤਿਹ ਸਿੰਘ ਆਹਲੂਵਾਲੀਆ, ਜਿਸ ਦੇ ਇਲਾਕੇ ਸਤਲੁਜ ਦੇ ਦੋਵੇਂ ਪਾਸੇ ਸਨ, ਮਹਾਰਾਜਾ ਤੋਂ ਤੰਗ ਆ ਕੇ ਸਤਲੁਜ ਪਾਰ ਚਲਾ ਗਿਆ। ਉਸ ਨੇ ਅੰਗਰੇਜ਼ਾਂ ਤੋਂ ਰਾਖੀ ਮੰਗੀ । ਅੰਗਰੇਜ਼ਾਂ ਨੇ ਸਤਲੁਜ ਦੇ ਦੱਖਣ ਵਾਲੇ ਉਸ ਦੇ ਇਲਾਕੇ ਆਪਣੀ ਰਾਖੀ ਵਿੱਚ ਲੈ ਲਏ। ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦੀ ਇਹ ਗੱਲ ਚੰਗੀ ਨਾ ਲੱਗੀ ।
* ਸਿੰਧ ਦਾ ਪ੍ਰਸ਼ਨ – ਸਿੰਧ ਪੰਜਾਬ ਦੇ ਦੱਖਣ -ਪੱਛਮ ਵਿੱਚ ਸਿੰਧ ਦਰਿਆ ਦੇ ਦੋਵੇਂ ਪਾਸੇ ਸਥਿੱਤ ਅਤਿ ਮਹੱਤਵਪੂਰਨ ਪ੍ਰਦੇਸ਼ ਹੈ। ਸਿੰਧ ਦੇ ਆਲੇ – ਦੁਆਲੇ ਦੇ ਪ੍ਰਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫੈਸਲਾ ਕੀਤਾ। ਪਰ ਭਾਰਤ ਦੇ ਗਵਰਨਰ ਜਨਰਲ ਨੇ ਮਹਾਰਾਜਾ ਰਣਜੀਤ ਸਿੰਘ ਤੇ ਰੋਕ ਲਾਉਣ ਲਈ ਰੋਪੜ ਵਿਖੇ ਉਸ ਨਾਲ ਮੁਲਾਕਾਤ ਰੱਖਲਈ, ਜੋ 26 ਅਕਤੂਬਰ, 1831 ਈ : ਵਿੱਚ ਹੋਈ। ਦੂਸਰੇ ਪਾਸੇ ਗਵਰਨਰ ਜਨਰਲ ਨੇ ਕਰਨਲ ਪੋਂਟਿੰਗਰ (Col.Pottinger ) ਨੂੰ – ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ ਦਿੱਤਾ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਕ ਸਮਝੌਤਾ ਕਰ ਲਿਆ ਹੈ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ।
ਸ਼ਿਕਾਰਪੁਰ ਦਾ ਪ੍ਰਸ਼ਨ 1836 ਈ :- ਸਿੰਧ ਉੱਤੇ ਤਿੰਨ ਅਮੀਰਾਂ ਦਾ ਸਾਂਝਾ ਅਧਿਕਾਰ ਸੀ । 1834 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਿਕਾਰਪੁਰ ਦੇ ਮਜ਼ਾਰੀ ਕਬੀਲੇ ਦੇ ਖਿਲਾਫ਼ ਮੁਹਿੰਮ ਭੇਜੀ ਕਿਉਂਕਿ ਉਸ ਕਬੀਲੇ ਨੇ ਸਿੱਖ ਇਲਾਕਿਆਂ ਵਿੱਚ ਲੁੱਟ ਮਾਰ ਕੀਤੀ ਸੀ। 1836 ਈ : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਰਾਜਕੁਮਾਰ ਖੜਕ ਸਿੰਘ ਦੀ ਕਮਾਨ ਹੇਠ ਮਜ਼ਾਰੀ ਕਬੀਲਿਆਂ ਦੇ ਖਿਲਾਫ਼ ਸੈਨਾ ਭੇਜੀ ਕਿਉਂਕਿ ਉਹ ਅਜੇ ਵੀ ਸਿੱਖ ਇਲਾਕਿਆਂ ਵਿੱਚ ਲੁੱਟਾਂ ਮਾਰਾਂ ਕਰਨੋਂ ਨਹੀਂ ਸਨ ਹਟੇ । ਸਿੱਖ ਸੈਨਾ ਨੇ ਮਜ਼ਾਰੀਆ ਦੇ ਪ੍ਰਦੇਸ਼ ਉੱਤੇ ਕਬਜ਼ਾ ਕਰ ਲਿਆ। ਜਦੋਂ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਖੜਕ ਸਿੰਘ ਨੂੰ ਉੱਥੇ ਭੇਜਣਾ ਚਾਹਿਆ ਤਾਂ ਗਵਰਨਰ -ਜਨਰਲ ਆਕਲੈਂਡ ( Lord Auckland ) ਨੇ ਮਹਾਰਾਜਾ ਨੂੰ ਰੋਕ ਦਿੱਤਾ । ਇਸ ਤਰ੍ਹਾਂ ਮਹਾਰਾਜਾ ਨੂੰ ਨਾਂ ਤਾਂ ਸ਼ਿਕਾਰਪੁਰ ਮਿਲ ਸਕਿਆ ਅਤੇ ਨਾ ਹੀ ਵਾਰਸ਼ਕ ਕਰ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸਬੰਧ ਵਿਗੜ ਗਏ।
*ਫ਼ਿਰੋਜਪੁਰ ਦਾ ਸਵਾਲ– ਸਤਲੁਜ ਅਤੇ ਬਿਆਸ ਦੇ ਸੰਗਮ ਦੇ ਨੇੜੇ ਸਥਿੱਤ, ਫਿਰੋਜਪੁਰ ਇੱਕ ਵਿਸ਼ੇਸ਼ ਮਹੱਤਵਪੂਰਨ ਸ਼ਹਿਰ ਸੀ। ਅੰਗਰੇਜ਼ਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਹ ਉਸ ਉੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਬਜਾ ਨਹੀਂ ਕਰਨ ਦੇਣਗੇ। ਜਦੋਂ ਭਾਰਤ ਵਿੱਚ ਅੰਗਰੇਜ਼ ਸਾਮਰਾਜ ਦਾ ਵਿਸਥਾਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਉਸਦੀ ਰੱਖਿਆ ਲਈ ਮਈ, 1835 ਈ : ਵਿੱਚ ਫਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੀ ਇਸ ਕਾਰਵਾਈ ਤੋਂ ਤ੍ਰਾਹ ਉੱਠੇ। ਉਹਨਾਂ ਦੇ ਦਰਬਾਰੀਆਂ ਨੇ ਵੀ ਅੰਗਰੇਜ਼ਾਂ ਦੀ ਇਸ ਕਾਰਵਾਈ ਦਾ ਖੁੱਲ੍ਹੇ ਰੂਪ ਵਿੱਚ ਵਿਰੋਧ ਕੀਤਾ । 1838 ਈ : ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਨੂੰ ਛਾਉਣੀ ਬਣਾ ਕੇ ਉਸ ਵਿੱਚ ਆਪਣੀ ਸੈਨਾ ਦਾ ਉਤਾਰਾ ਵੀ ਕਰਵਾ ਦਿੱਤਾ।